Breaking News
ਰਾਜ ਸਭਾ ਮੈਂਬਰ ਵਿਰੁੱਧ AAP ਵਿਧਾਇਕ ਨੇ ਪਾਇਆ ਮਾਣਹਾਨੀ ਦਾ ਕੇਸ

ਮੋਗਾ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਵੱਲੋਂ ਭਾਜਪਾ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਖ਼ਿਲਾਫ਼ ਮੋਗਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ। ਇਹ ਮਾਮਲਾ ਉਸ ਬਿਆਨ ਤੋਂ ਬਾਅਦ ਚਰਚਾ ਵਿੱਚ ਆਇਆ ਜਿਸ ਵਿੱਚ ਸਵਾਤੀ ਮਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿੱਲੀ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਬਾਰੇ ਟਿੱਪਣੀ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ ਵਿੱਚ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ ਸਨ।

ਇਸ ਦੌਰਾਨ ਸੀਐਮ ਮਾਨ ਵੱਲੋਂ ਆਪਣੇ ਨਾਲ ਵੱਡੀ ਗਿਣਤੀ ਵਿੱਚ ਵਿਧਾਇਕ ਹੋਣ ਦੀ ਗੱਲ ਕਹੀ ਗਈ ਸੀ। ਉਸ ਮੌਕੇ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ “ਭੇਡਾਂ-ਬੱਕਰੀਆਂ” ਦੱਸਦੇ ਹੋਏ ਟਿੱਪਣੀ ਕੀਤੀ ਸੀ ਕਿ ਇਹ ਵਿਧਾਇਕ ਬਿਨਾਂ ਸੋਚੇ ਸਮਝੇ ਸੀਐਮ ਦੇ ਨਾਲ ਤੁਰ ਪੈਂਦੇ ਹਨ। ਇਸ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਇਸ ਟਿੱਪਣੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸਿਰਫ਼ ਵਿਧਾਇਕਾਂ ਦੀ ਹੀ ਨਹੀਂ, ਸਗੋਂ ਪੂਰੀ ਆਮ ਆਦਮੀ ਪਾਰਟੀ ਦੀ ਬੇਇੱਜ਼ਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਵਾਤੀ ਮਾਲੀਵਾਲ ਨੇ ਇਹ ਕਲਿੱਪ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ, ਜਿਸ ਨਾਲ ਪਾਰਟੀ ਦੇ ਅਕਸ ਨੂੰ ਠੇਸ ਪਹੁੰਚੀ ਹੈ।ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ ਅਤੇ ਇਸ ਕਰਕੇ ਆਗੂਆਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੋਗਾ ਅਦਾਲਤ ਵਿੱਚ ਕ੍ਰਿਮਿਨਲ ਡੈਫਾਮੇਸ਼ਨ ਦਾ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਅਗਲੀ ਸੁਣਵਾਈ 19 ਮਈ ਨੂੰ ਹੋਵੇਗੀ।

UP ’ਚ ਹੇਨ੍ਹੇਰੀ ਦਾ ਕਹਿਰ, 70 ਤੋਂ ਜ਼ਿਆਦਾ ਲੋਕਾਂ ਦੀ ਮੌਤ

ਨਵੀਂ ਦਿੱਲੀ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ ਕੱਲ੍ਹ ਦੇਰ ਸ਼ਾਮ ਨੂੰ ਆਈ ਹੇਨ੍ਹੇਰੀ ਨੇ ਉਤਰ ਪ੍ਰਦੇਸ਼ ਵਿੱਚ ਕਹਿਰ ਢਾਹਿਆ ਹੈ। ਆਈ ਹਨ੍ਹੇਰੀ ਨੇ ਦਰਖ਼ਤਾਂ ਨੂੰ ਜੜ੍ਹਾਂ ਤੋਂ ਪੁੱਟ ਦਿੱਤਾ ਅਤੇ ਕਈ ਕੱਚੇ ਘਰ, ਕੰਧਾਂ ਢਹਿ ਢੇਰੀ ਹੋ ਗਈਆਂ। ਮਲਬੇ ਵਿੱਚ ਦੱਬਣ ਕਾਰਨ 70 ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੋ ਗਈਆਂ। ਜਿਲ੍ਹਾ ਪ੍ਰਯਾਗਰਾਜ, ਭਦੋਹੀ, ਫਤਿਹਪੁਰ, ਸੋਨਭਦਰ, ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।

ਭਾਜਪਾ ਨੇ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਲਈ ਐਲਾਨੇ ਉਮੀਦਵਾਰ

ਮੋਹਾਲੀ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਵਾਸਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਕੇਂਦਰ ਸਰਕਾਰ ਵੱਲੋ ਸਾਉਣੀ ਦੀ ਫ਼ਸਲਾਂ ਦੀ MSP ‘ਚ ਵਾਧਾ

