ਪਾਕਿਸਤਾਨ ਦੀ ਸੰਸਦ ਨੇ ਸੋਮਵਾਰ ਨੂੰ ਸ਼ਾਹਬਾਜ਼ ਸ਼ਰੀਫ਼ ਨੂੰ ਬਿਨਾਂ ਕਿਸੇ ਵਿਰੋਧ ਦੇ ਮੁਲਕ ਦਾ 23ਵਾਂ ਪ੍ਰਧਾਨ ਮੰਤਰੀ ਚੁਣ ਲਿਆ।

ਇਸ ਦੇ ਨਾਲ ਇਮਰਾਨ ਖ਼ਾਨ ਖ਼ਿਲਾਫ਼ 8 ਮਾਰਚ ਨੂੰ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਬਾਅਦ ਮੁਲਕ ’ਚ ਬਣੇ ਬੇਯਕੀਨੀ ਦੇ ਹਾਲਾਤ ਖ਼ਤਮ ਹੋ ਗਏ ਹਨ।

ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਦ ’ਚ ਵੋਟਿੰਗ ’ਚ ਹਿੱਸਾ ਨਾ ਲੈਣ ਅਤੇ ਵਾਕਆਊਟ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ 70 ਸਾਲਾ ਸ਼ਾਹਬਾਜ਼ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਇਕੱਲੇ ਉਮੀਦਵਾਰ ਰਹਿ ਗਏ ਸਨ।

ਬਾਅਦ ’ਚ ਦੇਰ ਰਾਤ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਸ਼ਾਹਬਾਜ਼ ਨੂੰ ਅਹੁਦੇ ਦਾ ਹਲਫ਼ ਦਿਵਾਇਆ।

ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਦੇ 174 ਮੈਂਬਰਾਂ ਨੇ ਵੋਟ ਪਾਈ, ਜਦਕਿ ਵੋਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੀ. ਟੀ. ਆਈ. ਦੇ ਮੁਖੀ ਇਮਰਾਨ ਖ਼ਾਨ ਸਮੇਤ ਬਾਕੀ ਸੰਸਦ ਮੈਂਬਰਾਂ ਵਲੋਂ ਬਾਈਕਾਟ ਕੀਤੇ ਜਾਣ ਕਰਕੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਕ ਵੀ ਵੋਟ ਨਹੀਂ ਮਿਲੀ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਪੂਰੇ ਪਾਕਿਸਤਾਨ ਲਈ ਖ਼ਾਸ ਹੈ।

ਉਨ੍ਹਾਂ ਕਿਹਾ ਕਿ ਨਾ ਕੋਈ ਗ਼ੱਦਾਰ ਸੀ ਤੇ ਨਾ ਹੀ ਕੋਈ ਗ਼ੱਦਾਰ ਹੈ।

ਹਾਲਾਂਕਿ, ਇਸ ਤੋਂ ਪਹਿਲਾਂ ਸ਼ਰੀਫ਼ ਨੇ ਆਪਣੇ ਬਿਆਨਾਂ ‘ਚ ਇਮਰਾਨ ਖ਼ਾਨ ਨੂੰ ਦੇਸ਼-ਧ੍ਰੋਹੀ ਕਿਹਾ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਇਕ ਅਯੋਗ ਪ੍ਰਧਾਨ ਮੰਤਰੀ ਨੂੰ ਕੁਰਸੀ ਤੋਂ ਲਾਂਭੇ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਹੈ।

Spread the love