Breaking News
ਹੁਣ ਬਿਨਾਂ ਡਾਕਟਰ ਦੀ ਪਰਚੀ ਤੋਂ ਨਹੀਂ ਮਿਲੇਗੀ ਖੰਘ ਵਾਲੀ ਦਵਾਈ

ਨਵੀਂ ਦਿੱਲੀ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਖੰਡ ਵਾਲੀ ਦਵਾਈ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਹੁਣ ਬਿਨਾਂ ਕਿਸੇ ਡਾਕਟਰ ਦੀ ਪਰਚੀ ਤੋਂ ਸਿੱਧੇ ਮੈਡੀਕਲ ਸਟੋਰ ਤੋਂ ਦਵਾਈ ਨਹੀਂ ਮਿਲੇਗੀ। ਕੇਂਦਰ ਸਰਕਾਰ ਨੇ ਖੰਘ ਦੀਆਂ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਸਿਰਪ ਨਹੀਂ ਮਿਲੇਗੀ।

ਨਵੇਂ ਨਿਯਮਾਂ ਮੁਤਾਬਕ, ਦੇਸ਼ ਭਰ ਵਿੱਚ ਖੰਘ ਦੀਆਂ ਸਿਰਪਾਂ ਦੀ ਵਿਕਰੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਹੁਣ ਕੋਈ ਵੀ ਮੈਡੀਕਲ ਸਟੋਰ ਖੰਘ ਦੀ ਸਿਰਪ ਜਾਂ ਹੋਰ ਸਿਰਪ ਬਿਨਾਂ ਡਾਕਟਰ ਦੀ ਪਰਚੀ ਦੇ ਨਹੀਂ ਵੇਚ ਸਕੇਗਾ। ਦਰਅਸਲ ਸਰਕਾਰ ਨੇ ਡਰੱਗਜ਼ ਨਿਯਮ 1945 ਵਿੱਚ ਸੋਧ ਕਰਦਿਆਂ ‘ਡਰੱਗਜ਼ ਪੰਜਵੀਂ ਸੋਧ ਨਿਯਮ 2026’ ਨੂੰ ਨੋਟੀਫਾਈ ਕੀਤਾ ਹੈ। ਇਸ ਸੋਧ ਤਹਿਤ ਨਿਯਮਾਂ ਦੀ ਸ਼ੈਡਿਊਲ-ਕੇ ਸੂਚੀ ਵਿੱਚੋਂ ‘ਸਿਰਪ’ ਸ਼ਬਦ ਨੂੰ ਹਟਾ ਦਿੱਤਾ ਗਿਆ ਹੈ। ਪਹਿਲਾਂ ਕੁਝ ਸਿਰਪਾਂ ਨੂੰ ਖ਼ਾਸ ਛੋਟ ਮਿਲੀ ਹੋਈ ਸੀ, ਜਿਸ ਕਾਰਨ ਉਹ ਬਿਨਾਂ ਡਾਕਟਰ ਦੀ ਪਰਚੀ ਦੇ ਵੀ ਵੇਚੀਆਂ ਜਾਂਦੀਆਂ ਸਨ, ਪਰ ਹੁਣ ਇਹ ਛੋਟ ਖਤਮ ਕਰ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਲੋਕ ਅਕਸਰ ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ, ਜੋ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਵੀ ਕੁਝ ਖੰਘ ਦੀਆਂ ਦਵਾਈਆਂ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਜੇ ਕਿਸੇ ਨੂੰ ਖੰਘ, ਜ਼ੁਕਾਮ ਜਾਂ ਗਲੇ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਪਹਿਲਾਂ ਡਾਕਟਰ ਨੂੰ ਚੈਕ ਕਰਾਉਣਾ ਪਵੇਗਾ ਅਤੇ ਉਸ ਦੀ ਪਰਚੀ ਦੇ ਆਧਾਰ ‘ਤੇ ਹੀ ਸਿਰਪ ਖਰੀਦੀ ਜਾ ਸਕੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਦਵਾਈਆਂ ਦੀ ਗਲਤ ਵਰਤੋਂ ‘ਤੇ ਰੋਕ ਲੱਗੇਗੀ ਅਤੇ ਲੋਕਾਂ ਦੀ ਸਿਹਤ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ।

ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਮੁਲਜ਼ਮ ਕੀਤੇ ਕਾਬੂ

ਚੰਡੀਗੜ੍ਹ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ, ਦੋ ਵੱਖ-ਵੱਖ ਮੁਹਿੰਮਾਂ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ 5.775 ਕਿਲੋ ਹੈਰੋਇਨ, 1,33,640 ਪਾਬੰਦੀਸ਼ੁਦਾ ਕੈਪਸੂਲ/ਗੋਲੀਆਂ, 39 ਕਾਰਤੂਸ (KF 7.65), ਅਤੇ 36,600 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।

ਥਾਣਾ ਆਰਿਫ ਕੇ ਅਤੇ ਥਾਣਾ ਮਮਦੋਟ, ਫ਼ਿਰੋਜ਼ਪੁਰ ਵਿਖੇ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ, ਵਿੱਤੀ ਲੈਣ-ਦੇਣ ਦੀ ਜਾਂਚ ਕਰਨ ਅਤੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਵਿਆਹ ਸਬੰਧੀ ਹਾਈਕੋਰਟ ਦਾ ਵੱਡਾ ਫੈਸਲਾ, ‘ਕਿਸੇ ਨੂੰ ਵਿਆਹ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ’