ਨਵੀਂ ਦਿੱਲੀ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਲਈ ਵੱਡਾ ਫੈਸਲਾ ਲੈਂਦਿਆਂ ਸਾਲ 2026-27 ਦੇ ਸਾਉਣੀ ਮੰਡੀਕਰਨ ਸੀਜ਼ਨ ਲਈ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ ਝੋਨੇ ਦੀ ਐਮ.ਐਸ.ਪੀ. ਵਿੱਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਝੋਨੇ ਦੀ ਕੀਮਤ 2,441 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਮੀਟਿੰਗ ਵਿੱਚ ਫ਼ਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਤੇਲ ਦੇ ਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਸੂਰਜਮੁਖੀ ਦੇ ਬੀਜਾਂ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 8,343 ਰੁਪਏ ਹੋ ਗਈ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ, ‘‘ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ‘ਤੇ ਘੱਟੋ-ਘੱਟ 50 ਫੀਸਦੀ ਮੁਨਾਫਾ ਮਿਲੇ।’’ ਉਨ੍ਹਾਂ ਅੱਗੇ ਦੱਸਿਆ, ‘‘ਮੂੰਗੀ ਦੀ ਫ਼ਸਲ ‘ਤੇ ਸਭ ਤੋਂ ਵੱਧ 61 ਫੀਸਦੀ ਮਾਰਜਿਨ ਦਿੱਤਾ ਜਾ ਰਿਹਾ ਹੈ, ਜਦਕਿ ਬਾਜਰਾ ਅਤੇ ਮੱਕੀ ‘ਤੇ 56 ਫੀਸਦੀ ਮਾਰਜਿਨ ਤੈਅ ਕੀਤਾ ਗਿਆ ਹੈ।’’ ਸਰਕਾਰ ਦਾ ਅਨੁਮਾਨ ਹੈ ਕਿ ਇਸ ਵਾਧੇ ਨਾਲ ਖ਼ਜ਼ਾਨੇ ‘ਤੇ 2.60 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ। ਇਹ ਫੈਸਲਾ ਜੂਨ ਮਹੀਨੇ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਗਮਨ ਦੇ ਨਾਲ ਹੀ ਸ਼ੁਰੂ ਹੋਣ ਵਾਲੀ ਬਿਜਾਈ ਤੋਂ ਪਹਿਲਾਂ ਲਿਆ ਗਿਆ ਹੈ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਚੋਣ ਸਮਝਦਾਰੀ ਨਾਲ ਕਰ ਸਕਣ।

ਦੁੱਧ ਦੀਆਂ ਕੀਮਤਾਂ ’ਚ ਵਾਧਾ

ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ, ਵੇਰਕਾ ਨੇ ਵੀ ਪੰਜਾਬ ਵਿੱਚ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਤੱਕ ਵਧਾ ਦਿੱਤੀਆਂ ਹਨ। ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਸ਼ੂਆਂ ਦੇ ਚਾਰੇ, ਪੈਕੇਜਿੰਗ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਕਾਰਨ ਦੁੱਧ ਦੇ ਉਤਪਾਦਨ ਅਤੇ ਸੰਚਾਲਨ ਦੀ ਕੁੱਲ ਲਾਗਤ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਇਹ ਵਾਧਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦੁੱਧ ਉਤਪਾਦਕ ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤਾ ਜਾ ਸਕੇ ਅਤੇ ਉਨ੍ਹਾਂ ਦੇ ਮੁਨਾਫ਼ੇ ‘ਤੇ ਕੋਈ ਮਾੜਾ ਅਸਰ ਨਾ ਪਵੇ। ਵੇਰਕਾ ਦਾ ਸਟੈਂਡਰਡ ਇੱਕ ਲੀਟਰ ਦੁੱਧ, ਜੋ ਪਹਿਲਾਂ 63 ਰੁਪਏ ਵਿੱਚ ਵਿਕਦਾ ਸੀ, ਹੁਣ 65 ਰੁਪਏ ਦਾ ਮਿਲੇਗਾ, ਜਦੋਂ ਕਿ ਫੁੱਲ-ਫੈਟ ਦੁੱਧ ਦੀ ਕੀਮਤ 69 ਰੁਪਏ ਦੀ ਬਜਾਏ 71 ਰੁਪਏ ਹੋਵੇਗੀ। ਅੱਧੇ ਲੀਟਰ ਦੇ ਪੈਕਟਾਂ ਵਿੱਚ 1 ਰੁਪਏ ਦਾ ਵਾਧਾ ਹੋਵੇਗਾ। ਪੈਕਟ ਉੱਤੇ ਛਪੀ ਹੋਈ ਕੀਮਤ ਉਦੋਂ ਤੱਕ ਨਹੀਂ ਬਦਲੇਗੀ ਜਦੋਂ ਤੱਕ ਪੁਰਾਣਾ ਸਟਾਕ ਖ਼ਤਮ ਨਹੀਂ ਹੋ ਜਾਂਦਾ।

ਭਾਜਪਾ ਵੱਲੋਂ ਮਿਉਂਸਿਪਲ ਚੋਣਾਂ ਬੈਲੇਟ ਪੇਪਰ ਰਾਹੀਂ ਕਰਾਉਣ ਦਾ ਵਿਰੋਧ

ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਗਰਮਾ ਗਿਆ ਹੈ। ਪੰਜਾਬ ਭਾਜਪਾ ਨੇ ਸੂਬਾ ਸਰਕਾਰ ਵੱਲੋਂ EVM ਦੀ ਬਜਾਏ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਅੱਜ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਭਾਜਪਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਰਾਜ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਚੋਣ ਕਮਿਸ਼ਨਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ:

“ਪਿਛਲੇ ਚਾਰ ਸਾਲਾਂ ਤੋਂ ਪੰਜਾਬ ਨੂੰ ਲੁੱਟਣ ਵਾਲੀ ‘ਆਪ’ ਸਰਕਾਰ ਹੁਣ ਰਾਜ ਚੋਣ ਕਮਿਸ਼ਨ ਨਾਲ ਮਿਲ ਕੇ ਪੰਚਾਇਤੀ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਹੀ ਹੈ। ਬੈਲੇਟ ਪੇਪਰ ਦੀ ਵਰਤੋਂ ਸਿਰਫ ਧਾਂਦਲੀ ਕਰਨ ਲਈ ਕੀਤੀ ਜਾ ਰਹੀ ਹੈ।”

