Breaking News
ਮਾਨ ਸਰਕਾਰ ਵਿਆਪਕ ਪੱਧਰ ‘ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ : ਸੌਂਦ

ਚੰਡੀਗੜ੍ਹ, 14 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵਿਆਪਕ ਪੱਧਰ ‘ਤੇ ਮਨਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਹਾਨ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਬਰਾਬਰਤਾ ਦੇ ਸੰਦੇਸ਼ ਦੇ ਵੱਧ ਤੋਂ ਵੱਧ ਪਾਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ।
ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਾਰੇ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜ ਪੈਣ ‘ਤੇ ਹੋਰ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਅਤੇ ਇਹ ਸਮਾਗਮ ਸਾਲ ਭਰ ਜਾਰੀ ਰਹਿਣਗੇ, ਜਿਨ੍ਹਾਂ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀਂ ਸਿੱਖਿਆਵਾਂ ਨੂੰ ਪੰਜਾਬ ਦੇ ਕੋਨੇ-ਕੋਨੇ ਅਤੇ ਵਿਸ਼ਵ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਧਾਰਮਿਕ, ਵਿਦਿਅਕ ਅਤੇ ਵਾਤਾਵਰਣ ਪੱਖੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤੇ ਗਏ ਹਨ।
ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜੁਲਾਈ ਤੋਂ ਨਵੰਬਰ ਤੱਕ ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਅਤੇ ਵਿਰਾਸਤ ‘ਤੇ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ, ਜਦੋਂ ਕਿ ਅਗਸਤ ਤੋਂ ਨਵੰਬਰ ਦਰਮਿਆਨ ਵਿਧਾਨ ਸਭਾ ਹਲਕਿਆਂ ਵਿੱਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦੇ ਡਰੋਨ ਸ਼ੋਅ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਤ ਕੀਤੀਆਂ ਜਾਣਗੀਆਂ, 6.50 ਲੱਖ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਅਗਸਤ ਮਹੀਨੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ “ਰਨ ਫਾਰ ਇਕੁਐਲਿਟੀ” ਮੈਰਾਥਨ ਅਤੇ ਸਤੰਬਰ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਸੂਬੇ ਭਰ ਵਿੱਚ 6.50 ਲੱਖ ਯਾਦਗਾਰੀ ਝੰਡੇ ਵੰਡੇ ਜਾਣਗੇ।
ਧਾਰਮਿਕ ਸਮਾਗਮਾਂ ‘ਤੇ ਚਾਨਣਾ ਪਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 5 ਤੋਂ 8 ਅਕਤੂਬਰ ਦਰਮਿਆਨ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ ਚਾਰ ਸ਼ੋਭਾ ਯਾਤਰਾਵਾਂ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਸਮਾਗਮ 9 ਤੋਂ 11 ਅਕਤੂਬਰ, 2026 ਤੱਕ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਸ਼ਾਨਦਾਰ ਰਾਜ ਪੱਧਰੀ ਸਮਾਗਮ ਨਾਲ ਸੰਪੰਨ ਹੋਣਗੇ।
ਪਹਿਲੇ ਦਿਨ (9 ਅਕਤੂਬਰ) ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ‘ਤੇ ਆਧਾਰਿਤ ਪ੍ਰਦਰਸ਼ਨੀ, ਕਥਾ ਤੇ ਕੀਰਤਨ ਦਰਬਾਰ, ਸੰਤ ਸੰਮੇਲਨ ਅਤੇ ਗੁਰੂ ਜੀ ਦੀ ਬਾਣੀ ‘ਤੇ ਕਾਨਫਰੰਸ ਕਰਵਾਈ ਜਾਵੇਗੀ।
ਸ਼ਰਧਾਲੂਆਂ ਲਈ 10 ਅਕਤੂਬਰ ਨੂੰ ਕਥਾ ਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ‘ਤੇ ਕਾਨਫਰੰਸ, ਮੀਨਾਰ-ਏ-ਬੇਗਮਪੁਰਾ ਵਿਖੇ ਸ਼ਾਨਦਾਰ 3ਡੀ ਪ੍ਰੋਜੈਕਸ਼ਨ ਅਤੇ ਡਰੋਨ ਸ਼ੋਅ ਕਰਵਾਏ ਜਾਣਗੇ।
ਆਖਰੀ ਦਿਨ, 11 ਅਕਤੂਬਰ ਨੂੰ ਕਥਾ ਤੇ ਕੀਰਤਨ ਦਰਬਾਰ, ਬੇਗਮਪੁਰਾ ਸਮਾਗਮ, ਮੀਨਾਰ-ਏ-ਬੇਗਮਪੁਰਾ ਵਿਖੇ ਇੱਕ ਹੋਰ 3ਡੀ ਪ੍ਰੋਜੈਕਸ਼ਨ ਅਤੇ ਸ਼ਾਨਦਾਰ ਡਰੋਨ ਸ਼ੋਅ ਹੋਵੇਗਾ।
ਇਨ੍ਹਾਂ ਸਮਾਗਮਾਂ ਨੂੰ ਮੁੱਖ ਆਕਰਸ਼ਣ ਦੱਸਦਿਆਂ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਨਵੀਂ ਪੀੜ੍ਹੀ ਆਧੁਨਿਕ ਤਕਨਾਲੋਜੀ ਅਤੇ ਸਾਰਥਕ ਜਨਤਕ ਸ਼ਮੂਲੀਅਤ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾਵਾਦੀ ਆਦਰਸ਼ਾਂ ਅਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੁੜ ਸਕੇ।
ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਇਨ੍ਹਾਂ ਸਮਾਗਮਾਂ ਨੂੰ ਪੂਰੀ ਸ਼ਰਧਾ ਅਤੇ ਜਾਹੋ-ਜਲਾਲ ਨਾਲ ਮਨਾਉਣ ਲਈ ਵਚਨਬੱਧ ਹੈ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੁਆਰਾ ਦਿੱਤਾ ਗਿਆ ਸਮਾਨਤਾ, ਸਮਾਜਿਕ ਸਦਭਾਵਨਾ, ਭਾਈਚਾਰੇ ਅਤੇ ਮਨੁੱਖੀ ਮਾਣ-ਸਨਮਾਨ ਦਾ ਸਰਵ-ਵਿਆਪਕ ਸੰਦੇਸ਼ ਹਰ ਘਰ ਤੱਕ ਪਹੁੰਚ ਸਕੇ।

