ਸੀ.ਐਮ. ਭਗਵੰਤ ਸਿੰਘ ਮਾਨ ਨੇ ਕਿਸਾਨ ਯੂਨੀਅਨਾਂ ਨੂੰ ਨਾਅਰੇਬਾਜ਼ੀ ਕਰਨ ਦੀ ਥਾਂ ਪੰਜਾਬ ਵਿੱਚ ਡਿੱਰਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਸੂਬਾ ਸਰਕਾਰ ਨਾਲ ਮਿਲ ਹੰਭਲਾ ਮਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਲਈ ਉਲੀਕੇ ਪੜਾਅਵਾਰ ਪ੍ਰੋਗਰਾਮ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਇਹ ਉਪਰਾਲਾ ਸੂਬੇ ਵਿੱਚ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬਹੁਤ ਹੀ ਸਹਾਈ ਸਿੱਧ ਹੋ ਸਕਦਾ ਹੈ। ਸ੍ਰੀ ਮਾਨ ਨੇ ਕਿਹਾ ਕਿ ਉਹ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ, ‘‘ਮੈਂ ਖੁਦ ਕਿਸਾਨ ਦਾ ਪੁੱਤ ਹਾਂ ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨਾਂ ਨੂੰ ਕਿਹੜੀ ਜ਼ਰੂਰਤ ਹੈ। ਮੈਂ 10 ਜੂਨ ਅਤੇ 18 ਜੂਨ ਦਰਮਿਆਨ ਫਰਕ ਤੋਂ ਵੀ ਪੂਰੀ ਤਰ੍ਹਾਂ ਜਾਣੂੰ ਹਾਂ।’’ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇੱਕ ਸਾਲ ਤੱਕ ਸੂਬਾ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਵੀ ਹੈ ਤਾਂ ਸੂਬਾ ਸਰਕਾਰ ਉਸ ਦੀ ਭਰਪਾਈ ਕਰੇਗੀ। ਭਗਵੰਤ ਮਾਨ ਨੇ ਅੰਦੋਲਨਕਾਰੀ ਜਥੇਬੰਦੀਆਂ ਨੂੰ ਸਵਾਲ ਕੀਤਾ ਕਿ ਜਦੋਂ ਬਟਾਲਾ ਵਿਖੇ ਸਕੂਲੀ ਬੱਚਿਆਂ ਦੀ ਬੱਸ ਨਾੜ ਸਾੜਨ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਸੀ ਤਾਂ ਉਸ ਵੇਲੇ ਉਹ ਚੁੱਪ ਕਿਉਂ ਸਨ? ਸ੍ਰੀ ਮਾਨ ਨੇ ਕਿਹਾ ਕਿ ਉਹ ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਉਠਾਉਂਦੇ ਰਹੇ ਹਨ ਅਤੇ ਹੁਣ ਵੀ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਆਪਣਾ ਫਰਜ਼ ਸਮਝਦੇ ਹਨ।

ਦਿੱਲੀ ਵਿਚ ਪਾਰਟੀ ਹਾਈ ਕਮਾਨ ਨਾਲ ਕੀਤੀ ਮੀਟਿੰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਚ ਪਾਰਟੀ ਹਾਈਕਮਾਨ ਨਾਲ ਮੁਲਾਕਾਤ ਕਰਕੇ ਰਾਜ ਸਭਾ ਮੈਂਬਰਾਂ ਬਾਰੇ ਚਰਚਾ ਕੀਤੀ ਹੈ। ਪੰਜਾਬ ਵਿੱਚ ਰਾਜ ਸਭਾ ਮੈਂਬਰਾਂ ਦੀਆਂ 7 ਸੀਟਾਂ ਵਿੱਚੋਂ ਰਹਿੰਦੀਆਂ 2 ਸੀਟਾਂ ਦੀ ਚੋਣ 10 ਜੂਨ ਤੱਕ ਹੋਵੇਗੀ। ਇਸ ਲਈ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 31 ਮਈ ਰੱਖੀ ਗਈ ਹੈ, ਜਦੋਂਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪਹਿਲੀ ਜੂਨ ਨੂੰ ਹੋਵੇਗੀ ਅਤੇ ਕਾਗਜ਼ ਵਾਪਸ ਲੈਣ ਦੀ ਆਖਰੀ ਤਾਰੀਖ 3 ਜੂਨ ਰੱਖੀ ਗਈ ਹੈ। ਰਾਜ ਸਭਾ ਮੈਂਬਰਾਂ ਲਈ ਵੋਟਾਂ 10 ਜੂਨ ਨੂੰ ਪੈਣੀਆਂ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਲਈ ਵੀ ਚਰਚਾ ਚੱਲ ਰਹੀ ਹੈ। ਪਾਰਟੀ ਹਾਈਕਮਾਨ ਬਜਟ ਸੈਸ਼ਨ ਤੋਂ ਬਾਅਦ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੀ ਹੈ। ਪਾਰਟੀ ਆਉਣ ਵਾਲੇ ਦਿਨਾਂ ਵਿੱਚ ਨਵੇਂ ਪ੍ਰਧਾਨ ਦਾ ਐਲਾਨ ਵੀ ਕਰ ਸਕਦੀ ਹੈ।

Spread the love