ਭਾਜਪਾ ਨੇ ਮੰਗ ਕੀਤੀ ਹੈ ਕਿ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਸਿਰਫ਼ EVM ਮਸ਼ੀਨਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਜਾਖੜ ਨੇ ਦੋਸ਼ ਲਾਇਆ ਕਿ ਲੰਘੀ ਰਾਤ ਕਈ ਥਾਵਾਂ ‘ਤੇ ਜਾਣਬੁੱਝ ਕੇ ਰਾਖਵੇਂਕਰਨ ਵਾਲੇ ਵਾਰਡ ਬਦਲ ਦਿੱਤੇ ਗਏ ਹਨ ਤਾਂ ਜੋ ਵਿਰੋਧੀ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। : ਕਈ ਇਲਾਕਿਆਂ ਵਿੱਚ ਅਜੇ ਤੱਕ ਵੋਟਰ ਲਿਸਟਾਂ ਉਪਲਬਧ ਨਹੀਂ ਕਰਵਾਈਆਂ ਗਈਆਂ, ਜਿਸ ਨਾਲ ਚੋਣ ਪ੍ਰਕਿਰਿਆ ‘ਤੇ ਸਵਾਲ ਉੱਠਦੇ ਹਨ। ਭਾਜਪਾ ਅਨੁਸਾਰ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਾਂਝੀ ਮੀਟਿੰਗ ਕਰਨੀ ਜ਼ਰੂਰੀ ਹੁੰਦੀ ਹੈ, ਪਰ ਇਸ ਵਾਰ ਕਮਿਸ਼ਨ ਨੇ ਅਜਿਹਾ ਨਹੀਂ ਕੀਤਾ।

ਇਸ ਮੌਕੇ ਸੁਨੀਲ ਜਾਖੜ ਦੇ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਰਾਕੇਸ਼ ਰਾਠੌਰ ਅਤੇ ਵਿਨੀਤ ਜੋਸ਼ੀ ਵਰਗੇ ਦਿੱਗਜ ਆਗੂ ਮੌਜੂਦ ਸਨ।

ਭਾਜਪਾ ਦੇ ਇਸ ਸਖ਼ਤ ਰੁਖ਼ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਿਰਫ਼ ਸਥਾਨਕ ਮੁੱਦਿਆਂ ‘ਤੇ ਨਹੀਂ, ਸਗੋਂ ਚੋਣ ਪ੍ਰਣਾਲੀ ਦੀ ਪਾਰਦਰਸ਼ਤਾ ਨੂੰ ਲੈ ਕੇ ਵੀ ਇੱਕ ਵੱਡੀ ਜੰਗ ਬਣਨ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜ ਚੋਣ ਕਮਿਸ਼ਨ ਇਸ ਵਿਰੋਧ ‘ਤੇ ਕੀ ਪ੍ਰਤੀਕਿਰਿਆ ਦਿੰਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

14-05-2026

ਸੂਹੀ ਮਹਲਾ ੫ ॥

ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥

ਵੀਰਵਾਰ, ੩੧ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੭੪੨)

ਪੰਜਾਬੀ ਵਿਆਖਿਆ

ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ।੧। ਹੇ ਪ੍ਰਭੂ! ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ, ਪਰ ਤੂੰ ਆਪਣੇ ਸੇਵਕ ਨੂੰ (ਉਸ ਵਿਚੋਂ) ਆਪ ਕੱਢ ਲਿਆ ।੧।ਰਹਾਉ। ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ।੨। ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ।੩। ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ, ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਨੂੰ ਆਪਣੇ ਲੜ ਲਾ ਲਿਆ ।੪।੨੨।੨੮।

English Translation

SOOHEE, FIFTH MEHL:

God covers the many shortcomings of His slaves. Granting His Mercy, God makes them His own. || 1 || You emancipate Your humble servant, and rescue him from the noose of the world, which is just a dream. || 1 || Pause || Even huge mountains of sin and corruption are removed in an instant by the Merciful Lord. || 2 || Sorrow, disease and the most terrible calamities are removed by meditating on the Naam, the Name of the Lord. || 3 || Bestowing His Glance of Grace, He attaches us to the hem of His robe. Grasping the Lord’s Feet, O Nanak, we enter His Sanctuary. || 4 || 22 || 28 ||

Thursday, 31st Vaisaakh (Samvat 558 Nanakshahi)

(Page: 742)

 ਝੋਨੇ ਦੇ MSP ਵਿੱਚ ਮਾਮੂਲੀ ਵਾਧਾ ਕਿਸਾਨਾਂ ਨਾਲ ਮਜ਼ਾਕ: ਅਮਰਿੰਦਰ ਸਿੰਘ ਰਾਜਾ ਵੜਿੰਗ

ਚੰਡੀਗੜ੍ਹ, 13 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਉਣ ਵਾਲੇ ਖਰੀਫ਼ ਸੀਜ਼ਨ ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਕੀਤੇ ਗਏ ਮਾਮੂਲੀ ਵਾਧੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕਿਸਾਨਾਂ ਨਾਲ “ਮਜ਼ਾਕ” ਹੈ।