ਇਸ ਮੌਕੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੀਵ ਤਿਵਾੜੀ ਵੀ ਮੌਜੂਦ ਸਨ।

ਕਪੂਰਥਲਾ ’ਚ ਤਿੰਨ ਬੱਚਿਆਂ ਸਮੇਤ ਮਾਂ ਨੇ ਖਾਂਦਾ ਜ਼ਹਿਰ

ਕਪੂਰਥਲਾ, 14 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਪੂਰਥਲਾ ਵਿਚੋਂ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਮਾਂ ਨੇ ਆਪਣੇ ਤਿੰਨ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਦਵਾਈ ਖਾ ਲਈ। ਇਹ ਘਟਨਾ ਪਿੰਡ ਮਲੂ ਕਾਦਰਾਬਾਦ ਵਿੱਚ ਵਾਪਰੀ। ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਲਵਕੁਸ਼ ਕੁਮਾਰ ਰੋਜ਼ਾਨਾਂ ਦੀ ਤਰ੍ਹਾਂ ਰਾਤ ਨੂੰ ਖੇਤਾਂ ਵਿਚੋਂ ਕੰਮ ਕਰਨ ਤੋਂ ਬਾਅਦ ਘਰ ਵਾਪਸ ਆਇਆ ਤਾਂ ਦੇਖਿਆ ਕਿ ਤਿੰਨੇ ਬੱਚੇ ਧਰਤੀ ਉਤੇ ਬੇਹੋਸ਼ ਪਏ ਸਨ ਅਤੇ ਪਤਨੀ ਸੰਤੋਸ਼ ਦੇਵੀ ਉਲਟੀਆਂ ਕਰ ਰਹੀ ਸੀ। ਉਸ ਨੇ ਤੁਰੰਤ 108 ਉਤੇ ਐਬੂਲੈਂਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਐਂਬੂਲੈਂਸ ਰਾਹੀਂ ਸਾਰਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਕਪੂਰਥਲਾ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ 6 ਸਾਲ ਦੀ ਧੀ ਖੁਸ਼ੀ ਦੀ ਮੌਤ ਹੋ ਗਈ। ਜਦੋਂ ਕਿ ਇਕ ਧੀ ਤੇ ਇਕ ਪੁੱਤ ਅਤੇ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਸਾਰਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ ਵਿੱਚ ਬੀ.ਕੇ.ਆਈ. ਦੇ ਤਿੰਨ ਕਾਰਕੁਨ 6 ਹੈਂਡ ਗ੍ਰਨੇਡਾਂ ਅਤੇ 12 ਪਿਸਤੌਲਾਂ ਸਣੇ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 8 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਪਦਾਰਥਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਛੇ ਹੈਂਡ ਗ੍ਰਨੇਡਾਂ ਅਤੇ 12 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਚਿੰਟੂ, ਜੋਬਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਕਿ ਸਾਰੇ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਰਹਿਣ ਵਾਲੇ ਹਨ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਅੱਠ .30 ਬੋਰ ਅਤੇ ਚਾਰ 9 ਐੱਮ.ਐੱਮ. ਪਿਸਤੌਲ ਅਤੇ ਨੌਂ ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮ ਨੇ ਮੁਲਜ਼ਮਾਂ ਦੀ ਹੁੰਡਈ ਆਈ-20 ਕਾਰ, ਜਿਸਦਾ ਰਜਿਸਟ੍ਰੇਸ਼ਨ ਨੰਬਰ ਪੀਬੀ-13-5454 ਹੈ, ਨੂੰ ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਉਹ ਇਸ ਖੇਪ ਦੀ ਸਪਲਾਈ ਲਈ ਕਰ ਰਹੇ ਸਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਮੁਲਜ਼ਮ ਆਈ.ਐੱਸ.ਆਈ. ਅਤੇ ਵਿਦੇਸ਼-ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਕਾਰਕੁਨਾਂ ਦੀ ਸ਼ਹਿ ਪ੍ਰਾਪਤ ਇੱਕ ਵਿਦੇਸ਼ੀ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦੀ ਸੂਬੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀਆਂ- ਚਿੰਟੂ, ਜੋਬਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਉਰਫ਼ ਗੋਪੀ ਨੇ ਹਾਲ ਹੀ ਵਿੱਚ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਅਜਨਾਲਾ ਖੇਤਰ ਤੋਂ ਵਿਸਫੋਟਕਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਇੱਕ ਵੱਡੀ ਖੇਪ ਹਾਸਲ ਕੀਤੀ ਹੈ ਅਤੇ ਉਹ ਇਹ ਖੇਪ ਭਾਰਤਮਾਲਾ ਬਾਈਪਾਸ ਹਾਈਵੇਅ ‘ਤੇ ਬਣੇ ਅੰਡਰਪਾਸ ਨੇੜੇ ਅੰਮ੍ਰਿਤਸਰ-ਚੋਗਾਵਾਂ ਰੋਡ ਉੱਪਰ ਆਪਣੇ ਹੋਰ ਸਾਥੀਆਂ ਨੂੰ ਸੌਂਪਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤਸਰ ਇਲਾਕੇ ਵਿੱਚ ਨਾਕਾ ਲਾ ਕੇ ਇੱਕ ਆਈ-20 ਕਾਰ ਨੂੰ ਰੋਕਿਆ, ਜਿਸ ਵਿੱਚ ਉਕਤ ਤਿੰਨੋਂ ਮੁਲਜ਼ਮ ਬੈਠੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗ੍ਰਨੇਡ ਅਤੇ 12 ਪਿਸਤੌਲ ਬਰਾਮਦ ਹੋਏ।
ਡੀ.ਜੀ.ਪੀ. ਨੇ ਕਿਹਾ ਕਿ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਪੁਲਿਸ ਥਾਣੇ ਵਿਖੇ ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਤੇ 5 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐੱਫ.ਆਈ.ਆਰ. ਨੰਬਰ 45, ਮਿਤੀ 07-07-2026 ਦਰਜ ਕੀਤੀ ਗਈ ਹੈ।