ਚੰਡੀਗੜ੍ਹ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਆਹ ਸਬੰਧੀ ਮਾਪਿਆਂ ਵੱਲੋਂ ਲੜਕੇ ਲੜਕੀਆਂ ਉਤੇ ਪਾਏ ਜਾ ਰਹੇ ਦਬਾਅ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਕਰਾਉਣਾ ਨਿੱਜੀ ਅਧਿਕਾਰ ਹੈ, ਪਰਿਵਾਰ ਦਾ ਇਸ ਉਤੇ ਦਬਾਅ ਨਹੀਂ ਚੱਲੇਗਾ। ਮੋਹਾਲੀ ਜ਼ਿਲ੍ਹੇ ਦੀ ਇਕ ਲੜਕੀ ਵੱਲੋਂ ਪਾਈ ਗਈ ਪਟੀਸ਼ਨ ਉਤੇ ਹਾਈਕੋਰਟ ਵੱਲੋਂ ਸੁਣਵਾਈ ਕੀਤੀ ਗਈ ਹੈ। ਹਾਈਕੋਰਟ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਬਾਲਗ ਨਾਗਰਿਕ ਨੂੰ ਉਸਦੀ ਮਰਜ਼ੀ ਦੇ ਖਿਲਾਫ ਵਿਆਹੁਤਾ ਸਬੰਧ ਬਣਾਉਣ ਭਾਵ ਵਿਆਹ ਕਰਨ ਲਈ ਮਜ਼ਬੂਰੀ ਨਹੀਂ ਕੀਤਾ ਜਾ ਸਕਦਾ। ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਸੰਵਿਧਾਨ ਦੀ ਧਾਰਾ 21 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ਨੂੰ ਜੀਵਨ, ਆਜ਼ਾਦੀ, ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਦਰਅਸਲ, ਇਹ ਮਾਮਲਾ ਇੱਕ ਪੜ੍ਹੀ-ਲਿਖੀ ਐਮਬੀਏ ਗ੍ਰੈਜੂਏਟ ਲੜਕੀ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ। ਲੜਕੀ ਦਾ ਦੋਸ਼ ਲਗਾਇਆ ਸੀ ਕਿ ਉਸਦੇ ਮਾਪੇ, ਮਾਮੇ ਅਤੇ ਹੋਰ ਰਿਸ਼ਤੇਦਾਰ ਉਸ ‘ਤੇ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਨ ਦਾ ਦਬਾਅ ਪਾ ਰਹੇ ਹਨ। ਇੰਨਾ ਹੀ ਨਹੀਂ, ਲੜਕੀ ਨੇ ਪਰਿਵਾਰ ‘ਤੇ ਬੰਧਕ ਬਣਾਉਣ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਨੇ ਪਹਿਲਾਂ ਮੋਹਾਲੀ ਪੁਲਿਸ ਨੂੰ ਸੁਰੱਖਿਆ ਲਈ ਗੁਹਾਰ ਲਗਾਈ ਸੀ, ਪਰ ਕੋਈ ਕਾਰਵਾਈ ਨਾ ਹੋਣ ‘ਤੇ ਉਸਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਦਿੱਲੀ ‘ਚ ਚੱਲ ਰਹੀ ਹੈ ਕਾਂਗਰਸ ਦੀ ਬੋਲੀ, ਅਟੈਚੀ ਭਰਕੇ ਲੈ ਕੇ ਗਏ ਪੰਜਾਬ ਦੇ ਆਗੂ : ਰਵਨੀਤ ਬਿੱਟੂ

ਚੰਡੀਗੜ੍ਹ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਨੂੰ ਲੈ ਕਿ ਤਿੱਖਾ ਤੰਜ ਕੱਸਿਆ ਹੈ। ਪੰਜਾਬ ਕਾਂਗਰਸ ਨੂੰ ਲੈ ਕੇ ਕੇਂਦਰੀ ਹਾਈਕਮਾਂਡ ਨਾਲ ਚੱਲ ਰਹੀਆਂ ਮੀਟਿੰਗਾਂ ਉਤੇ ਰਵਨੀਤ ਬਿੱਟੂ ਨੇ ਅਟੈਚੀ ਭਰ ਭਰ ਕੇ ਆਗੂ ਦਿੱਲੀ ਲੈ ਕੇ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਦਿੱਲੀ ਗਏ ਕਾਂਗਰਸੀ ਲੀਡਰਾਂ ‘ਤੇ ਹਮਲਾ ਬੋਲਦਿਆਂ ਕਿਹਾ: “ਕਾਂਗਰਸ ਦੇ ਲੀਡਰ ਨੋਟਾਂ ਦੀਆਂ ਅਟੈਚੀਆਂ ਭਰ-ਭਰ ਕੇ ਦਿੱਲੀ ਲੈ ਕੇ ਗਏ ਨੇ। ਉਹ ਉੱਥੇ ਆਪਣੀਆਂ ਅਟੈਚੀਆਂ ਦਾ ਭਾਰ ਘਟਾਉਣ ਗਏ ਹਨ। ਦਿੱਲੀ ਵਿੱਚ ਇਸ ਵੇਲੇ ਕਾਂਗਰਸ ਦੀ ਬੋਲੀ ਚੱਲ ਰਹੀ ਹੈ, ਜਿਸ ਦੀ ਅਟੈਚੀ ਸਭ ਤੋਂ ਭਾਰੀ ਹੋਵੇਗੀ, ਉਸੇ ਦੀ ਗੱਲ ਬਣੇਗੀ।” ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਇਸ ਵੇਲੇ ਵੜਿੰਗ ਸਾਹਿਬ ਬਹੁਤ ਮਾੜੀ ਅਤੇ ਕਸੂਤੀ ਸਥਿਤੀ ਵਿੱਚ ਫਸੇ ਹੋਏ ਹਨ, ਪਰ ਮੈਂ ਕਦੇ ਕਮਜ਼ੋਰ ਬੰਦੇ ‘ਤੇ ਹਮਲਾ ਨਹੀਂ ਕਰਦਾ।