ਉਨ੍ਹਾਂ ਕਿਹਾ ਕਿ MSP ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਦੀ ਖੇਤੀ ਲਾਗਤ ਵਿੱਚ ਹੋਏ ਭਾਰੀ ਵਾਧੇ ਦੇ ਮੁਕਾਬਲੇ ਬਹੁਤ ਘੱਟ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਮਹਿੰਗਾਈ ਵਧਣ ਕਾਰਨ ਕਿਸਾਨਾਂ ਦੀ ਲਾਗਤ ਲਗਾਤਾਰ ਵਧ ਰਹੀ ਹੈ। ਡੀਜ਼ਲ, ਖਾਦ, ਕੀਟਨਾਸ਼ਕ, ਮਜ਼ਦੂਰੀ ਅਤੇ ਮਸ਼ੀਨਾਂ ਦਾ ਖਰਚ ਪਹਿਲਾਂ ਨਾਲੋਂ ਕਾਫ਼ੀ ਵੱਧ ਚੁੱਕਾ ਹੈ। ਸਰਕਾਰ ਨੂੰ MSP ਤੈਅ ਕਰਦੇ ਸਮੇਂ ਇਨ੍ਹਾਂ ਵਧੇ ਹੋਏ ਖਰਚਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਵੱਡੇ ਝੋਨਾ ਉਤਪਾਦਕ ਰਾਜਾਂ ਵਿੱਚੋਂ ਇੱਕ ਹੈ, ਇਸ ਲਈ ਇੱਥੋਂ ਦੇ ਕਿਸਾਨਾਂ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। ਉਨ੍ਹਾਂ ਸਵਾਲ ਕੀਤਾ, “ਜਦੋਂ ਖੇਤੀ ਦੀ ਲਾਗਤ ਹਜ਼ਾਰਾਂ ਰੁਪਏ ਪ੍ਰਤੀ ਏਕੜ ਵੱਧ ਚੁੱਕੀ ਹੈ ਤਾਂ ਸਿਰਫ਼ ₹72 ਵਧਾ ਕੇ ਕਿਸਾਨਾਂ ਨੂੰ ਕੀ ਰਾਹਤ ਮਿਲੇਗੀ?”

ਰਾਜਾ ਵੜਿੰਗ ਨੇ ਕਿਹਾ, “ਭਾਜਪਾ ਸਰਕਾਰ ਨੇ ਝੋਨੇ ਦੇ MSP ਵਿੱਚ ਸਿਰਫ਼ ₹72 ਦਾ ਵਾਧਾ ਕੀਤਾ ਹੈ, ਜਦਕਿ ਕਿਸਾਨਾਂ ਦਾ ਖਰਚ ਪ੍ਰਤੀ ਏਕੜ ਸੈਂਕੜਿਆਂ ਅਤੇ ਹਜ਼ਾਰਾਂ ਰੁਪਏ ਵੱਧ ਚੁੱਕਾ ਹੈ। ਕਾਗਜ਼ਾਂ ‘ਤੇ ਦਿੱਤੀ ਜਾ ਰਹੀ ਰਾਹਤ ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ।”

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਦੀ ਯਾਦ ਦਿਵਾਉਂਦਿਆਂ ਪੁੱਛਿਆ ਕਿ ਆਖਿਰ ਉਹ ਵਾਅਦਾ ਪੂਰਾ ਕਿਉਂ ਨਹੀਂ ਹੋਇਆ।

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ, ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ICCC’

ਜਲੰਧਰ, 13 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦੇਸ਼ ਭਰ ਵਿੱਚ ਆਧੁਨਿਕ ਪੁਲਿਸਿੰਗ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਅਪਰਾਧੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਤੋਂ ਲੈ ਕੇ ਉਪਦ੍ਰਵੀਆਂ ਨੂੰ ਕਾਬੂ ਕਰਨ ਤੱਕ, ਪੰਜਾਬ ਪੁਲਿਸ ਹੁਣ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਆਪਣੇ ਕਰਮਚਾਰੀਆਂ ਦੀ ਹਿਊਮਨ ਇੰਟੈਲੀਜੈਂਸ ਦੇ ਮਿਲਾਪ ਨਾਲ ‘ਸੁਰੱਖਿਅਤ ਪੰਜਾਬ’ ਦੇ ਟੀਚੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹਾਸਲ ਕਰ ਰਹੀ ਹੈ।

ਹਾਲ ਹੀ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਲੁਧਿਆਣਾ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੇ 259 ਸਥਾਨਾਂ ‘ਤੇ ਕਰੀਬ 1,700 ਹਾਈ-ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ, ਜਿਸ ਨਾਲ ਦੇਸ਼ ਦੇ ‘ਉਦਯੋਗਿਕ ਕੇਂਦਰ’ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ।

ਜਲੰਧਰ ਵੀ ਆਈਸੀਸੀਸੀ ਪ੍ਰਾਜੈਕਟ ਦੀ ਸਫਲਤਾ ਦਾ ਵੱਡਾ ਉਦਾਹਰਨ ਬਣ ਕੇ ਉੱਭਰ ਰਿਹਾ ਹੈ। ਸ਼ਹਿਰ ਭਰ ਵਿੱਚ ਲੱਗੇ 1,007 ਹਾਈ-ਰੈਜ਼ੋਲੂਸ਼ਨ ਕੈਮਰਿਆਂ ਵਾਲੇ ਇਸ ਸਰਵੇਲੈਂਸ ਨੈੱਟਵਰਕ ਨੇ ਕਈ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਗਵ ਕੈਂਪ ਸਥਿਤ ਇੱਕ ਜਵੈਲਰੀ ਦੁਕਾਨ ਵਿੱਚ ਹੋਈ 1 ਕਰੋੜ ਰੁਪਏ ਦੇ ਸੋਨੇ ਅਤੇ 2 ਲੱਖ ਰੁਪਏ ਨਕਦ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਆਈਸੀਸੀਸੀ ਨੇ ਦੋਸ਼ੀਆਂ ਦੀ ਗਤੀਵਿਧੀ ਦੀ ਪੁਨਰ-ਰਚਨਾ ਕਰਨ ਵਿੱਚ ਮਦਦ ਕੀਤੀ। ਆਈਸੀਸੀਸੀ ਦੀ ਮਦਦ ਨਾਲ ਪੁਲਿਸ ਨੇ ਇਕੱਠੇ 12 ਜੰਕਸ਼ਨਾਂ ਦੀ ਫੁਟੇਜ ਨੂੰ ਸਿੰਕ੍ਰੋਨਾਈਜ਼ ਕੀਤਾ ਅਤੇ ਸ਼ਹਿਰ ਦੀਆਂ ਗਲੀਆਂ ਰਾਹੀਂ ਦੋਸ਼ੀਆਂ ਦੇ ਭੱਜਣ ਦੇ ਰਸਤੇ ਨੂੰ ਟ੍ਰੈਕ ਕਰਕੇ ਉਨ੍ਹਾਂ ਦਾ ਠਿਕਾਣਾ ਲੱਭਿਆ ਅਤੇ ਚੋਰੀ ਕੀਤੀ ਗਈ ਜਾਇਦਾਦ ਬਰਾਮਦ ਕੀਤੀ।

ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਵਿੱਚ ਵੀ ਆਈਸੀਸੀਸੀ ਨੇ ਡਿਜ਼ੀਟਲ ਸਬੂਤਾਂ ਨੂੰ ਜੋੜਨ ਵਿੱਚ ਵੱਡੀ ਭੂਮਿਕਾ ਨਿਭਾਈ। ਜਾਂਚਕਰਤਿਆਂ ਨੇ ਘਟਨਾ ਸਥਾਨ ਤੋਂ ਜਲੰਧਰ ਰੇਲਵੇ ਸਟੇਸ਼ਨ ਤੱਕ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਵਿਜ਼ੂਅਲ ਟ੍ਰੇਲ ਤਿਆਰ ਕੀਤਾ। ਸ਼ੱਕੀ ਵਿਅਕਤੀ ਦੀ ਆਖਿਰਕਾਰ ਫੁਟੇਜ ਰਾਹੀਂ ਪਛਾਣ ਕੀਤੀ ਗਈ ਅਤੇ ਉਸਦੇ ਭੱਜਣ ਦੌਰਾਨ ਕੀਤੇ ਗਏ ₹3,500 ਦੇ ਆਨਲਾਈਨ ਲੈਣ-ਦੇਣ ਦੇ ਆਧਾਰ ‘ਤੇ ਚਾਰ ਰਾਜਾਂ ਵਿੱਚ ਉਸਦੀ ਟਰੇਸਿੰਗ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਉਸਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਹਾਈ-ਰੈਜ਼ੋਲੂਸ਼ਨ ਟ੍ਰੈਕਿੰਗ ਕੈਮਰਿਆਂ ਨੇ ਵੀ ਬਿਹਤਰ ਤਾਲਮੇਲ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੰਤੋਖਪੁਰਾ ਫਾਇਰਿੰਗ ਮਾਮਲੇ ਵਿੱਚ ਕੁੱਝ ਹਮਲਾਵਰਾਂ ਨੇ ਇੱਕ ਵੈਟਰਨਰੀ ਡਾਕਟਰ ਦੇ ਘਰ ‘ਤੇ ਲਗਭਗ 12 ਗੋਲੀਆਂ ਚਲਾਈਆਂ। ਹਾਈ-ਰੈਜ਼ੋਲੂਸ਼ਨ ਕੈਮਰਿਆਂ ਵਿੱਚ ਇੱਕ ਦੋਸ਼ੀ ਗੋਲੀਬਾਰੀ ਦੀ ਵੀਡੀਓ ਬਣਾਉਂਦਾ ਅਤੇ ਦੂਜਾ ਫਾਇਰਿੰਗ ਕਰਦਾ ਕੈਦ ਹੋਇਆ।
ਆਈਸੀਸੀਸੀ ਪ੍ਰਣਾਲੀ ਦੀ ਮਦਦ ਨਾਲ, ਸਰਕਾਰੀ ਆਈਸੀਸੀਸੀ ਗ੍ਰਿਡ ਅਤੇ ਸਥਾਨਕ ਨਿੱਜੀ ਸੀਸੀਟੀਵੀ ਕੈਮਰਿਆਂ ਦੇ ਤਾਲਮੇਲ ਰਾਹੀਂ ਮਹੱਤਵਪੂਰਨ ਵਿਜ਼ੂਅਲ ਸਬੂਤ ਇਕੱਠੇ ਕੀਤੇ ਗਏ। ਇਸ ਆਧਾਰ ‘ਤੇ ਵਿਜ਼ੂਅਲ ਮਾਰਕਰ ਤਿਆਰ ਕੀਤੇ ਗਏ, ਜਿੰਨ੍ਹਾਂ ਦੀ ਮਦਦ ਨਾਲ ਜਾਂਚ ਟੀਮਾਂ ਨੇ ਮੁੱਖ ਨਿਗਰਾਨੀ ਰੂਟਾਂ ਰਾਹੀਂ ਸ਼ੱਕੀਆਂ ਦੀ ਪਿਛਲੇ ਪਾਸੇ ਤੱਕ ਪਛਾਣ ਕਰ ਲਈ।

