Breaking News
ਸ਼ੰਭੂ ਰੇਲਵੇ ਧਮਾਕੇ ਵਾਲੀ ਥਾਂ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਮੰਤਰੀ

ਸ਼ੰਭੂ (ਪਟਿਆਲਾ), 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ ;

ਬੀਤੇ ਦਿਨੀਂ ਸੰਭੂ ਰੇਲਵੇ ਟਰੈਕ ਉਤੇ ਹੋਏ ਬੰਬ ਧਮਾਕੇ ਵਾਲੀ ਥਾਂ ਉਤੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ। ਇਸ ਮੌਕੇ ਉਨ੍ਹਾਂ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ। ਰਵਨੀਤ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕ ਪਾਕਿਸਤਾਨ ਦੀ ਏਜੰਸੀ ਆਈਐਸਆਈ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਛੋਟੀ ਘਟਨਾ ਕਹਿਣਾ ਬਹੁਤ ਗਲਤ ਹੈ, ਕੀ ਇਸ ਤੋਂ ਹੋਰ ਵੱਡਾ ਕਰਾਉਣਾ ਹੈ, ਇਹ ਬਹੁਤ ਸਰੀਅਸ ਹੈ। ਉਨ੍ਹਾਂ ਕਿਹਾ ਕਿ ਸਾਡੀਆ ਸੁਰੱਖਿਆ ਪੁਲਿਸ ਤੇ ਪੰਜਾਬ ਪੁਲਿਸ ਇਸ ਨਾਲ ਜੰਗ ਲੜ ਰਹੀਆਂ ਹਨ। ਨੈਸ਼ਨਲ ਹਾਈਵੇ ਨੇੜੇ ਹੋਣ ਕਾਰਨ ਉਹ ਨੈਸ਼ਨਲ ਹਾਈਵੇ ਤੋਂ ਉਤਰ ਕੇ ਇੱਥੇ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਗੈਂਗਸਟਰ ਅੱਜ ਖਾਲਿਸਤਾਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਲਈ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ, ਰੇਲਵੇ ਟਰੈਕ ਉਤੇ 24 ਘੰਟੇ ਚੈਕਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਲੱਗ ਰਹੇ ਹਨ, ਡਰੋਨ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲਿੰਗ ਵੀ ਵਧਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕਰਨ।

ਸਰਕਾਰੀ ਨੌਕਰੀਆਂ : ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਵਾਲੀਆਂ ਅਸਾਮੀਆਂ ਲਈ ਮੰਗੀਆਂ ਅਰਜ਼ੀਆਂ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਖਾਸ ਖਬਰ ਹੈ ਕਿ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖਾਹ ਵਾਲੀਆਂ ਅਸਾਮੀਆਂ ਨਿਕਲੀਆਂ ਹਨ। ਭਾਰਤੀ ਰਜਿਰਵ ਬੈਂਕ ਵੱਲੋਂ ਅਫਸਰਾਂ ਦੀਆਂ ਨੌਕਰੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਅੱਜ ਤੋਂ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ, ਆਖਰੀ ਮਿਤੀ 20 ਮਈ 2026 ਹੈ।

ਅਸਾਮੀਆਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ

ਸਰਕਾਰੀ ਏਜੰਸੀਆਂ ਵੱਲੋਂ ਕੀਤੀ ਕਣਕ ਦੀ ਖਰੀਦ ਦਾ ਅੰਕੜਾ ਮਹਿਜ਼ ਦੋ ਹਫ਼ਤਿਆਂ ‘ਚ 100 ਲੱਖ ਮੀਟਰਿਕ ਟਨ ਤੋਂ ਹੋਇਆ ਪਾਰ

ਚੰਡੀਗੜ੍ਹ, 29 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਕਣਕ ਦੀ ਖਰੀਦ ਮਹਿਜ਼ ਦੋ ਹਫ਼ਤਿਆਂ ਵਿੱਚ ਅੱਜ 100 ਲੱਖ ਮੀਟਰਿਕ ਟਨ (ਐਲਐਮਟੀ) ਨੂੰ ਪਾਰ ਕਰ ਗਈ ਹੈ। ਕਣਕ ਦੀ ਆਮਦ ਨੇ 14 ਅਪ੍ਰੈਲ ਤੋਂ ਰਫ਼ਤਾਰ ਫੜੀ ਸੀ ਅਤੇ ਹੁਣ ਤੱਕ, ਭਾਵ 2 ਹਫ਼ਤਿਆਂ ਦੌਰਾਨ, ਸਰਕਾਰੀ ਏਜੰਸੀਆਂ ਵੱਲੋਂ ਪਹਿਲਾਂ ਹੀ 103.4 ਲੱਖ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।

