Breaking News
SC ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ SSP ਸੰਗਰੂਰ ਤੋਂ ਕੀਤੀ ਰਿਪੋਰਟ ਤਲਬ

ਚੰਡੀਗੜ੍ਹ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਸੂ-ਮੋਟੋ ਨੋਟਿਸ ਲੈਂਦਿਆਂ ਸੀਨੀਅਰ ਸੁਪਰਡੰਟ ਆਫ ਪੁਲਿਸ, ਸੰਗਰੂਰ ਤੋਂ ਰਿਪੋਰਟ ਤਲਬ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੌਰੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਹਨ। 

ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸ਼ੋਸ਼ਲ ਮੀਡੀਆ ਤੇ ਚੱਲੀਆਂ ਖਬਰਾਂ ਦਾ ਲਿੰਕ ਭੇਜ ਕੇ ਮਾਮਲੇ ਦੀ ਜਾਂਚ ਰਿਪੋਰਟ 1 ਜੂਨ, 2026 ਨੂੰ ਸਵੇਰੇ 09:00 ਵਜੇ ਰਿਪੋਰਟ ਐਸ.ਪੀ. ਹੈੱਡਕੁਆਟਰ, ਸੰਗਰੂਰ ਰਾਹੀਂ ਤਲਬ ਕੀਤੀ ਗਈ ਹੈ।

‘ਕਾਕਰੋਚ ਜਨਤਾ ਪਾਰਟੀ’ ਨੂੰ ਹਾਈਕੋਰਟ ਤੋਂ ਝਟਕਾ

ਨਵੀਂ ਦਿੱਲੀ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਨਲਾਈਨ ਬਣੀ ‘ਕਾਕਰੋਚ ਜਨਤਾ ਪਾਰਟੀ’ ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ‘ਕਾਕਰੋਚ ਜਨਤਾ ਪਾਰਟੀ’ ਦੇ ਬਲੌਕ ਕੀਤੇ ਗਏ ਸੋਸ਼ਲ ਮੀਡੀਆ ਹੈਂਡਲ ‘ਐਕਸ’ ਅਕਾਊਂਟ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਹਾਈਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੀ ਪਟੀਸ਼ਨ ਉਤੇ ਸੁਣਵਾਈ ਦੌਰਾਨ ਕਿਹਾ ਕਿ ਇਸ ਪੇਜ਼ ਉਤੇ ਮੌਜੂਦ ਕੰਟੈਂਟ ਕੁਝ ਇੰਤਰਾਜਯੋਗ ਲੱਗ ਰਿਹਾ ਹੈ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਾਕਰੋਚ ਜਨਤਾ ਪਾਰਟੀ ਦੇ ‘ਐਕਸ’ ਉਤੇ ਅਕਾਊਂਟ ਨੂੰ ਬਲੌਕ ਕਰਨ ਖਿਲਾਫ ਦਿੱਲੀ ਹਾਈਕੋਰਟ ਦਾ ਦਰਵਾਜਾ ਖੜਕਾਇਆ ਸੀ।

ਬੈਂਚ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਅਭਿਜੀਤ ਦੀਪਕੇ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਮਨ੍ਹਾਂ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਸ ਮਾਮਲੇ ਉਤੇ ਪੂਰੀ ਤਰ੍ਹਾਂ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਕੋਈ ਆਦੇਸ਼ ਕੇਂਦਰ ਸਰਕਾਰ ਅਤੇ ਐਕਸ ਦਾ ਪੱਖ ਸੁਣਨ ਬਾਅਦ ਹੀ ਦਿੱਤਾ ਜਾਵੇਗਾ। ਅਭਿਜੀਤ ਦੀਪਕੇ ਵੱਲੋਂ ਪੇਸ਼ ਹੋਏ ਵਕੀਲ ਅਖਿਲ ਸਿਬਲ ਨੇ ਹਾਈਕੋਰਟ ਤੋਂ ‘ਐਕਸ’ ਅਕਾਊਂਟ ਬਹਾਲ ਕਰਨ ਦੀ ਅਪੀਲ ਕੀਤੀ ਸੀ।

ਧੂਰੀ ’ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ

ਸੰਗਰੂਰ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਧੂਰੀ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ‘ਆਪ’ ਨੇ ਵੱਡੀ ਬਾਜ਼ੀ ਮਾਰੀ ਹੈ। ਧੂਰੀ ਨਗਰ ਕੌਂਸਲ ਦੀਆਂ 21 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਜਿੰਨਾਂ ਵਿਚੋਂ ਆਮ ਆਦਮੀ ਪਾਰਟੀ ਦੇ 20 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।

ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ’ਚ ‘ਆਪ’ ਦੀ ਜਿੱਤ, 13 ਵਿੱਚੋਂ 11 AAP ਉਮੀਦਵਾਰ ਜਿੱਤੇ

ਚੰਡੀਗੜ੍ਹ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 13 ਵਿਚੋਂ 11 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ ਹੈ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਜਿੱਤ ਉਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਸ਼ੀ ਪ੍ਰਗਟ ਕੀਤੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਅੱਜ ਇਤਿਹਾਸ ਰਚ ਦਿੱਤਾ ਹੈ। 13 ਵਿਚੋਂ 11 ਸੀਟਾਂ ਉਤੇ ਸ਼ਾਨਦਾਰ ਜਿੱਤ ਦਰਜ ਕਰਕੇ ਲੋਕਾਂ ਨੇ ਵਿਕਾਸ ਤੇ ਇਮਾਨਦਾਰੀ ਦੀ ਰਾਜਨੀਤੀ ਉਤੇ ਆਪਣੀ ਮੋਹਰ ਲਗਾਈ ਹੈ।

