ਵੈਂਟੀਲੇਟਰ ਤੇ ਕਾਰਡੀਆਕ ਮਾਨੀਟਰ ਮਸ਼ੀਨਾਂ ਵਾਲੇ 66 ਨਵੇਂ ਬੈੱਡ ਮਰੀਜਾਂ ਦੀ ਸੇਵਾ ਲਈ ਤਿਆਰ

ਪਟਿਆਲਾ, 30 ਸਤੰਬਰ: ਭਲਕੇ 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਆਈ.ਸੀ.ਯੂ. ਅਤੇ ਐਨ.ਆਈ.ਸੀ.ਯੂ ਦਾ ਉਦਘਾਟਨ ਕਰਨਗੇ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਵੀ ਸ਼ੁਰੂਆਤ ਵੀ ਕਰਨਗੇ।

ਇਹ ਪ੍ਰਗਟਾਵਾ ਅੱਜ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਅਰਮੈਨ ਗੁਰਦੇਵ ਸਿੰਘ ਲੱਖਣਾ ਤੇ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ।

ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਕਲੀਨਿਕ ਅਤੇ ਸੀਐਮ ਦੀ ਯੋਗਸ਼ਾਲਾ ਦੀ ਸਫ਼ਲਤਾ ਤੋਂ ਬਾਅਦ ਇਹ ਸਿਹਤ ਕਰਾਂਤੀ ਵੱਲ ਇੱਕ ਹੋਰ ਕਦਮ ਹੈ। ਉਨ੍ਹਾਂ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵੈਂਟੀਲੇਟਰ ਅਤੇ ਕਾਰਡੀਆਕ ਮਾਨੀਟਰ ਵਾਲੇ 66 ਬੈੱਡ ਲਗਾਏ ਗਏ ਹਨ, ਜਿਹੜੇ ਕਿ ਐਮਰਜੈਂਸੀ, ਸਰਜਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਮਰੀਜਾਂ ਦੀ ਸੰਭਾਲ ਕਰਨਗੇ। ਇਸਦੇ ਨਾਲ ਹੀ ਐਨ.ਆਈ.ਸੀ.ਯੂ. ਨਵਜਾਤ ਬੱਚਿਆਂ ਦੀ ਸੰਭਾਲ ਕਰੇਗਾ।

Spread the love