ਹੁਣ ਤੱਕ ਕੁੱਲ 107.26 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਜਿਸ ਵਿੱਚੋਂ 104.29 ਲੱਖ ਮੀਟਰਿਕ ਟਨ ਕਣਕ ਦੀ ਖਰੀਦੀ ਕੀਤੀ ਜਾ ਚੁੱਕੀ ਹੈ।

ਖਰੀਦੀ ਗਈ ਕਣਕ ਵਿੱਚੋਂ, ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 103.4 ਲੱਖ ਮੀਟਰਕ ਟਨ ਕਣਕ ਜਦੋਂ ਕਿ ਵਪਾਰੀਆਂ ਵੱਲੋਂ 90434 ਮੀਟਰਕ ਟਨ ਕਣਕ ਖਰੀਦੀ ਗਈ ਹੈ।

ਜ਼ਿਕਰਯੋਗ ਹੈ ਕਿ ਵਿਭਾਗ ਨੇ ਇਹ ਰਿਕਾਰਡ ਤੋੜ ਮੀਲ ਪੱਥਰ ਸਿਰਫ਼ ਦੋ ਹਫ਼ਤਿਆਂ ਦੇ ਸਮੇਂ ਵਿੱਚ ਹਾਸਿਲ ਕੀਤਾ ਗਿਆ ਹੈ।

ਸਰਕਾਰੀ ਏਜੰਸੀਆਂ ਵਿੱਚੋਂ, ਪਨਸਪ ਵੱਲੋਂ 23.99 ਲੱਖ ਮੀਟਰਕ ਟਨ, ਮਾਰਕਫੈੱਡ ਵੱਲੋਂ 26.98 ਲੱਖ ਮੀਟਰਕ ਟਨ, ਪਨਗ੍ਰੇਨ (ਡੀਸੀਪੀ) ਵੱਲੋਂ 7.55 ਲੱਖ ਮੀਟਰਕ ਟਨ, ਐਫਸੀਆਈ ਵੱਲੋਂ 2 ਲੱਖ ਮੀਟਰਕ ਟਨ, ਪਨਗ੍ਰੇਨ (ਨਾਨ ਡੀਸੀਪੀ) ਵੱਲੋਂ 25.95 ਲੱਖ ਮੀਟਰਕ ਟਨ ਅਤੇ ਪੀਐਸਡਬਲਯੂਸੀ ਵੱਲੋਂ 16.90 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਹੈ।

ਇਸ ਸਬੰਧੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਭਾਈਚਾਰੇ ਵੱਲੋਂ ਖੂਨ-ਪਸੀਨੇ ਨਾਲ ਪੈਦਾ ਕੀਤੇ ਗਏ ਅਨਾਜ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੂਬੇ ਭਰ ਦੀਆਂ ਮੰਡੀਆਂ ਦਾ ਨਿੱਜੀ ਤੌਰ ‘ਤੇ ਦੌਰਾ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਨੇ ਮੁਕੰਮਲ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਸਾਰੇ ਭਾਈਵਾਲਾਂ ਜਿਵੇਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਕਰਨ ਤੋਂ ਇਲਾਵਾ ਉਨ੍ਹਾਂ ਦੇ ਸੁਝਾਅ ਲੈਣ ਲਈ ਉਨ੍ਹਾਂ ਨਾਲ ਵੀ ਗੱਲਬਾਤ ਵੀ ਕੀਤੀ ਹੈ।

ਭੁਗਤਾਨ ਦੇ ਸਬੰਧ ਵਿੱਚ, ਹੁਣ ਤੱਕ 24000 ਕਰੋੜ ਰੁਪਏ ਤੋਂ ਵੱਧ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚੋਂ 22000 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਭੁਗਤਾਨ ਪ੍ਰਕਿਰਿਆ ਅਧੀਨ ਹੈ ਅਤੇ ਖਰੀਦ ਦੇ 48 ਘੰਟਿਆਂ ਵਿੱਚ ਹੀ 101 ਫੀਸਦੀ ਭੁਗਤਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖਰੀਦ ਸੀਜ਼ਨ ਨੂੰ ਸਫਲ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, 1897 ਖਰੀਦ ਕੇਂਦਰਾਂ ਅਤੇ ਲਗਭਗ 986 ਅਸਥਾਈ ਯਾਰਡਾਂ ਨੂੰ ਕਾਰਜਸ਼ੀਲ ਕਰਨ ਵਰਗੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪੰਜਾਬ ਸਰਕਾਰ ਕਿਰਤੀ ਵਰਗ ਦੇ ਸਨਮਾਨ ਵਿੱਚ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਏਗੀ: CM ਭਗਵੰਤ ਮਾਨ

ਚੰਡੀਗੜ੍ਹ, 28 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਸੂਬੇ ਦੇ ਕਿਰਤੀ ਵਰਗ ਦੇ ਸਤਿਕਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਇਕ ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਕੈਬਨਿਟ ਵੱਲੋਂ ਲਏ ਗਏ ਮਹੱਤਵਪੂਰਨ ਫੈਸਲੇ ਵਿੱਚ ਇਕ ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ‘ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਮਿਹਨਤਕਸ਼ ਕਿਰਤੀਆਂ ਅਤੇ ਕਾਰੀਗਰਾਂ ਨੂੰ ਸਮਰਪਿਤ ਹੋਵੇਗਾ।”
ਉਨ੍ਹਾਂ ਅੱਗੇ ਲਿਖਿਆ, “ਇਸ ਇਤਿਹਾਸਕ ਪਹਿਲਕਦਮੀ ਦੇ ਹਿੱਸੇ ਵਜੋਂ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਮਹਿਮਾਨਾਂ ਵਜੋਂ ਸਦਨ ਵਿੱਚ ਸੱਦਾ ਦਿੱਤਾ ਜਾਵੇਗਾ। ਇਸ ਸੈਸ਼ਨ ਵਿੱਚ ਮਜ਼ਦੂਰ ਵਰਗ ‘ਤੇ ਮਨਰੇਗਾ ਸਕੀਮ ਵਿੱਚ ਤਬਦੀਲੀਆਂ ਦੇ ਪ੍ਰਭਾਵ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੁਣੌਤੀਆਂ ‘ਤੇ ਗੰਭੀਰ ਚਰਚਾ ਵੀ ਹੋਵੇਗੀ।”
ਉਨ੍ਹਾਂ ਅੱਗੇ ਕਿਹਾ, “ਸੈਸ਼ਨ ਦੌਰਾਨ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਨਿਰਧਾਰਤ ਹੋਰ ਜ਼ਰੂਰੀ ਵਿਧਾਨਕ ਕੰਮਕਾਜ ਸਥਾਪਤ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਵਿਕਾਸ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਮਹੱਤਵਪੂਰਨ ਫੈਸਲੇ ਲਏ ਜਾਣ।”
ਅੱਜ ਇਸ ਦਾ ਖੁਲਾਸਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇੱਕ ਰੋਜ਼ਾ ਸੈਸ਼ਨ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਕਿਰਤੀ ਵਰਗ ਦੇ ਅਥਾਹ ਯੋਗਦਾਨ ਨੂੰ ਯਾਦ ਕਰੇਗਾ। ਉਨ੍ਹਾਂ ਅੱਗੇ ਕਿਹਾ,”ਇਹ ਵੀ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਵੀ ਸਦਨ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸੈਸ਼ਨ ਵਿੱਚ ਸੱਦਾ ਦਿੱਤਾ ਜਾਵੇਗਾ। ਸੈਸ਼ਨ ਵਿੱਚ ਮਨਰੇਗਾ ਸਕੀਮ ਨੂੰ ਬਦਲ ਕੇ ਜੀ-ਰਾਮ-ਜੀ ਸਕੀਮ ਲਾਗੂ ਕਰਨ ਨਾਲ ਮਜ਼ਦੂਰ ਵਰਗ ‘ਤੇ ਪਏ ਨਾਕਾਰਤਮਕ ਪ੍ਰਭਾਵਾਂ ‘ਤੇ ਵੀ ਚਰਚਾ ਕੀਤੀ ਜਾਵੇਗੀ।”  
ਇਸ ਤੋਂ ਇਲਾਵਾ ਸੈਸ਼ਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਕਾਸ ਦੇ ਮੱਦੇਨਜ਼ਰ ਮਜ਼ਦੂਰ ਵਰਗ ਨੂੰ ਦਰਪੇਸ਼ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਮਿਆਰੀ ਪ੍ਰਕਿਰਿਆ ਅਨੁਸਾਰ ਵਿਧਾਨਕ ਕੰਮਾਂ ਨੂੰ ਵਿਧਾਨ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਸੈਸ਼ਨ ਮਜ਼ਦੂਰ ਵਰਗ ਦੇ ਉਨ੍ਹਾਂ ਲੱਖਾਂ ਲੋਕਾਂ ਨੂੰ ਸਮਰਪਿਤ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਸਫਲ ਅਤੇ ਮਜ਼ਬੂਤ ਲੋਕਤੰਤਰ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