ਮਾਨ ਸਰਕਾਰ ਦੀ “ਆਨਲਾਈਨ ਮਿਲਣੀ” ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਬਣੀ ਭਰੋਸੇਮੰਦ ਮੰਚ: ਡਾ. ਰਵਜੋਤ ਸਿੰਘ

ਚੰਡੀਗੜ੍ਹ, 8 ਜੁਲਾਈ:

ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ. ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਨੂੰ ਦੁਹਰਾਉਂਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਰਕਾਰ ਦੀ ਮਹੀਨਾਵਾਰ “ਆਨਲਾਈਨ ਮਿਲਣੀ” ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਸੁਣੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪਾਰਦਰਸ਼ੀ, ਨਿਰਪੱਖ ਅਤੇ ਸਮਾਂਬੱਧ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਇਸ ਆਨਲਾਈਨ ਮਿਲਣੀ ਵਿੱਚ ਭਾਗ ਲਿਆ ਅਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ। ਮਿਲਣੀ ਦੌਰਾਨ ਪ੍ਰਾਪਰਟੀ ਅਤੇ ਜ਼ਮੀਨੀ ਵਿਵਾਦਾਂ, ਵਿਆਹ ਮਸਲਿਆਂ, ਧੋਖਾਧੜੀ ਅਤੇ ਹੋਰ ਨਿੱਜੀ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੇਵਾਮੁਕਤ ਮੁਲਾਜ਼ਮ ਰਹੇ ਐਨ.ਆਰ.ਆਈ. ਪੰਜਾਬੀਆਂ ਨੇ ਆਪਣੀ ਪੈਨਸ਼ਨ ਨਾਲ ਸਬੰਧਤ ਮੁਸ਼ਕਿਲਾਂ ਵੀ ਉਠਾਈਆਂ। ਇਨ੍ਹਾਂ ਵਿੱਚ ਵਿਦੇਸ਼ ਵਿੱਚ ਰਹਿਣ ਕਾਰਨ ਵਨ-ਟਾਈਮ ਪਾਸਵਰਡ (ਓ.ਟੀ.ਪੀ.) ਪ੍ਰਾਪਤ ਨਾ ਹੋਣ ਦੀ ਸਮੱਸਿਆ ਅਤੇ ਪੈਨਸ਼ਨ ਤਸਦੀਕ (ਵੇਰੀਫਿਕੇਸ਼ਨ) ਪ੍ਰਕਿਰਿਆ ਨਾਲ ਜੁੜੀਆਂ ਹੋਰ ਤਕਨੀਕੀ ਦਿੱਕਤਾਂ ਸ਼ਾਮਲ ਸਨ।

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਸਰਕਾਰ ਦਾ ਉਦੇਸ਼ ਸਿਰਫ਼ ਸ਼ਿਕਾਇਤਾਂ ਸੁਣਨਾ ਹੀ ਨਹੀਂ, ਸਗੋਂ ਉਨ੍ਹਾਂ ਦਾ ਪ੍ਰਭਾਵਸ਼ਾਲੀ ਹੱਲ ਵੀ ਯਕੀਨੀ ਬਣਾਉਣਾ ਹੈ, ਡਾ. ਰਵਜੋਤ ਸਿੰਘ ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਹਰੇਕ ਸ਼ਿਕਾਇਤ ਦੀ ਪਹਿਲ ਦੇ ਆਧਾਰ ’ਤੇ ਗੰਭੀਰਤਾ ਨਾਲ ਜਾਂਚ ਕਰਨ ਅਤੇ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਲੋੜ ਪੈਣ ’ਤੇ ਸ਼ਿਕਾਇਤਕਰਤਾਵਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਇਆ ਜਾਵੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਮਹੀਨਾਵਾਰ “ਆਨਲਾਈਨ ਮਿਲਣੀ” ਪਹਿਲ ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਰਮਿਆਨ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਮੰਚ ਵਜੋਂ ਉੱਭਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐਨ.ਆਰ.ਆਈ. ਭਾਈਚਾਰੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ, ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਪੰਜਾਬ ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।

ਇਸ ਆਨਲਾਈਨ ਮਿਲਣੀ ਦੌਰਾਨ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਮੁਹੰਮਦ ਤਈਅਬ, ਏ.ਡੀ.ਜੀ.ਪੀ. ਐਨ.ਆਰ.ਆਈ. ਵਿੰਗ ਸ੍ਰੀ ਆਰ. ਕੇ. ਜੈਸਵਾਲ, ਐਨ.ਆਰ.ਆਈ. ਮਾਮਲਿਆਂ ਦੇ ਵਿਸ਼ੇਸ਼ ਸਕੱਤਰ ਸ੍ਰੀਮਤੀ ਅਮਨਦੀਪ ਕੌਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਵਿਜੀਲੈਂਸ ਬਿਊਰੋ ਨੇ ਜੂਨ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 6 ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

