By :- Harsimran Kaur
ਰਾਜਨੀਤੀ ਦੇ ਖੇਤਰ ‘ਚ ਸਿਧਾਂਤਾਂ,ਆਗੂਆਂ ਦੀ ਵਫਾਦਾਰੀ,ਜਥੇਬੰਦਕ ਢਾਂਚਾ,ਕਾਰਜਸ਼ੈਲੀ ਅਤੇ ਨੈਤਿਕਤਾ ਕਦਰਾਂ ਕੀਮਤਾਂ ਦਾ ਹਮੇਸ਼ਾਂ ਹੀ ਉੱਚਾ ਰੁਤਬਾ ਅਤੇ ਭੂਮਿਕਾ ਰਹੀ ਹੈ।ਭਾਰਤ ਦੀ ਅਜ਼ਾਦੀ ਨਾਲ ਜੁੜੀਆਂ ਵੱਖ ਵੱਖ ਲਹਿਰਾਂ ਦੇ ਇਤਿਹਾਸ ‘ਚ ਵੀ ਤੱਥ ਮੌਜੂਦ ਹਨ ਜਿਨ੍ਹਾਂ ਆਗੂਆਂ ਨੇ ਆਪਣੀ ਜਥੇਬੰਦੀ ਦੇ ਸਿਧਾਂਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਉੱਤੇ ਪਹਿਰਾ ਦਿੱਤਾ ਇਤਿਹਾਸ ਨੇ ਉਨ੍ਹਾਂ ਆਗੂਆਂ ਨੂੰ ਆਪਣੇ ਪੰਨਿਆਂ ਉੱਤੇ ਵਿਸ਼ੇਸ਼ ਥਾਂ ਦਿੱਤੀ ਹੈ। ਇਤਿਹਾਸ ਦੀ ਤਹਿਰੀਕ ‘ਚ ਸਥਾਨ ਬਣਾਉਣ ਲਈ ਲੰਬੇ ਜੀਵਨ ਦੀ ਲੋੜ ਨਹੀਂ ਹੁੰਦੀ ਬਲਕਿ ਸਿਧਾਂਤਕ ਜੀਵਨ ਦੀ ਲੋੜ ਹੁੰਦੀ ਹੈ ਉਹ ਭਾਵੇਂ ਛੋਟਾ ਹੀ ਕਿਉਂ ਨਾ ਹੋਵੇ। ਪੰਜਾਬ ਦੀ ਇਤਿਹਾਸਕ ਤਹਿਰੀਕ ਦੀਆਂ ਤਾਂ ਹੋਰ ਵੀ ਵਿਲੱਖਣਤਾਵਾਂ ਹਨ ਜੋ ਪੰਜਾਬ ਅਤੇ ਭਾਰਤ ਦੇ ਰਾਜਨੀਤਕ ਇਤਿਹਾਸ ‘ਚ ਇੱਕ ਲਕੀਰ ਖਿੱਚ ਦਿੰਦੀਆਂ ਹਨ। ਸਾਹਿਤ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਰਾਹੀਂ ਉਸ ਸਮਾਜ ਦੇ ਪੂਰੇ ਜਨਜੀਵਨ,ਸੰਸਥਾਵਾਂ,ਆਗੂਆਂ ਦੇ ਕਿਰਦਾਰ ਅਤੇ ਅਮਲ ਨੂੰ ਵੇਖਿਆ ਜਾ ਸਕਦਾ ਹੈ,ਸਮਝਿਆ ਜਾ ਸਕਦਾ ਹੈ। ਜੇਕਰ ਅਸੀਂ ਆਪਣੇ ਤੋਂ ਹਜ਼ਾਰਾਂ ਮੀਲ ਦੂਰ ਕਿਸੇ ਦੇਸ਼,ਭਾਈਚਾਰੇ ਜਾਂ ਵਰਗ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਹੋਵੇ ਤਾਂ ਉਸ ਖਿੱਤੇ ਦੇ ਲੋਕ ਸਾਹਿਤ ਅਤੇ ਵਸ਼ਿਸ਼ਟ ਸਾਹਿਤ ਦੇ ਵੱਖ ਵੱਖ ਰੂਪਾਂ ‘ਚ ਰਚੀਆਂ ਗਈਆਂ ਰਚਨਾਵਾਂ ਨੂੰ ਪੜ੍ਹ ਲੈਣਾ ਚਾਹੀਦਾ ਹੈ। ਇੱਕ ਨਾਟਕ,ਕਹਾਣੀ,ਕਾਵਿਤਾ ਜਾਂ ਨਾਵਲ ਪੜ੍ਹ ਕੇ ਕਿਸੇ ਵੀ ਖਿੱਤੇ ‘ਚ ਰਹਿਣ ਵਾਲੇ ਲੋਕਾਂ ਦੇ ਸਮੂਹਿਕ ਭਾਈਚਾਰੇ ਦੇ ਲੋਕਾਂ ਦੇ ਸੁਭਾਅ ਅਤੇ ਜਨਜੀਵਨ ਵਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ। ਪੰਜਾਬੀ ਦੇ ਲੋਕ ਸਾਹਿਤ ਅਤੇ ਵਸ਼ਿਸ਼ਟ ਸਾਹਿਤ ‘ਚ ਇੱਕ ਵਿਸ਼ਾ ਸਾਂਝਾ ਹੈ ਦੋਨਾਂ ਹੀ ਵੰਨਗੀਆਂ ਦੇ ਸਾਹਿਤ ਅੰਦਰ “ਨਾਬਰੀ” ਦਾ ਸਿਧਾਂਤ ਮਿਲਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਇਸ ਖਿੱਤੇ ‘ਚ ਰਹਿਣ ਵਾਲੇ ਆਮ ਲੋਕ ਕਿਸੇ ਸਟੇਟ ਸ਼ਕਤੀ ਅਧੀਨ ਬਹੁਤਾ ਲੰਬਾ ਸਮਾਂ ਨਹੀਂ ਰਹਿ ਸਕਦੇ। ਪੰਜਾਬੀ ਮਨ ਨਾਇਕ ਹੀ ਉਸ ਵਿਅਕਤੀ ਨੂੰ ਪ੍ਰਵਾਨ ਕਰਦਾ ਆ ਰਿਹਾ ਹੈ ਜੋ ਵਿਅਕਤੀ ਸਟੇਟ ਸ਼ਕਤੀ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਅਤੇ ਆਮ ਲੋਕਾਂ ਦੇ ਹੱਕ ‘ਚ ਖੜਦਾ ਹੋਵੇ।
ਦੋਹਰੇ ਕਿਰਦਾਰ ਵਾਲੇ ਵਿਅਕਤੀ ਆਪਣੇ ਸਾਧਨਾਂ ਨਾਲ ਰਾਜਭਾਗ ਉੱਤੇ ਆਰਜੀ ਵਕਤ ਲਈ ਤਾਂ ਕਾਬਜ਼ ਹੋ ਸਕਦੇ ਹਨ ਪਰ ਲੋਕ ਮਨ ਉੱਤੇ ਉਹ ਕਦੇ ਵੀ ਇਤਿਹਾਸਕ ਛਾਪ ਨਹੀਂ ਛੱਡ ਸਕਦੇ। ਅਜੋਕੀ ਰਾਜਨੀਤੀ,ਰਾਜਨੀਤਕ ਪਾਰਟੀਆਂ ਅਤੇ ਰਾਜਨੀਤਕ ਆਗੂਆਂ ਦੇ ਕੀ ਸਿਧਾਂਤ ਹਨ ਅਤੇ ਕੀ ਨਿਸ਼ਾਨੇ ਇਸ ਵਾਰੇ ਕੁੱਝ ਵੀ ਸ਼ਪੱਸ਼ਟ ਨਹੀਂ ਆਖਿਆ ਜਾ ਸਕਦਾ। ਅਜੋਕੇ ਦੌਰ ‘ਚ ਭਾਰਤੀ ਰਾਜਨੀਤੀ ਚ ਅਜਿਹਾ ਕੁੱਝ ਵਾਪਰ ਰਿਹਾ ਹੈ ਜਿਸ ਤੋਂ ਸੰਕੇਤ ਮਿਲਦੇ ਹਨ ਦੇਸ਼ ਦੀ ਬਹੁਗਿਣਤੀ ਲੀਡਰਸ਼ਿਪ ਦੇ ਪੈਰ ਉਖੜੇ ਹੋਏ ਹਨ,ਉਨ੍ਹਾਂ ਦੇ ਪੈਰਾਂ ‘ਚ ਸਿਧਾਂਤਾਂ ਅਤੇ ਨੈਤਿਕਤਾ ਦੀਆਂ ਬੇੜੀਆਂ ਦੀ ਕੋਈ ਜਕੜ ਨਹੀਂ ਹੈ । ਲੀਡਰਸ਼ਿਪ ਦੇ ਇਸ ਵਰਗ ਦੀ ਮਾਨਸਿਕਤਾ ‘ਚ ਦੇਸ਼ ਨਹੀਂ ਬਲਕਿ ਆਪਣਾ ਨਿੱਜਵਾਦ ਵਧੇਰੇ ਟਿਕਿਆ ਹੋਇਆ ਹੈ। ਬਹੁਗਿਣਤੀ ਅਜਿਹੇ ਲੀਡਰ ਹਨ ਜਿਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਦੇਸ਼,ਆਮ ਲੋਕ ਨਹੀਂ ਬਲਕਿ ਆਪਣੇ ਆਪਣੇ ਪਰਿਵਾਰਾਂ ਨੂੰ ਕੇਂਦਰ ਬਣਾਇਆ ਹੋਇਆ ਹੈ।
ਸਦੀ ਪੁਰਾਣੀਆਂ ਪਾਰਟੀਆਂ ਦਾ ਦੇਸ਼ ਦੇ ਸਿਆਸੀ ਰਾਜਨੀਤਕ ਖੇਤਰ ਅੰਦਰ ਹਾਸ਼ੀਏ ਉੱਤੇ ਚਲਿਆ ਜਾਣਾ ਜਾਂ ਅੱਧੀ ਸਦੀ ਤੋਂ ਇੱਕ ਪਾਰਟੀ ਨਾਲ ਜੁੜੇ ਪਰਿਵਾਰਾਂ ਦਾ ਔਖੇ ਮੌਕੇ ਉੱਤੇ ਉਨ੍ਹਾਂ ਪਾਰਟੀਆਂ ਨੂੰ ਛੱਡ ਜਾਣਾ ਜੋ ਔਖੇ ਦੌਰ ਚੋਂ ਲੰਘ ਰਹੀਆਂ ਹਨ ।ਇਹ ਵਰਤਾਰਾ ਆਪਣੇ ਆਪ ‘ਚ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ ਕੌਣ ਠੀਕ ਹੈ ਜਾਂ ਕੌਣ ਗ਼ਲਤ ਹੈ। ਅਜੋਕੀ ਰਾਜਨੀਤੀ ਅੰਦਰ ਕਿਧਰੇ “ਨੈਤਿਕਤਾ” ਦਾ ਸਥਾਨ ਵੀ ਹੈ ਜਾਂ ਇਹ ਸਥਾਨ ਗੁਆਚ ਗਿਆ ਹੈ ? ਜੇਕਰ ਹੈ ਤਾਂ ਕਿੱਥੇ ਹੈ ? ਇਹ ਨੈਤਿਕਤਾ ਕੇਵਲ ਪਾਰਟੀ ਵਰਕਰ ਤੱਕ ਸੀਮਤ ਕਰ ਦਿੱਤੀ ਹੈ ਜਾਂ ਪਹਿਲੀ ਕਤਾਰ ਦੇ ਆਗੂ ਵੀ ਇਸ ਨੂੰ ਅਪਣਾਉਂਦੇ ਹਨ ? ਇਹ ਸਵਾਲ ਵੀ ਨਵੀਂ ਪੀੜ੍ਹੀ ਦਾ ਸਿਆਸੀ ਮਨ ਜਰੂਰ ਤਲਾਸ਼ ਕਰਦਾ ਹੋਵੇਗਾ।
ਪੰਜਾਬ ਕਾਂਗਰਸ ਦੇ ਇੱਕ ਟਕਸਾਲੀ ਅਤੇ ਪ੍ਰਮੁੱਖ ਪਰਿਵਾਰ, ਜਾਖੜ ਪਰਿਵਾਰ ਵੱਲੋਂ ਕਾਂਗਰਸ ਨੂੰ ਛੱਡ ਜਾਣ ਨਾਲ ਜੋ ਸਵਾਲ ਪੈਦਾ ਹੋਏ ਹਨ ਉਨ੍ਹਾਂ ਉੱਤੇ ਸਿਆਸੀ ਗਲਿਆਰਿਆਂ ਅਤੇ ਸ਼ੋਸਲ ਮੀਡੀਆ ਖੇਤਰ ‘ਚ ਖੂਬ ਚਰਚਾ ਚੱਲ ਰਹੀ ਹੈ। ਬਹੁਤ ਸਾਰੇ ਲੋਕ ਵੱਲੋਂ ਆਪਣੀਆਂ ਆਪਣੀਆਂ ਟਿੱਪਣੀਆਂ ਰਾਹੀਂ ਸੁਨੀਲ ਜਾਖੜ ਦੇ ਕਦਮ ਨੂੰ ਠੀਕ ਜਾਂ ਗ਼ਲਤ ਠਹਿਰਾਇਆ ਜਾ ਰਿਹਾ ਹੈ। 