ਹਾਕੀ ਵਿੱਚ ਭਾਰਤ ਦਾ ਉਜ਼ਬੇਕਿਸਤਾਨ ਨੂੰ 16-0 ਦਾ ਸਟ੍ਰੋਕ

ਹਾਂਗਜ਼ੂ: ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਦਿਆਂ ਉਜ਼ਬੇਕਿਸਤਾਨ ਨੂੰ 16-0 ਨਾਲ ਮਾਤ ਦਿੱਤੀ। ਭਾਰਤੀ ਟੀਮ ਲਈ ਲਲਿਤ ਉਪਾਧਿਆਏ, ਵਰੁਣ ਕੁਮਾਰ ਤੇ ਮਨਦੀਪ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਲਾਈ। ਆਲਮੀ ਦਰਜਾਬੰਦੀ ਵਿੱਚ ਤੀਜੇ ਸਥਾਨ ’ਤੇ ਕਾਬਜ਼ ਭਾਰਤੀ ਟੀਮ ਨੇ ਪੂਲ ਏ ਦੇ ਮੁਕਾਬਲੇ ਵਿਚ ਉਜ਼ਬੇਕਾਂ ’ਤੇ ਪੂਰੇ ਮੈਚ ਦੌਰਾਨ ਦਬਦਬਾ ਬਣਾਈ ਰੱਖਿਆ। ਲਲਿਤ (7ਵੇਂ, 24ਵੇਂ, 37ਵੇਂ, 53ਵੇਂ) ਅਤੇ ਵਰੁਣ (12ਵੇਂ, 36ਵੇਂ, 50ਵੇਂ, 52ਵੇਂ) ਨੇ ਟੀਮ ਲਈ ਚਾਰ ਚਾਰ ਗੋਲ ਜਦੋਂਕਿ ਮਨਦੀਪ ਨੇ 18ਵੇਂ, 27ਵੇਂ ਤੇ 28ਵੇਂ ਮਿੰਟ ਵਿਚ ਤਿੰਨ ਵਾਰ ਗੋਲ ਪੋਸਟ ਦਾ ਫੱਟਾ ਖੜਕਾਇਆ। ਹੋਰਨਾਂ ਖਿਡਾਰੀਆਂ ਵਿਚੋਂ ਅਭਿਸ਼ੇਕ(17ਵੇਂ), ਅਮਿਤ ਰੋਹੀਦਾਸ(38ਵੇਂ), ਸੁਖਜੀਤ (42ਵੇਂ), ਸ਼ਮਸ਼ੇਰ ਸਿੰਘ (43ਵੇਂ) ਅਤੇ ਸੰਜੈ (57ਵੇਂ ਮਿੰਟ) ਨੇ ਟੀਮ ਲਈ ਗੋਲ ਕੀਤੇ। ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਗਮ ਵਿਚ ਓਲੰਪਿਕ ਤਗ਼ਮਾ ਜੇਤੂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨਾਲ ਸਾਂਝੇ ਝੰਡਾਬਰਦਾਰ ਦੀ ਭੂਮਿਕਾ ਕਰਕੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਹ ਮੁਕਾਬਲਾ ਨਹੀਂ ਖੇਡਿਆ। ਭਾਰਤ ਆਪਣਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਸਿੰਗਾਪੁਰ ਖਿਲਾਫ਼ ਖੇਡੇਗਾ।

Spread the love