29-04-2026

ਸੋਰਠਿ ਮਹਲਾ ੯ ॥

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥

ਬੁੱਧਵਾਰ, ੧੬ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੩੪)

ਪੰਜਾਬੀ ਵਿਆਖਿਆ

ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ । ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ।੧।ਰਹਾਉ। ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ । (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ।੧। ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ।੨। ਹੇ ਨਾਨਕ! (ਆਖ—ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ । (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ।੩।੧੨।੧੩੯।

ਲੋਕ ਨਿਰਮਾਣ ਮੰਤਰੀ ਵਲੋਂ ਸੁਵਖਤੇ ਰਸਨਹੇੜੀ ਵਿਖੇ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਕੀਤਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਸੁਵਖਤੇ ਲਾਂਡਰਾਂ -ਚੁੰਨੀ ਮਾਰਗ ‘ਤੇ ਰਸਨਹੇੜੀ ਵਿਖੇ ਸਥਿਤ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਦੌਰਾ ਕੀਤਾ ਗਿਆ। ਮੰਤਰੀ ਜੀ ਨੇ ਇਸ ਦੌਰੇ ਦੌਰਾਨ ਪਲਾਂਟ ਦੀ ਕਾਰਗੁਜਾਰੀ ਵਧਾਉਣ ਅਤੇ ਗੁਣਵੰਤਾ ਦੇ ਮਿਆਰ ਨੂੰ ਸੁਨਿਸਚਤ ਕਰਨ ਦੇ ਮਕੈਨੀਜਮ ਬਾਰੇ ਪੁਛ ਪੜਤਾਲ ਕੀਤੀ।

ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ 45000 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਤਹਿਤ ਪੂਰੇ ਸੂਬੇ ਵਿਚ ਸੜਕਾਂ ਦਾ ਨਵੀਨੀਕਰਨ ਦਾ ਕਾਰਜ ਜੰਗੀ ਪੱਧਰ ‘ਤੇ ਚਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਮਿਕਸਿੰਗ ਪਲਾਂਟ ਦੀ ਰੋਜ਼ਾਨਾ 800 ਟਨ ਦੇ ਕਰੀਬ ਸਮਰੱਥਾ ਹੈ ਇਹ ਵੀ ਦੱਸਿਆ ਗਿਆ ਕਿ ਇਕ ਕਿਲੋਮੀਟਰ ਪਲਾਨ ਰੋਡ(18 ਫੁੱਟੀ) ਉਤੇ 450 ਟਨ ਪ੍ਰੀਮਿਕਸ ਮਾਲ ਪੈਂਦਾ ਹੈ ਅਤੇ ਇਸ ਸਮੇਂ ਸੂਬੇ ਵਿੱਚ 100 ਦੇ ਕਰੀਬ ਹੋਟ ਮਿਕਸ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਕਰ ਰਹੇ ਹਨ।

ਇਸ ਮੌਕੇ ਉਨ੍ਹਾਂ ਰਾਜ ਭਰ ਦੇ ਹੋਟ ਟਾਈਪ ਮਿਕਸ ਪਲਾਂਟ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਪਲਾਂਟ ਨੂੰ ਸਵੇਰੇ 5 ਵਜੇ ਚਾਲੂ ਕਰ ਲਿਆ ਕਰ ਲੈਣ ਤਾਂ ਜ਼ੋ ਹੋਟ ਮਿਕਸ ਪਲਾਂਟ ਦੀ ਸਮਰੱਥਾ ਹੋਰ ਵਧ ਸਕੇ। ਖਾੜੀ ਮੁਲਕਾਂ ਵਿੱਚ ਜੰਗੀ ਹਲਾਤਾਂ ਦੇ ਮੱਦੇਨਜ਼ਰ ਸੜਕ ਨਿਰਮਾਣ ਲਈ ਜ਼ਰੂਰੀ ਲੁੱਕ ਦੀ ਉਪਲਬੱਧਤਾ ਰਿਫਾਇਨਰੀਆਂ ਨਾਲ ਤਾਲਮੇਲ ਰੱਖ ਕੇ ਸੁਨਿਸ਼ਚਿਤ ਕੀਤੀ ਜਾ ਰਹੀ ਹੈ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ ਸੜਕਾਂ ਦੇ ਨਿਰਮਾਣ ਦਾ ਕਾਰਜ ਜੰਗੀ ਪੱਧਰ ਤੇ ਚਲ ਰਿਹਾ ਹੈ ਤਾਂ ਜੋ ਮਾਨਸੂਨ ਦੀ ਆਮਦ ਤੋਂ ਪਹਿਲਾਂ 30 ਜੂਨ 2026 ਤੱਕ ਇਹ ਕਾਰਜ ਪੂਰੀ ਤਰ੍ਹਾਂ ਮੁਕੰਮਲ ਹੋ ਸਕੇ।

