ਚੰਡੀਗੜ੍ਹ, 18 ਸਤੰਬਰ

ਪੰਜਾਬ ਕਾਂਗਰਸ ‘ਚ ਲਗਾਤਾਰ ਚੱਲ ਰਹੇ ਕਾਟੋ ਕਲੇਸ਼ ‘ਚ ਅੱਜ ਨਵਾਂ ਮੋੜ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਖ਼ਿਲਾਫ਼ 40 ਵਿਧਾਇਕਾਂ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਅੱਜ ਨੂੰ ਸ਼ਾਮ 5 ਵਜੇ ਸੱਦੀ ਗਈ ਹੈ।

ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤੀ ਹੈ। ਦੱਸ ਦੇਈਏ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਦੇਰ ਰਾਤ ਇੱਕ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਵਿਧਾਇਕਾਂ ਨੇ ਵਿਧਾਇਕ ਦਲ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ। ਇਹ ਬੈਠਕ ਸ਼ਨਿਚਰਵਾਰ ਸ਼ਾਮ ਨੂੰ ਪੰਜਾਬ ਕਾਂਗਰਸ ਭਵਨ ’ਚ ਕੀਤੀ ਜਾਵੇਗੀ। ਪਾਰਟੀ ਦੇ ਸੀਨੀਅਰ ਆਗੂ ਅਜੇ ਮਾਕਨ ਤੇ ਹਰੀਸ਼ ਰਾਏ ਚੌਧਰੀ ਆਬਜ਼ਰਵਰ ਵਜੋਂ ਇਸ ਬੈਠਕ ’ਚ ਮੌਜੂਦ ਰਹਿਣਗੇ। ਦੋਵੇਂ ਆਬਜ਼ਰਵਰ ਸਾਰੇ ਵਿਧਾਇਕਾਂ ਨਾਲ ਗੱਲ ਦੇ ਆਧਾਰ ’ਤੇ ਇਕ ਰਿਪੋਰਟ ਤਿਆਰ ਕਰ ਕੇ ਸੋਨੀਆ ਗਾਂਧੀ ਨੂੰ ਸੌਂਪਣਗੇ।

ਖਾਸ ਗੱਲ ਇਹ ਵੀ ਹੈ ਕਿ ਅੱਜ ਵਿਧਾਇਕ ਅਤੇ ਬਾਗੀ ਮੰਤਰੀ ਹੁਣ ਆਹਮੋ- ਸਾਹਮਣੇ ਬੈਠੇ ਨਜ਼ਰ ਆਉਣਗੇ। ਦੂੱਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵਿਧਾਇਕਾਂ ਨੂੰ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪੰਜਾਬ ਕਾਂਗਰਸ ਵਿੱਚ ਉਠ ਰਹੀਆਂ ਬਾਗੀ ਸੁਰਾਂ ਦਾ ਚੋਣਾਂ ਤੋਂ ਪਹਿਲਾਂ ਨੋਟਿਸ ਲੈਂਦੇ ਹੋਏ ਪਹਿਲੀ ਵਾਰ ਕਾਂਗਰਸ ਹਾਈਕਮਾਨ ਨੇ ਵਿਧਾਇਕ ਦਲ ਦੀ ਬੈਠਕ ਸੱਦਣ ਦਾ ਫ਼ੈਸਲਾ ਕੀਤਾ ਹੈ। ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਖੇਮੇ ਦੀ ਬੈਠਕ ਸਿਸਵਾਂ ਫਾਰਮ ਹਾਊਸ ‘ਤੇ ਸੱਦੀ ਗਈ ਹੈ।

ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਸੁਖਪਾਲ ਖਹਿਰਾ, ਪਿਰਮਲ ਸਿੰਘ ਤੇ ਜਗਦੇਵ ਕਮਾਲੂ ਇਸ ਬੈਠਕ ’ਚ ਸ਼ਾਮਲ ਨਹੀਂ ਹੋਣਗੇ। ਇਸ ਬੈਠਕ ’ਚ ਖੜਗੇ ਕਮੇਟੀ ਵੱਲੋਂ ਤਿਆਰ ਕੀਤੇ ਗਏ 18 ਸੂਤਰੀ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਸਬੰਧੀ ਹੋਵੇਗੀ। ਹਾਲਾਂਕਿ, ਅਜਿਹਾ ਹੋਣ ’ਤੇ ਵੱਡਾ ਸਵਾਲ ਫਿਰ ਵੀ ਬਣਿਆ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ?

Spread the love