ਸਥਾਨਕ ਸਰਕਾਰ ਚੋਣਾਂ : ਹੁਣ ਤੱਕ AAP ਦੇ 131 MC ਜਿੱਤੇ, ਦੂਜੇ ਨੰਬਰ ਉਤੇ ਆਜ਼ਾਦ ਉਮੀਦਵਾਰ

ਚੰਡੀਗੜ੍ਹ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਸਥਾਨਕ ਸਰਕਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਚੁੱਕੀ ਹੈ। 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਈ 23 ਜ਼ਿਲ੍ਹਿਆਂ ਵਿੱਚ 115 ਕਾਊਂਟਿੰਗ ਸੈਂਟਰ ਉਤੇ ਗਿਣਤੀ ਜਾਰੀ ਹੈ। 10 ਵਜੇ ਤੱਕ ਆਏ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਦੇ ਸੂਬੇ ਵਿੱਚ 131 ਐਮਸੀ ਜਿੱਤ ਚੁੱਕੇ ਹਨ, ਜਦੋਂ ਕਿ 78 ਉਮੀਦਵਾਰ ਅੱਗੇ ਹੱਲ ਰਹੇ ਹਨ। ਉਥੇ ਦੂਜੇ ਨੰਬਰ ਉਤੇ ਆਜ਼ਾਦ ਉਮੀਦਾਰ ਹਨ। ਆਜ਼ਾਦ ਉਮੀਦਵਾਰ ਹੁਣ ਤੱਕ 36 ਜਿੱਤ ਚੁੱਕੇ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ 28 ਉਮੀਦਾਵਰ ਜਿੱਤੇ ਹਨ ਅਤੇ 23 ਸੀਟਾਂ ਉਤੇ ਅੱਗੇ ਚੱਲ ਰਹੇ ਹਨ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ 10 ਵਜੇ ਤੱਕ 28 ਉਮੀਦਵਾਰ ਜਿੱਤੇ ਹਨ। ਭਾਜਪਾ ਨੇ ਸਿਰਫ 2 ਉਤੇ ਜਿੱਤ ਪ੍ਰਾਪਤ ਕੀਤੀ,11 ਉਤੇ ਅੱਗੇ ਹਨ।

LiVE : ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਕੌਣ, ਕਿੱਥੋਂ ਜਿੱਤਿਆ, ਦੇਖੋ

ਚੰਡੀਗੜ੍ਹ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਸਥਾਨਕ ਸਰਕਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਚੁੱਕੀ ਹੈ। 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਈ 23 ਜ਼ਿਲ੍ਹਿਆਂ ਵਿੱਚ 115 ਕਾਊਂਟਿੰਗ ਸੈਂਟਰ ਉਤੇ ਗਿਣਤੀ ਜਾਰੀ ਹੈ।

ਫਿਰੋਜ਼ਪੁਰ ਦੇ ਜ਼ੀਰਾ ‘ਚ AAP ਦੇ 8 ਉਮੀਦਵਾਰ ਜਿੱਤੇ
ਕਾਂਗਰਸ ਦੇ 2 ਉਮੀਦਵਾਰ ਜਿੱਤੇ
17 ‘ਚੋਂ 8 ਵਾਰਡਾਂ ਦਾ ਆਇਆ ਨਤੀਜਾ

ਬਰਨਾਲਾ ਨਗਰ ਨਿਗਮ ਦੇ 50 ‘ਚੋਂ 8 ਵਾਰਡਾਂ ਦੇ ਨਤੀਜੇ
AAP ਨੇ 8 ਵਾਰਡਾਂ ‘ਚ ਹਾਸਲ ਕੀਤੀ ਜਿੱਤ

ਕੁਰਾਲੀ ਵਾਰਡ ਨੰਬਰ 10 ਤੌਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ

ਮਲੇਰਕੋਟਲਾ ਕੌਂਸਲ ਦੇ 33 ਵਾਰਡਾਂ ‘ਚੋ 4 ਵਾਰਡਾਂ ਦੇ ਨਤੀਜੇ
3 ਵਾਰਡਾਂ ‘ਚ ਕਾਂਗਰਸ ਤੇ 1 ਵਾਰਡ ‘ਚ AAP ਜਿੱਤੀ

ਅਬੋਹਰ ਨਗਰ ਨਿਗਮ ਦੇ 7 ਵਾਰਡਾਂ ਦੇ ਆਏ ਨਤੀਜੇ
7 ਵਾਰਡਾਂ ‘ਚੋਂ AAP ਨੇ 5 ਤੇ ਭਾਜਪਾ ਨੇ 2 ਜਿੱਤੇ

ਧੂਰੀ ਤੋਂ ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਜੇਤੂ

ਅਬੋਹਰ ਨਗਰ ਨਿਗਮ ਦੇ 7 ਵਾਰਡਾਂ ਦੇ ਆਏ ਨਤੀਜੇ
7 ਵਾਰਡਾਂ ‘ਚੋਂ AAP ਨੇ 5 ਤੇ ਭਾਜਪਾ ਨੇ 2 ਜਿੱਤੇ

ਕੋਟ ਸ਼ਮੀਰ ਵਾਰਡ ਨੰਬਰ 2 ਤੋਂ ਸੁਖਪਾਲ ਸਿੰਘ 124 ਵੋਟਾਂ ਨਾਲ ਜੇਤੂ

ਕੋਟ ਸ਼ਮੀਰ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 27 ਵੋਟਾਂ ਦੇ ਫਰਕ ਨਾਲ ਜੇਤੂ