ਪਠਾਨਕੋਟ-ਭਰਮੌਰ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਗੱਡੀ ਖੱਡ ’ਚ ਡਿੱਗੀ, 2 ਦੀ ਮੌਤ

ਚੰਬਾ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪਠਾਨਕੋਟ-ਭਰਮੌਰ ਰਾਸ਼ਟਰੀ ਰਾਜਮਾਰਗ ਉਤੇ ਬੀਤੀ ਦੇਰ ਰਾਤ ਨੂੰ ਇਕ ਭਿਅਨਕ ਹਾਦਸਾ ਵਾਪਰਨ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਬਨੀਖੇਡ ਦੇ ਨੇੜੇ ਛਤਰੀ ਮੋੜ ਕੋਲ ਇਕ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਸਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਾਰ ਚੰਬਾ ਵੱਲ ਜਾ ਰਹੀ ਸੀ, ਅਚਾਨਕ ਕਾਰ ਕੰਟਰੋਲ ਵਿਚੋਂ ਬਾਹਰ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ ਅਤੇ ਦੋ ਵਿਅਕਤੀਆਂ ਦੀ ਮੌਕੇ ਉਤੇ ਜਾਨ ਚਲੀ ਗਈ। ਇਸ ਹਾਦਸੇ ਦਾ ਪਤਾ ਚਲਦਿਆਂ ਹੀ ਡੀਐਸਪੀ ਡਹਿਲੌਜੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ।

ਮਾਨਸਾ ਦੇ ਪਿੰਡ ਦਰੀਆਪੁਰ ’ਚ ਨੌਜਵਾਨ ਦਾ ਕਤਲ

ਬੁਢਲਾਡਾ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜ਼ਿਲ੍ਹਾ ਮਾਨਸਾ ਦੇ ਪਿੰਡ ਦਰੀਆਪੁਰ ਖੁਰਦ ਵਿੱਚ ਅੱਜ ਸਵੇਰੇ ਹੀ ਮੂੰਹ ਹਨ੍ਹੇਰੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਕਲਾਣਾ ਫਾਟਕ ਅਤੇ ਪਿੰਡ ਦਰੀਆਪੁਰ ਖੁਰਦ ਦੇ ਵਿਕਚਾਰ ਇਹ ਘਟਨਾ ਵਾਪਰੀ। ਮ੍ਰਿਤਕ ਦੀ ਪਹਿਚਾਣ ਪਿੰਡ ਦਰੀਆਪੁਰ ਖੁਰਦ ਦੇ ਰਹਿਣ ਵਾਲੇ ਰਾਜਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਬਜ਼ੀ ਮੰਡੀ ਵਿੱਚ ਮੁਨੀਮੀ ਦਾ ਕੰਮ ਕਰਦਾ ਸੀ, ਅੱਜ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਉਤੇ ਜਾ ਰਿਹਾ ਸੀ ਤਾਂ ਉਸਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਸਬੰਧਤ ਥਾਣਾ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

CM ਮਾਨ ਨੇ 523 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ; ਕਿਹਾ, ਪਿਛਲੀਆਂ ਸਰਕਾਰਾਂ ਦੌਰਾਨ ਮੈਰਿਟ ਦੀ ਥਾਂ ਪੈਸੇ ਬਦਲੇ ਦਿੱਤੀਆਂ ਜਾਂਦੀਆਂ ਸਨ ਨੌਕਰੀਆਂ

ਐਸ.ਏ.ਐਸ. ਨਗਰ (ਮੋਹਾਲੀ); 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਸ ਯੁੱਗ ਦਾ ਅੰਤ ਕਰ ਦਿੱਤਾ ਹੈ, ਜਦੋਂ ਸਰਕਾਰੀ ਨੌਕਰੀਆਂ ਪੈਸੇ ਬਦਲੇ ਵੇਚੀਆਂ ਅਤੇ ਰਾਜਨੀਤਿਕ ਪ੍ਰਭਾਵ ਰਾਹੀਂ ਦਿੱਤੀਆਂ ਜਾਂਦੀਆਂ ਸਨ, ਜਿਸ ਨਾਲ ਯੋਗ ਉਮੀਦਵਾਰ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ। ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਪ੍ਰਕਿਰਿਆ ਰਾਹੀਂ ਚਾਰ ਸਾਲਾਂ ਵਿੱਚ 67,563 ਸਰਕਾਰੀ ਨੌਕਰੀਆਂ ਦੇਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੇ ਵਿਸ਼ਵਾਸ ਨੂੰ ਬਹਾਲ ਕੀਤਾ ਹੈ, ਜਿਸ ਨਾਲ ਰੋਜ਼ਗਾਰ ਦੀ ਭਾਲ ਵਿੱਚ ਨੌਜਵਾਨਾਂ ਵੱਲੋਂ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਨੂੰ ਪੁੱਠਾ ਗੇੜ ਪਿਆ ਹੈ।

