ਜਸਟਿਸ ਆਇਸ਼ਾ ਮਲਿਕ ਪਾਕਿਸਤਾਨ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣ ਗਈ ਹੈ।

ਪਾਕਿਸਤਾਨ ਵਰਗੇ ਮੁਸਲਿਮ ਬਹੁਗਿਣਤੀ ਤੇ ਤੰਗ ਪਹੁੰਚ ਵਾਲੇ ਮੁਲਕ ਦੇ ਇਤਿਹਾਸ ਵਿਚ ਇਹ ਇਕ ਯਾਦਗਾਰੀ ਘਟਨਾ ਹੋ ਨਿੱਬੜੀ ਹੈ ਕਿਉਂਕਿ ਕੱਟੜਪੰਥੀ ਦੇਸ਼ ‘ਚ ਔਰਤ ਲਈ ਸਿਖਰਲੀ ਅਦਾਲਤ ਦੀ ਜੱਜ ਬਣਨਾ ਸੌਖਾ ਕੰਮ ਨਹੀਂ।

ਮੀਡੀਆ ਨਾਲ ਗੱਲਬਾਤ ਕਰਦਿਆਂ ਚੀਫ ਜਸਟਿਸ ਅਹਿਮਦ ਨੇ ਕਿਹਾ ਕਿ ਜਸਟਿਸ ਮਲਿਕ ਸੁਪਰੀਮ ਕੋਰਟ ਦੀ ਜੱਜ ਬਣਨ ਲਈ ਪੂਰੀ ਸਮਰੱਥ ਸੀ ਤੇ ਉਹ ਆਪਣੇ ਦਮ ਉਤੇ ਇਸ ਅਹੁਦੇ ਤੱਕ ਪਹੁੰਚੀ ਹੈ, ਕਿਸੇ ਹੋਰ ਨੂੰ ਇਸ ਦਾ ਸਿਹਰਾ ਨਹੀਂ ਦਿੱਤਾ ਜਾ ਸਕਦਾ।

ਸੂਚਨਾ ਮੰਤਰੀ ਫਵਾਦ ਚੌਧਰੀ ਨੇ ਜਸਟਿਸ ਆਇਸ਼ਾ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਪਾਕਿਸਤਾਨ ਵਿਚ ਮਹਿਲਾ ਸ਼ਕਤੀਕਰਨ ਦੀ ਤਾਕਤਵਰ ਤਸਵੀਰ ਹੈ।

ਫਵਾਦ ਨੇ ਟਵੀਟ ਕਰਦਿਆਂ ਸਹੁੰ ਚੁੱਕ ਸਮਾਗਮ ਦੀ ਫੋਟੋ ਪੋਸਟ ਕੀਤੀ ਸੀ।ਜ਼ਿਕਰਯੋਗ ਹੈ ਕਿ ਜਸਟਿਸ ਮਲਿਕ ਨੂੰ ਜਦ ਚੁਣਿਆ ਗਿਆ ਸੀ ਤਾਂ ਕਈ ਸਵਾਲ ਵੀ ਉੱਠੇ ਸਨ ਕਿਉਂਕਿ ਲਾਹੌਰ ਹਾਈ ਕੋਰਟ ਦੇ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ ਉਹ ਚੌਥੇ ਨੰਬਰ ਉਤੇ ਸਨ। ਉਨ੍ਹਾਂ ਦੀ ਨਾਮਜ਼ਦਗੀ ਪਿਛਲੇ ਸਾਲ ਪਾਕਿਸਤਾਨ ਦੇ ਜੁਡੀਸ਼ੀਅਲ ਕਮਿਸ਼ਨ ਨੇ ਰੱਦ ਵੀ ਕਰ ਦਿੱਤੀ ਸੀ।

ਪਰ ਇਸੇ ਮਹੀਨੇ ਕਮਿਸ਼ਨ ਨੇ ਚਾਰ ਦੇ ਮੁਕਾਬਲੇ ਪੰਜ ਵੋਟਾਂ ਦੇ ਮਾਮੂਲੀ ਫ਼ਰਕ ਨਾਲ ਉਨ੍ਹਾਂ ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਸੀ।

ਜਸਟਿਸ ਮਲਿਕ ਮਾਰਚ 2012 ਵਿਚ ਲਾਹੌਰ ਹਾਈ ਕੋਰਟ ਦੀ ਜੱਜ ਬਣੀ ਸੀ।

Spread the love