ਕੋਟਫੱਤਾ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰੀਟਾ ਰਾਣੀ 70 ਵੋਟਾਂ ਨਾਲ ਜੇਤੂ

ਗੋਨੀਆਣਾ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਗੁਰਮੀਤ ਕੌਰ 214 ਵੋਟਾਂ ਨਾਲ ਜੇਤੂ

ਗੋਨੀਆਣਾ ਵਾਰਡ ਨੰਬਰ 3 ਮੰਜੂ ਜੈਨ ਆਜ਼ਾਦ ਉਮੀਦਵਾਰ 373 ਵੋਟਾਂ ਨਾਲ ਜੇਤੂ

ਰਈਆ ਵਾਰਡ ਨੰਬਰ 5 ਤੋਂ ਕਾਂਗਰਸ ਦੀ ਉਮੀਦਵਾਰ ਪ੍ਰਭਜੋਤ ਕੌਰ 136 ਵੋਟਾਂ ਦੇ ਫਰਕ ਨਾਲ ਜੇਤੂ

ਰਈਆ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ 40 ਵੋਟਾਂ ਨਾਲ ਜੇਤੂ

ਰਈਆ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ 61 ਵੋਟਾਂ ਨਾਲ ਜੇਤੂ

ਮਲੂਕਾ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪਾਲ ਕੌਰ 77 ਵੋਟਾ ਨਾਲ ਜੇਤੂ

ਕੋਟਫੱਤਾ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਸੁਖਦੀਪ ਕੌਰ 288 ਵੋਟਾਂ ਨਾਲ ਜੇਤੂ

ਰਈਆ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਰਵੀਰ ਸਿੰਘ ਆਜ਼ਾਦ 77 ਵੋਟਾਂ ਨਾਲ ਜੇਤੂ

ਗੋਨਿਆਣਾ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਗੁਰਮੀਤ ਕੌਰ 214 ਵੋਟਾਂ ਨਾਲ ਜੇਤੂ

ਗੋਨਿਆਣਾ ਵਾਰਡ ਨੰਬਰ2 ਤੋਂ ਕਸ਼ਮੀਰੀ ਲਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ 181 ਵੋਟਾਂ ਨਾਲ ਜੇਤੂ

ਸੁਲਤਾਨਪੁਰ ਲੋਧੀ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸਿਮਰਪ੍ਰੀਤ ਕੌਰ 55 ਵੋਟਾਂ ਨਾਲ ਜੇਤੂ

ਸੁਲਤਾਨਪੁਰ ਲੋਧੀ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਦੀਪ ਕੌਰ 172 ਵੋਟਾਂ ਨਾਲ ਜੇਤੂ

ਸਮਰਾਲਾ ਵਾਰਡ ਨੰਬਰ 5 ਤੋਂ ਆਪ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ

ਗਿੱਦੜਬਾਹਾ ਦੇ ਵਾਰਡ ਨੰਬਰ 5 ਤੋਂ AAP ਉਮੀਦਵਾਰ ਜੇਤੂ

ਭਵਾਨੀਗੜ੍ਹ ਦੇ 15 ਵਾਰਡਾਂ ‘ਚੋ 6 ਵਾਰਡਾਂ ਦੇ ਆਏ ਨਤੀਜੇ
3 ਵਾਰਡਾਂ ‘ਚ AAP ਦੇ ਉਮੀਦਵਾਰ ਜਿੱਤੇ

ਇੱਕ ਵਾਰਡ ‘ਚ ਅਕਾਲੀ ਦਲ ਜਿੱਤਿਆ
3 ਵਾਰਡਾਂ ‘ਚ ਕਾਂਗਰਸ ਦੇ ਉਮੀਦਵਾਰ ਜਿੱਤੇ

ਭਵਾਨੀਗੜ੍ਹ ਦੇ ਵਾਰਡ ਨੰਬਰ 2 ‘ਚ ਜਿੱਤਿਆ ਅਕਾਲੀ ਦਲ

ਵਾਰਡ ਨੰਬਰ 6 ‘ਚ ਕਾਂਗਰਸ ਦੇ ਰਜਨੀ ਸ਼ਰਮਾ ਜਿੱਤੇ

ਕਪੂਰਥਲਾ ਨਗਰ ਨਿਗਮ ਦਾ ਪਹਿਲਾ ਨਤੀਜਾ

ਵਾਰਡ ਨੰਬਰ 1 ‘ਚ ਜਿੱਤੇ ਕਾਂਗਰਸ ਦੇ ਦੀਪਕ ਸਲਵਾਨ

ਕੋਟਫੱਤਾ ਕੌਂਸਲ ‘ਚ ਵਾਰਡ ਨੰਬਰ 3 ‘ਚ ਆਜ਼ਾਦ ਉਮੀਦਵਾਰ ਜਿੱਤੇ

ਸੁਖਦੀਪ ਕੌਰ 288 ਵੋਟਾਂ ਨਾਲ ਜਿੱਤੇ

ਕਪੂਰਥਲਾ ਨਗਰ ਨਿਗਮ ਦੇ 4 ਵਾਰਡਾਂ ‘ਚ ਜਿੱਤੀ ਕਾਂਗਰਸ
ਵਾਰਡ ਨੰਬਰ 1,6,7 ਤੇ 11 ‘ਚ ਜਿੱਤੀ ਕਾਂਗਰਸ