ਦੇਸ਼ ਦੇ ਕਈ ਹਿੱਸਿਆਂ ਵਿੱਚ ਵਾਰ-ਵਾਰ ਸਾਹਮਣੇ ਆ ਰਹੇ ਪ੍ਰੀਖਿਆ ਵਿਵਾਦਾਂ ਨਾਲ ਪੰਜਾਬ ਦੇ ਭਰਤੀ ਰਿਕਾਰਡ ਦੀ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਿਰਪੱਖਤਾ ਅਤੇ ਪਾਰਦਰਸ਼ਤਾ ਰਾਹੀਂ ਸਾਰਿਆਂ ਲਈ ਬਰਾਬਰ ਮੌਕੇ ਯਕੀਨੀ ਬਣਾਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਭਰ ਵਿੱਚ ਸਿਹਤ ਸੰਭਾਲ ਅਤੇ ਲੋਕ ਭਲਾਈ ਪਹਿਲਕਦਮੀਆਂ ਦਾ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਗਿਆ ਹੈ।

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬੇ ਭਰ ਵਿੱਚ ਨੌਜਵਾਨਾਂ ਨੂੰ 67,500 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਭਰਤੀਆਂ ਵਿੱਚ ਪੈਸੇ ਦੇ ਲੈਣ-ਦੇਣ ਅਤੇ ਪੱਖਪਾਤ ਦਾ ਯੁੱਗ ਖ਼ਤਮ ਹੋ ਗਿਆ ਹੈ ਅਤੇ ਹੁਣ ਨਿਯੁਕਤੀਆਂ ਸਿਰਫ਼ ਯੋਗਤਾ ਦੇ ਆਧਾਰ ‘ਤੇ ਕੀਤੀਆਂ ਜਾਂਦੀਆਂ ਹਨ।”

ਪਾਰਦਰਸ਼ੀ ਸ਼ਾਸਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਹਾਕਿਆਂ ਤੋਂ ਯੋਗ ਨੌਜਵਾਨਾਂ ਨੂੰ ਮੌਕਿਆਂ ਤੋਂ ਵਾਂਝਾ ਰੱਖਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਸਿਫਾਰਸ਼ਾਂ ਅਤੇ ਪੈਸੇ ਬਦਲੇ ਵੰਡੀਆਂ ਜਾਂਦੀਆਂ ਸਨ। ਅਸੀਂ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅੱਜ ਸਰਕਾਰੀ ਨੌਕਰੀਆਂ ਸਿਰਫ਼ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਸਾਡੀ ਸਰਕਾਰ ਦੁਆਰਾ ਕੀਤੀ ਗਈ ਇੱਕ ਵੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ। ਭਰਤੀ ਪ੍ਰਕਿਰਿਆ ਵਿੱਚ ਨੌਜਵਾਨਾਂ ਦਾ ਵਿਸ਼ਵਾਸ ਬਹਾਲ ਹੋ ਗਿਆ ਹੈ ਅਤੇ ਹਰ ਯੋਗ ਉਮੀਦਵਾਰ ਹੁਣ ਜਾਣਦਾ ਹੈ ਕਿ ਹੁਣ ਸਰਕਾਰੀ ਨੌਕਰੀ ਲੈਣ ਲਈ ਸਖ਼ਤ ਮਿਹਨਤ ਅਤੇ ਪ੍ਰਤਿਭਾ ਦਾ ਮੁੱਲ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੇ ਗਏ 990 ਆਮ ਆਦਮੀ ਕਲੀਨਿਕਾਂ ਰਾਹੀਂ ਮੁੱਢਲੀ ਸਿਹਤ ਸੰਭਾਲ ਸੇਵਾ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ, “ਇਹ ਕਲੀਨਿਕ 107 ਜ਼ਰੂਰੀ ਦਵਾਈਆਂ ਅਤੇ 47 ਡਾਇਗਨੌਸਟਿਕ ਟੈਸਟ ਮੁਫ਼ਤ ਪ੍ਰਦਾਨ ਕਰਨ ਦੇ ਨਾਲ-ਨਾਲ ਕਿ ਆਈਟੀ-ਸਮਰਥਿਤ ਰੀਅਲ-ਟਾਈਮ ਰਿਪੋਰਟਿੰਗ ਅਤੇ ਕੁਸ਼ਲ ਢੰਗ ਨਾਲ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾ ਰਹੇ ਹਨ। ਲੋਕਾਂ ਵੱਲੋਂ ਸਰਕਾਰ ਦੀ ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤਹਿਤ ਹੁਣ ਤੱਕ 5.54 ਕਰੋੜ ਤੋਂ ਵੱਧ ਓਪੀਡੀ ਵਿਜ਼ਿਟਸ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਹਰ ਰੋਜ਼ ਲਗਪਗ 84,000 ਮਰੀਜ਼ ਸੇਵਾਵਾਂ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 90 ਫੀਸਦ ਤੋਂ ਵੱਧ ਨੂੰ ਮੁਫ਼ਤ ਦਵਾਈ ਕਲੀਨਿਕਾਂ ‘ਤੇ ਹੀ ਮਿਲ ਜਾਂਦੀ ਹੈ।

