ਪਾਣੀ ਦੀ ਸਮੱਸਿਆ ਕਾਰਨ 3 ਦਿਨਾਂ ਤੋਂ ਭਬਾਤ ਖੇਤਰ ਦੇ ਵਸਨੀਕ ਦੁੱਖ ਚੱਲ ਰਹੇ ਹਨ। ਲੋਕਾਂ ਵੱਲੋਂ ਇਸ ਦੀ ਜਾਣਕਾਰੀ ਕੌਂਸਲ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਕੋਈ ਹੱਲ ਨਹੀਂ ਹੋਇਆ ਅਤੇ ਉਹਨਾਂ ਨੂੰ ਪਿਆਸ ਬੁਝਾਉਣ ਖਾਤਰ ਪੱਲਿਉਂ ਪੈਸੇ ਖਰਚ ਕੇ ਟੈਂਕ ਮੰਗਵਾਉਣ ਲਈ ਮਜਬੂਰ ਹੋਣਾ ਪਿਆ। ਪਿੰਡ ਦੇ ਵਸਨੀਕ ਨਿਰਮਲ ਸਿੰਘ, ਗੁਰਸੇਵਕ ਸਿੰਘ, ਚਰਨਜੀਤ ਸਿੰਘ, ਜੈ ਗੋਪਾਲ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਖੇਤਰ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨਵੇਂ ਸਿਰੇ ਤੋਂ ਪਾਈਆਂ ਜਾ ਰਹੀਆਂ ਹਨ ਤੇ ਪਾਈਪ ਲਾਈਨ ਵਿਛਾਉਣ ਦੇ ਕੰਮ ’ਚ ਲਾਪ੍ਰਵਾਹੀ ਵਰਤੀ ਜਾ ਰਹੀ ਹੈ।ਇੱਥੇ ਪਾਣੀ ਦੀ ਸਪਲਾਈ ਬਿਲਕੁਲ ਠੱਪ ਪਈ ਹੈ।

ਲੋਕਾਂ ਵੱਲੋਂ ਕਈ ਵਾਰ ਕੌਂਸਲ ਦੇ ਅਧਿਕਾਰੀਆਂ ਨੂੰ ਕੰਮ ਨੇਪਰੇ ਚੜ੍ਹਾਉਣ ਦੀ ਮੰਗ ਕੀਤੀ ਗਈ ਹੈ ਪਰ ਉਹ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ ਤੇ ਗਰਮੀ ਕਾਰਨ ਬਿਨਾਂ ਪਾਣੀ ਤੋਂ ਸਮਾਂ ਲੰਘਾਉਣਾ ਮੁਸ਼ਕਲ ਹੋਇਆ ਪਿਆ ਹੈ। ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਬਣੀ ਹੋਈ ਹੈ।ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਇਸ ਖੇਤਰ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਜਿਸ ਮਗਰੋਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੰਮ ਨੂੰ ਛੇਤੀ ਨੇਪਰੇ ਚਾੜ੍ਹ ਦੇ ਕੇ ਪਾਣੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ। ਫਿਲਹਾਲ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।

Spread the love