Breaking News
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲ ਅਫ਼ਸਰਾਂ ਦੀਆਂ ਬਦਲੀਆਂ

ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵਿੱਚ ਜ਼ਿਲ੍ਹਾ ਮਾਲ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਕੇਂਦਰ ਸਰਕਾਰ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਨਾਜ ਦੇ ਭੰਡਾਰਨ ਸਬੰਧੀ ਜਗ੍ਹਾ ਦੀ ਘਾਟ ਦੇ ਮੁੱਦੇ ਦੇ ਸਬੰਧ ਵਿੱਚ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਜਗ੍ਹਾ ਦੀ ਕਮੀ ਦੇ ਮੁੱਖ ਮੁੱਦੇ ਨੂੰ ਹੱਲ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਫ਼ੀ ਸਮੇਂ ਤੋਂ ਕੇਂਦਰ ਸਰਕਾਰ ਅੱਗੇ ਲਗਾਤਾਰ ਉਠਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਨੂੰ ਅਪ੍ਰੈਲ ਅਤੇ ਮਈ, 2026 ਦੇ ਮਹੀਨਿਆਂ ਦੌਰਾਨ ਅਨਾਜ ਦੀ ਚੁਕਾਈ ਲਈ 860 ਵਿਸ਼ੇਸ਼ ਰੇਲ ਗੱਡੀਆਂ ਅਲਾਟ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ, ਪਰ ਐਫ.ਸੀ.ਆਈ. ਦੁਆਰਾ ਲੋੜੀਂਦੀ ਗਿਣਤੀ ਵਿੱਚ ਇਹ ਰੇਲਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਇੱਕ ਹਫ਼ਤੇ ਵਿੱਚ 80 ਲੱਖ ਮੀਟ੍ਰਿਕ ਟਨ ਕਣਕ ਦੀ ਵੱਡੀ ਆਮਦ ਕਾਰਨ ਮੰਡੀਆਂ ਵਿੱਚ ਫ਼ਸਲ ਦੇ ਅੰਬਾਰ ਲੱਗਣ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਅਪ੍ਰੈਲ ਦੌਰਾਨ ਸਿਰਫ਼ 3.5 ਲੱਖ ਮੀਟ੍ਰਿਕ ਟਨ ਕਣਕ ਹੀ ਰੇਲ/ਸੜਕ/ਕੰਟੇਨਰਾਂ ਰਾਹੀਂ ਮੰਡੀਆਂ ‘ਚੋਂ ਸਿੱਧੀ ਚੁੱਕੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮਈ, 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਨਾਜ ਦੀ ਸਿੱਧੀ ਡਲਿਵਰੀ ਲਈ ਰੋਜ਼ਾਨਾ ਸਿਰਫ਼ ਤਿੰਨ ਤੋਂ ਪੰਜ ਵਿਸ਼ੇਸ਼ ਰੇਲ ਗੱਡੀਆਂ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਉਪਰੋਕਤ ਹਾਲਾਤਾਂ ਦੇ ਬਾਵਜੂਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਮੁਸ਼ਕਲ ਰਹਿਤ ਖਰੀਦ ਸੀਜ਼ਨ ਨੂੰ ਯਕੀਨੀ ਬਣਾਇਆ ਹੈ ਅਤੇ 122 ਲੱਖ ਮੀਟਰਕ ਟਨ (ਐਲ.ਐਮ.ਟੀ.) ਕਣਕ ਦੀ ਖਰੀਦ ਦਾ ਟੀਚਾ ਮੁਕੰਮਲ ਹੋਣ ਨੇੜੇ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 121.65 ਲੱਖ ਮੀਟਰਕ ਟਨ ਕਣਕ ਪਹੁੰਚੀ ਹੈ, ਜਿਸ ਵਿੱਚੋਂ 120.89 ਲੱਖ ਮੀਟਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ।

ਖਰੀਦੀ ਗਈ ਕਣਕ ਵਿੱਚੋਂ ਕੱਲ੍ਹ ਦੇਰ ਸ਼ਾਮ ਤੱਕ ਵੱਖ-ਵੱਖ ਸਰਕਾਰੀ ਏਜੰਸੀਆਂ ਨੇ 119.56 ਲੱਖ ਮੀਟਰਕ ਟਨ ਜਦੋਂ ਕਿ ਵਪਾਰੀਆਂ ਨੇ 133203.15 ਮੀਟਰਕ ਟਨ ਖਰੀਦੀ ਹੈ।

ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨ ਭਾਈਚਾਰੇ ਦੁਆਰਾ ਸਖ਼ਤ ਮਿਹਨਤ ਨਾਲ ਪੈਦਾ ਕੀਤੇ ਅਨਾਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਉਹ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਾਜ ਭਰ ਦੀਆਂ ਮੰਡੀਆਂ ਦਾ ਨਿੱਜੀ ਤੌਰ ‘ਤੇ ਦੌਰਾ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁਸ਼ਕਲ ਰਹਿਤ ਖਰੀਦ ਸੀਜ਼ਨ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਦਿੱਕਤ-ਪਰੇਸ਼ਾਨੀ ਨਾ ਆਵੇ।

ਭੁਗਤਾਨ ਦੇ ਮਾਮਲੇ ਵਿੱਚ 29000 ਕਰੋੜ ਰੁਪਏ ਤੋਂ ਵੱਧ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਰਕਮ ਨੂੰ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖਰੀਦ ਸੀਜ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 1896 ਖਰੀਦ ਕੇਂਦਰ ਅਤੇ ਲਗਭਗ 986 ਆਰਜ਼ੀ ਯਾਰਡ ਸਥਾਪਤ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ ਅਤੇ ਜਨਰਲ ਮੈਨੇਜਰ ਵਿੱਤ ਸਰਵੇਸ਼ ਕੁਮਾਰ ਸ਼ਾਮਿਲ ਸਨ।

ਅੰਮ੍ਰਿਤਸਰ ਅਤੇ ਜਲੰਧਰ ‘ਚ ਹੋਏ ਬੰਬ ਧਮਾਕੇ, ਪੰਜਾਬ ਵਿੱਚ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਹਿੱਸਾ : CM ਭਗਵੰਤ ਮਾਨ

