ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੇ ਭਰੋਸੇ ਨੂੰ ਸੂਬੇ ਦੇ ਕਿਸਾਨਾਂ ਨੇ ਇਸ ਸਾਲ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਕਰਕੇ ਭਰਵਾਂ ਹੁੰਗਾਰਾ ਦਿੱਤਾ। ਮੌਜੂਦਾ ਸਾਲ ਲਗਭਗ 97,250 ਏਕੜ ਰਕਬੇ ਵਿੱਚ ਮੂੰਗੀ ਦੀ ਕਾਸ਼ਤ ਹੋਈ ਹੈ ਜਦਕਿ ਪਿਛਲੇ ਸਾਲ 50,000 ਏਕੜ ਰਕਬਾ ਇਸ ਫਸਲ ਹੇਠ ਸੀ।ਦੱਸਣਯੋਗ ਹੈ ਕਿ ਮੂੰਗੀ ਲਈ ਘੱਟੋ- ਘੱਟ ਸਮਰਥਨ ਮੁੱਲ 7275 ਪ੍ਰਤੀ ਕੁਇੰਟਲ ਹੈ ਅਤੇ ਇਹ ਪਹਿਲਕਦਮੀ ਕਣਕ-ਝੋਨੇ ਦੀਆਂ ਫਸਲਾਂ ਦੇ ਦਰਮਿਆਨ ਇੱਕ ਹੋਰ ਫਸਲ ਬੀਜ ਕੇ ਕਿਸਾਨ ਦੀ ਆਮਦਨ ਵਧਾਉਣ ਵਿਚ ਸਹਾਈ ਸਿੱਧ ਹੋਵੇਗੀ।

ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਨਸਾ ਜ਼ਿਲ੍ਹਾ 25,000 ਏਕੜ ਵਿੱਚ ਮੂੰਗੀ ਦੀ ਬਿਜਾਈ ਕਰਕੇ ਸੂਬਾ ਭਰ ਵਿੱਚੋਂ ਮੋਹਰੀ ਰਿਹਾ ਜੋ ਸੂਬੇ ਵਿੱਚ ਇਸ ਫਸਲ ਹੇਠ ਬੀਜੇ ਗਏ ਕੁੱਲ ਰਕਬੇ ਦਾ 25 ਫੀਸਦੀ ਬਣਦਾ ਹੈ। ਇਸ ਤੋਂ ਬਾਅਦ ਮੋਗਾ ਵਿਚ 12,750 ਏਕੜ ਅਤੇ ਲੁਧਿਆਣਾ ਵਿਚ 10,750 ਏਕੜ ਰਕਬਾ ਇਸ ਫਸਲ ਦੀ ਕਾਸ਼ਤ ਹੇਠ ਹੈ। ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਮੂੰਗੀ ਹੇਠਲਾ ਰਕਬਾ ਕ੍ਰਮਵਾਰ 9500 ਏਕੜ ਅਤੇ 8750 ਏਕੜ ਹੈ।

ਮੁੱਖ ਮੰਤਰੀ ਪਹਿਲਾਂ ਹੀ ਮੂੰਗੀ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾ ਚੁੱਕੇ ਹਨ। ਇਸ ਲਈ ਇਹ ਸ਼ਰਤ ਹੋਵੇਗੀ ਕਿ ਕਿਸਾਨਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫ਼ਸਲਾਂ ਪੱਕਣ ਲਈ ਬਹੁਤ ਘੱਟ ਸਮਾਂ ਲੈਂਦੀਆਂ ਹਨ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦੇ ਮੁਤਾਬਕ ਦਾਲ ਦੀ ਫ਼ਸਲ ਦੀਆਂ ਜੜ੍ਹਾਂ ਵਿੱਚ ਨਾਈਟ੍ਰੋਜਨ ਫਿਕਸਿੰਗ ਨੋਡਿਊਲ ਹੁੰਦੇ ਹਨ ਜੋ ਜ਼ਮੀਨ ਵਿੱਚ ਨਾਈਟ੍ਰੋਜਨ ਫਿਕਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਜੇਕਰ ਮੂੰਗੀ ਦੀ ਫ਼ਸਲ ਦਾ ਝਾੜ ਘੱਟ ਵੀ ਜਾਵੇ ਤਾਂ ਵੀ ਨਾਈਟ੍ਰੋਜਨ ਫਿਕਸਿੰਗ ਦਾ ਲਾਭ ਅਗਲੀ ਫਸਲ ਨੂੰ ਮਿਲਦਾ ਹੈ। ਅਗਲੀ ਫਸਲ ਲਈ ਯੂਰੀਆ ਦੀ ਖਪਤ ਸਿਫਾਰਿਸ਼ ਕੀਤੀ ਖਾਦ ਨਾਲੋਂ 25-30 ਕਿਲੋਗ੍ਰਾਮ ਪ੍ਰਤੀ ਏਕੜ ਤੱਕ ਘਟ ਜਾਂਦੀ ਹੈ।

ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਅਪਣਾ ਕੇ ਬਹੁਮੁੱਲੇ ਕੁਦਰਤੀ ਵਸੀਲੇ-ਪਾਣੀ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਤਕਨੀਕ ਨਾਲ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ।

Spread the love