ਜਾਂਚ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਹਥਿਆਰ ਬਰਾਮਦ ਕੀਤੇ ਗਏ। ਇੱਕ ਹੋਰ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸਤਵਿੰਦਰਪਾਲ ਸਿੰਘ ‘ਲੱਕੀ’ ਓਬਰੌਇ ਦੀ ਮੌਤ ਤੋਂ ਬਾਅਦ ਆਈਸੀਸੀਸੀ ਨੇ ਰਿਕਗਨਿਸ਼ਨ ਐਨਾਲਿਸਿਸ ਰਾਹੀਂ ਜਾਂਚ ਵਿੱਚ ਮਦਦ ਕੀਤੀ। ਸੀਸੀਟੀਵੀ ਫੁਟੇਜ ਨੇ ਇੱਕ ਕਾਲੇ ਹੁੱਡੀ ਵਾਲੇ ਹਥਿਆਰਬੰਦ ਵਿਅਕਤੀ ਅਤੇ ਉਸਦੇ ਸਾਥੀ ਨੂੰ ਕਾਲੇ ਦੋ-ਪਹੀਆ ਵਾਹਨ ‘ਤੇ ਸਪੱਸ਼ਟ ਤੌਰ ‘ਤੇ ਦਰਸਾਇਆ। ਇਸ ਪਛਾਣ ਨੂੰ ਗੈਂਗ ਦੀ ਜ਼ਿੰਮੇਵਾਰੀ ਦੇ ਡਿਜ਼ਿਟਲ ਨਿਗਰਾਨੀ ਡਾਟਾ ਨਾਲ ਮਿਲਾਇਆ ਗਿਆ, ਜਿਸ ਤੋਂ ਬਾਅਦ ਮੁੱਖ ਸ਼ੱਕੀਆਂ ਦੇ ਨਾਮ ਪੁਲਿਸ ਰਿਪੋਰਟ ਵਿੱਚ ਦਰਜ ਕੀਤੇ ਗਏ।
ਉੱਚ-ਗੁਣਵੱਤਾ ਵਾਲੀ ਪਛਾਣ ਦੀ ਮਦਦ ਨਾਲ ਵੈਸਟਰਨ ਯੂਨੀਅਨ ਕੈਸ਼ ਲੂਟ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿੱਚ ਹਰਨਾਮਦਾਸ ਪੁਰਾ ਸਥਿਤ ਇੱਕ ਟਰੈਵਲ ਸ਼ਾਪ ਤੋਂ ਕੁਝ ਨਕਾਬਪੋਸ਼ ਵਿਅਕਤੀਆਂ ਨੇ ₹1.08 ਲੱਖ ਦੀ ਲੁੱਟ ਕੀਤੀ ਸੀ। ਭਾਵੇਂ ਸ਼ੱਕੀ ਨਕਾਬਪੋਸ਼ ਸਨ, ਪਰ ਉੱਚ-ਤਕਨੀਕੀ ਕੈਮਰਿਆਂ ਨੇ ਉਨ੍ਹਾਂ ਦੇ ਦੁਕਾਨ ਵਿੱਚ ਦਾਖ਼ਲੇ ਅਤੇ ਬਾਹਰ ਨਿੱਕਲਣ ਦੇ ਰਸਤੇ ਸਪੱਸ਼ਟ ਤੌਰ ‘ਤੇ ਰਿਕਾਰਡ ਕਰ ਲਏ। ਆਪਰੇਟਰਾਂ ਨੇ ਉਨ੍ਹਾਂ ਦੀ ਘਟਨਾ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਨੂੰ ਕਈ ਗਲੀਆਂ ਅਤੇ ਇਲਾਕਿਆਂ ਵਿੱਚ ਨਕਸ਼ਾਬੰਦੀ ਕਰਕੇ ਟਰੇਸ ਕੀਤਾ।

ਜਲੰਧਰ ਵਿੱਚ ਕੁੱਲ 982 ਫਿਕਸਡ ਕੈਮਰੇ ਨਿਗਰਾਨੀ ਅਤੇ ਇਲਾਕਾਈ ਸੁਰੱਖਿਆ ਲਈ ਲਗਾਏ ਗਏ ਹਨ, ਜਦਕਿ 15 ਪੈਨ-ਟਿਲਟ-ਜ਼ੂਮ ਕੈਮਰੇ ਸਰਗਰਮ ਟ੍ਰੈਕਿੰਗ ਲਈ ਵਰਤੇ ਜਾਂਦੇ ਹਨ। 10 ਸਥਾਨਾਂ ‘ਤੇ ਫੇਸ਼ਿਅਲ ਰਿਕਗਨਿਸ਼ਨ ਸਿਸਟਮ ਅਤੇ 20 ਸਥਾਨਾਂ ‘ਤੇ ਵਾਈ-ਫਾਈ ਹਾਟਸਪੌਟ ਅਤੇ ਸੈਂਸਰ ਵੀ ਲਗਾਏ ਗਏ ਹਨ।ਆਈਸੀਸੀਸੀ ਆਪਰੇਟਰ ‘ਰੈੱਡ ਸ਼ਰਟ’, ‘ਵਾਈਟ ਐਸਯੂਵੀ’, ਅਤੇ ਇੱਥੋਂ ਤੱਕ ਕਿ ‘ਵਹੀਕਲ ਸਪੀਡ’ ਵਰਗੀਆਂ ਵਿਸ਼ੇਸ਼ਤਾਵਾਂ ਨਿਰਧਾਰਤ ਕਰਕੇ ਹਜ਼ਾਰਾਂ ਘੰਟਿਆਂ ਦੀ ਪੁਰਾਣੀ ਫੁਟੇਜ ਨੂੰ ਕੁਝ ਹੀ ਸਕਿੰਟਾਂ ਵਿੱਚ ਛਾਣ-ਬੀਣ ਕਰ ਸਕਦੇ ਹਨ।

ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਕਿਹਾ,“ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਦੇ ਖਿਲਾਫ਼ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਹੈ। ਜਦੋਂ ਕਿ ਫੋਰਸ ਜ਼ਮੀਨੀ ਪੱਧਰ ‘ਤੇ ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਸਫਲ ਕਾਰਵਾਈਆਂ ਕਰ ਰਹੀ ਹੈ, ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਇਆ ਗਿਆ ਆਈਸੀਸੀਸੀ ਫੋਰਸ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰ ਰਿਹਾ ਹੈ। ਪੰਜਾਬ ਪੁਲਿਸ ਅਪਰਾਧ ਦੀ ਜੜ੍ਹ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਅਤੇ ਹਾਲੀਆ ਵਿਕਾਸਾਂ ਨਾਲ ਸਾਡਾ ਮਕਸਦ ਅਪਰਾਧੀਆਂ ਨਾਲ ਨਿਪਟਣ ਵਿੱਚ ਬਿਲਕੁਲ ਸਪੱਸ਼ਟ ਹੈ।”