ਸਿਹਤ ਸੰਭਾਲ ਮਾਡਲ ਦੀ ਸਫ਼ਲਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਇਤਿਹਾਸਕ ਪਹਿਲਕਦਮੀ ਬੇਹੱਦ ਪ੍ਰਭਾਵਸ਼ਾਲੀ ਰਹੀ ਹੈ. ਜਿਸ ਤਹਿਤ ਹੁਣ ਤੱਕ 5.54 ਕਰੋੜ ਤੋਂ ਵੱਧ ਓਪੀਡੀ ਵਿਜ਼ਿਟਸ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਹਰ ਰੋਜ਼ ਲਗਪਗ 84,000 ਮਰੀਜ਼ ਸੇਵਾਵਾਂ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 90 ਫੀਸਦ ਤੋਂ ਵੱਧ ਨੂੰ ਕਲੀਨਿਕਾਂ ‘ਤੇ ਹੀ ਮੁਫ਼ਤ ਦਵਾਈ ਮਿਲ ਜਾਂਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲਗਪਗ 97 ਫੀਸਦ ਮਰੀਜ਼ਾਂ ਨੇ ਇਨ੍ਹਾਂ ਕਲੀਨਿਕਾਂ ‘ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਸੰਤੁਸ਼ਟੀ ਪ੍ਰਗਟ ਕੀਤੀ ਹੈ। ਇਹ ਇਸ ਪਹਿਲਕਦਮੀ ਵਿੱਚ ਲੋਕਾਂ ਦੇ ਅਥਾਹ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ 400 ਹੋਰ ਆਮ ਆਦਮੀ ਕਲੀਨਿਕ ਪ੍ਰਗਤੀ ਅਧੀਨ ਹਨ ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਨਾਗਰਿਕ ਮਾਣ-ਸਨਮਾਨ ਨਾਲ ਪਹੁੰਚਯੋਗ ਅਤੇ ਗੁਣਵੱਤਾ ਆਧਾਰਤ ਸਿਹਤ ਸੰਭਾਲ ਸੇਵਾਵਾਂ ਹਾਸਲ ਕਰ ਸਕੇ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਅਤੇ ਨਸ਼ਾ ਤਸਕਰੀ ਦੇ ਖ਼ਾਤਮੇ ਲਈ ਇੱਕ ਵਿਆਪਕ ਅਤੇ ਠੋਸ ਯਤਨ ਵਜੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵੀ ਸ਼ੁਰੂ ਕੀਤੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੀ ਸਮੁੱਚੀ ਆਬਾਦੀ ਨੂੰ 100 ਫੀਸਦ ਸਿਹਤ ਕਵਰੇਜ ਪ੍ਰਦਾਨ ਕਰਕੇ ਯੂਨੀਵਰਸਲ ਹੈਲਥ ਕਵਰੇਜ ਵੱਲ ਇਤਿਹਾਸਕ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਹਰ ਪਰਿਵਾਰ ਪੰਜਾਬ ਭਰ ਅਤੇ ਚੰਡੀਗੜ੍ਹ ਵਿੱਚ ਲਗਪਗ 900 ਸਰਕਾਰੀ ਅਤੇ ਪੈਨਲ ਵਿੱਚ ਸ਼ਾਮਲ ਨਿੱਜੀ ਹਸਪਤਾਲਾਂ ਦੇ ਨੈੱਟਵਰਕ ਰਾਹੀਂ 2,356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਲਈ ਸਾਲਾਨਾ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਕਵਰ ਦਾ ਹੱਕਦਾਰ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਨੀਟ ਵਰਗੀਆਂ ਪ੍ਰੀਖਿਆਵਾਂ ਕਰਵਾਉਣ ਲਈ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਦਰਜਨਾਂ ਪ੍ਰੀਖਿਆ ਪੱਤਰ ਲੀਕ ਹੋਣ ਦੀ ਰਿਪੋਰਟ ਮਿਲ ਰਹੀ ਹੈ, ਜਿਸ ਨਾਲ ਲੱਖਾਂ ਨੌਜਵਾਨਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਹਾਲਾਂਕਿ, ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪ੍ਰੀਖਿਆ ਪੱਤਰ ਲੀਕ ਨਹੀਂ ਹੋਇਆ। ਅਸੀਂ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਰਪੱਖਤਾ ਯਕੀਨੀ ਬਣਾ ਕੇ ਆਪਣੇ ਨੌਜਵਾਨਾਂ ਦਾ ਭਰੋਸਾ ਬਹਾਲ ਕੀਤਾ ਹੈ।”

