ਚੰਡੀਗੜ੍ਹ, 26 ਜਨਵਰੀ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਉਹਨਾਂ ਦੀ ਰਿਹਾਇਸ਼ ’ਤੇ ਛਾਪਾ ਮਾਰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੁੰ ਤੰਗ ਪ੍ਰੇਸ਼ਾਨ ਕਰਨ ਲਈ ਕਾਂਗਰਸ ਸਰਕਾਰ ਨੁੰ ਜ਼ਿੰਮੇਵਾਰ ਠਹਿਰਾਵੇ। ਹਾਈ ਕੋਰਟ ਵੱਲੋਂ ਉਹਨਾਂ ਦੀ ਅਗਾਉਂ ਜ਼ਮਾਨਤ ’ਤੇ ਅਰਜ਼ੀ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਇਹ ਛਾਪੇ ਮਾਰੇ ਗਏ।

ਉਹਨਾਂ ਮੰਗ ਕੀਤੀ ਕਿ ਕੌਮੀ ਜਾਂਚ ਏਜੰਸੀ (ਐਨ ਆਈ ਏ) ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੀਆਂ ਆਡੀਓ ਟੇਪ ਬਾਰੇ ਹੋਏ ਖੁਲ੍ਹਾਸੇ ਦੀ ਜਾਂਚ ਕਰੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਵੇਲੇ ਸੁਰੱਖਿਆ ਵਿਚ ਕੁਤਾਹੀ ਕਾਰਨ ਉਹਨਾਂ ਦੀ ਹੱਤਿਆ ਵੀ ਹੋ ਸਕਦੀ ਸੀ।

ਸਰਦਾਰ ਬਿਕਰਮ ਸਿੰਘ ਮਜੀਠੀਆ, ਜੋ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਉਹਨਾਂ ਨੁੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਹਾਈ ਕੋਰਟ ਵੱਲੋਂ ਉਹਨਾਂ ਦੀ ਅਗਾਉਂ ਜ਼ਮਾਨਤ ਅਰਜ਼ੀ ’ਤੇ ਫੈਸਲਾ ਲੈਣ ਤੋਂ ਪਹਿਲਾਂ ਹੀ ਪੁਲਿਸ ਨੁੰ ਉਹਨਾਂ ਦੇ ਘਰ ’ਤੇ ਛਾਪੇ ਮਾਰਨ ਵਾਸਤੇ ਹਦਾਇਤਾਂ ਕੀਤੀਆਂ ਗਈਆਂ।

ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੇਰੇ ਲਈ ਕਾਨੁੰਨ ਵੱਖਰਾ ਹੈ ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਜਿਹਨਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਲੱਗੇ ਜਾਂ ਸਿੱਧੂ ਮੂਸੇਵਾਲਾ ਜਿਸ ’ਤੇ ਏ ਕੇ 47 ਨਾਲ ਫਾਇਰਿੰਗ ਕਰਨ ਦਾ ਦੋਸ਼ ਹੈ ਜਾਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਜਿਸਦੇ ਖਿਲਾਫ ਗੈਰ ਜ਼ਮਾਨਤ ਵਾਰੰਟ ਜਾਰੀ ਕੀਤੇ ਗਏ, ਲਈ ਕਾਨੁੰਨ ਵੱਖਰਾ ਹੈ। ਇਹਨਾਂ ਦੇ ਘਰਾਂ ’ਤੇ ਕੋਈ ਛਾਪਾ ਨਹੀਂ ਮਾਰਿਆ ਗਿਆ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦੇ ਘਰ ’ਤੇ ਕੋਈ ਛਾਪਾ ਨਹੀਂ ਮਾਰਿਆ ਗਿਆ ਹਾਲਾਂਕਿ ਉਹ ਹਾਈ ਕੋਰਟ ਤੋਂ ਕੋਈ ਰਾਹਤ ਲੈਣ ਵਿਚ ਵੀ ਨਾਕਾਮ ਰਹੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਭੁਪਿੰਦਰ ਹਨੀ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸਦੇ ਘਰੋਂ ਈ ਡੀ ਨੇ 10 ਕਰੋੜ ਰੁਪਏ ਨਗਦ ਬਰਾਮਦ ਕੀਤੇ ਤੇ ਉਹ ਮੁੱਖ ਮੰਤਰੀ ਦੀ ਸੁਰੱਖਿਆ ਗੈਰ ਕਾਨੁੰਨੀ ਤੌਰ ’ਤੇ ਵਰਤ ਰਹੇ ਹਨ।

