PM ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ’ਚ ਆਧੁਨਿਕ ਖੇਤੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਵੱਲ ਵਧੇਰੇ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ ਹੈ। ਨੀਤੀ ਆਯੋਗ ਦੀ ਗਵਰਨਿੰਗ ਕਾਊਂਸਿਲ ਦੀ ਸੱਤਵੀਂ ਮੀਟਿੰਗ ਦੌਰਾਨ ਉਨ੍ਹਾਂ ਖੇਤੀ ਸੈਕਟਰ ’ਚ ਮੁਲਕ ਨੂੰ ਆਲਮੀ ਪੱਧਰ ’ਤੇ ਮੋਹਰੀ ਬਣਾਉਣ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕਿਹਾ ਕਿ ਉਹ ਤਿੰਨ ਟੀ-ਵਪਾਰ (ਟਰੇਡ), ਸੈਰ-ਸਪਾਟਾ (ਟੂਰਿਜ਼ਮ) ਅਤੇ ਤਕਨਾਲੋਜੀ ਨੂੰ ਹੱਲਾਸ਼ੇਰੀ ਦੇਣ ਤਾਂ ਜੋ ਦਰਾਮਦ ਨੂੰ ਘਟਾ ਕੇ ਬਰਾਮਦ ਵਧਾਈ ਜਾ ਸਕੇ। ਸ੍ਰੀ ਮੋਦੀ ਨੇ ਕਿਹਾ,‘‘ਸਾਨੂੰ ਜਿਥੋਂ ਤੱਕ ਸੰਭਵ ਹੋਵੇ ਸਥਾਨਕ ਵਸਤਾਂ ਦੀ ਵਰਤੋਂ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ‘ਵੋਕਲ ਫਾਰ ਲੋਕਲ’ ਕਿਸੇ ਇਕ ਪਾਰਟੀ ਦਾ ਏਜੰਡਾ ਨਹੀਂ ਸਗੋਂ ਸਾਂਝਾ ਟੀਚਾ ਹੈ।’’ ਇਸ ਮੀਟਿੰਗ ’ਚੋਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਗ਼ੈਰਹਾਜ਼ਰ ਰਹੇ। ਸ੍ਰੀ ਰਾਓ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਤਿਲੰਗਾਨਾ ਸਮੇਤ ਹੋਰ ਸੂਬਿਆਂ ਨਾਲ ਕੇਂਦਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਦੇ ਰੋਸ ਵਜੋਂ ਉਹ ਮੀਟਿੰਗ ’ਚ ਨਹੀਂ ਆਉਣਗੇ। ਜਾਣਕਾਰੀ ਮੁਤਾਬਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹੁਣੇ ਜਿਹੇ ਕੋਵਿਡ-19 ਤੋਂ ਸਿਹਤਯਾਬ ਹੋਏ ਹਨ ਜਿਸ ਕਰਕੇ ਉਨ੍ਹਾਂ ਮੀਟਿੰਗ ਤੋਂ ਦੂਰੀ ਬਣਾਈ।

Spread the love