ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੁਲਿਸ ਚੌਕੀ ਦਿਆਲਪੁਰਾ ਭਾਈਕਾ ਦੇ ASI ਜਗਤਾਰ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਫੜ੍ਹਿਆ ਹੈ।ਵਿਧਾਇਕ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ASI ਵੱਲੋਂ ਰਿਸ਼ਵਤ ਲੈਣ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਖੁਦ ਪੁਲਿਸ ਚੌਕੀ ਦਿਆਲਪੁਰਾ ਭਾਈਕਾ ਵਿਖੇ ਜਾ ਕੇ ਉਸ ਕੋਲੋਂ 5000 ਰੁਪਏ ਬਰਾਮਦ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ASIਨੇ ਇਹ ਪੈਸੇ ਲਾਹਣ ਬਰਾਮਦਗੀ ਦੇ ਇਕ ਮਾਮਲੇ ਵਿਚ ਰਿਸ਼ਵਤ ਵਜੋਂ ਲਏ ਸਨ।

ਵਿਧਾਇਕ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਕੇ ਲਿਖਿਆ, “ਬਹੁਤ ਦੁੱਖ ਲਗਦਾ ਜਦੋ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਅਫਸਰ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਨੋਚਦੇ ਹਨ। ਦਿਆਲਪੁਰਾ ਭਾਈ ਚੌਕੀ ਵਿੱਚ ASI ਜਗਤਾਰ ਸਿੰਘ ਰਿਸ਼ਵਤ ਲੈਦਾ ਰੰਗੇ ਹੱਥੂ ਕਾਬੂ ਕੀਤਾ ਗਿਆ। ਇੱਕ ਦੋ ਵਾਰ ਸਿਕਾਇਤ ਮਿਲਣ ਤੇ ਇਹਨਾਂ ਨੂੰ ਪਹਿਲਾਂ ਵੀ ਝਿੜਕਿਆ ਗਿਆ ਸੀ ਇਮਾਨਦਾਰੀ ਨਾਲ ਕੰਮ ਕਰੋ ਪਰ ਇਹਨਾਂ ਨੇ ਇਮਾਨਦਾਰ ਸਰਕਾਰ ਦੇ ਅਦੇਸ਼ਾਂ ਦੀ ਪਾਲਣਾ ਨਹੀ ਕੀਤਾ ਨਤੀਜਾ ਤੁਹਾਡੇ ਸਾਮ੍ਹਣੇ।ਬਲਕਾਰ ਸਿੰਘ ਸਿੱਧੂ MLA ਹਲਕਾ ਰਾਮਪੁਰਾ ਫੂਲ।”

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ASI ਵੱਲੋਂ ਲੋਕਾਂ ਤੋਂ ਰਿਸ਼ਵਤ ਲੈਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਇਸ ਮਸਲੇ ਸਬੰਧੀ ਉੱਚ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। DSP ਫੂਲ ਆਸ਼ਬੰਤ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਉਕਤ ASI ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Spread the love