ਅੰਮ੍ਰਿਤਸਰ, 9 ਫਰਵਰੀ

ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਮਾਝਾ ਖੇਤਰ ਵਿਚ ਵੱਡਾ ਹੁਲਾਰਾ ਮਿਲਿਆ ਜਦੋਂ ਖਡੂਰ ਸਾਹਿਬ ਦੇ ਐਮ ਪੀ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਸਮੇਤ ਸਮੁੱਚਾ ਪਰਿਵਾਰ ਅਤੇ ਖੇਤਰ ਦੇ ਅਨੇਕਾਂ ਹਲਕਿਆਂ ਤੋਂ ਪਾਰਟੀ ਦੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਸ੍ਰੀ ਹਰਪਿੰਦਰ ਸਿੰਘ ਰਾਜਨ ਗਿੱਲ ਦਾ ਡਿੰਪਾ ਪਰਿਵਾਰ ਦੇ ਮੈਂਬਰਾਂ ਅਤੇ ਖੇਤਰ ਦੇ ਵੱਖ ਵੱਖ ਹਲਕਿਆਂ ਤੋਂ ਕਾਂਗਰਸ ਦੇ ਅਹੁਦੇਦਾਰਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਰਦਾਰ ਬਾਦਲ ਨੇ ਉਹਨਾਂ ਨੁੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ। ਮੌਕੇ ’ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ।

ਕਾਂਗਰਸ ਨੁੰ ਅਲਵਿਦਾ ਕਹਿੰਦਿਆਂ ਸ੍ਰੀ ਰਾਜਨ ਗਿੱਲ ਨੇ ਕਿਹਾ ਕਿ ਸਮੁੱਚਾ ਡਿੰਪਾ ਪਰਿਵਾਰ ਪਾਰਟੀ ਵਿਚ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਟਿਕਟਾਂ ਦੇਣ ਦੇ ਤਰੀਕੇ ਤੋਂ ਨਾਖੁਸ਼ ਹੈ। ਉਹਨਾਂ ਕਿਹਾ ਕਿ ਟਿਕਟਾਂ ਦੀ ਵੰਡ ਵਿਚ ਕਾਂਗਰਸ ਪਾਰਟੀ ਦੇ ਸਿਧਾਂਤ ਵਗਾਹ ਮਾਰੇ ਗਏ ਹਨ ਤੇ ਰੇਤ ਮਾਫੀਆ ਦੇ ਸਰਗਨਾ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਤੇ ਰਮਨਦੀਪ ਸਿੰਘ ਸਿੱਕੀ ਜੋ 130 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦੇ ਮਾਮਲੇ ਲਈ ਜ਼ਿੰਮੇਵਾਰ ਸੀ, ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਾਰਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਉਸ ਕਾਂਗਰਸ ਪਾਰਟੀ ਨੁੰ ਅਲਵਿਦਾ ਕਹਿ ਦਿੱਤਾ ਜਾਵੇ ਜਿਸਦੀ 60 ਸਾਲਾਂ ਤੋਂ ਪਰਿਵਾਰ ਦੇ ਦਾਦਾ ਅਤੇ ਆਜ਼ਾਦੀ ਘੁਲਾਟੀਏ ਗੁਰਦਿੱਤ ਸਿੰਘ ਸ਼ਾਹ ਤੋਂ ਲੈ ਕੇ ਉਹਨਾਂ ਦੇ ਪਿਤਾ ਅਤੇ ਬਿਆਸ ਦੇ ਸਾਬਕਾ ਐਮ ਐਲ ਏ ਸੰਤ ਸਿੰਘ ਗਿੱਲ ਤੋਂ ਲੈ ਕੇ ਮੌਜੂਦਾ ਪੀੜੀ ਤੱਕ ਸੇਵਾ ਕਰਦੀ ਆ ਰਹੀ ਸੀ। ਸ੍ਰੀ ਗਿੱਲ ਨੇ ਆਪਣੇ ਸਾਥੀ ਕਾਂਗਰਸੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਕਿਹਾ ਕਿ ਉਹਨਾਂ ਦੇ ਭਰਾ ਅਤੇ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਪਰਿਵਾਰ ਵੱਲੋਂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ।

ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਸੈਨਿਕ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ, ਜੰਡਿਆਲਾ ਮਿਉਂਸਪਲ ਕਮੇਟੀ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਮਲਹੋਤਰਾ, ਤਰਨਤਾਰਨ ਬਲਾਕ ਸੰਮਤੀ ਚੇਅਰਪਰਸਨ ਹਰਸ਼ਰਨ ਕੌਰ, ਤਰਨਤਾਰਨ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਮੇਹਰ ਸਿੰਘ ਚੌਟਾਲਾ, ਯੂਥ ਕਾਂਗਰਸ ਦੇ ਆਗੂ ਕੁਲੰਵਤ ਬਹਿਲ, ਰਈਆ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਬਿੱਲਾ, ਰਈਆ ਦੇ ਕੌਂਸਲਰ ਸਰਬਜੀਤ ਮਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਵੀਰ ਸਿੰਘ ਵੇਰਾ ਵੀ ਸ਼ਾਮਲ ਹਨ। ਅੰਮ੍ਰਿਤਸਰ ਪੂਰਬੀ ਦੇ ਆਗੁ ਸੁਖਵਿੰਦਰ ਸਿੰਘ, ਦਲਬੀਰ ਸਿੰਘ ਤੇ ਇੰਦਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ ਤੇ ਪੰਚ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਿੰਪਾ ਪਰਿਵਾਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਦਾ ਮਾਝਾ ਖੇਤਰ ਵਿਚੋਂ ਮੁਕੰਮਲ ਸਫਾਇਆ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਮਾਝਾ ਵਿਚ ਮੁਕਾਬਲਾ ਇਕਪਾਸੜ ਹੋ ਕੇ ਸਿਰਫ ਅਕਾਲੀ ਦਲ ਦੇ ਪੱਖ ਵਿਚ ਰਹਿ ਗਿਆ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਿਚ ਇਸ ਗੱਲ ਦਾ ਰੋਸ ਹੈ ਕਿ ਜਿਸ ਤਰੀਕੇ ਹਰੀਸ਼ ਚੌਧਰੀ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੀ ਤਿਕੜੀ ਨੇ ਟਿਕਟਾਂ ਵੇਚੀਆਂ ਹਨ। ਉਹਨਾ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਕਾਂਗਰਸ ਖਿੰਡ ਪੁੰਡ ਰਹੀ ਹੈ। ਉਹਨਾਂ ਕਿਹਾ ਕਿ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਵਰਗੇ ਆਗੂਆਂ ਦੇ ਪਰਿਵਾਰਕ ਮੈਂਬਰ ਆਜ਼ਾਦ ਉਮੀਦਵਾਰਾਂ ਵਜੋਂ ਲੜ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੁਸੀਂ ਵੇਖੋਗੇ ਕਿ ਸ੍ਰੀ ਚੰਨੀ ਚਮੌਕਰ ਸਾਹਿਬ ਤੇ ਭਦੌੜ ਦੋਹਾਂ ਥਾਵਾਂ ਤੋਂ ਹਾਰਨਗੇ, ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹਾਰਨਗੇ ਅਤੇ ਜਿਸ ਦਿਨ ਨਤੀਜੇ ਆਉਣਗੇ ਉਹ ਕਾਂਗਰਸ ਛੱਡ ਦੇਣਗੇ।

ਇਸ ਮੌਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਰਾਜਨ ਗਿੱਲ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵਿਚ ਇਸ ਗੱਲ ਦਾ ਰੋਸ ਹੈ ਕਿ ਕਾਂਗਰਸੀ ਰਾਜਕਾਲ ਦੌਰਾਨ ਮਾਫੀਆ ਤੱਤਾਂ ਨੁੰ ਉਤਸ਼ਾਹਿਤ ਕੀਤਾ ਗਿਆ, ਟਿਕਟਾਂ ਵੇਚੀਆਂ ਗਈਆਂ ਤੇ ਨਫਰਤ ਦੀ ਰਾਜਨੀਤੀ ਸੂਬੇ ਵਿਚ ਫੈਲਾਈ ਗਈ। ਉਹਨਾਂ ਕਿਹਾ ਕਿ ਐਮ ਪੀ ਜਸਬੀਰ ਸਿੰਘ ਡਿੰਪਾ ਦੇ ਪਰਿਵਾਰ ਦਾ ਲੋਕਾਂ ਵਿਚ ਵੱਡਾ ਆਧਾਰ ਹੈ ਤੇ ਕਾਂਗਰਸ ਪਾਰਟੀ ਨੁੰ ਬਾਬਾ ਬਕਾਲਾ, ਜੰਡਿਆਲਾ, ਖਡੂਰ ਸਾਹਿਬ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਤਰਨ ਤਾਰਨ, ਰਾਜਾਸਾਂਸੀ, ਮਜੀਠਾ, ਅਜਨਾਲਾ ਤੇ ਅਟਾਰੀ ਸੀਟਾਂ ’ਤੇ ਵੱਡਾ ਨੁਕਸਾਨ ਹੋਇਆ ਹੈ।

Spread the love