ਗੜ੍ਹਸ਼ੰਕਰ ਕੌਂਸਲ ਦੇ ਵਾਰਡ 10 ਤੋਂ ਆਜ਼ਾਦ ਉਮੀਦਵਾਰ ਜੇਤੂ
ਗੜ੍ਹਸ਼ੰਕਰ ਦੇ ਵਾਰਡ 4 ਤੋਂ AAP ਦੇ ਪ੍ਰਿੰਸ ਚੌਧਰੀ ਜੇਤੂ

ਨਵਾਂ ਸ਼ਹਿਰ ਕੌਂਸਲ ਦੇ ਵਾਰਡ ਨੰਬਰ 6 ‘ਚ ਜਿੱਤੀ ਕਾਂਗਰਸ

ਸਥਾਨਕ ਸਰਕਾਰ ਚੋਣਾਂ : ਵੋਟਾਂ ਦੀ ਗਿਣਤੀ ਸ਼ੁਰੂ

ਚੰਡੀਗੜ੍ਹ, 29 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ 26 ਮਈ ਨੂੰ ਸਥਾਨਕ ਸਰਕਾਰਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਚੁੱਕੀ ਹੈ। 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਈ 23 ਜ਼ਿਲ੍ਹਿਆਂ ਵਿੱਚ 115 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਇਨ੍ਹਾਂ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 7,555 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਚੋਣਾਂ ’ਚ ‘ਆਪ’ ਦੇ 1,802 ਉਮੀਦਵਾਰ, ਕਾਂਗਰਸ ਦੇ 1,550, ਸ਼੍ਰੋਮਣੀ ਅਕਾਲੀ ਦਲ ਦੇ 1,251, ਭਾਜਪਾ ਦੇ 1,316, ਬਸਪਾ ਦੇ 96 ਅਤੇ 1,528 ਆਜ਼ਾਦ ਉਮੀਦਵਾਰ ਤੇ 13 ਉਮੀਦਵਾਰ ਹੋਰਨਾਂ ਪਾਰਟੀਆਂ ਦੇ ਸ਼ਾਮਲ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

29-05-2026

ਰਾਗੁ ਸੂਹੀ ਮਹਲਾ ੫ ਛੰਤ

ੴ ਸਤਿਗੁਰ ਪ੍ਰਸਾਦਿ ॥

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥ ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸਰੁ ਤੇਰਾ ਅੰਤੁ ਨ ਪਾਰਾਵਾਰਾ ॥੨॥ ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥ ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

ਸ਼ੁੱਕਰਵਾਰ, ੧੫ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੭੮੪)

ਪੰਜਾਬੀ ਵਿਆਖਿਆ

ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ । ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ । ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ । ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ—ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ । ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ । ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ । ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ।੧।ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ । ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ । ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ । ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ । ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ । ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ । ਹੇ ਨਾਨਕ! (ਆਖ—) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ।੨। ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ—ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ । ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ । ਹੇ ਨਾਨਕ! ਪਰਮਾਤਮਾ ਸਭ ਜੀਵਾਂ ਦੇ ਅੰਦਰ ਹੈ, ਸਭ ਤੋਂ ਵੱਖਰਾ ਭੀ ਹੈ, (ਸਭ ਦੇ ਅੰਦਰ ਹੁੰਦਾ ਹੋਇਆ ਭੀ ਉਹ) ਮੋਹ ਅਤੇ ਈਰਖਾ (ਆਦਿਕ) ਤੋਂ ਨਿਰਲੇਪ ਰਹਿੰਦਾ ਹੈ । ਉਸ ਦੇ ਸੇਵਕ ਸਦਾ ਉਸ ਦੀ ਸਰਨ ਪਏ ਰਹਿੰਦੇ ਹਨ, ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ (ਬਣਿਆ ਰਹਿੰਦਾ ਹੈ) ।੩। ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਭੀ ਡੋਲਦਾ ਨਹੀਂ । ਜਦੋਂ ਮੈਂ ਵੇਖਿਆ ਕਿ (ਜਗਤ ਦੇ) ਸਾਰੇ (ਪਦਾਰਥ) ਨਾਸਵੰਤ ਹਨ, ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਆਪਣਾ) ਮਨ ਜੋੜ ਲਿਆ । ਹੇ ਭਾਈ! ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ, ਮੈਂ (ਤਾਂ) ਉਸ ਦੀ ਦਾਸੀ ਬਣ ਗਈ ਹਾਂ, ਉਹ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । (ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ) ਧਰਮ ਅਰਥ ਕਾਮ (ਆਦਿਕ) ਸਾਰੇ ਹੀ (ਉਸ ਪ੍ਰਭੂ ਵਿਚ) ਮੌਜੂਦ ਹਨ, ਉਹ ਪ੍ਰਭੂ (ਜੀਵ ਦੇ) ਮਨ ਵਿਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦੇਂਦਾ ਹੈ । ਹੇ ਭਾਈ! (ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਧਰਮ-ਪੁਸਤਕ) ਸਿਮ੍ਰਿਤੀਆਂ ਵੇਦ (ਆਦਿਕ) ਉਸ ਕਰਤਾਰ ਦੇ ਗੁਣ ਗਾਂਦੇ ਆ ਰਹੇ ਹਨ । ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਸਾਰੇ ਰਿਸ਼ੀ ਮੁਨੀ (ਉਸੇ ਦਾ ਨਾਮ) ਸਿਮਰਦੇ ਆ ਰਹੇ ਹਨ । ਹੇ ਨਾਨਕ! ਉਹ ਮਾਲਕ-ਪ੍ਰਭੂ ਕਿਰਪਾ ਦਾ ਖ਼ਜ਼ਾਨਾ ਹੈ, ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੪।੧।੧੧।