ਸਵੈਚਾਲਿਤ ਐਲਗੋਰਿਦਮ ਲਗਾਤਾਰ 1,000 ਤੋਂ ਵੱਧ ਫੀਡਾਂ ਨੂੰ ਸਕੈਨ ਕਰਦੇ ਹਨ ਤਾਂ ਜੋ ਪਹਿਲਾਂ ਤੋਂ ਨਿਰਧਾਰਤ ਅਸਮਾਨਤਾਵਾਂ ਦੀ ਪਛਾਣ ਕੀਤੀ ਜਾ ਸਕੇ, ਜਿਨ੍ਹਾਂ ਵਿੱਚ ਸੁਰੱਖਿਆ ਅਲਰਟ ਲਈ ਛੱਡੀ ਹੋਈ ਵਸਤੂ ਦੀ ਪਛਾਣ, ਗੈਰਕਾਨੂੰਨੀ ਇਕੱਠਾਂ ਦੀ ਪਛਾਣ ਲਈ ਭੀੜ ਬਣਨ ਦੀ ਪਛਾਣ ਅਤੇ ਕੈਮਰਾ ਤੋੜ-ਮਰੋੜ ਅਲਰਟ ਸ਼ਾਮਲ ਹਨ, ਜੋ ਤੁਰੰਤ ਮੈਨੂਅਲ ਸਮੀਖਿਆ ਨੂੰ ਟ੍ਰਿਗਰ ਕਰਦੇ ਹਨ।

ਇਸ ਦੌਰਾਨ, ਪੁਲਿਸ ਕਮਿਸ਼ਨਰ (ਜਲੰਧਰ) ਧਨਪ੍ਰੀਤ ਰੰਧਾਵਾ ਨੇ ਕਿਹਾ, “ਆਈਸੀਸੀਸੀ ਨੂੰ ‘ਸ਼ਹਿਰ ਦਾ ਦਿਮਾਗ’ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਮੂਲ ਡਾਟੇ (raw data) ਨੂੰ ਕਾਰਵਾਈਯੋਗ ਖੁਫ਼ੀਆ ਜਾਣਕਾਰੀ ਵਿੱਚ ਬਦਲਦਾ ਹੈ, ਜੋ ਨਗਰ ਨਿਗਮ ਅਤੇ ਕਾਨੂੰਨ-ਵਿਵਸਥਾ ਵਿਭਾਗਾਂ ਲਈ ਲਾਭਕਾਰੀ ਹੈ। ਇਹ ਇੱਕ ‘ਸਿੰਗਲ ਪੇਨ ਆਫ਼ ਗਲਾਸ ’ ਡੈਸ਼ਬੋਰਡ ਦੀ ਵਰਤੋਂ ਕਰਦਾ ਹੈ, ਜੋ ਟ੍ਰੈਫਿਕ ਡੈਂਸਿਟੀ, ਕ੍ਰਾਈਮ ਹਾਟਸਪਾਟ ਅਤੇ ਮਿਊਨਿਸਪਲ ਸੈਂਸਰ ਹੈਲਥ ਨੂੰ ਇਕਰੂਪ GIS-ਮੈਪਡ ਇੰਟਰਫੇਸ ਵਿੱਚ ਜੋੜਦਾ ਹੈ। ਇਸ ਨਾਲ ਪੁਲਿਸ, ਟ੍ਰੈਫਿਕ ਅਤੇ ਨਗਰ ਸੇਵਾਵਾਂ ਵਿਚਕਾਰ ਕੇਂਦਰੀਕ੍ਰਿਤ ਵਾਰ ਰੂਮ ਵਾਤਾਵਰਣ ਵਿੱਚ ਸੁਚਾਰੂ ਤਾਲਮੇਲ ਸੰਭਵ ਹੁੰਦਾ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ ਆਰਟੀਫੀਸ਼ਲ ਇੰਟੈਲੀਜੈਂਸ ਨੇ ਨਿਸ਼ਚਿਤ ਤੌਰ ‘ਤੇ ਕੰਮ ਨੂੰ ਬਿਹਤਰ ਬਣਾਇਆ ਹੈ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਸਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ। ਪੰਜਾਬ ਪੁਲਿਸ ਆਈਸੀਸੀਸੀ ਦੀ ਸਹੀ ਵਰਤੋਂ ਕਰਕੇ ਪੂਰਾ ਸਮਾਂ ਸਮਾਜ ਵਿਰੋਧੀ ਤੱਤਾਂ ‘ਤੇ ਨਿਗਰਾਨੀ ਰੱਖਦੀ ਹੈ। ਇਹ ਅਸਲ ਵਿੱਚ ਕ੍ਰਿਤ੍ਰਿਮ ਅਤੇ ਮਨੁੱਖੀ ਬੁੱਧੀ ਦਾ ਮਿਲਾਪ ਹੈ। ਆਈਸੀਸੀਸੀ ਨੇ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ‘ਗੈਂਗਸਟਰਾਂ ਤੇ ਵਾਰ’, ‘ਆਪਰੇਸ਼ਨ ਪ੍ਰਹਾਰ’ ਅਤੇ ਹੋਰਾਂ ਨੂੰ ਮਜ਼ਬੂਤੀ ਦਿੱਤੀ ਹੈ।”