ਚੰਡੀਗੜ੍ਹ, 8 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿਜੀਲੈਂਸ ਬਿਊਰੋ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜੂਨ ਮਹੀਨੇ ਦੌਰਾਨ 6 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦੇ ਹੋਏ ਪੰਜ ਸਰਕਾਰੀ ਅਧਿਕਾਰੀਆਂ ਅਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਹਰ ਖੇਤਰ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਸਮਰੱਥ ਅਦਾਲਤਾਂ ਵਿੱਚ 15 ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਚਲਾਨ ਪੇਸ਼ ਕੀਤੇ ਹਨ। ਬੁਲਾਰੇ ਨੇ ਅੱਗੇ ਕਿਹਾ ਕਿ 15 ਮੁਲਜ਼ਮਾਂ ਵਿਰੁੱਧ 9 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 13 ਸਰਕਾਰੀ ਕਰਮਚਾਰੀ ਸ਼ਾਮਲ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਕਿਹਾ ਕਿ ਇੱਕ ਸਮਰੱਥ ਅਦਾਲਤ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਅਤੇ ਪੈਰਵਾਈ ਕੀਤੇ ਗਏ ਇੱਕ ਰਿਸ਼ਵਤਖੋਰੀ ਦੇ ਮਾਮਲੇ ਦਾ ਫੈਸਲਾ ਸੁਣਾਇਆ ਸੀ, ਜਿਸ ਵਿੱਚ ਛੇ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ 5-5 ਸਾਲ ਦੀ ਕੈਦ ਅਤੇ 27,000 ਰੁਪਏ ਤੋਂ 31,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ ‘ਸੇਫ ਸਕੂਲ ਵਾਹਨ’ ਮੁਹਿੰਮ ਕੀਤੀ ਤੇਜ਼ : ਡਾ. ਬਲਜੀਤ ਕੌਰ

ਚੰਡੀਗੜ੍ਹ, 6 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਕੂਲ ਜਾਣ ਵਾਲੇ ਹਰ ਬੱਚੇ ਦੀ ਸੁਰੱਖਿਆ ਅਤੇ ਭਲਾਈ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ‘ਸੇਫ ਸਕੂਲ ਵਾਹਨ ਪਾਲਿਸੀ’ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕਰ ਰਹੀ ਹੈ ਤਾਂ ਜੋ ਬੱਚਿਆਂ ਦਾ ਸਕੂਲ ਆਉਣਾ-ਜਾਣਾ ਸੁਰੱਖਿਅਤ ਅਤੇ ਭਰੋਸੇਮੰਦ ਬਣਾਇਆ ਜਾ ਸਕੇ।

ਮੰਤਰੀ ਨੇ ਚੱਲ ਰਹੀ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2026-27 ਦੇ ਸ਼ੁਰੂਆਤੀ ਮਹੀਨਿਆਂ (ਅਪ੍ਰੈਲ ਅਤੇ ਮਈ) ਦੌਰਾਨ ਹਜ਼ਾਰਾਂ ਸਕੂਲੀ ਬੱਚਿਆਂ ਦੇ ਰੋਜ਼ਾਨਾ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਸੂਬੇ ਭਰ ਵਿੱਚ 1,842 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ‘ਤੇ 526 ਬੱਸਾਂ ਦੇ ਚਲਾਨ ਕੀਤੇ ਗਏ, ਜਦੋਂ ਕਿ ਨਿਯਮਾਂ ਦੀ ਗੰਭੀਰ ਅਣਦੇਖੀ ਕਰਨ ਵਾਲੀਆਂ 3 ਬੱਸਾਂ ਨੂੰ ਮੌਕੇ ‘ਤੇ ਹੀ ਜ਼ਬਤ (ਇੰਪਾਊਂਡ) ਕੀਤਾ ਗਿਆ।

ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਨੀਤੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਬੱਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਜੁਲਾਈ ਵਿੱਚ ਸਕੂਲ ਦੁਬਾਰਾ ਖੁੱਲ੍ਹਣ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੁਹਿੰਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਹਰ ਵਾਹਨ ਸੜਕ ‘ਤੇ ਚੱਲਣ ਦੇ ਯੋਗ ਹੋਵੇ ਅਤੇ ਸਾਰੇ ਲਾਜ਼ਮੀ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਹੋਵੇ।

ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਲਾਪਰਵਾਹੀ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ‘ਸੇਫ ਸਕੂਲ ਵਾਹਨ ਪਾਲਿਸੀ’ ਦੀ ਮੁਕੰਮਲ ਪਾਲਣਾ ਯਕੀਨੀ ਬਣਾਉਣ ਲਈ ਚੈਕਿੰਗ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਉਣ।

ਮੰਤਰੀ ਨੇ ਸਕੂਲ ਪ੍ਰਬੰਧਕਾਂ, ਟ੍ਰਾਂਸਪੋਰਟ ਆਪਰੇਟਰਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਹ ਯਕੀਨੀ ਬਣਾਉਣਾ ਕਿ ਸਕੂਲੀ ਆਵਾਜਾਈ ਲਈ ਸਿਰਫ਼ ਉਹੀ ਵਾਹਨ ਵਰਤੇ ਜਾਣ ਜੋ ਤੈਅਸ਼ੁਦਾ ਸੁਰੱਖਿਆ ਨਿਯਮਾਂ ‘ਤੇ ਖਰੇ ਉਤਰਦੇ ਹੋਣ।

ਡਾ. ਬਲਜੀਤ ਕੌਰ ਨੇ ਅੱਗੇ ਕਿਹਾ, “ਸਾਡੇ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਹਰ ਬੱਚਾ ਸੁਰੱਖਿਅਤ ਸਕੂਲ ਪਹੁੰਚਣ ਅਤੇ ਸੁਰੱਖਿਅਤ ਘਰ ਪਰਤਣ ਦਾ ਹੱਕਦਾਰ ਹੈ, ਅਤੇ ਪੰਜਾਬ ਸਰਕਾਰ ‘ਸੇਫ ਸਕੂਲ ਵਾਹਨ ਪਾਲਿਸੀ’ ਨੂੰ ਸਖ਼ਤੀ ਨਾਲ ਲਾਗੂ ਕਰਕੇ ਇਸ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਦੋ ਨਸ਼ਾ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਤਿੰਨ ਵਿਅਕਤੀ 13 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 6 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਦੋ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਤਿੰਨ ਵਿਅਕਤੀਆਂ ਨੂੰ 13 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਖੇਮਕਰਨ (ਤਰਨ ਤਾਰਨ), ਜੋ ਮੌਜੂਦਾ ਸਮੇਂ ਕੰਬੋਜ ਅੰਮ੍ਰਿਤਸਰ ਦੇ ਖੇਰਾਬਾਦ ਵਿਖੇ ਰਹਿ ਰਿਹਾ ਸੀ; ਮੰਗਲ ਸਿੰਘ ਅਤੇ ਬਲਜੀਤ ਸਿੰਘ, ਦੋਵੇਂ ਵਾਸੀ ਪਿੰਡ ਭੋਡੀਵਾਲਾ, ਮੋਗਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਹੁੰਡਈ ਵਰਨਾ ਕਾਰ, ਜਿਸਦਾ ਰਜਿਸਟ੍ਰੇਸ਼ਨ ਨੰਬਰ ਯੂਪੀ-14-ਡੀਐਲ-0324 ਹੈ, ਵੀ ਜ਼ਬਤ ਕਰ ਲਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਇਨ੍ਹਾਂ ਨੂੰ ਅੱਗੇ ਪੰਜਾਬ ਭਰ ਵਿੱਚ ਵੱਖ-ਵੱਖ ਪਾਰਟੀਆਂ ਨੂੰ ਸਪਲਾਈ ਕਰਦੇ ਸਨ।

ਪਹਿਲੇ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਸ਼ੱਕੀ ਅਕਾਸ਼ਦੀਪ ਕੋਲ ਹੈਰੋਇਨ ਦੀ ਵੱਡੀ ਖੇਪ ਪਹੁੰਚੀ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਅਕਾਸ਼ਦੀਪ ਸਿੰਘ ਦੇ ਖੇਰਾਬਾਦ, ਅੰਮ੍ਰਿਤਸਰ ਸਥਿਤ ਘਰ ਵਿਖੇ ਛਾਪਾ ਮਾਰਿਆ ਅਤੇ ਉਸ ਕੋਲੋਂ 8 ਕਿੱਲੋ ਹੈਰੋਇਨ ਬਰਾਮਦ ਕਰ ਲਈ।

ਉਨ੍ਹਾਂ ਦੱਸਿਆ ਕਿ ਪੁਖਤਾ ਜਾਣਕਾਰੀ ‘ਤੇ ਆਧਾਰਚ ਇੱਕ ਹੋਰ ਕਾਰਵਾਈ, ਜਿਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਆਪਣੀ ਵਰਨਾ ਕਾਰ ਵਿੱਚ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੇ ਹਨ, ਸੀਆਈ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ-ਝਬਾਲ ਜੀ.ਟੀ. ਰੋਡ ‘ਤੇ ਨਾਕਾਬੰਦੀ ਕਰਕੇ ਵਰਨਾ ਕਾਰ ਨੂੰ ਰੋਕ ਲਿਆ, ਜਿਸ ਵਿੱਚ ਮੰਗਲ ਸਿੰਘ ਅਤੇ ਬਲਜੀਤ ਸਿੰਘ ਬੈਠੇ ਸਨ। ਉਨ੍ਹਾਂ ਦੱਸਿਆ ਕਿ ਵਾਹਨ ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ 5 ਕਿੱਲੋ ਹੈਰੋਇਨ ਬਰਾਮਦ ਹੋਈ।

ਡੀਜੀਪੀ ਨੇ ਕਿਹਾ ਕਿ ਦੋਵਾਂ ਮਾਮਲਿਆਂ ਵਿੱਚ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਪੂਰੀ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਦੋ ਵੱਖ-ਵੱਖ ਮੁਕੱਦਮੇ— ਐਨਡੀਪੀਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਐਫਆਈਆਰ ਨੰਬਰ 42 ਮਿਤੀ 06-07-2026 ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫਆਈਆਰ ਨੰਬਰ 43 ਮਿਤੀ 06-07-2026 ਦਰਜ ਕੀਤੇ ਗਏ ਹਨ।

ਚੰਡੀਗੜ੍ਹ ’ਚ ਡਿੱਗੀ ਇਮਾਰਤ, ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਚੰਡੀਗੜ੍ਹ, 4 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਚੰਡੀਗੜ੍ਹ ਦੇ ਇੰਡਸਟਰੀਅਲ ਖੇਤਰ ਫੇਜ਼ 2 ਵਿੱਚ ਅੱਜ ਇਕ ਪੁਰਾਣੀ ਇਮਾਰਤ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠ ਕੁਝ ਲੋਕ ਦੱਬੇ ਹੋ ਸਕਦੇ ਹਨ। ਘਟਨਾ ਦਾ ਪਤਾ ਚਲਦਿਆਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਲੈਕਚਰਾਰ ਅਸਾਮੀਆਂ ਦੀ ਭਰਤੀ ਸਬੰਧੀ ਐਸ.ਸੀ ਕਮਿਸ਼ਨ ਨੂੰ ਰਿਪੋਰਟ ਪੇਸ਼

