– 11 ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ

ਹੁਸ਼ਿਆਰਪੁਰ, 29 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ, ਸ਼ਰਾਬ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰ ਅਤੇ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦੋ ਵੱਖ-ਵੱਖ ਅਪਰੇਸ਼ਨਾਂ ਵਿੱਚ ਵੱਡੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 1,46,640 ਕਿਲੋ ਲਾਹਣ ਬਰਾਮਦ ਹੋਈ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 10 ਚੱਲਦੀਆਂ ਭੱਠੀਆਂ, 10 ਬਾਇਲਰ, 41 ਪਲਾਸਟਿਕ ਕੈਨ, 3 ਲੋਹੇ ਦੇ ਡਰੰਮ, 3 ਵੱਡੀਆਂ ਤਰਪਾਲਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ ਤਸਕਰਾਂ ਵੱਲੋਂ ਵਰਤੀਆਂ ਜਾਂਦੀਆਂ 9 ਗੱਡੀਆਂ ਨੂੰ ਵੀ ਜ਼ਬਤ ਕੀਤਾ ਗਿਆ, ਜਿਨ੍ਹਾਂ ਵਿੱਚ 4 ਕਾਰਾਂ ਅਤੇ 5 ਮੋਟਰਸਾਈਕਲ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਐਸ.ਐਸ.ਪੀ. ਹੁਸ਼ਿਆਰਪੁਰ ਸ਼੍ਰੀ ਧਰਮੂਨ ਐਚ.ਨਿੰਬਾਲੇ ਦੀ ਅਗਵਾਈ ਵਿਚ ਆਬਕਾਰੀ ਵਿਭਾਗ, ਹੁਸ਼ਿਆਰਪੁਰ ਪੁਲਿਸ ਅਤੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਪੁਲਿਸ ਵੱਲੋਂ ਸੰਯੁਕਤ ਅਪਰੇਸ਼ਨ ਮੁਕੇਰੀਆਂ ਨੇੜੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ਵਿੱਚ ਚਲਾਇਆ ਗਿਆ, ਜਿਨ੍ਹਾਂ ਦੀਆਂ ਸੀਮਾਵਾਂ ਹਿਮਾਚਲ ਪ੍ਰਦੇਸ਼ ਨਾਲ ਸਾਂਝੀਆਂ ਹਨ। ਇਨ੍ਹਾਂ ਵਿੱਚ ਠਾਕੁਰ ਦੁਆਰਾ, ਬਰੋਟਾ, ਗਗਵਾਲ, ਮੰਡ ਖੇਤਰ ਸ਼ਾਮਲ ਹਨ, ਜੋ ਕਾਂਗੜਾ ਜ਼ਿਲ੍ਹੇ ਦੀ ਸਰਹੱਦ ‘ਤੇ ਸਥਿਤ ਹਨ। ਮੁਹਿੰਮ ਵਿੱਚ ਐਸ.ਪੀ (ਡੀ), ਖੇਤਰ ਦੇ ਤਿੰਨ ਡੀਐਸਪੀ ਅਤੇ ਤਿੰਨ ਐਸ.ਐਚ.ਓਜ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਅਤੇ ਹਿਮਾਚਲ ਪ੍ਰਦੇਸ਼ ਦੇ ਡੀ.ਐਸ.ਪੀ ਕਾਂਗੜਾ ਅਤੇ ਐਸ.ਐਚ.ਓ. ਇੰਦੌਰਾ ਦੀ ਅਗਵਾਈ ਵਿੱਚ ਹਿਮਾਚਲ ਪੁਲੀਸ ਦੀ ਟੀਮ ਸ਼ਾਮਲ ਹੋਈ। ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅਵਤਾਰ ਸਿੰਘ ਕੰਗ ਦੀ ਅਗਵਾਈ ਹੇਠ ਐਕਸਾਈਜ਼ ਅਫ਼ਸਰ ਹੁਸ਼ਿਆਰਪੁਰ-2 ਸ਼ੇਖਰ ਗਰਗ, ਆਬਕਾਰੀ ਇੰਸਪੈਕਟਰ ਮੁਕੇਰੀਆਂ ਨਰੇਸ਼, ਆਬਕਾਰੀ ਇੰਸਪੈਕਟਰ ਟਾਂਡਾ ਸੁਖਬੀਰ ਅਤੇ ਆਬਕਾਰੀ ਇੰਸਪੈਕਟਰ ਹਰਿਆਣਾ ਮਹਿੰਦਰ ਸਿੰਘ ਸਮੇਤ ਆਬਕਾਰੀ ਪੁਲੀਸ ਦੀ ਟੀਮ ਸ਼ਾਮਲ ਹੋਈ। ਇਸ ਸਬੰਧੀ ਮੁਕੇਰੀਆਂ ਪੁਲੀਸ ਨੇ 10 ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਡਰੋਨ ਕੈਮਰਿਆਂ ਦੀ ਮਦਦ ਨਾਲ ਇਲਾਕੇ ਦੀ ਸੰਘਣੀ ਨਿਗਰਾਨੀ ਕੀਤੀ ਗਈ, ਜਿਸ ਦੌਰਾਨ ਲਾਹਣ ਦੇ ਵੱਡੇ ਭੰਡਾਰਾਂ ਦਾ ਪਤਾ ਲੱਗਾ। ਇਸ ਦੌਰਾਨ 1 ਲੱਖ 40 ਹਜ਼ਾਰ ਕਿਲੋ ਲਾਹਣ, 10 ਚੱਲਦੀਆਂ ਭੱਠੀਆਂ, 10 ਬੁਆਇਲਰ, 40 ਪਲਾਸਟਿਕ ਦੇ ਕੈਨ , 5 ਮੋਟਰ ਸਾਈਕਲ, 4 ਕਾਰਾਂ ਜ਼ਬਤ ਕੀਤੀਆਂ ਗਈਆਂ।