ਲੁਧਿਆਣਾ ਵਿੱਚ, ਨਵੀਂ ਤਰ੍ਹਾਂ ਸ਼ੁਰੂ ਕੀਤਾ ਗਿਆ ਆਈਸੀਸੀਸੀ ਕਈ ਯੂਨਿਟਾਂ ਨੂੰ ਇੱਕ ਛੱਤ ਹੇਠ ਇਕੱਠਾ ਕਰਦਾ ਹੈ, ਜਿਸ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ (PCR), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟ ਸ਼ਾਮਲ ਹਨ, ਜਿਸ ਨਾਲ ਪੁਲਿਸ ਕੰਮਕਾਜ ਵਿੱਚ ਸਹਿਯੋਗ ਅਤੇ ਤਾਲਮੇਲ ਵਿੱਚ ਵੱਡਾ ਸੁਧਾਰ ਆਇਆ ਹੈ ਅਤੇ ਪੀਸੀਆਰ ਪ੍ਰਤੀਕ੍ਰਿਆ ਸਮਾਂ 15 ਮਿੰਟ ਤੋਂ ਘਟ ਕੇ 7–8 ਮਿੰਟ ਰਹਿ ਗਿਆ ਹੈ। ਲੁਧਿਆਣਾ ਵਿੱਚ, ਆਈਸੀਸੀਸੀ ਪ੍ਰੋਜੈਕਟ ਅਧੀਨ 259 ਥਾਂਵਾਂ ‘ਤੇ 1,700 ਉੱਚ-ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ ਤਾਂ ਜੋ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸਦੇ ਨਾਲ ਹੀ ਇਸ ਵਿੱਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ (ITMS) ਵੀ ਸ਼ਾਮਲ ਹੈ, ਜੋ 46 ਵੱਖ-ਵੱਖ ਥਾਂਵਾਂ ‘ਤੇ ਲਗਾਇਆ ਗਿਆ ਹੈ।

ਡਾ. ਰਵਜੋਤ ਸਿੰਘ ਨੇ “ਆਨਲਾਈਨ ਮਿਲਣੀ” ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਸੁਣੇ

ਚੰਡੀਗੜ੍ਹ, 13 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਦੇ ਐਨਆਰਆਈ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ “ਆਨਲਾਈਨ ਮਿਲਣੀ” ਕਰਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ ਮਿਲਣੀ ਦੌਰਾਨ ਜ਼ਮੀਨ-ਜਾਇਦਾਦੀ ਵਿਵਾਦਾਂ, ਵਿਆਹ ਸੰਬੰਧੀ ਮਾਮਲਿਆਂ, ਧੋਖਾਧੜੀ, ਕਬਜ਼ਿਆਂ ਅਤੇ ਡਰਾਉਣ-ਧਮਕਾਉਣ ਨਾਲ ਸਬੰਧਤ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਦਰਜ ਕਰਕੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐਨ.ਆਰ.ਆਈ ਪੰਜਾਬੀ ਭਾਈਚਾਰੇ ਨੂੰ ਇਨਸਾਫ਼, ਸੁਰੱਖਿਆ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ ਭਾਈਚਾਰੇ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਆਨਲਾਈਨ ਅਤੇ ਫਿਜ਼ੀਕਲ ਮਿਲਣੀਆਂ ਨਿਯਮਿਤ ਤੌਰ ‘ਤੇ ਹਰ ਮਹੀਨੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ ਦੋ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਜਾਣਕਾਰੀ ਅਗਾਊਂ ਤੌਰ ‘ਤੇ ਸਾਂਝੀ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਪਰਵਾਸੀ ਪੰਜਾਬੀ ਇਸ ਪਹਿਲ ਦਾ ਲਾਭ ਲੈ ਸਕਣ।

ਉਨ੍ਹਾਂ ਦੱਸਿਆ ਕਿ ਅੱਜ ਦੀ ਆਨਲਾਈਨ ਮਿਲਣੀ ਦੌਰਾਨ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਕਨੇਡਾ ਆਦਿ ਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ 16 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਅਪ੍ਰੈਲ 2026 ਤੱਕ ਐਨ.ਆਰ.ਆਈ ਵਿਭਾਗ ਨੂੰ ਕੁੱਲ 590 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 430 ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ 160 ਮਾਮਲੇ ਕਾਰਵਾਈ ਅਧੀਨ ਹਨ। ਇਸੇ ਤਰ੍ਹਾਂ ਮਈ 2026 ਦੌਰਾਨ ਹੁਣ ਤੱਕ 56 ਨਵੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ‘ਤੇ ਕਾਰਵਾਈ ਜਾਰੀ ਹੈ।

ਐਨ.ਆਰ. ਆਈ ਮੰਤਰੀ ਨੇ ਆਨਲਾਈਨ ਮਿਲਣੀ ਵਿੱਚ ਸ਼ਾਮਲ ਹੋਏ ਸਾਰੇ ਐਨ.ਆਰ.ਆਈ ਭਰਾਵਾਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਅਤੇ ਸਮੱਸਿਆਵਾਂ ਦੇ ਜਲਦ ਨਿਪਟਾਰੇ ਲਈ ਹਰ ਸੰਭਵ ਉਪਰਾਲਾ ਕਰੇਗੀ।

ਇਸ ਆਨਲਾਈਨ ਮਿਲਣੀ ਦੌਰਾਨ ਐਨ. ਆਰ.ਆਈ ਵਿਭਾਗ ਦੇ ਸਕੱਤਰ ਸ੍ਰੀ ਵੀ. ਐਨ. ਜ਼ਾਦੇ, ਏ.ਡੀ.ਜੀ.ਪੀ ਐਨ.ਆਰ.ਆਈ ਸ੍ਰੀ ਆਰ. ਕੇ. ਜੈਸਵਾਲ, ਡਵੀਜ਼ਨਲ ਕਮਿਸ਼ਨਰ ਜਲੰਧਰ ਸ੍ਰੀ ਰਾਮਵੀਰ, ਵਿਸ਼ੇਸ਼ ਸਕੱਤਰ ਐਨ.ਆਰ.ਆਈ ਸ੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਸੀਨੀਅਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

Category : ਮਾਲਵਾ