19 ਮਈ ਨੂੰ ਦੁਪਹਿਰ ਤੋਂ ਬਾਆਦ ਮੀਡੀਏ ਦੀ ਮੁੱਖ ਧਾਰਾ ਅਤੇ ਸ਼ੋਸਲ ਮੀਡੀਏ ‘ਚ ਸੁਨੀਲ ਜਾਖੜ ਵੱਲੋਂ ਕਾਂਗਰਸ ਛੱਡਕੇ ਭਾਜਪਾ ‘ਚ ਸ਼ਾਮਲ ਹੋਣ ਦਾ ਮੁੱਦਾ ਛਾਇਆ ਰਿਹਾ। ਸੁਨੀਲ ਜਾਖੜ ਦਾ ਪਰਿਵਾਰ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਤੋਂ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਚੱਲਿਆ ਆ ਰਿਹਾ ਸੀ ਜੋ 19 ਮਈ ਨੂੰ ਕਾਂਗਰਸ ਨੂੰ ਛੱਡ ਗਿਆ।ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਪੰਜਾਬ ਅਤੇ ਕੇਂਦਰੀ ਕਾਂਗਰਸ ‘ਚ ਪ੍ਰਭਾਵਸ਼ਾਲੀ ਸਿਆਸੀ ਸ਼ਖਸੀਅਤ ਸਨ। ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ,ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ।ਸੁਨੀਲ ਜਾਖੜ ਆਪ ਤਿੰਨ ਵਾਰ ਕਾਂਗਰਸ ਪਾਰਟੀ ਦਾ ਵਿਧਾਇਕ,ਮੈਂਬਰ ਪਾਰਲੀਮੈਂਟ,ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਨੇਤਾ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿ ਚੁੱਕੇ ਹਨ। ਹੁਣ ਤੀਸਰੀ ਪੀੜੀ ਚੋਂ ਉਨ੍ਹਾਂ ਦਾ ਭਤੀਜਾ ਸੰਦੀਪ ਜਾਖੜ 2022 ਚ ਅਬੋਹਰ ਤੋਂ ਵਿਧਾਇਕ ਬਣੇ ਹਨ। ਜਾਖੜ ਪਰਿਵਾਰ ਦੀ ਕਾਂਗਰਸ ਨਾਲ ਸਾਂਝ ਟੁੱਟਣ ਦੇ ਵਿਸ਼ੇ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਕਾਂਗਰਸ ਪਾਰਟੀ ਨੇ ਵੀ ਜਾਖੜ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਸਿਆਸੀ ਖੇਤਰ ਚ ਅੱਗੇ ਵਧਣ ਦੇ ਭਰਪੂਰ ਦਿੱਤੇ। ਜਾਖੜ ਪਰਿਵਾਰ ਦਾ ਕਾਂਗਰਸ ਚ ਰੁਤਬਾ,ਦਬਦਬਾ,ਸਨਮਾਨ ਅਤੇ ਭਵਿੱਖ ਕਦੇ ਵੀ ਦਾਅ ਉੱਤੇ ਨਹੀਂ ਲੱਗਿਆ ਨਜਰ ਆਉਂਦਾ ਫਿਰ ਵੀ ਜਾਖੜ ਪਰਿਵਾਰ ਦੀ ਅਜਿਹੀਆਂ ਕਿਹੜੀਆਂ ਮਜ਼ਬੂਰੀਂ ਰਹੀਂਆਂ ਹੋਣਗੀਆਂ ਜਿਨ੍ਹਾਂ ਕਰਕੇ ਕਾਂਗਰਸ ਨੂੰ ਉਸ ਮੌਕੇ ਅਲਵਿਦਾ ਕਹਿਣਾ ਪਿਆ ਜਦੋਂ ਦੇਸ਼ ਪੱਧਰ ਉੱਤੇ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ।ਕਾਂਗਰਸ ਨਾਲ ਕੋਈ ਹੋਰ ਪਾਰਟੀ ਬਰਾਬਰ ਦੇ ਭਾਈਵਾਲ ਵਜੋਂ ਸਿਆਸੀ ਗਠਜੋੜ ਕਰਨ ਲਈ ਅੱਗੇ ਨਹੀਂ ਆ ਰਹੀ।
ਸੁਨੀਲ ਜਾਖੜ ਦੀ ਰਾਜਨੀਤੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਨਾਲ ਜੁੜੇ ਸਾਰੇ ਸਿਆਸੀ ਘਟਨਾਕ੍ਰਮ, ਘਟਨਾਵਾਂ ਅਤੇ ਪ੍ਰਸਥਿਤੀਆਂ ਦੀ ਲਪੇਟ ਚ ਆ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਮੌਕੇ ਨਾਲ ਜੁੜੀਆਂ ਸਿਆਸੀ ਘਟਨਾਵਾਂ ਨੇ ਸੁਨੀਲ ਜਾਖੜ ਨੂੰ ਅਜਿਹਾ ਆਪਣੀ ਲਪੇਟ ‘ਚ ਲਿਆ ਕਿ ਅੱਧੀ ਸਦੀ ਪੁਰਾਣੇ ਕਾਂਗਰਸੀ ਪੈਰ ਦੇ ਪੈਰ ਉੱਖੜ ਗਏ ਅਤੇ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ। ਸੁਨੀਲ ਜਾਖੜ ਦਾ ਕਾਂਗਰਸ ਛੱਡਕੇ ਭਾਜਪਾ ‘ਚ ਸ਼ਾਮਿਲ ਹੋਣਾ ਵੀ ਇੱਕ ਅਜਿਹਾ ਬਹੁਪਰਤੀ ਵਿਸ਼ਾ ਹੈ ਜਿਸ ਉੱਤੇ ਭਖਵੀਂ ਚਰਚਾ ਅਤੇ ਬਹਿਸ ਅਜੇ ਚਲਦੀ ਰਹਿਣੀ। ਪਰ ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਜੋਕੀ ਰਾਜਨੀਤੀ ਦੇ ਖੇਤਰ ਅੰਦਰ ਹਰ ਪਾਸੇ “ਨੈਤਿਕ ਨਿਘਾਰ” ਸਿਖਰਾਂ ਉੱਤੇ ਚੱਲ ਰਿਹਾ ਹੈ ਜਿੱਥੇ ਦੇਸ਼ ਨਹੀਂ ਕੇਵਲ ਨਿੱਜਵਾਦ ਵਿਖਾਈ ਦਿੰਦਾ ਹੈ। ਸਿਆਸੀ ਪਾਰਟੀਆਂ ਅੰਦਰਲੀ ਜਮਹੂਰੀਅਤ ਵੀ ਦਾਅ ਉੱਤੇ ਲੱਗੀ ਹੋਈ ਹੈ।