ਨਵੀਂ ਦਿੱਲੀ, 15 ਦਸੰਬਰ

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਅਗਲੇ ਸਾਲ ਹੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਿਊਜ਼ੀਲੈਂਡ ਵੱਲੋਂ ਕੀਤੀ ਜਾਵੇਗੀ। ਸ਼ਡਿਊਲ ਮੁਤਾਬਕ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ 3 ਅਪ੍ਰੈਲ ਨੂੰ ਖੇਡਿਆ ਜਾਵੇਗਾ।

ਪ੍ਰੋਗਰਾਮ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਟੂਰਨਾਮੈਂਟ ‘ਚ ਆਪਣਾ ਪਹਿਲਾ ਮੈਚ ਇਕ-ਦੂਜੇ ਖ਼ਿਲਾਫ਼ ਖੇਡਣਗੇ। ਇਹ ਮੈਚ 6 ਮਾਰਚ ਨੂੰ ਬੇ ਓਵਲ ਟੌਰੰਗਾ ਵਿਖੇ ਖੇਡਿਆ ਜਾਵੇਗਾ। ਹਾਲ ਹੀ ‘ਚ ਆਯੋਜਿਤ ਪੁਰਸ਼ ਟੀ-20 ਵਿਸ਼ਵ ਕੱਪ ‘ਚ ਵੀ ਭਾਰਤ ਅਤੇ ਪਾਕਿਸਤਾਨ ਨੇ ਟੂਰਨਾਮੈਂਟ ‘ਚ ਆਪਣਾ ਪਹਿਲਾ ਮੈਚ ਇਕ-ਦੂਜੇ ਖ਼ਿਲਾਫ਼ ਖੇਡਿਆ ਸੀ। ਇਹ ਮੈਚ ਪਾਕਿਸਤਾਨ ਨੇ ਜਿੱਤਿਆ ਸੀ, ਜਦੋਂ ਕਿ ਆਸਟਰੇਲੀਆ ਇਸ ਟੂਰਨਾਮੈਂਟ ਵਿੱਚ ਚੈਂਪੀਅਨ ਰਿਹਾ ਸੀ।

ਮਹਿਲਾ ਵਿਸ਼ਵ ਕੱਪ 2022 ਵਿੱਚ ਕੁੱਲ 8 ਟੀਮਾਂ ਸ਼ਾਮਲ ਹੋਣਗੀਆਂ। ਫਾਈਨਲ ਸਮੇਤ ਸਾਰਿਆਂ ਵਿਚਾਲੇ ਕੁੱਲ 31 ਮੈਚ ਖੇਡੇ ਜਾਣਗੇ। ਇਹ ਟੂਰਨਾਮੈਂਟ ਵੀ ਕੁੱਲ 31 ਦਿਨ ਚੱਲੇਗਾ। ਸਾਰੇ ਮੈਚ ਸਿਰਫ਼ 6 ਥਾਵਾਂ ‘ਤੇ ਖੇਡੇ ਜਾਣਗੇ। ਇਹ ਸਥਾਨ ਆਕਲੈਂਡ, ਕ੍ਰਾਈਸਟਚਰਚ, ਡੁਨੇਡਿਨ, ਹੈਮਿਲਟਨ, ਟੌਰੰਗਾ ਅਤੇ ਵੈਲਿੰਗਟਨ ਹੋਣਗੇ। ਇਹ ਟੂਰਨਾਮੈਂਟ ਰਾਊਂਡ ਰੌਬਿਨ ਫਾਰਮੈਟ ‘ਚ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਇਕ-ਦੂਜੇ ਖ਼ਿਲਾਫ਼ ਇਕ-ਇਕ ਮੈਚ ਖੇਡਣਗੀਆਂ। ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਫਿਰ ਫਾਈਨਲ ਹੋਵੇਗਾ। ਸੈਮੀਫਾਈਨਲ ਅਤੇ ਫਾਈਨਲ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ। ਫਾਈਨਲ ਕ੍ਰਾਈਸਟਚਰਚ ਵਿੱਚ ਹੋਵੇਗਾ।

ਟੀਮ ਇੰਡੀਆ, ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਨੂੰ ਟੂਰਨਾਮੈਂਟ ਲਈ ਸਿੱਧੀ ਐਂਟਰੀ ਮਿਲੀ ਹੈ। ਇਨ੍ਹਾਂ ਚਾਰਾਂ ਨੂੰ ਆਈਸੀਸੀ ਮਹਿਲਾ ਚੈਂਪੀਅਨਸ਼ਿਪ 2017-20 ਦੇ ਤਹਿਤ ਇਹ ਐਂਟਰੀ ਮਿਲੀ ਸੀ, ਜਦੋਂ ਕਿ ਨਿਊਜ਼ੀਲੈਂਡ ਨੂੰ ਸਿੱਧੇ ਮੇਜ਼ਬਾਨ ਵਜੋਂ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਾਕੀ ਤਿੰਨ ਟੀਮਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਨੇ ਵਿਸ਼ਵ ਕੱਪ ਕੁਆਲੀਫਾਇਰ ਰਾਹੀਂ ਆਪਣੀ ਜਗ੍ਹਾ ਬਣਾ ਲਈ ਹੈ।

Spread the love