ਸਰਦਾਰ ਮਜੀਠੀਆ ਨੇ ਕਿਹ ਕਿ ਗੰਭੀਰ ਅਪਰਾਧਾਂ ਲਈ ਉਹਨਾਂ ਦੇ ਅਤੇ ਹੋਰਨਾਂ ਮੁਲਜ਼ਮਾਂ ਲਈ ਦੋ ਵੱਖੋ ਵੱਖ ਕਾਨੁੰਨ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲੇ ਤੱਕ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਸਦੀਆਂ ਨਸ਼ਾ ਤਸਕਰਾਂ ਨਾਲ ਮੀਟਿੰਗਾਂ ਤੇ ਨਸ਼ੇ ਦੇ ਧੰਦੇ ਤੋਂ ਪੈਸੇ ਲੈਣ ਤੇ ਨਸ਼ਾ ਤਸਕਰ ਨੁੰ ਆਪਣਾ ਪੁੱਤਰ ਦੱਸਣ ਦੀਆਂ ਆਡੀਓ ਟੇਪਾਂ ਵਾਇਰਲ ਹੋਈਆਂ ਹਨ। ਉਹਨਾਂ ਕਿਹਾ ਕਿ ਜਗਦੀਸ਼ ਭੋਲਾ ਨਸ਼ਾ ਕੇਸ ਦੇ ਭਗੌੜੇ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਆਰ ਡੀ ਐਕਸ ਤੇ ਬੰਬ ਬਰਾਮਦ ਹੋਣ ਦੀ ਗੱਲ ਇਹਨਾਂ ਟੇਪਾਂ ਵਿਚ ਕੀਤੀ ਜਾਰਹੀ ਹੈ। ਉਹਨਾਂ ਕਿਹਾ ਕਿ ਸਿਰਫ ਐਨ ਆਈ ਏ ਦੀ ਜਾਂਚ ਹੀ ਇਸ ਸਾਰੇ ਦਾ ਮਾਮਲੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਸੁਰੱਖਿਆ ਵਿਚ ਹੋਈ ਕੁਤਾਹੀ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਹੱਤਿਆ ਵੀ ਹੋ ਸਕਦੀ ਸੀ।

ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਡੀ ਜੀ ਪੀ ਦੀ ਰਿਹਾਇਸ਼ ਦੇ ਨਾਲ ਨਾਲ ਉੁਹਨਾਂ ਦੇ ਫੋਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਦੇ ਫੋਨ ਵੀ ਜ਼ਬਤ ਕੀਤੇ ਜਾਣੇ ਚਾਹੀਦੇ ਹਨ ਤੇ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੀ ਸਾਰੀ ਸਾਜ਼ਿਸ਼ ਬੇਨਕਾਬ ਹੋ ਸਕੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਐਨ ਆਈ ਏ ਦੀ ਜਾਂਚ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਕਾਨੁੰਨੀ ਟੀਮ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਉਹਨਾਂ ਦੇ ਘਰਾਂ ’ਤੇ ਛਾਪੇ ਮਾਰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੁੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਦੇ ਮੈਂਬਰਾਂ ਖਿਲਾਫ ਮਾਣਹਾਨੀ ਦੀ ਪਟੀਸ਼ਨ ਦਾਇਰ ਕਰਨ ’ਤੇ ਵਿਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਛਾਪੇਮਾਰੀ ਵੀ ਉਦੋਂ ਕੀਤੀ ਗਈ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੀਟਿਵ ਹਨ। ਉਹਨਾਂ ਕਿਹਾ ਕਿ ਮੈਂ ਬੀ ਓ ਆਈ ਦੇ ਡਾਇਰੈਕਟਰ ਬੀ ਚੰਦਰ ਸ਼ੇਖਰ ਨੁੰ ਸਵਾਲ ਕੀਤਾ ਕਿ ਕੀ ਉਹਨਾਂ ’ਤੇ ਡੀ ਜੀ ਪੀ ਜਾਂ ਉਹਨਾਂ ਦੇ ਰਿਸ਼ਤੇਦਾਰ ਹਰਪ੍ਰੀਤ ਸਿੱਧੂ ਦਾ ਦਬਾਅ ਹੈ ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ ?

ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਰੰਧਾਵਾ ਨੁੰ ਜਨਤਕ ਜੀਵਨ ਵਿਚ ਨੈਤਿਕਤਾ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੇ। ਉਹਨਾਂ ਕਿਹਾ ਕਿ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਦੇ ਖਿਲਾਫ ਪਾਕਿਸਤਾਨ ਦੀ ਆਈ ਐਸ ਆਈ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲੱਗੇ ਸਨ ਤੇ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸੰਤੋਖ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਨੂੰ ਵਾਜਬ ਠਹਿਰਾਇਆ ਸੀ ਤੇ ਇੰਦਰਾ ਗਾਂਧੀ ਦੀ ਵਡਿਆਈ ਵੀ ਕੀਤੀ ਸੀ। ਉਹਨਾਂ ਕਿਹਾ ਕਿ ਮੰਤਰੀ ਨੇ ਆਪ ਬੀਜ ਘੁਟਾਲੇ ਸਮੇਤ ਕਈ ਘੁਟਾਲਿਆਂ ਲਈ ਅਤੇ ਮੁਖਤਾਰ ਅੰਸਾਰੀ ਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਲਈ ਮਸ਼ਹੂਰ ਹੈ।

Spread the love