ਅੰਮ੍ਰਿਤਸਰ, 26 ਜਨਵਰੀ

ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਪੰਜਾਬ ਵਿਚ ਨਸ਼ੇ ਦਾ ਧੰਦਾ ਕਰਨ ਭਾਵੇਂ ਨਸ਼ਾ ਵੇਚਣ ਜਾਂ ਫਿਰ ਨਸ਼ਾ ਵੇਚਣ ਵਾਲੇ ਦੀ ਸਰਪ੍ਰਸਤੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਪੱਖ ਵਿਚ ਹੈ।

ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅੱਜ ਮੈਂ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਜੇਕਰ ਮੇਰਾ ਭਰਾ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਤਰੀਕੇ ਸੂਬੇ ਵਿਚ ਨਸ਼ੇ ਦੀ ਵਿਕਰੀ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜਿਆ ਹੈ ਤਾਂ ਗੁਰੂ ਸਾਹਿਬ ਸਾਡੇ ਪਰਿਵਾਰ ਦੇ ਹਰ ਜੀਅ ਨੂੰ ਸਭ ਤੋਂ ਮਾੜੀ ਸਜ਼ਾ ਦੇਣ। ਉਹਨਾਂ ਕਿਹਾ ਕਿ ਦੂਜੇ ਪਾਸੇ ਜਿਹਨਾਂ ਨੇ ਨਸ਼ੇ ਦੇ ਮਾਮਲੇ ’ਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਤੇ ਝੁਠ ਬੋਲਿਆ, ਉਸਦਾ ਹਸ਼ਰ ਗੁਰੂ ਘਰ ਦੇ ਦੋਖੀ ਵਰਗਾ ਹੋਵੇ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਆਪ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿਚ ਸਭ ਤੋਂ ਘਟੀਆ ਪ੍ਰਚਾਰ ਕਰਦੀਆਂ ਆ ਰਹੀਆਂ ਹਨ ਜਿਹਨਾਂ ਦਾ ਮਕਸਦ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੋਂ ਪਾਸੇ ਕਰਨਾ ਹੈ। ਉਹਨਾਂ ਕਿਹਾ ਕਿ ਬੀਤੇ 7 ਸਾਲਾਂ ਵਿਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਹੁਤ ਹੀ ਸੰਵੇਦਨਸ਼ੀਲ ਤੇ ਦੁੱਖਦਾਈ ਮਾਮਲੇ ’ਤੇ ਗੁਨਾਹਾਂ ਭਰੀ ਰਾਜਨੀਤੀ ਕੀਤੀ ਤੇ ਸਾਡੇ ਖਿਲਾਫ ਕੋਈ ਵੀ ਸਬੂਤ ਨਾ ਹੋਣ ਦੇ ਬਾਵਜੂਦ ਸਾਡੇ ਖਿਲਾਫ ਦੂਸ਼ਣਬਾਜ਼ੀ ਕੀਤੀ ਜਦੋਂ ਕਿ ਇਹਨਾਂ ਗੁਨਾਹਾਂ ਦੇ ਅਸਲ ਸਾਜ਼ਿਸ਼ਕਾਰਾਂ ਨੁੰ ਤੇ ਦੋਸ਼ੀਆਂ ਨੁੰ ਖੁਲ੍ਹਾ ਛੱਡ ਦਿੱਤਾ। ਉਹਨਾਂ ਕਿਹਾ ਕਿ ਮੈਨੁੰ ਗੁਰੂ ਸਾਹਿਬ ’ਤੇ ਪੂਰਾ ਵਿਸ਼ਵਾਸ ਹੈ ਕਿ ਸੱਚਾਈ ਸਾਹਮਣੇ ਆਵੇਗੀ ਤੇ ਜਿਹੜੇ ਵੀ ਇਹਨਾਂ ਗੁਨਾਹਾਂ ਤੇ ਅਪਰਾਧਾਂ ਲਈ ਜ਼ਿੰਮੇਵਾਰ ਹਨ ਤੇ ਜਿਹਨਾਂ ਨੇ ਦੋਸ਼ੀਆਂ ਨੁੰ ਫਰਾਰ ਹੋ ਜਾਣ ਦੀ ਆਗਿਆ ਦਿੱਤੀ ਤਾਂ ਜੋ ਅਕਾਲੀ ਦਲ ਨੁੰ ਦੋਸ਼ ਠਹਿਰਾਇਆ ਜਾ ਸਕੇ, ਇਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਉਹਨਾਂ ਕਿਹਾ ਕਿ ਇਹਨਾਂ ਨੁੰ ਗੁਰੂ ਸਾਹਿਬ ਸਾਹਿਬ ਵੱਲੋਂ ਇਹਨਾਂ ਖਿਲਾਫ ਨਿਆਂ ਤੋਂ ਡਰਨਾ ਚਾਹੀਦਾ ਹੈ।

Spread the love