ਰੂਸੀ ਫ਼ੌਜ ਦੇ ਕੀਵ ‘ਚ ਪਿੱਛੇ ਹਟਣ ਦੀਆਂ ਚਰਚਾਵਾਂ ਨੇ।

ਉਧਰ ਦੂਸਰੇ ਪਾਸੇ ਜਿਵੇਂ ਜਿਵੇਂ ਫੌਜ ਪਿੱਛੇ ਹਟਦੀ ਜਾ ਰਹੀ ਹੈ ਕੀਵ ਦੇ ਬਾਹਰੀ ਇਲਾਕਿਆਂ ’ਚ ਭਾਰੀ ਤਬਾਹੀ ਦੇ ਨਾਲ ਨਾਲ ਬੁਰੀ ਹਾਲਤ ’ਚ ਲਾਸ਼ਾਂ ਮਿਲੀਆਂ ਹਨ ਜਿਸ ਤੋਂ ਬਾਅਦ ਰੂਸੀ ਫ਼ੌਜ ’ਤੇ ਲੋਕਾਂ ਉਪਰ ਤਸ਼ੱਦਦ ਢਾਹੁਣ ਦੇ ਦੋਸ਼ ਲੱਗੇ ਹਨ।

ਦੋ ਲਾਸ਼ਾਂ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਸਨ ਜਿਨ੍ਹਾਂ ਨੂੰ ਕਰੀਬ ਤੋਂ ਗੋਲੀਆਂ ਮਾਰੀਆਂ ਲਗਦੀਆਂ ਹਨ।

ਦੋ ਲਾਸ਼ਾਂ ਨੂੰ ਪਲਾਸਟਿਕ ’ਚ ਲਪੇਟ ਕੇ ਇਕ ਖੱਡ ’ਚ ਸੁੱਟਿਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਸਬੂਤ ਇਕੱਠਾ ਕਰ ਰਹੇ ਹਨ ਤਾਂ ਜੋ ਰੂਸ ਨੂੰ ਜੰਗੀ ਅਪਰਾਧਾਂ ਲਈ ਸਜ਼ਾ ਦਿਵਾਈ ਜਾ ਸਕੇ।

ਉਧਰ ਖਾਰਕੀਵ ਦੇ ਖੇਤਰੀ ਗਵਰਨਰ ਓਲੇਹ ਸਿਨੀਏਹੂਬੋਵ ਨੇ ਕਿਹਾ ਕਿ ਰੂਸੀ ਫ਼ੌਜ ਵੱਲੋਂ ਪਿਛਲੇ 24 ਘੰਟਿਆਂ ’ਚ ਇਲਾਕੇ ’ਚ 20 ਤੋਂ ਜ਼ਿਆਦਾ ਹਮਲੇ ਕੀਤੇ ਗਏ ਹਨ। ਹਮਲੇ ’ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ।

ਉਸ ਨੇ ਕਿਹਾ ਕਿ ਬਾਲਾਕਲੀਆ ’ਚ ਰੂਸੀ ਟੈਂਕ ਦੇ ਹਮਲੇ ’ਚ ਸਥਾਨਕ ਹਸਪਤਾਲ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਕਾਰਨ ਮਰੀਜ਼ਾਂ ਨੂੰ ਉਥੋਂ ਤੁਰੰਤ ਦੂਜੀ ਥਾਂ ’ਤੇ ਪਹੁੰਚਾਇਆ ਗਿਆ।

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਕੀਵ ਅਤੇ ਚਰਨੀਹੀਵ ਨੇੜਲੇ ਇਲਾਕਿਆਂ ’ਤੇ ਮੁਲਕ ਦੀਆਂ ਫ਼ੌਜਾਂ ਨੇ ਮੁੜ ਕਬਜ਼ਾ ਕਰ ਲਿਆ ਹੈ।

ਜ਼ੇਲੈਂਸਕੀ ਨੇ ਕਿਹਾ ਕਿ ਰੂਸ, ਡੋਨਬਾਸ ਅਤੇ ਦੱਖਣੀ ਯੂਕਰੇਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਉਹ ਆਪਣੇ ਮੁਲਕ ਅਤੇ ਲੋਕਾਂ ਦੀ ਰੱਖਿਆ ਲਈ ਸੰਘਰਸ਼ ਕਰਦੇ ਰਹਿਣਗੇ

Spread the love