01 ਮਾਰਚ

ਯੂਕ੍ਰੇਨ ਵਿੱਚ ਫਸੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਤੁਰੰਤ ਯੁਕਰੇਨ ਦੀ ਰਾਜਧਾਨੀ ਕੀਵ ਨੂੰ ਛੱਡ ਦੇਣ। ਯੂਕ੍ਰੇਨ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ ਰੇਲ ਜਾਂ ਉਪਲਬਧ ਕਿਸੇ ਵੀ ਹੋਰ ਸਾਧਨ ਰਾਹੀਂ ਅੱਜ ਤੁਰੰਤ ਕੀਵ ਛੱਡਣ ਦਾ ਸੁਝਾਅ ਦਿੱਤਾ ਹੈ। ਇੱਕ ਟਵੀਟ ਰਾਹੀ ਕਿਹਾ ਗਿਆ ਕਿ ‘ਕੀਵ ‘ਚ ਭਾਰਤੀਆਂ ਲਈ ਸਲਾਹ… ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਉਪਲਬਧ ਟ੍ਰੇਨ ਜਾਂ ਕਿਸੇ ਹੋਰ ਉਪਲਬਧ ਸਾਧਨਾਂ ਰਾਹੀਂ।’

ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਅੱਜ ਹੀ ਕੀਵ ਛੱਡ ਦੇਣ । ਕਿਹਾ ਗਿਆ ਹੈ ਕਿ ਕੀਵ ਛੱਡਣ ਲਈ ਜੋ ਵੀ ਸਾਧਨ ਉਨ੍ਹਾਂ ਨੂੰ ਮਿਲੇ ਉਸਨੂੰ ਤੁਰੰਤ ਫੜ ਕੇ ਉਥੋਂ ਨਿਕਲੋ । ਯੂਕਰੇਨ ਵਿੱਚ ਭਾਰਤੀ ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਟ੍ਰੇਨ ਜਾਂ ਆਵਾਜਾਈ ਦੇ ਜੋ ਵੀ ਸਾਧਨ ਉਪਲਬਧ ਹਨ, ਉਨ੍ਹਾਂ ਰਾਹੀਂ ਲੋਕ ਅੱਜ ਹੀ ਕੀਵ ਛੱਡ ਦੇਣ। ਰੂਸੀ ਫੌਜ ਤੇਜ਼ੀ ਨਾਲ ਕੀਵ ਵੱਲ ਵੱਧ ਰਹੀ ਹੈ।

ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ੇ ਦੇ ਲਈ ਰੂਸ ਵੱਲੋਂ ਹੁਣ ਬੇਹੱਦ ਵੱਡਾ ਮਿਲਟਰੀ ਕਾਫ਼ਿਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ ਲੰਬਾ ਕਾਫ਼ਿਲਾ ਕੀਵ ਵੱਲ ਵੱਧ ਰਿਹਾ ਹੈ। ਰੂਸੀ ਹਮਲੇ ਤੋਂ ਬਾਅਦ ਹੁਣ ਤੱਕ ਯੂਕਰੇਨ ਵੱਲ ਭੇਜਿਆ ਗਿਆ ਇਹ ਸਭ ਤੋਂ ਲੰਬਾ ਕਾਫ਼ਿਲਾ ਹੈ। ਦੱਸ ਦੇਈਏ ਕਿ ਯੂਕਰੇਨ ਵਿੱਚ 20 ਹਜ਼ਾਰ ਭਾਰਤੀ ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਡਾਕਟਰੀ ਦੀ ਪੜ੍ਹਾਈ ਕਰਨ ਲਈ ਉਥੇ ਗਏ ਸਨ। ਇਨ੍ਹਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਲੋਕ ਭਾਰਤ ਵਾਪਸ ਆ ਚੁੱਕੇ ਹਨ, ਬਾਕੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਇਸ ਦੇ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ।

Spread the love