ਯੂਕਰੇਨ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਿਟਸ਼ ਖੁਫੀਆ ਏਜੰਸੀਆਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ।
ਖੁਫੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਸਾਈਬਰ ਲੜਾਕੂ ਜਿਨ੍ਹਾਂ ਨੂੰ ਹੈਕਰ ਕਿਹਾ ਜਾਂਦੈ ਉਨ੍ਹਾਂ ਯੂਕਰੇਨ ਵਿੱਚ ਦਾਖਲ ਹੋ ਕੇ ਇੱਕ ਦਰਜਨ ਦੇ ਕਰੀਬ ਵੈੱਬਸਾਈਟਾਂ ਨੂੰ ਹੈਕ ਕਰ ਲਿਆ।
ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਦਾ ਕਹਿਣਾ ਹੈ ਕਿ ਲੜਾਕੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ।
ਰਿਪੋਰਟ ਮੁਤਾਬਕ ਉਨ੍ਹਾਂ ਨੂੰ ਯੂਕਰੇਨ ਦੀਆਂ 70 ਥਾਵਾਂ ਦੀ ਸੂਚੀ ਦਿੱਤੀ ਗਈ ਹੈ। ਰੂਸ ਨੇ 2017 ਵਿੱਚ ਯੂਕਰੇਨ ਵਿੱਚ ਮਹੱਤਵਪੂਰਨ ਸਾਈਬਰ ਟੀਚਿਆਂ ਉੱਤੇ ਵੀ ਹਮਲਾ ਕੀਤਾ ਹੈ।
ਦੂਜੇ ਪਾਸੇ ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਨੇ ਬ੍ਰਿਿਟਸ਼ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ‘ਤੇ ਰੂਸੀ ਹਮਲਾ ਕੁਝ ਹੀ ਦਿਨਾਂ ਦੀ ਦੂਰੀ ‘ਤੇ ਹੈ।
ਦੱਸ ਦੇਈਏ ਕਿ ਜੇਨੇਵਾ ‘ਚ ਹੋਈ ਮੁਲਾਕਾਤ ਕਿਸੇ ਤਣਪੱਤਣ ਨਹੀਂ ਲੱਗ ਸਕੀ ਜਿਸ ਕਰਕੇ ਰੂਸ ਨੇ ਯੂਕਰੇਨ ਦੀ ਘੇਰਾਬੰਦੀ ਤੇਜ਼ ਕਰ ਦਿੱਤੀ ਹੈ।
ਦੱਸ ਦੇਈਏ ਕਿ ਅਮਰੀਕਾ ਅਤੇ ਬ੍ਰਿਟੇਨ ਦੇ ਫੌਜੀ ਮਾਹਰਾਂ ਮੁਤਾਬਕ ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ‘ਤੇ ਘੇਰਾਬੰਦੀ ਕੀਤੀ ਹੋਈ ਹੈ।
ਯੂਕਰੇਨ ਦੀ ਸਰਹੱਦ ‘ਤੇ ਲਗਭਗ 1 ਲੱਖ ਰੂਸੀ ਸੈਨਿਕ, 12,000 ਟੈਂਕ, 330 ਲੜਾਕੂ ਜਹਾਜ਼, 1600 ਤੋਪਖਾਨੇ, 240 ਹੈਲੀਕਾਪਟਰ, 75 ਜਹਾਜ਼ ਅਤੇ 6 ਪਣਡੁੱਬੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਹਾਲਾਂਕਿ ਰੂਸੀ ਵਿਦੇਸ਼ ਮੰਤਰਾਲਾ ਇਨ੍ਹਾਂ ਨੂੰ ਆਤਮ-ਰੱਖਿਆ ਲਈ ਇਕੱਠ ਦੱਸ ਰਿਹਾ ਹੈ ਪਰ ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਯੂਕਰੇਨ ਨੂੰ ਤਿੰਨ ਪਾਸਿਓਂ ਘੇਰਨ ਦੀ ਰੂਸ ਦੀ ਰਣਨੀਤੀ ਦਾ ਹਿੱਸਾ ਹੈ।
ਰੂਸ ਨੇ 2014 ਵਿੱਚ ਯੂਕਰੇਨ ਉੱਤੇ ਹਮਲਾ ਕਰਕੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ।
ਉਧਰ ਦੂਸਰੇ ਪਾਸੇ ਵ੍ਹਾਈਟ ਹਾਊਸ ਦੇ ਪ੍ਰੈੱਸ ਬੁਲਾਰੇ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਫੀਆ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਰੂਸ ਨੇ ਆਪਣੇ ਸਾਈਬਰ ਲੜਾਕਿਆਂ ਨੂੰ ਯੂਕਰੇਨ ਵਿੱਚ ਧੱਕ ਦਿੱਤਾ ਹੈ।
ਜੇਕਰ ਰੂਸ ਤੋਂ ਹਮਲਾ ਹੋਇਆ ਤਾਂ ਅਮਰੀਕਾ ਯੂਕਰੇਨ ਦੀ ਮਦਦ ਕਰੇਗਾ।
ਪਿਛਲੇ ਕੁਝ ਸਾਲਾਂ ਵਿੱਚ ਬਾਇਡਨ ਪ੍ਰਸ਼ਾਸਨ ਦਾ ਇਹ ਪਹਿਲਾ ਸਪੱਸ਼ਟ ਬਿਆਨ ਹੈ। ਪਿਛਲੇ ਦਿਨੀਂ ਅਮਰੀਕਾ ਯੂਕਰੇਨ ਨੂੰ ਸਿੱਧੀ ਮਦਦ ਦੇਣ ਦੇ ਬਿਆਨਾਂ ਤੋਂ ਬਚਦਾ ਰਿਹਾ ਹੈ।