ਚੰਡੀਗੜ੍ਹ,04 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਿੱਖਿਆ ਵਿਭਾਗ ਦੇ ਭਰਤੀ ਬੋਰਡ ਵਲੋਂ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਜਾਰੀ ਇਸ਼ਤਿਹਾਰ ਵਿੱਚ ਅਨੂਸੂਚਿਤ ਜਾਤੀਆਂ ਵਰਗ ਲਈ ਲਾਗੂ ਰਾਖਵਾਂਕਰਨ ਨੀਤੀ ਦੀ ਅਣਦੇਖੀ ਕਰਨ ਦੇ ਮਾਮਲੇ ਵਿਚ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਰਿਪੋਰਟ ਪੇਸ਼ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਜਿਸ ਤੇ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ 3 ਜੁਲਾਈ 2026 ਨੂੰ ਨਿੱਜੀ ਪੱਧਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਜਿਸ ਤੇ ਅਮਲ ਕਰਦਿਆਂ ਸਕੱਤਰ ਸਕੂਲ ਸਿੱਖਿਆ ਵਿਭਾਗ ਸ੍ਰੀਮਤੀ ਸੋਨਾਲੀ ਗਿਰਿ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਉਨ੍ਹਾਂ ਇਸ ਭਰਤੀ ਪ੍ਰਕਿਰਿਆ ਦੌਰਾਨ ਅਨੂਸੂਚਿਤ ਜਾਤੀਆਂ ਨਾਲ ਸਬੰਧਤ ਉਮੀਦਵਾਰ ਲਈ ਅਸਾਮੀਆਂ ਨਾ ਹੋਣ ਸਬੰਧੀ ਦਸਤਾਵੇਜ਼ ਪੇਸ਼ ਕੀਤੇ ਜਿਸ ਸਬੰਧੀ ਕਮਿਸ਼ਨ ਵਲੋਂ 72 ਘੰਟੇ ਵਿਚ ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ ਕਰਕੇ ਯੋਗ ਹੁਕਮ ਜਾਰੀ ਕੀਤੇ ਜਾਣਗੇ।

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮੋਹਾਲੀ ਦੇ ਨਾਈ ਦੇ ਗੋਡੇ ਦਾ ਮੁਫ਼ਤ ਆਪ੍ਰੇਸ਼ਨ, ਮੁੜ ਕੰਮ ’ਤੇ ਪਰਤਣ ਦੀ ਉਮੀਦ


ਚੰਡੀਗੜ੍ਹ, 04 ਜੁਲਾਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇੱਕ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਮੋਹਾਲੀ ਦੇ ਨਾਈ ਮੁਹੰਮਦ ਜ਼ੁਲਫੁਕਾਰ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਆਪਣੀ ਰੋਜ਼ੀ-ਰੋਟੀ ਦਾ ਸਾਧਨ ਗੁਆ ਬੈਠਣਗੇ। ਗੋਡੇ ਦੀ ਗੰਭੀਰ ਸੱਟ ਦੇ ਇਲਾਜ ਦਾ ਖ਼ਰਚਾ ਚੁੱਕਣਾ ਉਨ੍ਹਾਂ ਲਈ ਸੰਭਵ ਨਹੀਂ ਸੀ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਸਨ। ਪਰ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲਿਆ ਅਤੇ ਹੁਣ ਉਹ ਆਪਣੇ  ਕੰਮ ’ਤੇ ਮੁੜ ਵਾਪਸੀ ਦੀ ਤਿਆਰੀ ਕਰ ਰਹੇ ਹਨ।

ਹਰ ਸਵੇਰ, ਜਦੋਂ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਵੀ ਨਹੀਂ ਕਰਦੇ, ਮੁਹੰਮਦ ਜ਼ੁਲਫੁਕਾਰ ਆਪਣੀ ਛੋਟੀ ਜਿਹੀ ਨਾਈ ਦੀ ਦੁਕਾਨ ਖੋਲ੍ਹ ਕੇ ਗਾਹਕਾਂ ਦਾ ਇੰਤਜ਼ਾਰ ਕਰਦੇ ਹਨ। ਕਈ ਸਾਲਾਂ ਤੋਂ ਉਹ ਸਿਰਫ਼ ਵਾਲ ਕੱਟਣ ਵਾਲੇ ਨਾਈ ਹੀ ਨਹੀਂ, ਸਗੋਂ ਆਪਣੇ ਗਾਹਕਾਂ ਦੇ ਭਰੋਸੇਮੰਦ ਸਾਥੀ ਵੀ ਰਹੇ ਹਨ। ਲੋਕ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਵਾਰ-ਵਾਰ ਉਨ੍ਹਾਂ ਦੀ ਦੁਕਾਨ ’ਤੇ ਆਉਣ ਵਿੱਚ ਆਪਣਾਪਣ ਮਹਿਸੂਸ ਕਰਦੇ ਹਨ,ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਇੱਕ ਮੁਸ਼ਕਲ ਮੋੜ ’ਤੇ ਆ ਗਈ।

ਇੱਕ ਦਿਨ ਉਹ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਅਚਾਨਕ ਸੜਕ ’ਤੇ ਇੱਕ ਗਾਂ ਆ ਗਈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਏ। ਉਨ੍ਹਾਂ ਦੀ ਇੱਕ ਲੱਤ ਮੋਟਰਸਾਈਕਲ ਹੇਠਾਂ ਫਸ ਗਈ ਅਤੇ ਇੰਜਣ ਚੱਲਦਾ ਰਹਿਣ ਕਾਰਨ ਉਹ ਕਈ ਮੀਟਰ ਤੱਕ ਸੜਕ ’ਤੇ ਘਿਸਟਦੇ ਰਹੇ। ਇੱਕ ਗੋਡੇ ’ਤੇ ਹਲਕੀਆਂ ਸੱਟਾਂ ਆਈਆਂ, ਪਰ ਦੂਜੇ ਗੋਡੇ ’ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਤੁਰਨਾ-ਫਿਰਨਾ ਵੀ ਮੁਸ਼ਕਲ ਹੋ ਗਿਆ।

