ਪੰਜਾਬ ਸਰਕਾਰ ਨੇ ਸੂਬੇ ਦੀਆਂ 232 ਮੰਡੀਆਂ ਵਿਚ ਕਣਕ ਦੀ ਖ਼ਰੀਦ 31 ਮਈ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ।ਤੁਹਾਨੂੰ ਦਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ’ਤੇ ਰੋਕ ਲਗਾਏ ਜਾਣ ਮਗਰੋਂ ‘ਆਪ’ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ 232 ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਕਾਰਜ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਬਰਾਮਦ ’ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ ਵਿਚ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕੁਝ ਕਿਸਾਨਾਂ, ਜਿਨ੍ਹਾਂ ਬਾਅਦ ਵਿਚ ਚੰਗੇ ਭਾਅ ਮਿਲਣ ਦੀ ਉਮੀਦ ਵਿਚ ਕਣਕ ਦੀ ਫ਼ਸਲ ਭੰਡਾਰ ਕੀਤੀ ਸੀ, ਨੂੰ ਸ਼ਾਇਦ ਹੁਣ ਮੁੜ ਸੋਚ-ਵਿਚਾਰ ਕੇ ਆਪਣੀ ਫ਼ਸਲ ਵੇਚਣੀ ਪਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਸੂਬੇ ’ਚ 2292 ਮੰਡੀਆਂ ਨੂੰ ਚਾਲੂ ਕੀਤਾ ਸੀ, ਪਰ ਸੂਬੇ ਦੇ ਕੁਝ ਹਿੱਸਿਆਂ ’ਚ ਕਣਕ ਦੀ ਆਮਦ ਵਿੱਚ ਆਈ ਭਾਰੀ ਕਮੀ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿੱਚ 2060 ਮੰਡੀਆਂ ਨੂੰ ਯੋਜਨਾਬੱਧ ਅਤੇ ਪੜਾਅ ਵਾਰ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਹੈ। ਇਸ ਸਮੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 232 ਮੰਡੀਆਂ ਚਾਲੂ ਹਨ। ਮੰਤਰੀ ਨੇ ਕਿਹਾ ਕਿ ਭਾਵੇਂ ਖ਼ਰੀਦ ਬੰਦ ਕਰਨ ਦੀ ਅਧਿਸੂਚਿਤ ਮਿਤੀ 31 ਮਈ ਸੀ, ਪਰ ਪਿਛਲੇ ਦਿਨਾਂ ਵਿਚ ਕਣਕ ਦੀ ਆਮਦ ਦੀ ਮੱਠੀ ਰਫ਼ਤਾਰ ਨੂੰ ਦੇਖਦੇ ਹੋਏ 12 ਮਈ ਨੂੰ ਭਾਰਤ ਸਰਕਾਰ ਦੇ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਕਿ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹੁਣ ਰਸਮੀ ਤੌਰ ’ਤੇ ਇਹ ਬੇਨਤੀ ਵਾਪਸ ਲੈ ਲਈ ਹੈ। ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ 232 ਮੰਡੀਆਂ 31 ਮਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਚਾਲੂ ਰਹਿਣਗੀਆਂ।

Spread the love