ਅਪਨੀਤ ਰਿਆਤ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਵੀ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਮੰਡ ਖੇਤਰ ਦੇ ਪਿੰਡਾਂ ਗੰਡੋਵਾਲ ਅਤੇ ਮਿਆਣੀ ਵਿੱਚ ਛਾਪੇਮਾਰੀ ਕੀਤੀ ਗਈ। ਆਬਕਾਰੀ ਅਫਸਰ ਹੁਸ਼ਿਆਰਪੁਰ-2 ਸ਼ੇਖਰ ਗਰਗ, ਐਕਸਾਈਜ਼ ਇੰਸਪੈਕਟਰ ਮੁਕੇਰੀਆਂ ਨਰੇਸ਼, ਐਕਸਾਈਜ਼ ਇੰਸਪੈਕਟਰ ਟਾਂਡਾ ਸੁਖਬੀਰ ਅਤੇ ਐਕਸਾਈਜ਼ ਇੰਸਪੈਕਟਰ ਹਰਿਆਣਾ ਮਹਿੰਦਰ ਸਿੰਘ ਸਮੇਤ ਐਕਸਾਈਜ਼ ਪੁਲੀਸ ਦੇ ਏ.ਐਸ.ਆਈ ਮੁਸ਼ਤਾਕ ਮਸੀਹ, ਏ.ਐਸ.ਆਈ ਸੁਖਦੇਵ ਸਿੰਘ ਆਬਕਾਰੀ ਪੁਲੀਸ ਟੀਮ ਸਮੇਤ ਸ਼ਾਮਲ ਹੋਏ। ਪੁਲਿਸ ਵਿਭਾਗ ਦੀ ਤਰਫੋਂ ਡੀ.ਐਸ.ਪੀ. ਟਾਂਡਾ ਰਾਜ ਚੌਧਰੀ, ਡੀ.ਐਸ.ਪੀ. ਦਸੂਹਾ ਰਣਜੀਤ ਸਿੰਘ ਬਦੇਸ਼ਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਭਾਗ ਲਿਆ। ਇਸ ਦੌਰਾਨ 6640 ਕਿਲੋ ਲਾਹਣ ਨਸ਼ਟ ਕਰ ਦਿੱਤੀ ਗਈ ਜਦਕਿ 3 ਵੱਡੀਆਂ ਤਰਪਾਲਾਂ, 1 ਪਲਾਸਟਿਕ ਦਾ ਕੈਨ ਅਤੇ 3 ਲੋਹੇ ਦੇ ਡਰੰਮ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਲਾਹਣ ਸਟੋਰ ਕੀਤੀ ਗਈ ਸੀ। ਇਸ ਸਬੰਧੀ ਟਾਂਡਾ ਪੁਲੀਸ ਨੇ ਇੱਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਐਸ.ਐਸ.ਪੀ ਸ੍ਰੀ ਧਰਮੂਨ ਐਚ.ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਅਜਿਹੀ ਕਾਰਵਾਈ ਜਾਰੀ ਰੱਖੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਚੋਣ ਡਿਊਟੀ ਨਿਭਾਈ ਜਾ ਰਹੀ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ |

Spread the love