ਚੰਡੀਗੜ੍ਹ, 29 ਨਵੰਬਰ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ।

ਸਿੱਧੂ ਨੇ ਲਗਾਤਾਰ ਟਵੀਟ ਕਰਕੇ ਕੇਜਰੀਵਾਲ ਨੂੰ ਆਪਣੇ ਮੈਨੀਫੈਸਟੋ ਬਾਰੇ ਕਈ ਸਵਾਲ ਪੁੱਛੇ। ਸਿੱਧੂ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ 2015 ਦੇ ਚੋਣ ਮਨੋਰਥ ਪੱਤਰ ਵਿੱਚ ਦਿੱਲੀ ਵਿੱਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਹਾਡੀਆਂ ਅਸਫਲ ਗਾਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ।

ਅਧਿਆਪਕਾਂ ਅਤੇ ਨੌਕਰੀਆਂ ‘ਤੇ ਸਵਾਲ ਉਠਾਉਂਦੇ ਹੋਏ ਸਿੱਧੂ ਨੇ ਕਿਹਾ ਕਿ 2015 ‘ਚ ਦਿੱਲੀ ‘ਚ 12515 ਅਧਿਆਪਕਾਂ ਦੀਆਂ ਅਸਾਮੀਆਂ ਸਨ ਅਤੇ 2021 ‘ਚ ਦਿੱਲੀ ‘ਚ ਅਧਿਆਪਕਾਂ ਦੀਆਂ 19907 ਅਸਾਮੀਆਂ ਹਨ ਅਤੇ ਤੁਸੀਂ ਜ਼ਿਆਦਾਤਰ ਖਾਲੀ ਅਸਾਮੀਆਂ ਗੈਸਟ ਲੈਕਚਰਾਰਾਂ ਤੋਂ ਹੀ ਭਰ ਰਹੇ ਹੋ। ਇਸ ਤੋਂ ਬਾਅਦ ਸਿੱਧੂ ਨੇ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਘਰ ਕੱਚ ਦੇ ਬਣੇ ਹਨ, ਉਹ ਦੂਸਰਿਆਂ ‘ਤੇ ਪੱਥਰ ਨਾ ਮਾਰਨ, ਕੇਜਰੀਵਾਲ ਜੀ। ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ ਪਰ ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਸਿੱਧੂ ਨੇ ਸਵਾਲ ਕੀਤਾ ਕਿ ਦਿੱਲੀ ਦੀਆਂ ਕਿੰਨੀਆਂ ਔਰਤਾਂ ਨੂੰ ਸ਼ੀਲਾ ਦੀਕਸ਼ਤ ਜੀ ਵੱਲੋਂ ਛੱਡੇ ਮਾਲੀਏ ਦੇ ਬਾਵਜੂਦ ਇੱਕ ਹਜ਼ਾਰ ਰੁਪਏ ਮਿਲਦੇ ਹਨ।

ਦੋ ਦਿਨ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿੱਚ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਅਧਿਆਪਕਾਂ ਨੂੰ ਨੌਕਰੀਆਂ ਦੇ ਰਹੀ ਹੈ। 36 ਹਜ਼ਾਰ ਮੁਲਾਜ਼ਮ ਪੱਕੇ ਹੋ ਚੁੱਕੇ ਹਨ ਪਰ ਛੇ ਮਹੀਨਿਆਂ ਤੋਂ ਬੇਰੁਜ਼ਗਾਰ ਅਧਿਆਪਕ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੂਠ ਬੋਲਣ ਦੀ ਆਦੀ ਹੈ। ਇਸ ਦਾ ਸਬੂਤ ਖੁਦ ਪੀੜਤ ਹਨ। ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿੱਚ ਘੱਟੋ-ਘੱਟ ਉਜਰਤ 15000 ਹੈ। ਜੇਕਰ ਕੋਈ ਇੱਟਾਂ ਚੁੱਕਣ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਵੀ 15000 ਮਿਲਦੇ ਹਨ, ਜਦਕਿ ਪੰਜਾਬ ਵਿੱਚ ਪੜ੍ਹੇ-ਲਿਖੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਆਪਣੇ ਅਧਿਆਪਕਾਂ ਨੂੰ ਪਾਣੀ ਵਾਲੀ ਟੈਂਕੀ ‘ਤੇ ਭੇਜ ਰਹੀ ਹੈ।

Spread the love