ਰੋਪੜ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਪੰਜਾਬ ਵਿੱਚ ਡਰ ਅਤੇ ਹਿੰਸਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹਾਲ ਹੀ ਵਿੱਚ ਹੋਏ ਬੰਬ ਧਮਾਕੇ ਬੇਅਦਬੀ ਵਿਰੋਧੀ ਕਾਨੂੰਨ ਪਾਸ ਹੋਣ ਤੋਂ ਬਾਅਦ ਸੂਬੇ ਵਿੱਚ ਅਸਥਿਰਤਾ ਫੈਲਾਉਣ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹਨ। ਪੱਛਮੀ ਬੰਗਾਲ ਨਾਲ ਤੁਲਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਵੋਟਰਾਂ ਦਾ ਧਰੁਵੀਕਰਨ ਕਰਨ ਲਈ ਚੋਣਾਂ ਵਾਲੇ ਸੂਬਿਆਂ ਵਿੱਚ ਫਿਰਕੂ ਤਣਾਅ, ਦਹਿਸ਼ਤ ਅਤੇ ਅਸ਼ਾਂਤੀ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਪਸੰਦ ਪੰਜਾਬੀ ਕਦੇ ਵੀ ਭਗਵਾ ਪਾਰਟੀ ਨੂੰ ਸਿਆਸੀ-ਮੁਫ਼ਾਦ ਲਈ ਪੰਜਾਬ ਦੀ ਮੁਸ਼ਕਲ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦੇਣਗੇ।
ਸ਼ੁਕਰਾਨਾ ਯਾਤਰਾ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਭਾਜਪਾ ਚੋਣਾਂ ਤੋਂ ਪਹਿਲਾਂ ਬੰਗਾਲ ਦੀ ਤਰਜ਼ ’ਤੇ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਰਾਜਨੀਤਿਕ ਤੌਰ ’ਤੇ ਜਾਗਰੂਕ ਹਨ ਅਤੇ ਅਜਿਹੀਆਂ ਸਾਜ਼ਿਸ਼ਾਂ ਵਿਰੁੱਧ ਇੱਕਜੁੱਟ ਹਨ।’’
ਮੁੱਖ ਮੰਤਰੀ ਨੇ ਕਿਹਾ, “ਹਿੰਸਾ, ਫੁੱਟ ਪਾਉਣਾ ਅਤੇ ਫਿਰਕੂ ਧੜੇਬੰਦੀ ਭਗਵਾ ਪਾਰਟੀ ਦੀ ਰਾਜਨੀਤੀ ਦਾ ਅਨਿੱਖੜਵਾਂ ਅੰਗ ਹੈ। ਭਾਜਪਾ ਆਉਣ ਵਾਲੀਆਂ ਚੋਣਾਂ ਜਿੱਤਣ ਲਈ ਬੰਗਾਲ ਦੀ ਤਰਜ਼ ’ਤੇ ਪੰਜਾਬ ਵਿੱਚ ਹਿੰਸਾ ਅਤੇ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨਾਪਾਕ ਮਨਸੂਬੇ ਪੰਜਾਬ ਵਿੱਚ ਕਦੇ ਵੀ ਸਫ਼ਲ ਨਹੀਂ ਹੋਣਗੇ ਕਿਉਂਕਿ ਪੰਜਾਬ ਦੀ ਜਰਖੇਜ਼ ਧਰਤੀ ’ਤੇ ਕੁਝ ਵੀ ਉੱਗ ਸਕਦਾ ਹੈ, ਪਰ ਇੱਥੇ ਨਫ਼ਰਤ ਦੇ ਬੀਜ ਕਦੇ ਨਹੀਂ ਉੱਗ ਸਕਦੇ।”

‘ਆਪ’ ਸਰਕਾਰ ਦੀ ਸ਼ਾਂਤੀ, ਏਕਤਾ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਪੰਜਾਬੀ ਦਿਨ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਕਰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਮੁੱਢ-ਕਦੀਮੋਂ ਭਾਈਚਾਰੇ, ਮੋਹ-ਪਿਆਰ ਅਤੇ ਦਰਿਆਦਿਲੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਮਾਹੌਲ ਨੂੰ ਸੰਨ੍ਹ ਲਾਉਣ ਵਾਲੀ ਕਿਸੇ ਵੀ ਕੋਸ਼ਿਸ਼ ਦਾ ਸਰਕਾਰ ਅਤੇ ਲੋਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।

ਸੂਬੇ ਵਿੱਚ ਹਾਲ ਹੀ ’ਚ ਹੋਏ ਬੰਬ ਧਮਾਕਿਆਂ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਭਾਜਪਾ ਦੀ ਸੌੜੀ ਰਾਜਨੀਤਕ ਸੋਚ ਨੂੰ ਜ਼ਾਹਰ ਕਰਦੀਆਂ ਹਨ, ਜਿਸ ਦਾ ਉਦੇਸ਼ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਸਿਰਜ ਕੇ ਸਮਾਜ ਦਾ ਧਰੁਵੀਕਰਨ ਕਰਨਾ ਅਤੇ ਵੋਟਾਂ ਹਾਸਲ ਕਰਨਾ ਹੈ। ਉਨ੍ਹਾਂ ਕਿਹਾ,‘‘ਭਾਜਪਾ ਵੱਲੋਂ ਚੋਣਾਂ ਵਾਲੇ ਹਰ ਸੂਬੇ ਵਿੱਚ ਚੋਣ ਲਾਭ ਲੈਣ ਲਈ ਇਹ ਫੁੱਟ ਪਾਊ ਰਾਜਨੀਤੀ ਕੀਤੀ ਜਾ ਰਹੀ ਹੈ। ਇਹ ਲੋਕ ਪਹਿਲਾਂ ਹੀ ਬੇਅਦਬੀ ਵਿਰੋਧੀ ਕਾਨੂੰਨ ਪਾਸ ਹੋਣ ਕਾਰਨ ਪ੍ਰੇਸ਼ਾਨ ਹਨ ਅਤੇ ਭਾਜਪਾ ਫਿਰਕੂ ਤਣਾਅ ਪੈਦਾ ਕਰਨ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਬੇਅਦਬੀ ਦੀਆਂ ਘਟਨਾਵਾਂ ਦਾ ਲਾਹਾ ਲੈਣਾ ਚਾਹੁੰਦੀ ਹੈ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ, 2026 ਪਾਸ ਹੋਣ ਨਾਲ ਅਜਿਹੀਆਂ ਸਾਜ਼ਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ਹੁਣ ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ, 2026 ਪਾਸ ਹੋ ਗਿਆ ਹੈ ਤਾਂ ਉਹ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਨਹੀਂ ਕਰ ਸਕਣਗੇ। ਇਸ ਤੋਂ ਬੁਖ਼ਲਾ ਕੇ ਭਾਜਪਾ ਹੁਣ ਪੰਜਾਬ ਦੀ ਔਖੀ ਕਮਾਈ ਸ਼ਾਂਤੀ ਭੰਗ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਪਰ ਅਜਿਹੀਆਂ ਚਾਲਾਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।’’

ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾਵਾਂ ਸਪੱਸ਼ਟ ਤੌਰ ’ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਜਿਹੀ ਕਿਸੇ ਵੀ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। “ਪੰਜਾਬ ਇੱਕ ਸ਼ਾਂਤੀ ਪਸੰਦ ਸੂਬਾ ਹੈ ਅਤੇ ਪੰਜਾਬੀ ਰਾਜਨੀਤਿਕ ਤੌਰ ’ਤੇ ਚੌਕਸ ਹਨ। ਉਹ ਅਜਿਹੀਆਂ ਚਾਲਾਂ ਪਿੱਛੇ ਲੁਕੇ ਫੁੱਟ ਪਾਊ ਏਜੰਡੇ ਨੂੰ ਭਲੀਭਾਂਤ ਸਮਝਦੇ ਹਨ।”

ਪੰਜਾਬ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਕਾਰਵਾਈਆਂ ਵਿਰੁੱਧ ਸੂਬਾ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਧਮਾਕਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦੀ ਬੇਨਕਾਬ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ, “ਮਨੁੱਖਤਾ ਵਿਰੁੱਧ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਜਲਦੀ ਮਿਸਾਲੀ ਸਜ਼ਾ ਦਿਵਾ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਨ੍ਹਾਂ ਲੋਕਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਲਈ ਜ਼ੀਰੋ ਟਾਲਰੈਂਸ ਪਹੁੰਚ ਰੱਖਦੀ ਹੈ।”

ਹਾਲੀਆ ਚੋਣ ਨਤੀਜਿਆਂ ਅਤੇ ਦੂਜੇ ਸੂਬਿਆਂ ਵਿੱਚ ਚੋਣਾਂ ਸਬੰਧੀ ਲੱਗ ਰਹੇ ਦੋਸ਼ਾਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਕੰਮਕਾਜ ਅਤੇ ਨਿਰਪੱਖਤਾ ’ਤੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ, ਜੋ ਲੋਕਤੰਤਰ ਲਈ ਬਹੁਤ ਮੰਦਭਾਗਾ ਅਤੇ ਖਤਰਨਾਕ ਹੈ। ਉਨ੍ਹਾਂ ਕਿਹ,‘‘ਚੋਣ ਕਮਿਸ਼ਨ ਦੀ ਨਿਰਪੱਖਤਾ ਨਾਲ ਜੁੜੇ ਸਵਾਲ ਲੋਕਤੰਤਰ ਲਈ ਘਾਤਕ ਹਨ। ਚੋਣ ਪ੍ਰਕਿਰਿਆ ਸਬੰਧੀ ਸ਼ੰਕਿਆਂ ਦਾ ਹੱਲ ਪਾਰਦਰਸ਼ੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣ ਕਮਿਸ਼ਨ ਨੂੰ ਅਜਿਹੇ ਭਰਮ-ਭੁਲੇਖੇ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਅਜਿਹੇ ਮੁੱਦੇ ਲੋਕਤੰਤਰ ’ਤੇ ਹਮਲਾ ਹਨ। ਇਹ ਲੋਕਤੰਤਰੀ ਕਦਰਾਂ-ਕੀਮਤਾਂ ਦੇ ਕਤਲ ਤੋਂ ਘੱਟ ਨਹੀਂ ਹੈ।’’

ਪਾਰਦਰਸ਼ਤਾ, ਨਿਆਂ ਅਤੇ ਲੋਕ ਭਲਾਈ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ, ਸੂਬੇ ਦੀ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਵਿਰੁੱਧ ਇੱਕਜੁੱਟ ਅਤੇ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਦੀ ਰਾਖੀ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਖੁਸ਼ਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਲੁਧਿਆਣਾ ’ਚ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬਿਮਾਰੀ ਦੇ ਚਲਦਿਆਂ ਪ੍ਰੇਸ਼ਾਨ ਹੋਏ ਇਕ ਪਤੀ ਪਤਨੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕਾਂ ਦਾ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਆਪਣੇ ਬੱਚਿਆਂ ਨੂੰ ਕਿਹਾ, ਸਾਨੂੰ ਮੁਆਫ ਕਰ ਦੇਣਾ। ਮ੍ਰਿਤਕਾਂ ਦੀ ਪਹਿਚਾਣ ਣਾਣਾ ਜੋਧਾਂ ਅੰਦਰ ਪੈਂਦੇ ਪਿੰਡ ਪਮਾਲ ਦੇ ਰਹਿਣ ਵਾਲੇ ਗੁਰਮੀਤ ਸਿੰਘ ਅਤੇ ਨਰਿੰਦਰ ਕੌਰ ਵਜੋਂ ਹੋਈ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ। ਇੱਕ ਬੇਟਾ ਅਤੇ ਲੜਕੀ ਕੈਨੇਡਾ ਵਿਚ ਰਹਿੰਦੇ ਹਨ, ਜਦੋਂ ਕਿ ਤੀਜਾ ਬੇਟਾ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ। ਬੇਟੇ ਨੇ ਜਦੋਂ ਰਾਤ ਨੂੰ ਡਿਊਟੀ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਦੋਵੇਂ ਕਮਰੇ ਵਿੱਚ ਬੇਹੋਸ਼ ਪਏ ਸਨ। ਉਸ ਨੇ ਜਦੋਂ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਕੌਰ ਪਿਛਲੇ 5-6 ਸਾਲ ਤੋਂ ਬਿਮਾਰ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦੇ ਸਨ।

ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਲਿਖਿਆ, ਅਸੀਂ ਆਪਣੀ ਜ਼ਿੰਦਗੀ ਤੋਂ ਦੁੱਖੀ ਹੋ ਕੇ ਇਹ ਕਦਮ ਚੁੱਕ ਰਹੇ ਹਾਂ। ਇਸ ਵਿੱਚ ਕਿਸੇ ਦੋਸਤ ਜਾਂ ਰਿਸ਼ੇਦਾਰ ਦਾ ਹੱਥ ਨਹੀਂ ਹੈ। ਨਾ ਹੀ ਪਰਿਵਾਰ ਉਤੇ ਕੋਈ ਕਾਰਵਾਈ ਕੀਤੀ ਜਾਵੇ। ਮੇਰੇ ਬੇਟੇ ਮੇਰੀ ਕਿਸੇ ਨਾਲ ਕੋਈ ਦੇਣਦਾਰੀ ਨਹੀਂ ਹੈ ਅਤੇ ਨਾ ਹੀ ਕੋਈ ਜਾਣਕਾਰੀ ਹੈ। ਜੋ ਮੈਂ ਕੀਤਾ ਆਪਣੇ ਸਿਰ ਉਤੇ ਕੀਤਾ। ਇਸ ਲਈ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਮੇਰੇ ਬੱਚਿਓ ਸਾਨੂੰ ਮੁਆਫ ਕਰ ਦੇਣਾ। ਅਸੀਂ ਤੁਹਾਡਾ ਸਾਥ ਨਹੀਂ ਦੇ ਸਕੇ। ਗਰੀਬੀ ਵਿੱਚ ਜਨਮ ਲਿਆ, ਗਰੀਬ ਵਿੱਚ ਮਰ ਗਏ।

ਬੇਅਦਬੀ ਵਿਰੋਧੀ ਕਾਨੂੰਨ ਲਾਗੂ ਹੋਣ ਮਗਰੋਂ CM ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਦੀ ਕੀਤੀ ਅਗਵਾਈ

ਸ੍ਰੀ ਆਨੰਦਪੁਰ ਸਾਹਿਬ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੂਰੇ ਉਤਸ਼ਾਹ ਨਾਲ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਯਾਤਰਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ਨੇ ਉਨ੍ਹਾਂ ਨੂੰ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਦੀ ਵਿਵਸਥਾ ਕਰਨ ਵਾਲਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ 2026 ਲਾਗੂ ਕਰ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਿਸ ਪਵਿੱਤਰ ਧਰਤੀ ਉੱਤੇ ਖ਼ਾਲਸਾ ਪੰਥ ਪ੍ਰਗਟ ਹੋਇਆ ਸੀ, ਉਸ ਤੋਂ ‘ਸ਼ੁਕਰਾਨਾ ਯਾਤਰਾ’ ਸ਼ੁਰੂ ਹੋਈ ਹੈ। ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਪਵਿੱਤਰ ਜ਼ਿੰਮੇਵਾਰੀ ਸਾਨੂੰ ਬਖ਼ਸ਼ਣ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸ਼ਾਂਤੀ ਅਤੇ ‘ਸਰਬੱਤ ਦੇ ਭਲਾ’ ਲਈ ਅਰਦਾਸਾਂ ਜਾਰੀ ਰਹਿਣਗੀਆਂ।”

ਪਵਿੱਤਰ ਤਖ਼ਤ ਸਾਹਿਬ ਵਿਖੇ ਮੱਥਾ ਟੇਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੇਰਾ ਰੋਮ-ਰੋਮ ਪਰਮਾਤਮਾ ਦਾ ਰਿਣੀ ਹੈ ਕਿ ਉਸ ਨੇ ਮੈਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਐਕਟ 2026 ਲਾਗੂ ਕਰ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ। ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਇਸ ਇਤਿਹਾਸਕ ਕਾਨੂੰਨ ਨੂੰ ਪਾਸ ਕਰਨ ਦੀ ਜ਼ਿੰਮੇਵਾਰੀ ਮਿਲੀ, ਜੋ ਭਵਿੱਖ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਹੋਵੇਗਾ।”

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਤੋੜਨਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਐਕਟ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਨਾ-ਮੁਆਫ਼ੀਯੋਗ ਅਪਰਾਧ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਇਹ ਕਾਨੂੰਨ ਰੋਕਥਾਮ ਵਜੋਂ ਕੰਮ ਕਰੇਗਾ ਅਤੇ ਭਵਿੱਖ ਵਿੱਚ ਕੋਈ ਵੀ ਅਜਿਹਾ ਗੁਨਾਹ ਕਰਨ ਦੀ ਹਿੰਮਤ ਨਹੀਂ ਕਰੇਗਾ।”

ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰੂਹਾਨੀ ਸਾਂਝ ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਸਿੱਖ ਲਈ ਪਿਤਾ ਵਾਂਗ ਹਨ ਅਤੇ ਇਸ ਦੀ ਪਵਿੱਤਰਤਾ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਦੁਨੀਆ ਭਰ ਦੇ ਲੋਕ ਇਸ ਇਤਿਹਾਸਕ ਕਦਮਤੇ ਖ਼ੁਸ਼ੀ ਪ੍ਰਗਟ ਕਰ ਰਹੇ ਹਨ ਅਤੇ ਧੰਨਵਾਦ ਕਰ ਰਹੇ ਹਨ।”

ਸ਼ੁਕਰਾਨਾ ਯਾਤਰਾ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਉਹ 9 ਮਈ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ, ਮਸਤੂਆਣਾ ਸਾਹਿਬ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ।” ਉਨ੍ਹਾਂ ਬੇਹੱਦ ਗਰਮੀ ਦੇ ਬਾਵਜੂਦ ਇੱਥੇ ਇਕੱਤਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ “ਇਸ ਯਾਤਰਾ ਦਾ ਇੱਕੋ ਇੱਕ ਮੰਤਵ ਇਸ ਮਹੱਤਵਪੂਰਨ ਐਕਟ ਨੂੰ ਪਾਸ ਕਰਨ ਲਈ ਤਾਕਤ ਅਤੇ ਬਖ਼ਸ਼ਣ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਤਾਂ ਇਕ ਮਾਧਿਅਮ ਹਾਂ, ਜਿਸ ਨੂੰ ਗੁਰੂ ਸਾਹਿਬ ਨੇ ਇਹ ਪਵਿੱਤਰ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਹੈ। ਮੈਂ ਇਸ ਐਕਟ ਨੂੰ ਪਾਸ ਕਰਨ ਵਾਲਾ ਕੋਈ ਨਹੀਂ ਹਾਂ। ਗੁਰੂ ਸਾਹਿਬ ਨੇ ਖ਼ੁਦ ਇਹ ਸੇਵਾ ਮੇਰੇ ਤੋਂ ਲਈ ਹੈ। ਪਰਮਾਤਮਾ ਅਜਿਹੀ ਸੇਵਾ ਸਿਰਫ਼ ਉਨ੍ਹਾਂ ਨੂੰ ਹੀ ਸੌਂਪਦਾ ਹੈ, ਜਿਨ੍ਹਾਂ ਨੂੰ ਉਸ ਨੇ ਖ਼ੁਦ ਚੁਣਿਆ ਹੁੰਦਾ ਹੈ। ਮੈਂ ਗੁਰੂ ਸਾਹਿਬ ਦਾ ਇਕ ਨਿਮਾਣਾ ਸੇਵਕ ਹਾਂ, ਜਿਸ ਨੂੰ ਇਹ ਕਾਰਜ ਸੌਂਪਿਆ ਗਿਆ ਹੈ।”

