ਚੰਡੀਗੜ੍ਹ,13 ਜਨਵਰੀ

ਗਾਰੰਟੀ ਗਾਰਡ ਤੋਂ ਬਾਅਦ ਹੁਣ ਪੰਜਾਬ ਵਿੱਚ ਸੀਐਮ ਚਿਹਰੇ ਰਾਹੀਂ ਆਮ ਆਦਮੀ ਪਾਰਟੀ ਨੇ ਜਨਤਾ ਨਾਲ ਜੁੜਨ ਲਈ ਵੱਡੀ ਤਰਕੀਬ ਘੜ੍ਹ ਲਈ ਹੈ। ਵੀਰਵਾਰ ਨੂੰ ਮੋਹਾਲੀ ‘ਚ ਅਰਵਿੰਦ ਕੇਜਰੀਵਾਲ ਨੇ 70748-70748 ਨੰਬਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਸੀਂ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ।

ਇਸ ਨੰਬਰ ‘ਤੇ WhatsApp, SMS ਜਾਂ ਕਾਲ ਰਾਹੀਂ ਫੀਡਬੈਕ ਦਿੱਤੀ ਜਾ ਸਕਦੀ ਹੈ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਉਸ ਤੋਂ ਬਾਅਦ ਡਾਟਾ ਇਕੱਠਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਲਈ ਸਹਿਮਤ ਹੋ ਗਏ ਹਨ। ਭਗਵੰਤ ਮਾਨ ਮੇਰਾ ਛੋਟਾ ਭਰਾ ਹੈ ਅਤੇ ਪੰਜਾਬ ਵਿੱਚ ਪਾਰਟੀ ਦਾ ਸਭ ਤੋਂ ਵੱਡਾ ਆਗੂ ਹੈ। ਹਾਲਾਂਕਿ ਇਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਜਨਤਾ ਤੋਂ ਪੁੱਛਣਾ ਚਾਹੀਦਾ ਹੈ। ਸਾਨੂੰ ਬੰਦ ਕਮਰੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਨਹੀਂ ਕਰਨਾ ਚਾਹੀਦਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੀਐਮ ਲੋਕਾਂ ‘ਤੇ ਥੋਪਿਆ ਜਾਂਦਾ ਹੈ, ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਵਿੱਚ ਸ਼ਾਮਲ ਨਹੀਂ ਹਨ। ਇਸ ਵਾਰ ਚੋਣਾਂ ਵਿੱਚ 60 ਨਹੀਂ ਸਗੋਂ 80 ਤੋਂ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਅਸੀਂ ਸਭ ਕੁਝ ਲੋਕਾਂ ‘ਤੇ ਛੱਡ ਦਿੱਤਾ ਹੈ। ਜਨਤਾ ਜੋ ਵੀ ਕਹੇਗੀ ਅਸੀਂ ਉਸ ਨੂੰ ਪੰਜਾਬ ਵਿੱਚ ਪਾਰਟੀ ਦਾ ਮੁੱਖ ਮੰਤਰੀ ਬਣਾਵਾਂਗੇ।

Spread the love