ਉਨ੍ਹਾਂ ਦਾ ਕੰਮ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਦੀ ਮੰਗ ਕਰਦਾ ਸੀ। ਹਾਦਸੇ ਤੋਂ ਬਾਅਦ ਇੱਕ ਗਾਹਕ ਦੇ ਵਾਲ ਕੱਟਣ ਲਈ ਵੀ ਖੜ੍ਹੇ ਰਹਿਣਾ ਉਨ੍ਹਾਂ ਲਈ ਔਖਾ ਹੋ ਗਿਆ ਅਤੇ ਉਨ੍ਹਾਂ ਨੂੰ ਡਰ ਸਤਾਉਣ ਲੱਗਾ ਕਿ ਕਿਤੇ ਉਹ ਆਪਣੀ ਰੋਜ਼ੀ-ਰੋਟੀ ਹੀ ਨਾ ਗੁਆ ਬੈਠਣ।

ਉਨ੍ਹਾਂ ਨੇ ਕਿਹਾ, “ਮੈਂ ਹਰ ਰੋਜ਼ ਦਰਦ ਵਿੱਚ ਰਹਿੰਦਾ ਸੀ। ਵਾਰ-ਵਾਰ ਇਹੀ ਸੋਚਦਾ ਸੀ ਕਿ ਜੇ ਮੈਂ ਖੜ੍ਹਾ ਹੀ ਨਾ ਹੋ ਸਕਿਆ ਤਾਂ ਕੰਮ ਕਿਵੇਂ ਕਰਾਂਗਾ? ਅਤੇ ਜੇ ਕੰਮ ਨਾ ਕਰ ਸਕਿਆ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾਵਾਂਗਾ?”

ਆਪ੍ਰੇਸ਼ਨ ਦਾ ਖ਼ਰਚਾ ਉਨ੍ਹਾਂ ਦੀ ਚਿੰਤਾ ਹੋਰ ਵਧਾ ਰਿਹਾ ਸੀ। ਇਲਾਜ ਮਹਿੰਗਾ ਸੀ ਅਤੇ ਇੰਨੇ ਪੈਸੇ ਇਕੱਠੇ ਕਰਨਾ ਉਨ੍ਹਾਂ ਲਈ ਲਗਭਗ ਅਸੰਭਵ ਸੀ। ਹੋਰ ਮਿਹਨਤਕਸ਼ ਪਰਿਵਾਰਾਂ ਵਾਂਗ ਉਨ੍ਹਾਂ ਨੂੰ ਵੀ ਡਰ ਸੀ ਕਿ ਜਾਂ ਤਾਂ ਕਰਜ਼ਾ ਲੈਣਾ ਪਵੇਗਾ ਜਾਂ ਇਲਾਜ ਟਾਲਣਾ ਪਵੇਗਾ।

ਉਨ੍ਹਾਂ ਨੇ ਦੱਸਿਆ, “ਮੈਂ ਬਹੁਤ ਪਰੇਸ਼ਾਨ ਸੀ। ਦਰਦ ਤਾਂ ਸੀ ਹੀ, ਪਰ ਆਪ੍ਰੇਸ਼ਨ ਦਾ ਖ਼ਰਚਾ ਉਸ ਤੋਂ ਵੀ ਵੱਧ ਡਰਾਉਣਾ ਸੀ। ਸਮਝ ਨਹੀਂ ਆ ਰਿਹਾ ਸੀ ਕਿ ਇੰਨੇ ਪੈਸੇ ਕਿੱਥੋਂ ਆਉਣਗੇ।”

ਉਨ੍ਹਾਂ ਨੂੰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਰਾਹਤ ਮਿਲੀ। ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਉਨ੍ਹਾਂ ਦਾ ਐਂਟੀਰੀਅਰ ਆਰਥਰੋਸਕੋਪਿਕ ਮੈਨਿਸਕਸ ਰਿਪੇਅਰ/ਮੈਨਿਸੈਕਟੋਮੀ ਆਪ੍ਰੇਸ਼ਨ ਕੀਤਾ ਗਿਆ। ਇਸ ਇਲਾਜ ’ਤੇ 53,455 ਰੁਪਏ ਦਾ ਖ਼ਰਚਾ ਆਇਆ, ਜੋ ਯੋਜਨਾ ਤਹਿਤ ਪੂਰੀ ਤਰ੍ਹਾਂ ਕਵਰ ਕੀਤਾ ਗਿਆ। ਇਸ ਨਾਲ ਉਹ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਲੋੜੀਂਦਾ ਇਲਾਜ ਕਰਵਾ ਸਕੇ।

ਉਨ੍ਹਾਂ ਨੇ ਕਿਹਾ, “ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਇਲਾਜ ਦਾ ਸਾਰਾ ਖ਼ਰਚਾ ਯੋਜਨਾ ਤਹਿਤ ਕਵਰ ਹੋਵੇਗਾ, ਤਾਂ ਮੈਨੂੰ ਲੱਗਿਆ ਜਿਵੇਂ ਮੇਰੇ ਸਿਰ ਤੋਂ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ। ਕਈ ਮਹੀਨਿਆਂ ਬਾਅਦ ਪਹਿਲੀ ਵਾਰ ਮੈਨੂੰ ਉਮੀਦ ਦੀ ਕਿਰਨ ਨਜ਼ਰ ਆਈ।”

ਆਪ੍ਰੇਸ਼ਨ ਤੋਂ ਬਾਅਦ ਜ਼ੁਲਫੁਕਾਰ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ ਅਤੇ ਜਲਦੀ ਹੀ ਆਪਣੀ ਦੁਕਾਨ ’ਤੇ ਵਾਪਸ ਜਾ ਕੇ ਪਹਿਲਾਂ ਵਾਂਗ ਮੁਸਕਰਾਹਟ ਅਤੇ ਸਮਰਪਣ ਨਾਲ ਗਾਹਕਾਂ ਦੀ ਸੇਵਾ ਕਰਨ ਦੀ ਉਮੀਦ ਰੱਖਦੇ ਹਨ।

