ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਇਤਿਹਾਸ ਸਿਰਜਦਿਆਂ 41 ਸਾਲ ਮਗਰੋਂ ਕਾਂਸੀ ਦਾ ਤਮਗਾ ਜਿੱਤਣ `ਤੇ ਵਧਾਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਤੋਂ ਇਲਾਵਾ ਵਿਸ਼ੇਸ਼ ਤੌਰ `ਤੇ ਪੰਜਾਬ ਲਈ ਵੀ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਦੇਸ਼ ਦਾ ਨਾਅ ਰੋਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬੀ ਹਨ ਅਤੇ ਭਾਰਤ ਦੀ ਕੌਮੀ ਖੇਡ ਹਾਕੀ ਵਿੱਚ ਦਹਾਕਿਆਂ ਤੋਂ ਪੰਜਾਬ ਦੇ ਖਿਡਾਰੀਆਂ ਦੀ ਸਰਦਾਰੀ ਰਹੀ ਹੈ ਅਤੇ ਉਨ੍ਹਾਂ ਦੀ ਸਖਤ ਮਿਹਨਤ ਸਦਕਾ ਹੀ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੂੰ ਇਤਿਹਾਸ ਸਿਰਜਕੇ ਦੇਸ਼ ਨਾਅ ਰੋਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਇੱਕ ਬਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਵਿਚ ਕੌਸ਼ਲ ਅਤੇ ਸਮਰੱਥਾ ਦੀ ਘਾਟ ਨਹੀ ਹੈ। ਪੰਜਾਬ ਦਾ ਨੌਜਵਾਨ ਮਿਹਨਤ ਕਰਨਾ ਵੀ ਜਾਣਦਾ ਹੈ ਤੇ ਜਿੱਤਣਾ ਵੀ ਜਾਣਦਾ ਹੈ ਪਰ ਸਰਕਾਰਾਂ ਦੀ ਨਲਾਇਕੀ ਕਾਰਨ ਖੇਡਾਂ ਨੂੰ ਬਹੁਤਾ ਹੁੰਗਾਰਾ ਨਹੀ ਦਿੱਤਾ ਗਿਆ। ਜਿਸ ਕਾਰਨ ਜਿਆਦਾਤਰ ਖਿਡਾਰੀ ਆਪਣੀ ਪ੍ਰਤੀਭਾ ਦਿਖਾਉਣ ਵਿੱਚ ਪਛੜ ਜਾਂਦੇ ਹਨ।

ਸ: ਢੀਂਡਸਾ ਨੇ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਇਹ ਬੇਹੱਦ ਅਫ਼ਸੋਸਜਨਕ ਹੈ ਕਿ ਜਦੋਂ ਭਾਰਤੀ ਹਾਕੀ ਟੀਮ ਨੂੰ ਆਰਥਕ ਤੌਰ `ਤੇ ਮਜਬੂਤ ਕਰਨ ਦੀ ਜਰੂਰਤ ਪਈ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਖਿਡਾਰੀਆਂ ਦਾ ਹੱਥ ਨਹੀ ਫੜਿਆ ਸਗੋਂ ਉਡੀਸਾ ਸਰਕਾਰ ਵੱਲੋਂ ਇਨ੍ਹਾਂ ਖਿਡਾਰੀਆਂ ਦੀ ਸਾਰ ਲੈਂਦਿਆਂ ਹਾਕੀ ਟੀਮ ਨੂੰ ਸਪਾਂਸਰਸਿ਼ਪ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਨੂੰ ਉਤਸਾਹਤ ਕਰਦੀ ਤਾਂ ਇਹ ਖਿਡਾਰੀ ਉਲੰਪਿਕਸ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਸਨ। ਸ: ਢੀਂਡਸਾ ਨੇ ਪੰਜਾਬ ਸਰਕਾਰ ਵਲੋਂ ਜਿੱਤਕੇ ਆਉਣ ਵਾਲੇ ਖਿਡਾਰੀਆਂ ਨੂੰ ਇੱਕ- ਇੱਕ ਕਰੋੜ ਰੁਪਏ ਦੇ ਨਗਦੀ ਪੁਰਸਕਾਰ ਦੇ ਕੀਤੇ ਗਏ ਐਲਨ ਨੂੰ ਤੁਰੰਤ ਪੂਰਾ ਕਰਨ ਦੇ ਨਾਲ-ਨਾਲ ਉਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਹੋਰ ਖਿਡਾਰੀਆਂ ਨੂੰ ਵੀ ਉਚਿਤ ਇਨਾਮ ਅਤੇ ਸਨਮਾਨ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਤ ਕਰਨ ਲਈ ਵੱਡੇ ਪੱਧਰ `ਤੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਅਤੇ ਖੇਡ ਬਜਟ ਵਿੱਚ ਵਾਧਾ ਕਰਕੇ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Spread the love