ਬਿਜਲੀ ਖੇਤਰ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ, ਪੰਜਾਬ ਦੇ 90 ਫ਼ੀਸਦ ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ। ਸਾਡੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਖੇਤੀਬਾੜੀ ਨੂੰ ਕਾਫ਼ੀ ਲਾਭ ਹੋਇਆ ਹੈ। ਇਕ ਪਾਸੇ ਜਿੱਥੇ ਵੱਡਮੁੱਲੀਆਂ ਜਨਤਕ ਸੰਪਤੀਆਂ ਕੁਝ ਚੋਣਵੇਂ ਲੋਕਾਂ ਨੂੰ ਸੌਂਪੀਆਂ ਜਾ ਰਹੀਆਂ ਹਨ, ਪੰਜਾਬ ਨੇ ਇੱਕ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ। ਸਾਡੀ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦਾ ਇੱਕ-ਇੱਕ ਪੈਸਾ ਲੋਕ ਭਲਾਈ ਲਈ ਪੂਰੀ ਸੂਝ ਨਾਲ ਵਰਤਿਆ ਜਾ ਰਿਹਾ ਹੈ। ਸਾਡੀ ਸਰਕਾਰ ਵੱਲੋਂ ਹਰ ਫੈਸਲਾ ਜਨਤਕ ਹਿੱਤਾਂ ਦੀ ਰਾਖੀ ਅਤੇ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਲਿਆ ਜਾ ਰਿਹਾ ਹੈ।”

ਨਵ-ਨਿਯੁਕਤ ਨੌਜਵਾਨਾਂ ਨੂੰ ਪੂਰੇ ਤਨਦੇਹੀ ਅਤੇ ਵਚਨਬੱਧਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦਿਆਂ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ, “ਇਹ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀਆਂ ਗਈਆਂ ਹਨ ਅਤੇ ਉਮੀਦਵਾਰਾਂ ਨੇ ਸਖ਼ਤ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕੀਤੀਆਂ ਹਨ।”

ਮੁੱਖ ਮੰਤਰੀ ਨੇ ਨੀਟ, ਜੇਈਈ ਅਤੇ ਜੇਈਈ ਐਡਵਾਂਸਡ ਵਰਗੀਆਂ ਪ੍ਰੀਖਿਆਵਾਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਕੂਲ ਆਫ਼ ਐਮੀਨੈਂਸ ਵਰਗੀਆਂ ਕ੍ਰਾਂਤੀਕਾਰੀ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, “ਪੰਜਾਬ ਵਿੱਚ ਜੀਐਸਟੀ (ਵਸਤਾਂ ਅਤੇ ਸੇਵਾਵਾਂ ਟੈਕਸ) ਦੀ ਵਸੂਲੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਅਤੇ ਇਸ ਵਾਧੂ ਮਾਲੀਏ ਨਾਲ ਲੋਕ ਭਲਾਈ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ।”

ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੀ ਸਰਕਾਰ ਪੰਜਾਬ ਨੂੰ ਹਰ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਵੇਂ ਇਹ ਸਿੱਖਿਆ, ਸਿਹਤ ਸੰਭਾਲ, ਰੁਜ਼ਗਾਰ ਉੱਤਪਤੀ, ਖੇਤੀਬਾੜੀ, ਉਦਯੋਗ ਜਾਂ ਲੋਕ ਭਲਾਈ ਹੋਵੇ, ਅਸੀਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਪੰਜਾਬ ਅਤੇ ਇਸ ਦੇ ਲੋਕਾਂ ਦੀ ਤਰੱਕੀ, ਖੁਸ਼ਹਾਲੀ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਪਾਰਦਰਸ਼ੀ ਭਰਤੀ ਮੁਹਿੰਮ ਨੇ ਪੰਜਾਬ ਦੇ ਨੌਜਵਾਨਾਂ ਲਈ ਪੈਦਾ ਕੀਤੇ ਨਵੇਂ ਮੌਕੇ

ਭਗਵੰਤ ਮਾਨ ਸਰਕਾਰ ਨੇ 2022 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਇੱਕ ਪਾਰਦਰਸ਼ੀ ਅਤੇ ਯੋਗਤਾ ਅਧਾਰਤ ਭਰਤੀ ਪ੍ਰਕਿਰਿਆ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ 67,563 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਸਰਕਾਰੀ ਨੌਕਰੀਆਂ ਲਈ ਸਿਫਾਰਸ਼ਾਂ ਅਤੇ ਪੈਸੇ ਦੀ ਤਾਕਤ ਦਾ ਕਲਚਰ ਖਤਮ ਹੋ ਗਿਆ ਹੈ। ਹਾਲ ਹੀ ਵਿੱਚ ਚਲਾਈ ਗਈ ਭਰਤੀ ਮੁਹਿੰਮ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ 523 ਨਿਯੁਕਤੀ ਪੱਤਰ ਵੰਡੇ ਗਏ, ਜਿਨ੍ਹਾਂ ਵਿੱਚ 178 ਮੈਡੀਕਲ ਅਫਸਰ, 99 ਸਟਾਫ ਨਰਸਾਂ, 124 ਮਲਟੀ-ਪਰਪਜ਼ ਹੈਲਥ ਵਰਕਰ (ਪੁਰਸ਼), 64 ਮਲਟੀ-ਪਰਪਜ਼ ਹੈਲਥ ਵਰਕਰ (ਔਰਤਾਂ), 24 ਡੈਂਟਲ ਟੀਚਿੰਗ ਫੈਕਲਟੀ ਮੈਂਬਰ, 23 ਆਯੁਰਵੈਦਿਕ ਟੀਚਿੰਗ ਫੈਕਲਟੀ ਮੈਂਬਰ ਸਮੇਤ ਕਲੈਰੀਕਲ ਅਤੇ ਸਹਾਇਕ ਸਟਾਫ ਸ਼ਾਮਲ ਹਨ। ਇਸ ਦੇ ਨਾਲ ਹੀ ਸਕੂਲ ਸਿੱਖਿਆ (16,316), ਗ੍ਰਹਿ ਮਾਮਲੇ (14,723), ਬਿਜਲੀ (8,306), ਸਥਾਨਕ ਸਰਕਾਰਾਂ (5,681), ਸਿਹਤ ਅਤੇ ਪਰਿਵਾਰ ਭਲਾਈ (4,235), ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ (2,355), ਮੈਡੀਕਲ ਸਿੱਖਿਆ ਅਤੇ ਖੋਜ (2,143) ਅਤੇ ਜਲ ਸਰੋਤ (2,168) ਸਮੇਤ ਵਿਭਾਗਾਂ ਵਿੱਚ ਵੀ ਵੱਡੀ ਭਰਤੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਹਰੇਕ ਭਰਤੀ ਪੂਰੀ ਤਰ੍ਹਾਂ ਯੋਗਤਾ ਅਤੇ ਪਾਰਦਰਸ਼ਤਾ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਨਾਲ ਭਰਤੀ ਪ੍ਰਕਿਰਿਆ ਵਿੱਚ ਨੌਜਵਾਨਾਂ ਦਾ ਭਰੋਸਾ ਬਹਾਲ ਹੋਇਆ ਹੈ ਅਤੇ ਸੂਬੇ ਭਰ ਵਿੱਚ ਯੋਗ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਏ ਗਏ ਹਨ।

