ਨਵੀਂ ਦਿੱਲੀ, 27 ਨਵੰਬਰ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਬਾਰਡਰ ਦੀ ਸਟੇਜ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਐਮਐਸਪੀ ਤੇ ਸਰਕਾਰੀ ਖ਼ਰੀਦ ਦੀ ਗਰੰਟੀ, ਅੰਦੋਲਨ ਦੌਰਾਨ ਪਾਏ ਕੇਸਾਂ ਦੀ ਵਾਪਸੀ ਸਮੇਤ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੋਰਚੇ ਨੇ ਜਥੇਬੰਦੀ ਦੇ ਵਧਾਰੇ ਪਸਾਰੇ ਅਤੇ ਕਿਸਾਨਾਂ ਦੀ ਚੇਤਨਾ ‘ਚ ਬਹੁਤ ਵੱਡਾ ਵਾਧਾ ਕੀਤਾ ਹੈ।

ਕਿਰਤੀ ਲੋਕਾਂ ਦਾ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੇ ਏਕੇ ਅਤੇ ਸੰਘਰਸ਼ ਰਾਹੀਂ ਮਸਲੇ ਹੱਲ ਹੋਣ ਦਾ ਭਰੋਸਾ ਬੱਝਾ ਹੈ ਪਰ ਹਾਲੇ ਵੀ ਲੰਮੇ ਸਮੇਂ ਤੋਂ ਵੋਟ ਪਾਰਟੀਆਂ ਨੇ ਝੂਠੇ ਪ੍ਰਚਾਰ ‘ਚ ਲੋਕ ਗੁੰਮਰਾਹ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲੇ ਇਨ੍ਹਾਂ ਲੋਕਾਂ ਨੂੰ 2018 ਤੱਕ ਦਾ ਵੋਟ ਪਾਰਟੀਆਂ ਦਾ ਕਿਰਦਾਰ ਨੰਗਾ ਕਰ ਕੇ ਸੁਚੇਤ ਕਰਨ ਦੀ ਲੋੜ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਚੋਣਾਂ ਦਾ ਮਾਹੌਲ ਭਖਣਾ ਹੈ। ਇਸ ਮਾਹੌਲ ਦੌਰਾਨ ਵੋਟ ਪਾਰਟੀਆਂ ਦੇ ਗੁਮਰਾਹਕੁਨ ਪ੍ਰਚਾਰ ਤੋਂ ਬਚ ਕੇ ਹੋਰ ਸੁਚੇਤ ਹੋਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਿੰਨੀਆਂ ਲੱਖਾਂ ਕਰੋੜਾਂ ਦੀਆਂ ਰਿਆਇਤਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਗਈਆਂ ਹਨ। ਉਸ ਨਾਲ ਕਈ ਸਾਲਾਂ ਤੱਕ ਲੋਕਾਂ ਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ।

ਸੂਬਾ ਆਗੂ ਜਗਤਾਰ ਸਿੰਘ ਕਾਲਾਝਾਡ਼ ਨੇ ਪੱਛਮੀ ਬੰਗਾਲ ਤੋਂ ਆਏ ਕਿਸਾਨਾਂ ਅਤੇ ਵਿਦਿਆਰਥੀਆਂ ਵੱਲੋਂ ਤਿਭਾਗਾ ਘੋਲ ਦੇ ਸ਼ਹੀਦਾਂ ਦੀ ਖ਼ੂਨ ਨਾਲ ਲਿਆਂਦੀ ਸਿੰਜੀ ਮਿੱਟੀ ਨੂੰ ਸਲਾਮ ਕਰਦਿਆਂ ਕਿਹਾ ਕਿ 1950 ਤਿਭਾਗਾ ਘੋਲ ‘ਚ ਕਿਸਾਨਾਂ ਵੱਲੋਂ ਬਹੁਤ ਵੱਡਾ ਸੰਘਰਸ਼ ਲੜਿਆ ਗਿਆ ਸੀ ਜਿਸ ‘ਚ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਗ਼ਰੀਬ ਕਿਸਾਨਾਂ ‘ਚ ਵੰਡੀਆਂ ਸਨ ਅਤੇ ਵੱਡੀ ਪੱਧਰ ਤੇ ਕਿਸਾਨਾਂ ਦੀਆਂ ਕੁਰਬਾਨੀਆਂ ਹੋਈਆਂ ਸਨ।

ਪੱਛਮੀ ਬੰਗਾਲ ਤੋਂ ਆਏ ਵਿਦਿਆਰਥੀ ਆਗੂ ਜੈ ਚੰਦ ਸੜੀਆ ਨੇ ਕਿਸਾਨ ਘੋਲ ਨਾਲ ਇੱਕਜੁੱਟਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਸੰਘਰਸ਼ੀ ਏਕਤਾ ਨੂੰ ਹੋਰ ਗੂੜ੍ਹਾ ਕੀਤਾ ਜਾਵੇ।

ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਕਲਾ ਮੰਚ ਵੱਲੋਂ “ਇਹ ਦੇਸ਼ ਕਿਸੇ ਦਾ ਬਾਪ ਦਾ ਨਹੀਂ “ਨਾਟਕ ਪੇਸ਼ ਕੀਤਾ ਗਿਆ ਅਤੇ ਫਗਵਾੜਾ ਕਲਾ ਰੰਗਮੰਚ ਵੱਲੋਂ “ਮਸ਼ਾਲਾਂ ਬਾਲ ਕੇ ਰੱਖਣਾ ” ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਅੱਜ ਦੀ ਸਟੇਜ ਤੋਂ ਗੁਰਪ੍ਰੀਤ ਸਿੰਘ ਨੂਰਪੁਰਾ, ਜਰਨੈਲ ਸਿੰਘ ਜਵੰਧਾ ਅਤੇ ਬਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

Spread the love