ਉਨ੍ਹਾਂ ਅੱਗੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਲੰਬੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹੇ ਕਾਨੂੰਨ ਦੀ ਮੰਗ ਕਰ ਰਹੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਐਕਟ ਦਾ ਇੱਕੋ-ਇੱਕ ਉਦੇਸ਼ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਲੋਕਾਂ ਦੀਆਂ ਅਸ਼ਾਂਤ ਹੋਈਆਂ ਭਾਵਨਾਵਾਂ ਨੂੰ ਸ਼ਾਂਤ ਕਰਨਾ ਹੈ। ਇਸ ਕਾਨੂੰਨ ਪਿੱਛੇ ਕੋਈ ਵੀ ਸਿਆਸੀ ਮੰਤਵ ਨਹੀਂ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਇਸ ਪਹਿਲਕਦਮੀ ਲਈ ਸਾਡਾ ਧੰਨਵਾਦ ਕਰਨ ਲਈ ਰੋਜ਼ਾਨਾ ਫੋਨ ਕਰ ਰਹੇ ਹਨ ਪਰ ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਇਸ ਐਕਟ ਦਾ ਵਿਰੋਧ ਸਿਰਫ਼ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਰਾਜਨੀਤਿਕ ਆਕਾ ਨਾਖ਼ੁਸ਼ ਹਨ। ਉਨ੍ਹਾਂ ਕਿਹਾ, “ਇਹ ਮੰਦਭਾਗਾ ਹੈ ਕਿ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਪਵਿੱਤਰ ਮੁੱਦੇ `ਤੇ ਵੀ ਸਿਆਸਤ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਜਲਦੀ ਆਪਣੇ ਗੁਨਾਹਾਂ ਦੇ ਨਤੀਜੇ ਭੁਗਤਣੇ ਪੈਣਗੇ।”

ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨਾਲ ਮਿਲ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ `ਤੇ ਸ਼ਰਧਾਂਜਲੀ ਦੇਣ ਦੇ ਮਾਮਲੇ ਦੀ ਸਦਨ ਵਿੱਚ ਸਫ਼ਲਤਾਪੂਰਵਕ ਪੈਰਵੀ ਕੀਤੀ ਸੀ।” ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਉਸ ਸਮੇਂ ਨੂੰ ਸੋਗ ਦੇ ਮਹੀਨੇ ਵਜੋਂ ਮਨਾਉਂਦਾ ਹੈ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਮ ਸ਼ਾਸਕਾਂ ਨੇ ਜ਼ਿੰਦਾ ਨੀਂਹਾਂ ਵਿੱਚ ਚਿਣ ਦਿੱਤਾ ਸੀ। ਮੇਰੇ ਤੋਂ ਪਹਿਲਾਂ 190 ਤੋਂ ਵੱਧ ਸੰਸਦ ਮੈਂਬਰਾਂ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਸੰਸਦ ਵਿੱਚ ਇਹ ਮੁੱਦਾ ਨਹੀਂ ਚੁੱਕਿਆ।”

ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਤਿਆਚਾਰ, ਬੇਇਨਸਾਫ਼ੀ ਤੇ ਦਮਨ ਵਿਰੁੱਧ ਜੂਝਣ ਲਈ ਪ੍ਰੇਰਿਤ ਕਰਦੀ ਰਹੇਗੀ। ਸ੍ਰੀ ਆਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, “ਇਸ ਪਵਿੱਤਰ ਧਰਤੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਖ਼ਾਲਸਾ ਪੰਥ ਪ੍ਰਗਟ ਕੀਤਾ ਸੀ, ਜੋ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਘਟਨਾ ਸੀ। ਇਸੇ ਦਿਨ ਸਾਡੀ ਸਰਕਾਰ ਨੇ ਬੇਅਦਬੀ ਵਿਰੁੱਧ ਇਤਿਹਾਸਕ ਕਾਨੂੰਨ ਪਾਸ ਕੀਤਾ ਹੈ।”

ਮੁੱਖ ਮੰਤਰੀ ਨੇ ਇਹ ਵੀ ਚੇਤੇ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਪੰਜਾਬ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਈ। ਇਸ ਵਿਸ਼ੇਸ਼ ਇਜਲਾਸ ਦੌਰਾਨ ਵਿਧਾਨ ਸਭਾ ਨੇ ਅੰਮ੍ਰਿਤਸਰ, ਤਲਵੰਡੀ ਸਾਬੋ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ।”

ਪੰਜਾਬ ਵਿੱਚ ਸਿੱਖੀ ਦੇ ਰੂਹਾਨੀ ਮਹੱਤਵ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਤਿੰਨ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਪੰਜਾਬ ਵਿੱਚ ਪੈਂਦੇ ਹਨ। ਉਨ੍ਹਾਂ ਕਿਹਾ, “ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ਦੇ ਸਮੁੱਚੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।”

ਯਾਤਰਾ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਈ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

ਮੋਹਾਲੀ ’ਚ ਨਿਕਲੀਆਂ ਸਰਕਾਰੀ ਅਸਾਮੀਆਂ, Online ਮੰਗੀਆਂ ਅਰਜ਼ੀਆਂ

ਮੋਹਾਲੀ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਰਕਾਰੀ ਨੌਕਰੀਆਂ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਚੰਗੀ ਖਬਰ ਹੈ ਕਿ ਮੋਹਾਲੀ ਵਿੱਚ ਸਰਕਾਰੀ ਇੰਸਟੀਚਿਊਟ ਵਿੱਚ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਦੇ Indian Institute of Science Education and Research Mohali ਵੱਲੋਂ ਨਾਨ-ਟੀਚਿੰਗ ਦੀਆਂ 40 ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਭਰਤੀਆਂ ਗਰੁੱਪ A, ਗਰੁੱਪ B ਅਤੇ ਗਰੁੱਪ C ਸ਼੍ਰੇਣੀਆਂ ਹੇਠ ਕੀਤੀਆਂ ਜਾਣਗੀਆਂ। ਕੁੱਲ 40 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ 15 ਜੂਨ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਸਾਮੀਆਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ

ਪੁਲਿਸ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ Online ਪਹਿਚਾਣ ਕਰਕੇ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ

ਚੰਡੀਗੜ੍ਹ , 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਮਿਉਨਿਟੀ ਪੁਲਿਸਿੰਗ ਨੂੰ ਅਗਲੇ ਪੱਧਰ ’ਤੇ ਲਿਜਾਂਦਿਆਂ ਪੰਜਾਬ ਪੁਲਿਸ ਨੇ ਆਪਣੇ ‘ਯੁਵਾ ਸਾਂਝ ਪ੍ਰੋਗਰਾਮ’ ਤਹਿਤ ਰਾਹ ਤੋੰ ਭਟਕੇ ਹੋਏ ਨੌਜਵਾਨਾਂ ਤੱਕ ਪਹੁੰਚ ਨੂੰ ਹੋਰ ਤੇਜ਼ ਕੀਤਾ ਹੈ। ਇਹ ਪਹਿਲ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਹੇਠ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਨਾਲ-ਨਾਲ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ। ਜਨਵਰੀ ਤੋਂ ਹੁਣ ਤੱਕ, ਕਮਿਊਨਿਟੀ ਅਫੇਅਰਜ਼ ਡਿਵਿਜ਼ਨ (ਸੀ. ਏ. ਡੀ.) ਦੀ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਗੁਰਪ੍ਰੀਤ ਕੌਰ ਦੇਓ ਦੀ ਅਗਵਾਈ ਹੇਠ ਕਈ ਮੀਟਿੰਗਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦਾ ਮਕਸਦ ਅਧਿਕਾਰੀਆਂ ਅਤੇ ਸਮੁਦਾਇਕ ਭਾਈਵਾਲਾਂ ਨੂੰ ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਬਾਰੇ ਜਾਣੂ ਕਰਵਾਉਣਾ ਹੈ।

‘ਗੈਂਗਸਟਰਾਂ ’ਤੇ ਵਾਰ’ ਦੇ ਨਿਵਾਰਕ ਪੱਖ ਵਜੋਂ ਸਥਾਪਿਤ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਅੱਤਵਾਦ , ਗਨ ਕਲਚਰ , ਨਸ਼ਾਖੋਰੀ ਅਤੇ ਹੋਰ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਸਕਾਰਾਤਮਕ ਵਿਕਲਪ ਪ੍ਰਦਾਨ ਕਰਦਾ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਪੰਜ ਸੰਵਾਦ ਸੈਸ਼ਨ ਕਰਵਾਏ ਗਏ ਹਨ ਅਤੇ ਅਗਲੇ ਅੱਠ ਮਹੀਨਿਆਂ ਵਿੱਚ ਹੋਰ 11 ਸੈਸ਼ਨ ਕਰਵਾਉਣ ਦੀ ਯੋਜਨਾ ਹੈ ਤਾਂ ਜੋ ਇਸਦੀ ਪਹੁੰਚ ਦਾ ਦਾਇਰਾ ਹੋਰ ਵਧਾਇਆ ਜਾ ਸਕੇ।

ਇਸ ਪਹਿਲ ਤਹਿਤ ਪੰਜਾਬ ਪੁਲਿਸ ਸਮੁਦਾਇਕ ਪੱਧਰ ’ਤੇ ਉਹਨਾਂ ਨੌਜਵਾਨਾਂ ਦੀ ਪਛਾਣ ਕਰਦੀ ਹੈ, ਜੋ ਆਨਲਾਈਨ ਅੱਤਵਾਦ , ਹਿੰਸਾ ਜਾਂ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹੁਣ ਤੱਕ 2,358 ਨੌਜਵਾਨਾਂ ਦੀ ਪਛਾਣ ਸੋਸ਼ਲ ਮੀਡੀਆ ਵਿਸ਼ਲੇਸ਼ਣ ਰਾਹੀਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 1519 ਦੀਆਂ ਪ੍ਰੋਫਾਈਲਾਂ ਰਾਜ ਪੱਧਰੀ ‘ਯੁਵਾ ਸਾਂਝ ਸਾਫਟਵੇਅਰ’ ’ਤੇ ਤਿਆਰ ਕੀਤੀਆਂ ਗਈਆਂ ਹਨ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਕਿਹਾ, “ਪੰਜਾਬ ਪੁਲਿਸ ਇੱਕ ਸੰਤੁਲਿਤ ਦੋ ਨੁਕਾਤੀ ਰਣਨੀਤੀ ’ਤੇ ਕੰਮ ਕਰ ਰਹੀ ਹੈ—‘ਗੈਂਗਸਟਰਾਂ ’ਤੇ ਵਾਰ’ ਰਾਹੀਂ ਸਖ਼ਤ ਕਾਰਵਾਈ ਅਤੇ ‘ਯੁਵਾ ਸਾਂਝ’ ਰਾਹੀਂ ਲਗਾਤਾਰ ਸੰਪਰਕ ਤੇ ਨਿਗਰਾਨੀ । ਮਨੋਵਿਗਿਆਨਕ ਪ੍ਰੋਫਾਈਲਿੰਗ, ਸੰਰਚਿਤ ਕਾਊਂਸਲਿੰਗ ਅਤੇ ਪਰਿਵਾਰ ਦੀ ਭਾਗੀਦਾਰੀ ਇਸ ਪਹਿਲ ਦਾ ਅਧਾਰ ਹਨ। ਜਿੰਨ੍ਹਾਂ ਮਾਮਲਿਆਂ ਵਿੱਚ ਹੋਰ ਡੂੰਘੀ ਦਖਲ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਉਪ-ਮੰਡਲ ਪੱਧਰ ਦੇ ਸਮੁਦਾਇਕ ਕੇਂਦਰਾਂ ਨੂੰ ਭੇਜਿਆ ਜਾਂਦਾ ਹੈ ਤਾਂ ਜੋ ਨਿਰੰਤਰ ਦੇਖਭਾਲ ਯਕੀਨੀ ਬਣਾਈ ਜਾ ਸਕੇ । ਸਾਡਾ ਉਦੇਸ਼ ਸਪੱਸ਼ਟ ਹੈ-ਅਪਰਾਧਿਕ ਨੈੱਟਵਰਕਾਂ ਨੂੰ ਤੋੜਨਾ ਅਤੇ ਨੌਜਵਾਨਾਂ ਨੂੰ ਉਹਨਾਂ ਤੋਂ ਦੂਰ ਰੱਖਣਾ।”