English Translation

RAAG SOOHEE,  FIFTH MEHL,  CHHANT:
ONE UNIVERSAL CREATOR GOD.  BY THE GRACE OF THE TRUE GURU:

My Dear Lord and Master, my Friend, speaks so sweetly. I have grown weary of testing Him, but still, He never speaks harshly to me. He does not know any bitter words; the Perfect Lord God does not even consider my faults and demerits. It is the Lord’s natural way to purify sinners; He does not overlook even an iota of service. He dwells in each and every heart, pervading everywhere; He is the nearest of the near. Slave Nanak seeks His Sanctuary forever; the Lord is my Ambrosial Friend.  || 1 ||   I am wonder-struck, gazing upon the incomparable Blessed Vision of the Lord’s Darshan. My Dear Lord and Master is so beautiful; I am the dust of His Lotus Feet. Gazing upon God, I live, and I am at peace; no one else is as great as He is. Meditating on His Lotus Feet, I have crossed over the sea, the terrifying world-ocean. Nanak seeks the Sanctuary of the Perfect Transcendent Lord; You have no end or limitation, Lord.  || 2 ||   I shall not forsake, even for an instant, my Dear Beloved Lord, the Support of the breath of life. The Guru, the True Guru, has instructed me in the contemplation of the True, Inaccessible Lord. Meeting with the humble, Holy Saint, I obtained the Naam, the Name of the Lord, and the pains of birth and death left me. I have been blessed with peace, poise and abundant bliss, and the knot of egotism has been untied. He is inside all, and outside of all; He is untouched by love or hate. Slave Nanak has entered the Sanctuary of the Lord of the Universe; the Beloved Lord is the Support of the mind.  || 3 ||   I searched and searched, and found the immovable, unchanging home of the Lord. I have seen that everything is transitory and perishable, and so I have linked my consciousness to the Lotus Feet of the Lord. God is eternal and unchanging, and I am just His hand-maiden; He does not die, or come and go in reincarnation. He is overflowing with Dharmic faith, wealth and success; He fulfills the desires of the mind. The Vedas and the Simritees sing the Praises of the Creator, while the Siddhas, seekers and silent sages meditate on Him. Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har.  || 4 || 1 || 11 ||

Friday, 15th Jayt’h (Samvat 558 Nanakshahi)

(Page: 784)

ਰਵਨੀਤ ਬਿੱਟੂ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਦੁਰਵਿਵਹਾਰ ਸੱਤਾ ਦੇ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਨੂੰ ਦਰਸਾਉਂਦਾ ਹੈ : ਬਲਤੇਜ ਪੰਨੂ

ਚੰਡੀਗੜ੍ਹ 28 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਧੂਰੀ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਰਵੱਈਏ ਨੇ ਸ਼ਾਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਨਾਲ ਭਾਜਪਾ ਆਗੂ ਦਾ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਪੂਰੀ ਤਰ੍ਹਾਂ ਜਨਤਕ ਹੋ ਗਿਆ ਹੈ।

ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕੈਮਰਿਆਂ ਦੇ ਸਾਹਮਣੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਸਰੇਆਮ ਬਦਸਲੂਕੀ ਕੀਤੀ ਅਤੇ ਅਧਿਕਾਰੀਆਂ ਲਈ ਦਲਾਲ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਕੇਂਦਰੀ ਮੰਤਰੀ ਵੱਲੋਂ ਅਜਿਹਾ ਵਿਵਹਾਰ ਬਿਲਕੁਲ ਨਾਕਾਬਿਲ-ਏ-ਬਰਦਾਸ਼ਤ ਅਤੇ ਗੈਰ-ਜ਼ਿੰਮੇਵਾਰਾਨਾ ਹੈ।

ਬਲਤੇਜ ਪੰਨੂ ਨੇ ਕਿਹਾ ਕਿ ਚਾਹੇ ਪੰਜਾਬ ਪੁਲਿਸ ਹੋਵੇ, ਕੇਂਦਰੀ ਹਥਿਆਰਬੰਦ ਬਲ ਹੋਣ ਜਾਂ ਭਾਰਤੀ ਫੌਜ, ਹਰ ਸੁਰੱਖਿਆ ਬਲ ਸਤਿਕਾਰ ਦਾ ਹੱਕਦਾਰ ਹੈ ਕਿਉਂਕਿ ਉਹ ਨਾਗਰਿਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਡਰਾਮੇ ਲਈ ਪੂਰੀ ਫੋਰਸ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨਾ ਬੇਹੱਦ ਖ਼ਤਰਨਾਕ ਹੈ। ਸੁਰੱਖਿਆ ਕਰਮੀ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਕਦੇ ਵੀ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ।

ਰਵਨੀਤ ਸਿੰਘ ਬਿੱਟੂ ਦੀ ਉਸ ਟਿੱਪਣੀ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਦੋਂ ਵੀ ਨਾਕੇ ਲਗਾਏ ਜਾਂਦੇ ਹਨ ਤਾਂ ਪੰਜਾਬੀ ਪੁਲਿਸ ਮੁਲਾਜ਼ਮਾਂ ਨੂੰ ਗਾਲਾਂ ਕੱਢਦੇ ਹਨ, ਪੰਨੂ ਨੇ ਕਿਹਾ ਕਿ ਇਹ ਬਿਆਨ ਨਾ ਸਿਰਫ਼ ਪੰਜਾਬ ਪੁਲਿਸ ਸਗੋਂ ਪੰਜਾਬ ਦੇ ਲੋਕਾਂ ਦਾ ਵੀ ਘੋਰ ਅਪਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਖ਼ਾਸ ਕਰਕੇ ਨੌਜਵਾਨ ਅਧਿਕਾਰੀਆਂ ਨੇ ਜਨਤਾ ਨਾਲ ਨਜਿੱਠਣ ਦੇ ਤਰੀਕੇ ਨੂੰ ਬਦਲਿਆ ਹੈ ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਪੇਸ਼ੇਵਰ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।

ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਕੰਮ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਮਿੰਟਾਂ ਵਿੱਚ ਤੁਰੰਤ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਚੋਰੀ, ਹਮਲੇ, ਹਾਦਸੇ ਜਾਂ ਕਿਸੇ ਐਮਰਜੈਂਸੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਨੂੰ ਫੋਨ ਕਰਦੇ ਹਨ, ਨਾ ਕਿ ਉਨ੍ਹਾਂ ਨੂੰ ਗਾਲਾਂ ਕੱਢਣ ਲਈ। ਇਮਾਨਦਾਰ ਨਾਗਰਿਕ ਪੁਲਿਸ ਨਾਕੇ ਲੱਗਣ ‘ਤੇ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹਨ। ਪੁਲਿਸ ਚੈਕਿੰਗ ਤੋਂ ਸਿਰਫ਼ ਅਪਰਾਧੀਆਂ ਅਤੇ ਸਮਾਜ ਵਿਰੋਧੀ ਅੰਸ਼ਾਂ ਨੂੰ ਹੀ ਤਕਲੀਫ਼ ਹੁੰਦੀ ਹੈ।

ਬਲਤੇਜ ਪੰਨੂ ਨੇ ਵਿਵਾਦ ਭੜਕਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਚੁੱਪ ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਕੇਂਦਰੀ ਮੰਤਰੀ ਪਿਛਲੀਆਂ ਪ੍ਰੈੱਸ ਕਾਨਫਰੰਸਾਂ ‘ਚ ‘ਆਪ’ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ ‘ਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਚਿੰਤਾਵਾਂ ਦਾ ਜਵਾਬ ਦੇਣ ਦੀ ਬਜਾਏ, ਉਹ ਨਿੱਜੀ ਹਮਲਿਆਂ ‘ਤੇ ਉਤਰ ਆਏ।

ਰਵਨੀਤ ਸਿੰਘ ਬਿੱਟੂ ਨੂੰ ਹੋਰ ਘੇਰਦਿਆਂ ਬਲਤੇਜ ਪੰਨੂ ਨੇ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਬਿੱਟੂ ਦੇ ਭਰਾ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਵਜੋਂ ਭਰਤੀ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਿਯੁਕਤੀ ਨੂੰ ਸੰਭਵ ਬਣਾਉਣ ਲਈ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾ ਅਤੇ ਭਰਤੀ ਪ੍ਰਕਿਰਿਆਵਾਂ ਸਮੇਤ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਸਨ। ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਜੇਕਰ ਰਵਨੀਤ ਸਿੰਘ ਬਿੱਟੂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਇੰਨੀ ਮਾੜੀ ਹੈ ਅਤੇ ਉਹ ਦਾਅਵਾ ਕਰਦੇ ਹਨ ਕਿ ਪੰਜਾਬੀ ਇਸ ਫੋਰਸ ਨੂੰ ਨਫ਼ਰਤ ਕਰਦੇ ਹਨ, ਤਾਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਉਸੇ ਵਿਭਾਗ ਵਿੱਚ ਭਰਤੀ ਕਰਵਾਉਣ ਲਈ ਇੰਨੇ ਅਸਾਧਾਰਨ ਯਤਨ ਕਿਉਂ ਕੀਤੇ?

ਪਿਛਲੀਆਂ ਸਰਕਾਰਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਤੁਲਨਾ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਬਿਨਾਂ ਕਿਸੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਾਂ ਸਿਫ਼ਾਰਸ਼ ਦੇ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ 65,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵਿਰੋਧੀ ਨੇਤਾਵਾਂ ਨੂੰ ਚੁਣੌਤੀ ਦਿੱਤੀ ਕਿ ਉਹ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਰਾਹੀਂ ਹੋਈ ਭਰਤੀ ਦੀ ਇੱਕ ਵੀ ਮਿਸਾਲ ਪੇਸ਼ ਕਰਨ।

ਬਿਨਾਂ ਸ਼ਰਤ ਮੁਆਫੀ ਦੀ ਮੰਗ ਕਰਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਪੂਰੀ ਪੰਜਾਬ ਪੁਲਿਸ ਫੋਰਸ, ਖ਼ਾਸ ਕਰਕੇ ਸਬ-ਇੰਸਪੈਕਟਰ ਅਤੇ ਐੱਸਐੱਸਪੀ ਨਵਜੋਤ ਕੌਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਨੇ ਟਕਰਾਅ ਦੌਰਾਨ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਸਖ਼ਤ ਮਿਹਨਤ, ਪੜ੍ਹਾਈ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਇਹ ਮੁਕਾਮ ਹਾਸਲ ਕਰਦੇ ਹਨ, ਨਾ ਕਿ ਵਿਸ਼ੇਸ਼ ਨਿਯਮਾਂ ਦੇ ਬਦਲਾਅ ਅਤੇ ਸਿਆਸੀ ਪ੍ਰਭਾਵ ਰਾਹੀਂ।

