ਚੰਡੀਗੜ੍ਹ ( ਪ੍ਰਾਈਮ ਏਸ਼ੀਆ ਬਿਊਰੋ)
ਪੰਜਾਬ ਦੇ ਡੀਜੀਪੀ ਵੀ.ਕੇ.ਭਾਵੜਾ ਨੇ ਸੂਬੇ ਵਿੱਚ ਕਤਲਾਂ ਦੀ ਗਿਣਤੀ ਵਧਣ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਪਿਛਲੇ ਸਮੇਂ ਦੇ ਮੁਕਾਬਲੇ ਇਹ ਗਿਣਤੀ ਘਟੀ ਹੈ। ਡੀਜੀਪੀ ਨੇ ਪ੍ਰੈਸ ਕਾਨਫਰੰਸ ਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਾਰੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਿਚ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜਦੋਂਕਿ 2021 ਤੇ 2020 ਵਿੱਚ ਇਹ ਅੰਕੜਾ ਕ੍ਰਮਵਾਰ 725 ਤੇ 757 ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੀ ਮਾਸਿਕ ਔਸਤ 50 ਹੈ ਤੇ ਪਹਿਲਾਂ ਇਹ 65 ਤੋਂ 70 ਰਹਿੰਦੀ ਸੀ। ਡੀਜੀਪੀ ਨੇ ਕਿਹਾ, ‘‘ਮੈਂ ਨਹੀਂ ਕਹਿੰਦਾ ਕਿ ਇਹ ਖ਼ੁਸ਼ਗਵਾਰ ਹਾਲਾਤ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਘੱਟ ਹੈ। ਸਾਨੂੰ ਇਹ ਅੰਕੜਾ ਹੋਰ ਹੇਠਾਂ ਲਿਆਉਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਇਸ ਸਾਲ ਰਿਪੋਰਟ ਹੋਏ 158 ਕਤਲਾਂ ਵਿੱਚੋਂ 6 ਕੇਸਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਕੇਸਾਂ ਦੀ ਪੈੜ ਨੱਪੀ ਸੀ ਤੇ ਇਸ ਵਿੱਚ ਗੈਂਗਸਟਰਾਂ ਦੀ ਭੂਮਿਕਾ ਸੀਮਤ ਹੈ। ਸਾਨੂੰ ਪਤਾ ਹੈ ਕਿਸ ਨੇ ਰੇਕੀ ਕੀਤੀ ਤੇ ਕਿਸ ਨੇ ਗੋਲੀਆਂ ਚਲਾਈਆਂ। ਇਨ੍ਹਾਂ ਕੇਸਾਂ ਵਿਚ ਹੁਣ ਤੱਕ 24 ਮੁੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੱਤ ਪਿਸਤੌਲਾਂ ਤੇ ਇੰਨੇ ਹੀ ਵਾਹਨ ਬਰਾਮਦ ਕੀਤੇ ਗਏ ਹਨ।’’





















Spread the love