ਹੁਣ ਤੱਕ 1490 ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ, ਜਦਕਿ 1,109 ਨੇ ਕਾਊਂਸਲਿੰਗ ਸੈਸ਼ਨਾਂ ਵਿੱਚ ਹਿੱਸਾ ਲਿਆ ਹੈ। ਕੁੱਲ ਮਿਲਾ ਕੇ 1,836 ਨੌਜਵਾਨਾਂ ਦੀ ਜ਼ਿਲ੍ਹਾ ਖੁਫ਼ੀਆ ਇਕਾਈਆਂ ਵੱਲੋਂ ਕਾਊਂਸਲਿੰਗ ਕੀਤੀ ਗਈ ਹੈ, ਜਦਕਿ ਜ਼ਿਲ੍ਹਾ ਟੀਮਾਂ ਵੱਲੋਂ 522 ਹੋਰ ਅਜਿਹੇ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ।

ਜ਼ਮੀਨੀ ਪੱਧਰ ’ਤੇ, ਜ਼ਿਲ੍ਹਾ ‘ਯੁਵਾ ਸਾਂਝ’ ਕਮੇਟੀਆਂ ਦੀ ਅਗਵਾਈ ਕਮਿਸ਼ਨਰ ਆਫ ਪੁਲਿਸ/ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ ਵੱਲੋਂ ਨਾਮਜ਼ਦ ਸੁਪਰਿੰਟੈਂਡੈਂਟ ਆਫ ਪੁਲਿਸ/ਡਿਪਟੀ ਕਮਿਸ਼ਨਰ ਆਫ ਪੁਲਿਸ ਰੈਂਕ ਦੇ ਅਧਿਕਾਰੀ ਕਰਦੇ ਹਨ । ਇਹਨਾਂ ਕਮੇਟੀਆਂ ਰਾਹੀਂ ਸਿਵਲ ਸੋਸਾਇਟੀ ਦੇ ਮੈਂਬਰ, ਸੇਵਾਮੁਕਤ ਅਧਿਕਾਰੀ, ਮਨੋਵਿਗਿਆਨੀ, ਐਨਜੀਓ ਅਤੇ ਸਮੁਦਾਇਕ ਨੁਮਾਇੰਦੇ ਇਕੱਠੇ ਹੋ ਕੇ ਪੂਰਨ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਉਂਦੇ ਹਨ।

ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਗੁਰਪ੍ਰੀਤ ਕੌਰ ਦੇਓ ਨੇ ਕਿਹਾ,“ਜਿੱਥੇ ‘ਗੈਂਗਸਟਰਾਂ ’ਤੇ ਵਾਰ’ ਦਾ ਮਕਸਦ ਸੰਗਠਿਤ ਅਪਰਾਧ ਨੂੰ ਖ਼ਤਮ ਕਰਨਾ ਹੈ, ਓਥੇ ‘ਯੁਵਾ ਸਾਂਝ’ ਦਾ ਮਕਸਦ ਰਾਹ ਤੋਂ ਭਟਕੇ ਨੌਜਵਾਨਾਂ ਦੀ ਸ਼ੁਰੂਆਤੀ ਪਛਾਣ ਕਰਕੇ ਉਹਨਾਂ ਨੂੰ ਸਹੀ ਰਾਹ ’ਤੇ ਲਿਆਉਣਾ ਹੈ। ਅਸੀਂ ਲੋੜ ਮੁਤਾਬਿਕ ਸਖ਼ਤੀ ਜਾਂ ਨਰਮੀ ਨਾਲ ਪੇਸ਼ ਆਉਂਦੇ ਹਾਂ ਤਾਂ ਜੋ ਸਮੇਂ ਸਿਰ ਦਖਲ ਰਾਹੀਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੀ ਦਿਸ਼ਾ ਬਦਲੀ ਜਾ ਸਕੇ ।”

ਮੁੜਵਸੇਬੇ ਦੀ ਵਿਵਸਥਾ ਸੀਪੀ/ਐੱਸਐੱਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਹੋਰ ਭਾਈਵਾਲ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਹੁਨਰ ਵਿਕਾਸ, ਰੋਜ਼ਗਾਰ ਨਾਲ ਜੋੜਨਾ ਅਤੇ ਲੋੜ ਅਨੁਸਾਰ ਵਿੱਤੀ ਸਹਾਇਤਾ ਸ਼ਾਮਲ ਹੈ ਤਾਂ ਜੋ ਨੌਜਵਾਨਾਂ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖ ਕੇ ਸਥਿਰ ਅਤੇ ਖੁਸ਼ਹਾਲ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਸਕੇ।

ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ,
“ਇਸ ਪਹਿਲ ਨੇ ਨਾ ਸਿਰਫ਼ ਜ਼ਮੀਨੀ ਪੱਧਰ ’ਤੇ ਅਪਰਾਧ ਦਰ ਘਟਾਉਣ ਵਿੱਚ ਮਦਦ ਕੀਤੀ ਹੈ, ਸਗੋਂ ਰਾਜ ਦੇ ਨੌਜਵਾਨਾਂ ਨੂੰ ਅਸਮਾਜਿਕ ਤੱਤਾਂ ਦਾ ਸਾਥ ਦੇਣ ਤੋਂ ਵੀ ਰੋਕਿਆ ਹੈ। ਇਹ ਦੇਸ਼ ਵਿੱਚ ਕਿਸੇ ਵੀ ਰਾਜ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਨਵੇਕਲੀ ਪਹਿਲ ਹੋ ਸਕਦੀ ਹੈ। ਪੰਜਾਬ ਪੁਲਿਸ ਨੇ ਨੌਜਵਾਨਾਂ ਨੂੰ ਆਪਣੇ ਭਰਮ -ਭੁਲੇਖੇ ਦੂਰ ਕਰਨ ਅਤੇ ਹਕੀਕਤ ਨਾਲ ਰੂਬਰੂ ਹੋਣ ਲਈ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।”

ਉਹਨਾਂ ਅੱਗੇ ਕਿਹਾ,“ਸਾਡੇ ਜ਼ਿਲ੍ਹੇ ਵਿੱਚ ਹੀ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨੌਜਵਾਨਾਂ ਦਾ ਇੱਕ ਮਜ਼ਬੂਤ ਸਮੂਹ ਤਿਆਰ ਕੀਤਾ ਹੈ, ਜੋ ਰਾਜ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਦਾ ਹੈ।”

ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਚੰਨ ਗੋਰਾਇਆ ਦਾ ਦੇਹਾਂਤ

ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਲਈ ਦੁੱਖਦਾਈ ਖਬਰ ਸਾਹਮਣੇ ਆਈ ਹੈ। ਉਘੇ ਗੀਤਕਾਰ ਅਤੇ ਲੇਖਕ ਚੰਨ ਗੋਰਾਇਆ ਦਾ ਦੇਹਾਂਤ ਹੋ ਗਿਆ। ਲੇਖਕ ਭੁਲਾ ਰਾਮ ਨੂੰ ਸੰਗੀਤ ਜਗਤ ਵਿੱਚ ਚੰਨ ਗੋਰਾਇਆ ਵਜੋਂ ਜਾਣਿਆ ਜਾਂਦਾ ਸੀ।  97 ਸਾਲਾ ਦੀ ਉਮਰ ਵਿੱਚ ਚੰਨ ਗੋਰਾਇਆ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਹਨ। ਚੰਨ ਗੋਰਾਇਆ ਨੇ ਸੰਗੀਤ ਜਗਤ ਵਿੱਚ ਆਪਣੀ ਕਲਮ ਤੋਂ ਕਈ ਮਸ਼ਹੂਰ ਗੀਤ ਦਿੱਤੇ ਹਨ।

ਉਨ੍ਹਾਂ ਦਾ ਜਨਮ ਕਸਬਾ ਗੋਰਾਇਆ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਮਨੁੱਖੀ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਗੀਤਕਾਰੀ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਇੱਕ ਦਰਜਨ ਤੋਂ ਵੱਧ ਕਿਤਾਬਾਂ ਪਾਈਆਂ ਅਤੇ ਪ੍ਰਸਿੱਧ ਪੰਜਾਬੀ ਫ਼ਿਲਮ ‘ਬਲਬੀਰੋ ਭਾਬੀ’ ਦਾ ਨਿਰਮਾਣ ਵੀ ਕੀਤਾ।

ਪੰਜਾਬ ’ਚ ਹੋਏ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਸ੍ਰੀ ਆਨੰਦਪੁਰ ਸਾਹਿਬ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ ਬੀਤੇ ਰਾਤ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਉਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਧਮਾਕਿਆਂ ਨੂੰ ਲੈ ਕੇ ਭਾਜਪਾ ਉਤੇ ਸਿੱਧਾ ਨਿਸ਼ਾਨਾ ਸਾਤਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਤੋਂ ਪਹਿਲਾਂ ਸੂਬਿਆਂ ਵਿੱਚ ਲੜਾਈਆਂ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਸਟਾਈਲ ਹੈ, ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਕਰਨਾ ਅਤੇ ਫਿਰ ਵੋਟਾਂ ਬਟੋਰਨਾ। ਉਨ੍ਹਾਂ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਇਕ ਬੇਹੱਦ ਸ਼ਾਂਤ ਸੂਬਾ ਹੈ ਅਤੇ ਇੱਥੋਂ ਦੇ ਭਾਈਚਾਰੇ ਨੁੰ ਖਰਾਬ ਕਰਨ ਵਾਲੀਆਂ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਫਿਰਕੂ ਪਾਰਟੀ ਦੱਸਦੇ ਹੋਏ ਕਿਹਾ ਕਿ ਹੁਣ ਇਨ੍ਹਾਂ ਹਰਕਤਾਂ ਤੋਂ ਬਾਜ਼ ਆਉਣ ਦਾ ਸ਼ਮਾਂ ਹੈ।

ਹਰ 6ਵਾਂ ਸਾਂਸਦ ਵੋਟ ਚੋਰੀ ਨਾਲ ਜਿੱਤਦਾ : ਰਾਹੁਲ ਗਾਂਧੀ

ਨਵੀਂ ਦਿੱਲੀ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਉਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਵਿੱਚ ਗੜਬੜੀ ਕਰਕੇ ਸੀਟਾਂ ਜੀਤੀ ਜਾ ਰਹੀ ਹੈ ਅਤੇ ਇਸ ਨੂੰ ਵੋਟ ਚੋਰੀ ਦੱਸਿਆ।

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਕਰਕੇ ਕਿਹਾ, ‘ਵੋਟ ਚੋਰੀ ਨਾਲ ਕਦੇ ਸੀਟਾਂ ਚੋਰੀ ਕੀਤੀਆਂ ਜਾਂਦੀਆਂ ਹਨ, ਕਦੇ ਪੂਰੀ ਸਰਕਾਰ। ਲੋਕ ਸਭਾ ਦੇ 240 ਭਾਜਪਾ ਸਾਂਸਦਾਂ ਵਿਚੋਂ, ਮੋਟੇ ਤੌਰ ਉਤੇ ਹਰ 6ਵਾਂ ਸਾਂਸਦ ਵੋਟ ਚੋਰੀ ਨਾਲ ਜਿੱਤਿਆ ਹੈ। ਪਹਿਚਣਨਾ ਮੁਸ਼ਕਲ ਨਹੀਂ, ਕਿਉਂਕਿ ਉਨ੍ਹਾਂ ਭਾਜਪਾ ਦੀ ਭਾਸ਼ਾ ਵਿੱਚ ‘ਘੁਸਪੈਠੀਏ’ ਕਹੇ।

ਅਤੇ ਹਰਿਆਣਾ? ਉਥੇ ਤਾਂ ਪੂਰੀ ਸਰਕਾਰ ਹੀ ਘੁਸਪੈਠੀਆ ਹੈ। ਜੋ ਸੰਸਥਾਵਾਂ ਆਪਣੀ ਜੇਬ ਵਿੱਚ ਰੱਖਦੇ ਹਨ, ਜੋ ਵੋਟਰ ਸੂਚੀਆਂ ਅਤੇ ਚੋਣ ਪ੍ਰਕਿਰਿਆ ਨੂੰ ਤੋੜ ਮਰੋੜ ਦਿੰਦੇ ਹਨ, ਉਹ ਖੁਦ ‘remote Controlled’ ਹੈ। ਉਨ੍ਹਾਂ ਅਸਲੀ ਡਰ ਸੱਚਾਈ ਦਾ ਹੈ। ਕਿਉਂਕਿ ਨਿਰਪੱਖ ਚੋਣ ਹੋ ਜਾਵੇ, ਤਾਂ ਅੱਜ ਇਹ 140 ਤੋਂ ਉਪਰ ਨਹੀਂ ਜਾ ਸਕਦੇ।

https://twitter.com/RahulGandhi/status/2051868159343534572

Category : ਮਨੋਰੰਜਨ