ਭਾਜਪਾ ਸਰਕਾਰ ਦੇ ‘ਅੰਮ੍ਰਿਤ ਕਾਲ’ ਦੇ ਵੱਡੇ-ਵੱਡੇ ਦਾਅਵੇ ਹੋਏ ਫੇਲ੍ਹ, ਭਾਰਤ ਵਿਸ਼ਵ ਦੇ ਚੋਟੀ ਦੇ 15 ਨਿਵੇਸ਼ ਸਥਾਨਾਂ ਦੀ ਸੂਚੀ ਵਿੱਚੋਂ ਹੋਇਆ ਬਾਹਰ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ 28 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਕਿਹਾ ਕਿ ਐਫਡੀਆਈ ਦੇ ਭਰੋਸੇ ਦੇ ਮਾਮਲੇ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 15 ਆਰਥਿਕਤਾਵਾਂ ਦੀ ਸੂਚੀ ਵਿੱਚੋਂ ਭਾਰਤ ਦਾ ਬਾਹਰ ਹੋਣਾ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਵਿੱਚ ਨਿਵੇਸ਼ਕਾਂ ਦੇ ਟੁੱਟ ਰਹੇ ਭਰੋਸੇ ਦੇ ਡੂੰਘੇ ਸੰਕਟ ਨੂੰ ਦਰਸਾਉਂਦਾ ਹੈ। ਤਾਜ਼ਾ ਐਫਡੀਆਈ ਕਾਨਫੀਡੈਂਸ ਇੰਡੈਕਸ ਰੈਂਕਿੰਗ ਦਾ ਹਵਾਲਾ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜਿੱਥੇ ਸਾਲ 2016 ਵਿੱਚ ਭਾਰਤ ਦੁਨੀਆ ਦੇ ਚੋਟੀ ਦੇ 10 ਨਿਵੇਸ਼ ਸਥਾਨਾਂ ਵਿੱਚ ਸ਼ਾਮਲ ਸੀ, ਉੱਥੇ ਹੀ ਹੁਣ ਸਾਲ 2026 ਵਿੱਚ ਇਹ ਚੋਟੀ ਦੇ 15 ਦੀ ਸੂਚੀ ਵਿੱਚੋਂ ਵੀ ਪੂਰੀ ਤਰ੍ਹਾਂ ਬਾਹਰ ਹੋ ਗਿਆ ਹੈ।

ਵਿਸ਼ਵਵਿਆਪੀ ਰੈਂਕਿੰਗ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਘਟਨਾਕ੍ਰਮ ਭਾਜਪਾ ਸਰਕਾਰ ਦੇ ਪ੍ਰਚਾਰ-ਅਧਾਰਤ ਦਾਅਵਿਆਂ ਅਤੇ ਭਾਰਤੀ ਆਰਥਿਕਤਾ ਦੀ ਅਸਲ ਸਥਿਤੀ ਵਿਚਕਾਰ ਵੱਡੇ ਪਾੜੇ ਨੂੰ ਉਜਾਗਰ ਕਰਦਾ ਹੈ। ‘X’ ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, “ਭਾਰਤ ਕਦੇ ਵਿਦੇਸ਼ੀ ਨਿਵੇਸ਼ ਲਈ ਦੁਨੀਆ ਦੇ ਚੋਟੀ ਦੇ ਸਥਾਨਾਂ ਵਿੱਚ ਸ਼ਾਮਲ ਸੀ। ਸਾਲ 2016 ਵਿੱਚ, ਭਾਰਤ ਗਲੋਬਲ ਐਫ.ਡੀ.ਆਈ. ਭਰੋਸੇ ਦੇ ਮਾਮਲੇ ਵਿੱਚ ਚੋਟੀ ਦੀਆਂ 10 ਆਰਥਿਕਤਾਵਾਂ ਵਿੱਚ ਸ਼ਾਮਲ ਸੀ। ਅੱਜ, ਭਾਰਤ ਚੋਟੀ ਦੇ 15 ਵਿੱਚ ਵੀ ਨਹੀਂ ਹੈ।”

ਵਿੱਤ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਦੇਸ਼ੀ ਨਿਵੇਸ਼ਕ ਲਗਾਤਾਰ ਬਦਲਵੇਂ ਵਿਕਲਪਾਂ (ਦੂਜੇ ਦੇਸ਼ਾਂ) ਵੱਲ ਦੇਖ ਰਹੇ ਹਨ ਕਿਉਂਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਨਿਵੇਸ਼ ਮਾਹੌਲ ਵਿੱਚ ਭਰੋਸਾ ਕਾਫ਼ੀ ਕਮਜ਼ੋਰ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਭਰੋਸਾ ਗੁਆ ਰਹੇ ਹਨ। ਸਮਝੌਤੇ ਸਿਰਫ਼ ਕਾਗਜ਼ਾਂ ‘ਤੇ ਰਹਿ ਗਏ ਹਨ, ਨਿਵੇਸ਼ ਦਾ ਮਾਹੌਲ ਕਮਜ਼ੋਰ ਹੋਇਆ ਹੈ, ਨੀਤੀਗਤ ਅਨਿਸ਼ਚਿਤਤਾ ਵਧ ਰਹੀ ਹੈ ਅਤੇ ਵਪਾਰਕ ਸਮਝੌਤੇ ਮਜ਼ਬੂਤੀ ਦੀ ਬਜਾਏ ਸਮਝੌਤਾਵਾਦੀ ਸਥਿਤੀ ਵਿੱਚ ਕੀਤੇ ਜਾ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਸਾਰਥਕ ਆਰਥਿਕ ਸੁਧਾਰਾਂ ਦੀ ਬਜਾਏ ਆਪਣੀ ਅਮੇਜ (ਈਮੇਜ) ਚਮਕਾਉਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤ ਕਾਲ’ ਦੇ ਤਮਾਮ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਹਕੀਕਤ ਇਹ ਹੈ ਕਿ ਵਿਦੇਸ਼ੀ ਨਿਵੇਸ਼ਕ ਦੂਜੇ ਦੇਸ਼ਾਂ ਵੱਲ ਰੁਖ ਕਰ ਰਹੇ ਹਨ, ਜਦੋਂ ਕਿ ਭਾਜਪਾ ਸਰਕਾਰ ਅਸਲ ਆਰਥਿਕ ਸੁਧਾਰਾਂ ਦੀ ਬਜਾਏ ਸਿਰਫ਼ ਸੁਰਖੀਆਂ ਬਟੋਰਨ ਦੇ ਪ੍ਰਬੰਧਾਂ ਵਿੱਚ ਲੱਗੀ ਹੋਈ ਹੈ।