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜਯਾ ਕਿਸ਼ੋਰ ਰਹਾਟਕਰ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਰਾਸ਼ਟਰੀ ਮਹਿਲਾ ਆਯੋਗ (ਐਨ.ਸੀ.ਡਬਲਯੂ) ਦੀ  ਚੇਅਰਪਰਸਨ ਸ੍ਰੀਮਤੀ ਵਿਜਯਾ ਕਿਸ਼ੋਰ ਰਹਾਟਕਰ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ।

ਮੁਲਾਕਾਤ ਦੌਰਾਨ ਦੋਵਾਂ ਹਸਤੀਆਂ ਨੇ ਮਹਿਲਾਵਾਂ ਦੀ ਭਲਾਈ, ਸਸ਼ਕਤੀਕਰਨ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਖਾਸ ਤੌਰ ‘ਤੇ ਲੜਕੀਆਂ ਅਤੇ ਮਹਿਲਾਵਾਂ ਵਿੱਚ ਵੱਧ ਰਹੀ ਨਸ਼ਾਖੋਰੀ ਦੀ ਸਮੱਸਿਆ ਅਤੇ ਇਸ ਉਭਰ ਰਹੀ ਸਮਾਜਿਕ ਚੁਣੌਤੀ ਨਾਲ ਨਜਿੱਠਣ ਲਈ ਕੇਂਦਰਿਤ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

ਉਨ੍ਹਾਂ ਨੇ ਨਸ਼ਿਆਂ ਦੀ ਲਤ ਤੋਂ ਪ੍ਰਭਾਵਿਤ ਲੜਕੀਆਂ ਅਤੇ ਮਹਿਲਾਵਾਂ ਲਈ ਜਾਗਰੂਕਤਾ ਮੁਹਿੰਮਾਂ, ਰੋਕਥਾਮ ਉਪਾਵਾਂ, ਕਾਊਂਸਲੰਿਗ ਸੇਵਾਵਾਂ ਅਤੇ ਪੁਨਰਵਾਸ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ, ਪੁਨਰਵਾਸ ਅਤੇ ਸਮਾਜਿਕ ਪੁਨਰ-ਏਕੀਕਰਨ ਨੂੰ ਸਫਲ ਬਣਾਉਣ ਲਈ ਸਰਕਾਰੀ ਏਜੰਸੀਆਂ, ਸਿੱਖਿਆ ਸੰਸਥਾਵਾਂ, ਸਿਵਲ ਸੁਸਾਇਟੀ ਸੰਗਠਨਾਂ ਅਤੇ ਸਮੁਦਾਇਕ ਭਾਗੀਦਾਰਾਂ ਦੇ ਸਾਂਝੇ ਅਤੇ ਤਾਲਮੇਲ ਵਾਲੇ ਯਤਨਾਂ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ ਗਿਆ।

ਪਰਿਵਾਰਾਂ ਵਿੱਚ ਮਾਵਾਂ ਅਤੇ ਮਹਿਲਾਵਾਂ ਦੀ ਨਸ਼ਾ ਰੋਕਥਾਮ ਵਿੱਚ ਭੂਮਿਕਾ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਮਾਵਾਂ ਅਕਸਰ ਬੱਚਿਆਂ ਦੇ ਵਿਵਹਾਰ ਵਿੱਚ ਆਉਣ ਵਾਲੇ ਬਦਲਾਵਾਂ ਨੂੰ ਸਭ ਤੋਂ ਪਹਿਲਾਂ ਨੋਟਿਸ ਕਰਦੀਆਂ ਹਨ ਅਤੇ ਉਹ ਸਮੇਂ ਸਿਰ ਦਖਲਅੰਦਾਜ਼ੀ, ਮਾਰਗਦਰਸ਼ਨ ਅਤੇ ਅਜਿਹਾ ਸਹਿਯੋਗੀ ਪਰਿਵਾਰਕ ਮਾਹੌਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਜੋ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇ। ਮਾਵਾਂ ਨੂੰ ਜਾਗਰੂਕਤਾ ਅਤੇ ਸਮੁਦਾਇਕ ਭਾਗੀਦਾਰੀ ਮੁਹਿੰਮਾਂ ਰਾਹੀਂ ਸਸ਼ਕਤ ਬਣਾਉਣ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਪ੍ਰਭਾਵਸ਼ਾਲੀ ਰਣਨੀਤੀ ਵਜੋਂ ਉਜਾਗਰ ਕੀਤਾ ਗਿਆ।

