ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ ਮਿੱਥੇ ਨਿਸ਼ਾਨਿਆਂ ‘ਤੇ ਮਿਜ਼ਾਈਲਾਂ ਦਾਗ਼ੀਆਂ। ਮੁਕਾਮੀ ਸਮੇਂ ਮੁਤਾਬਕ ਦੁਪਹਿਰ ਇਕ ਵਜੇ ਦੇ ਕਰੀਬ PLA ਦੀ ਈਸਟਰਨ ਥੀਏਟਰ ਕਮਾਂਡ, ਜੋ ਤਾਇਵਾਨ ਤੇ ਨੇੜਲੇ ਇਲਾਕਿਆਂ ਦੀ ਨਿਗਰਾਨੀ ਡਿਊਟੀ ਵਿਚ ਤਾਇਨਾਤ ਹੈ, ਨੇ ਇਸ ਜੰਗੀ ਮਸ਼ਕ ਨੂੰ ਅੰਜਾਮ ਦਿੱਤਾ। PLA ਨੇ ਵੀਰਵਾਰ ਬਾਅਦ ਦੁਪਹਿਰ ਤਾਇਵਾਨ ਜਲਡਮਰੂ ਦੇ ਪੂਰਬੀ ਹਿੱਸੇ ਵਿੱਚ ਮਿੱਥੇ ਖੇਤਰਾਂ ‘ਤੇ ਬੰਬਾਰੀ ਕੀਤੀ ਤੇ ਮਿਜ਼ਾਈਲਾਂ ਦਾਗ਼ੀਆਂ। ਸਰਕਾਰੀ ਰੋਜ਼ਨਾਮਚੇ ‘ਚਾਈਨਾ ਡੇਲੀ’ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਜੰਗੀ ਮਸ਼ਕ ਆਪਣੇ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ। ਰਿਪੋਰਟ ਮੁਤਾਬਕ ਪੀਐੱਲੲੇ ਦੇ ਜ਼ਮੀਨੀ ਬਲਾਂ ਨੇ ਮਸ਼ਕ ਦੌਰਾਨ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਤੋਪਖਾਨੇ ਤੇ ਮਲਟੀਪਲ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ।

Spread the love