ਜੀਵਨ ਕ੍ਰਾਂਤੀ
ਮਾਨਸਾ 18 ਅਪ੍ਰੈਲ ਪੰਜਾਬ ਕਿਸਾਨ ਯੂਨੀਅਨ ਵਲੋਂ ਅੱਜ ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮH, ਮਾਨਸਾ ਨੂੰ ਮੰਗ ਪੱਤਰ ਪੇਸ਼ ਕਰਕੇ ਮੰਗ ਕੀਤੀ ਗਈ ਕਿ ਨਰਮੇ ਦੀ ਫਸਲ ਦੀ ਬਿਜਾਈ ਦੇੇ ਨਾਲ ਨਾਲ ਹੀ ਹਰੇ ਚਾਰੇ ਦੀ ਉਪਜ ਨੂੰ ਧਿਆਨ ਵਿੱਚ ਰਖਦੇ ਹੋਏ ਹੁਣ ਸਿੰਚਾਈ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ ਜਦੋਂ ਕਿ ਕਣਕ ਦੀ ਕਢਾਈ ਅਤੇ ਤੂੜੀ ਦੀ ਸਾਂਭ ਸੰਭਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਲਈ ਹੁਣ ਹਰ ਰੋਜ਼ 8 ਘੰਟੇ ਖੇਤੀ ਮੋਟਰਾਂ ਲਈ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸਤੋਂ ਇਲਾਵਾ ਪੇਂਡੂ ਰਿਹਾਇਸ਼ੀ ਖੇਤਰ ਨੂੰ ਅਜੇ ਬਿਜਲੀ ਦੀ 24 ਘੰਟੇ ਸਪਲਾਈ ਚਾਲੂ ਨਹੀਂ ਕੀਤੀ ਗਈ ਹੈ ਬਲਕਿ ਪੇਂਡੂ ਖੇਤਰਾਂ ਵਿੱਚ ਤਾਂ ਸਾਰਾ ਸਾਰਾ ਦਿਨ ਬਿਜਲੀ ਬੰਦ ਰਹਿੰਦੀ ਹੈ ਜਿਸ ਕਾਰਣ ਪੇਂਡੂ ਆਬਾਦੀ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਇਸ ਸਬੰਧੀ ਵੀ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੇਂਡੂ ਰਿਹਾਇਸ਼ੀ ਖੇਤਰਾਂ ਲਈ ਵੀ ਬਿਜਲੀ ਦੀ 24 ਘੰਟੇ ਸਪਲਾਈ ਦਿੱਤੀ ਜਾਵੇੇ ਅਤੇ ਓਵਰਲੋਡ ਗਰਿਡਾਂ ਨੂੰ ਅੰਡਰਲੋਡ ਕੀਤਾ ਜਾਵੇ। ਇਸਦੇ ਨਾਲ ਇਹ ਵੀ ਮੰਗ ਕੀਤੀ ਗਈ ਕਿ ਪ੍ਰਾਈਵੇਟ ਟਰਾਂਸਫਾਰਮਰਾਂ ਨੂੰ ਸਰਕਾਰੀ ਕੀਤਾ ਜਾਵੇ ਤਾਂ ਕਿ ਇਹਨਾਂ ਟਰਾਂਸਫਾਰਮਰਾਂ ਨੂੰ ਕੋਈ ਨੁਕਸਾਨ ਹੋਣ ਦੀ ਸੂਰਤ ਵਿੱਚ ਕਿਸਾਨ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਇਸਤੋਂ ਇਲਾਵਾ ਖੇਤੀ ਮੋਟਰਾਂ ਦੇ ਬਕਾਇਆ ਪਏ ਕੁਨੈਕਸ਼ਨ ਵੀ ਤੁਰੰਤ ਰਿਲੀਜ਼ ਕਰਨ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਇਸ ਕਾਰਣ ਵੀ ਕਿਸਾਨਾਂ ਨੂੰ ਬਹੁਤ ਔਂਕੜਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਇਸ ਮੌਕੇ ਕਾਰਜਕਾਰੀ ਇੰਜਨਅਰ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਖੇਤੀ ਮੋਟਰਾਂ ਨੂੰ 8 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਸਬੰਧੀ 3^4 ਦਿਨਾਂ ਵਿੱਚ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਅਤੇ ਬਾਕੀ ਮੰਗਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਕਾਰਵਾਈ ਕਰਕੇ ਨਹਿਰਾਂ ਅਤੇ ਰਜਬਾਹਿਆਂ ਵਿੱਚ ਪਾਣੀ ਪੂਰੀ ਮਾਤਰਾ ਵਿੱਚ ਛੱਡਣਾ ਯਕੀਨੀ ਬਣਾਵੇ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਬਲਾਕ ਪ੍ਰਧਾਨ ਗੁਰਮੁਖ ਸਿੰਘ ਗੋਗੀ ਸੱਦਾ ਸਿੰਘ ਵਾਲਾ, ਗੁਰਜੰਟ ਸਿੰਘ ਮਾਨਸਾ, ਜਰਨੈਲ ਸਿੰਘ ਖਿਆਲਾ, ਗੁਰਦੀਪ ਸਿੰਘ ਖਿਆਲਾ, ਬਚਿੱਤਰ ਸਿੰਘ ਮੂਸਾ, ਕਾਹਨਾਂ ਸਿੰਘ ਬੁਰਜ ਹਰੀ ਅਤੇ ਨਾਜਰ ਸਿੰਘ ਬੁਰਜ ਹਰੀ ਆਦਿ ਆਗੂ ਹਾਜ਼ਰ ਸਨ।



Spread the love