ਸ੍ਰੀ ਕਟਾਰੀਆ ਨੇ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਦੇਸ਼ ਭਰ ਵਿੱਚ ਲੰਿਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਮਹਿਲਾ ਆਯੋਗ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਲੜਕੀਆਂ ਅਤੇ ਮਹਿਲਾਵਾਂ ਨੂੰ ਨਸ਼ਿਆਂ ਦੇ ਕਹਿਰ ਤੋਂ ਬਚਾਉਣਾ ਅਤੇ ਉਨ੍ਹਾਂ ਲਈ ਪ੍ਰਭਾਵਸ਼ਾਲੀ ਪੁਨਰਵਾਸ ਸਹਾਇਤਾ ਯਕੀਨੀ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਮਾਵਾਂ ਸਮਾਜਿਕ ਬਦਲਾਅ ਦੀਆਂ ਮਹੱਤਵਪੂਰਨ ਪ੍ਰੇਰਕ ਸ਼ਕਤੀਆਂ ਹਨ।

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ, ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 17 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮਿਜ਼ਾਜ ਫਿਰ ਤੋਂ ਬਦਲ ਸਕਦਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 6 ਦਿਨਾਂ ਵਿੱਚ ਮਹੀਂ ਪੈਣ ਦਾ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਨਾਲ ਲੱਗਦੇ ਮਾਲਵਾ ਖੇਤਰ ਦੇ ਕਈ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਗਰਜ਼-ਚਮਕ, ਤੇਜ਼ ਹਵਾਵਾਂ ਅਤੇ ਆਸਮਾਨੀ ਬਿਜਲੀ ਲਿਸ਼ਕਣ ਦੇ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ ਹੈ ਕਿ ਉਹ ਖ਼ਰਾਬ ਮੌਸਮ ਅਤੇ ਮੀਂਹ ਦੌਰਾਨ ਬਿਨਾਂ ਵਜ੍ਹਾ ਘਰੋਂ ਬਾਹਰ ਨਾ ਨਿਕਲਣ। ਪੇਂਡੂ ਅਤੇ ਖੇਤੀਬਾੜੀ ਖੇਤਰਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਸਮਾਨੀ ਬਿਜਲੀ ਦੇ ਖ਼ਤਰੇ ਦੇ ਮੱਦੇਨਜ਼ਰ ਦਰਖਤਾਂ ਦੇ ਥੱਲੇ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਦੇ ਨੇੜੇ ਜਾਣ ਤੋਂ ਸੰਕੋਚ ਕਰਨ। ਪੰਜਾਬ ਦੇ 16 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਤੇ ਸੰਗਰੂਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਹਨੇਰੀ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 19 ਜੂਨ ਨੂੰ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿੋਲਮੀਟਰ ਪ੍ਰਤੀ ਘੰਟਾ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 18 ਜੂਨ ਨੂੰ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਸ ਦਿਨ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 20 ਜੂਨ ਨੂੰ 6 ਜ਼ਿਲ੍ਹਿਆਂ ‘ਚ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

17-06-2026

ਸੋਰਠਿ ਮਹਲਾ ੫ ॥

ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ॥੨॥੬॥੭੦॥ਬੁੱਧਵਾਰ, ੩ ਹਾੜ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੨੬)

ਪੰਜਾਬੀ ਵਿਆਖਿਆ

ਪੂਰੇ ਗੁਰੂ ਨੇ ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋਂ ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧। ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਨੇ ਆਪ ਉਸ ਦੀ ਹਰੇਕ ਪੀੜਾ ਦੂਰ ਕਰ ਦਿੱਤੀ। ਰਹਾਉ।ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਭੀ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ। ਹੇ ਭਾਈ! ਬਾਲਕ ਹਰਿ-ਗੋਬਿੰਦ ਨੂੰ ਭੀ ਪ੍ਰਭੂ ਨੇ ਆਪ ਬਚਾਇਆ ਹੈ, ਕਿਸੇ ਦੇਵੀ ਆਦਿਕ ਨੇ ਨਹੀਂ। ਹੇ ਦਾਸ ਨਾਨਕ! ਆਖ- ਮੈਂ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।

English Translation

SORAT’H, FIFTH MEHL:

The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. || 1 || The True Guru Himself has eradicated the disease. All the Sikhs and Saints are filled with joy, meditating on the Name of the Lord, Har, Har. || Pause || They obtain that which they ask for. God gives to His Saints. God saved Hargobind. Servant Nanak speaks the Truth. || 2 || 6 || 70 ||Wednesday, 3rd Assaar

(Samvat 558 Nanakshahi)

(Page: 626)

Category : ਸਿਹਤ