ਗਲੋਬਲ ਚੋਟੀ ਦੀਆਂ 15 ਐਫਡੀਆਈ ਰੈਂਕਿੰਗਜ਼ ਵਿੱਚੋਂ ਭਾਰਤ ਦੇ ਬਾਹਰ ਹੋਣ ਨਾਲ ਨਿਵੇਸ਼ਕਾਂ ਦੇ ਭਰੋਸੇ ‘ਤੇ ਚਿੰਤਾਵਾਂ ਵਧੀਆਂ

ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ) ਕਾਨਫੀਡੈਂਸ ਰੈਂਕਿੰਗ ਇਹ ਦਰਸਾਉਂਦੀ ਹੈ ਕਿ ਵਿਸ਼ਵਵਿਆਪੀ ਨਿਵੇਸ਼ਕ ਕਿਸੇ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਸਥਿਰਤਾ, ਨੀਤੀਗਤ ਨਿਰੰਤਰਤਾ ਅਤੇ ਵਿਕਾਸ ਦੀ ਸੰਭਾਵਨਾ ਨੂੰ ਕਿਵੇਂ ਦੇਖਦੇ ਹਨ। ਸਾਲ 2016 ਵਿੱਚ ਭਾਰਤ ਦਾ ਦੁਨੀਆ ਦੇ ਚੋਟੀ ਦੇ 10 ਨਿਵੇਸ਼ ਸਥਾਨਾਂ ਵਿੱਚ ਸ਼ਾਮਲ ਹੋਣਾ ਇਸਦੇ ਆਰਥਿਕ ਭਵਿੱਖ ਵਿੱਚ ਮਜ਼ਬੂਤ ਗਲੋਬਲ ਭਰੋਸੇ ਦਾ ਸੰਕੇਤ ਸੀ। ਸਾਲ 2026 ਵਿੱਚ ਇਸ ਦਾ ਚੋਟੀ ਦੇ 15 ਵਿੱਚੋਂ ਬਾਹਰ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਵੱਡੇ ਅੰਤਰਰਾਸ਼ਟਰੀ ਨਿਵੇਸ਼ਕ ਭਾਰਤ ਵਿੱਚ ਨਿਵੇਸ਼ ਕਰਨ ਬਾਰੇ ਬਹੁਤ ਜ਼ਿਆਦਾ ਸਾਵਧਾਨ ਹੋ ਰਹੇ ਹਨ। ਅਜਿਹੇ ਸਮੇਂ ਵਿੱਚ ਜਦੋਂ ਯੂਏਈ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਵਿਸ਼ਵਵਿਆਪੀ ਪੂੰਜੀ ਲਈ ਆਪਣੀ ਖਿੱਚ ਨੂੰ ਵਧਾ ਰਹੇ ਹਨ, ਭਾਰਤ ਦੀ ਗਿਰਾਵਟ ਨੀਤੀਗਤ ਅਨਿਸ਼ਚਿਤਤਾ, ਕਮਜ਼ੋਰ ਹੁੰਦੀ ਉਦਯੋਗਿਕ ਗਤੀ ਅਤੇ ਨਿਵੇਸ਼ ਦੇ ਐਲਾਨਾਂ ਅਤੇ ਉਨ੍ਹਾਂ ਦੇ ਅਸਲ ਅਮਲ ਦੇ ਵਿਚਕਾਰ ਵਧ ਰਹੇ ਪਾੜੇ ਵੱਲ ਇਸ਼ਾਰਾ ਕਰਦੀ ਹੈ। ਅਰਥਸ਼ਾਸਤਰੀ ਅਕਸਰ ਅਜਿਹੀ ਗਿਰਾਵਟ ਨੂੰ ਇਸ ਗੱਲ ਦਾ ਸੰਕੇਤ ਮੰਨਦੇ ਹਨ ਕਿ ਨਿਵੇਸ਼ਕਾਂ ਦਾ ਭਰੋਸਾ ਸਿਰਫ਼ ਸੁਰਖੀਆਂ-ਅਧਾਰਤ ਬਿਆਨਬਾਜ਼ੀ ਤੋਂ ਹਟ ਕੇ ਉਨ੍ਹਾਂ ਦੇਸ਼ਾਂ ਵੱਲ ਜਾ ਰਿਹਾ ਹੈ ਜੋ ਵਧੇਰੇ ਸਥਿਰ ਅਤੇ ਅਨੁਮਾਨਿਤ ਆਰਥਿਕ ਮਾਹੌਲ ਪ੍ਰਦਾਨ ਕਰਦੇ ਹਨ।

Category : ਖੇਤੀ-ਬਾੜੀ