ਉਨ੍ਹਾਂ ਨੇ ਕਿਹਾ, “ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਮੁੜ ਕੰਮ ’ਤੇ ਪਰਤ ਸਕਾਂਗਾ। ਵਾਲ ਕੱਟਣਾ ਸਿਰਫ਼ ਮੇਰਾ ਪੇਸ਼ਾ ਨਹੀਂ, ਸਗੋਂ ਮੇਰੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਅਤੇ ਲੋਕਾਂ ਨਾਲ ਜੁੜਨ ਦਾ ਸਾਧਨ ਵੀ ਹੈ। ਮੈਂ ਇਸ ਮੌਕੇ ਲਈ ਬਹੁਤ ਧੰਨਵਾਦੀ ਹਾਂ।”

ਜ਼ੁਲਫੁਕਾਰ ਲਈ ਇਹ ਆਪ੍ਰੇਸ਼ਨ ਸਿਰਫ਼ ਗੋਡੇ ਦਾ ਇਲਾਜ ਨਹੀਂ ਸੀ। ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਾਪਸ ਆਇਆ, ਪਰਿਵਾਰ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋਈ ਅਤੇ ਉਨ੍ਹਾਂ ਨੂੰ ਉਸ ਹਾਦਸੇ ਤੋਂ ਬਾਅਦ ਆਪਣੀ ਜ਼ਿੰਦਗੀ ਮੁੜ ਸੰਵਾਰਨ ਦਾ ਮੌਕਾ ਮਿਲਿਆ, ਜੋ ਉਨ੍ਹਾਂ ਦੇ ਕਰੀਅਰ ਦਾ ਅੰਤ ਵੀ ਕਰ ਸਕਦਾ ਸੀ। ਅੱਜ ਉਨ੍ਹਾਂ ਦੀ ਦੁਕਾਨ ’ਤੇ ਆਉਣ ਵਾਲਾ ਹਰ ਗਾਹਕ ਇਸ ਗੱਲ ਦੀ ਮਿਸਾਲ ਹੈ ਕਿ ਸਮੇਂ ਸਿਰ ਮਿਲਿਆ ਸਿਹਤ ਇਲਾਜ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ।

ਸਟੇਟ ਹੈਲਥ ਏਜੰਸੀ, ਪੰਜਾਬ ਦੇ ਅੰਕੜਿਆਂ ਅਨੁਸਾਰ, ਰਿਪੋਰਟਿੰਗ ਮਿਆਦ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 53.38 ਲੱਖ ਰੁਪਏ ਦੀ ਲਾਗਤ ਨਾਲ 190 ਆਰਥੋਪੀਡਿਕ ਪ੍ਰਕਿਰਿਆਵਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਓਪਨ ਰਿਡਕਸ਼ਨ ਇੰਟਰਨਲ ਫਿਕਸੇਸ਼ਨ (ੳਆਰਆਈ), ਜਿਸ ਵਿੱਚ ਪਲੇਟਾਂ, ਸਕਰੂ ਜਾਂ ਰਾਡਾਂ ਰਾਹੀਂ ਟੁੱਟੀਆਂ ਹੱਡੀਆਂ ਨੂੰ ਸਥਿਰ ਕੀਤਾ ਜਾਂਦਾ ਹੈ, ਦੀਆਂ 79 ਸਰਜਰੀਆਂ ਹੋਈਆਂ, ਜੋ ਕੁੱਲ ਆਰਥੋਪੀਡਿਕ ਪ੍ਰਕਿਰਿਆਵਾਂ ਦਾ 41.6 ਫ਼ੀਸਦੀ ਸਨ। ਇਨ੍ਹਾਂ ਫ੍ਰੈਕਚਰ ਫਿਕਸੇਸ਼ਨ ਸਰਜਰੀਆਂ ’ਤੇ 16.75 ਲੱਖ ਰੁਪਏ ਖ਼ਰਚ ਹੋਏ, ਜੋ ਕੁੱਲ ਖ਼ਰਚੇ ਦਾ ਲਗਭਗ 31.4 ਫ਼ੀਸਦੀ ਹੈ। ਪ੍ਰਤੀ ਮਰੀਜ਼ ਔਸਤ ਪੈਕੇਜ ਖਰਚ 21,209 ਰੁਪਏ ਰਿਹਾ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਫ੍ਰੈਕਚਰ ਨਾਲ ਸਬੰਧਤ ਸਰਜਰੀਆਂ ਆਰਥੋਪੀਡਿਕ ਇਲਾਜ ਦੀ ਸਭ ਤੋਂ ਵੱਡੀ ਸ਼੍ਰੇਣੀ ਵਜੋਂ ਸਾਹਮਣੇ ਆਈਆਂ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਕੰਮ ਵਾਲੀ ਥਾਂ ਅਤੇ ਖੇਡਾਂ ਦੌਰਾਨ ਸੁਰੱਖਿਆ ਉਪਾਅ ਅਪਣਾਉਣ ਅਤੇ ਬਜ਼ੁਰਗਾਂ ਨੂੰ ਡਿੱਗਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਮੰਤਰੀ ਨੇ ਕਿਹਾ, “ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਹੁਣ ਐਡਵਾਂਸਡ ਸਰਜੀਕਲ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲੱਬਧ ਹੈ, ਪਰ ਜਨ-ਜਾਗਰੂਕਤਾ ਅਤੇ ਸੁਰੱਖਿਆ ਉਪਾਅ ਅਪਣਾ ਕੇ ਕਈ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ।” ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਹੈਲਮੈਟ ਅਤੇ ਸੀਟ ਬੈਲਟ ਪਹਿਨਣ, ਮਜ਼ਦੂਰਾਂ ਨੂੰ ਸੁਰੱਖਿਆ ਉਪਕਰਨ ਵਰਤਣ, ਖਿਡਾਰੀਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰਾਂ ਵਿੱਚ ਡਿੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਲਈ ਪ੍ਰੇਰਿਆ।

ਪੰਜਾਬ

ਦੇਸ਼