ਕੈਬਨਿਟ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਚੰਗੇ ਮਿਆਰ ਦੇ ਕੰਮ ਕਰਨ ਬਾਰੇ ਵੀ ਸੁਚੇਤ ਕੀਤਾ।

ਇਸ ਮੌਕੇ ਵਿਭਾਗ ਦੇ ਇੰਜਨੀਅਰ ਸਨ ਚੀਫ਼ ਗਗਨਦੀਪ ਸਿੰਘ ਸਮੇਤ ਚੀਫ਼ ਇੰਜੀਨੀਅਰ, ਐਕਸੀਅਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

ਚੰਡੀਗੜ੍ਹ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਮਾਲ ਵਿਭਾਗ ਦੇ 23 ਅਧਿਕਾਰੀਆਂ ਨੂੰ ਤਰੱਕੀ ਪੱਤਰ ਸੌਂਪੇ।

ਪਦਉੱਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਨਾਲ ਸੂਬੇ ਵਿੱਚ ਮਾਲ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਪਾਏ ਗਏ ਯੋਗਦਾਨ ਨੂੰ ਮਾਨਤਾ ਮਿਲੀ ਹੈ।

ਦੱਸ ਦੇਈਏ ਕਿ ਛੇ ਅਧਿਕਾਰੀਆਂ ਨੂੰ ਤਹਿਸੀਲਦਾਰ ਤੋਂ ਜ਼ਿਲ੍ਹਾ ਮਾਲ ਅਫ਼ਸਰ, ਅੱਠ ਅਧਿਕਾਰੀਆਂ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਅਤੇ ਨੌਂ ਅਧਿਕਾਰੀਆਂ ਨੂੰ ਕਾਨੂੰਨਗੋ ਤੋਂ ਨਾਇਬ ਤਹਿਸੀਲਦਾਰ ਵਜੋਂ ਪਦਉੱਨਤ ਕੀਤਾ ਗਿਆ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮੁਲਾਜ਼ਮਾਂ ਨੂੰ ਨਿਰਧਾਰਤ ਸਮੇਂ ਅੰਦਰ ਪਦਉੱਨਤ ਕਰਨਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਤਰੱਕੀ ਪ੍ਰਕਿਰਿਆ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਬਿਹਤਰ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਤਰੱਕੀ ਪ੍ਰਾਪਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਆ।

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਨੀਦਰਲੈਂਡ-ਫਿਨਲੈਂਡ ਦੌਰੇ ਦਾ ਵਿਆਪਕ ਰਿਪੋਰਟ ਕਾਰਡ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ ਵਿੱਚ ਵਿਸ਼ਵ ਭਰ ਤੋਂ ਮਜ਼ਬੂਤ ਸਹਿਯੋਗ ਹਾਸਲ ਕੀਤਾ ਹੈ, ਜਿਸ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ।

ਜ਼ਾਇਕਾ ਕੰਪਨੀ ਦੇ 1300 ਕਰੋੜ ਰੁਪਏ ਦੇ ਨਿਵੇਸ਼, ਵਿਸ਼ਵ-ਵਿਆਪੀ ਕੰਪਨੀਆਂ ਦੀ ਦਿਲਚਸਪੀ ਅਤੇ ਕੇਉਕੇਨਹੌਫ ਤੋਂ ਫਿਨਲੈਂਡ ਤੱਕ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਰਣਨੀਤਕ ਗੱਠਜੋੜ ਫਸਲੀ ਵਿਭਿੰਨਤਾ ਨੂੰ ਤੇਜ਼ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਪੰਜਾਬ ਨੂੰ ਨਵੀਨਤਾ, ਖੋਜ ਅਤੇ ਵਿਕਾਸ ਤੇ ਉੱਚ ਗੁਣਵੱਤਾ ਵਾਲੀ ਖੇਤੀ ਲਈ ਵਿਸ਼ਵ-ਵਿਆਪੀ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਤ ਕਰਨਗੇ।

ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੇ ਦਿਨ ਨੀਦਰਲੈਂਡ ਵਿੱਚ ਭਾਰਤ ਦੇ ਸਫ਼ੀਰ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ 19 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ-ਪ੍ਰਸਿੱਧ ਬਾਗਬਾਨੀ ਮਾਡਲ ਕੇਉਕੇਨਹੌਫ ਦਾ ਦੌਰਾ ਕੀਤਾ, ਜਿੱਥੇ ਰੋਜ਼ਾਨਾ 40,000 ਸੈਲਾਨੀ ਆਉਂਦੇ ਹਨ ਅਤੇ ਇਸ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਇਸ ਦੌਰੇ ਦਾ ਮੰਤਵ ਖੇਤੀਬਾੜੀ ਖੇਤਰ ਵਿੱਚ ਭਾਈਵਾਲੀ ਦੇ ਮੌਕਿਆਂ ਦੀ ਪੜਚੋਲ ਕਰਨਾ ਸੀ ਅਤੇ ਬਾਗਬਾਨੀ ਦੇ ਵਿਕਾਸ ਲਈ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪੰਜਾਬ ਤੋਂ ਗੁਲਾਬ ਦੀ ਬਰਾਮਦ ਦੀ ਸੰਭਾਵਨਾ ਦਾ ਪਤਾ ਲਾਇਆ ਗਿਆ।” ਉਨ੍ਹਾਂ ਅੱਗੇ ਕਿਹਾ, “ਜ਼ਾਇਕਾ ਵੱਲੋਂ ਕੀਤੇ ਜਾ ਰਹੇ 1300 ਕਰੋੜ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਸਮਝੌਤਾ ਫਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰੇ ਦਾ ਉਦੇਸ਼ ਉਦਯੋਗਿਕ ਨਿਵੇਸ਼ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ, ਸਿੱਖਿਆ ਅਤੇ ਖੋਜ ਅਦਾਨ-ਪ੍ਰਦਾਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਤਕਨਾਲੋਜੀ ਦੇ ਪਰਸਪਰ ਵਟਾਂਦਰੇ `ਤੇ ਧਿਆਨ ਕੇਂਦਰਿਤ ਕਰਨਾ ਅਤੇ ਪੰਜਾਬ ਦੇ ਸੰਪੂਰਨ ਵਿਕਾਸ ਲਈ ਯੋਜਨਾ ਬਣਾਉਣਾ ਵੀ ਸੀ।”

ਉਨ੍ਹਾਂ ਅੱਗੇ ਕਿਹਾ, “ਗੱਲਬਾਤ ਦੌਰਾਨ ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਟਿਕਾਊ ਖੇਤੀ ਵਿੱਚ ਸਾਂਝੇ ਪ੍ਰਾਜੈਕਟਾਂ ਦੀ ਸੰਭਾਵਨਾ ਦੀ ਪੜਚੋਲ ਕੀਤੀ ਗਈ ਅਤੇ ਇਸ ਗੱਲ ਤੇ ਸਹਿਮਤੀ ਬਣੀ ਕਿ ਉੱਚ-ਮੁੱਲ ਵਾਲੀਆਂ ਫਸਲਾਂ ਅਤੇ ਗੁਣਵੱਤਾ ਭਰਪੂਰ ਬਰਾਮਦ ਉਤਪਾਦਨ ਲਈ ਸਹਿਯੋਗ ਕੀਤਾ ਜਾਵੇਗਾ। ਇਸ ਦੌਰੇ ਨੇ ਹੁਨਰ ਵਿਕਾਸ ਅਤੇ ਵਿਦਿਅਕ ਅਦਾਨ-ਪ੍ਰਦਾਨ ਦੇ ਮੌਕਿਆਂ ਦੇ ਨਾਲ-ਨਾਲ ਨਵੇਂ ਉਦਯੋਗਿਕ ਨਿਵੇਸ਼ਾਂ ਅਤੇ ਗੱਠਜੋੜਾਂ ਲਈ ਰਾਹ ਖੋਲ੍ਹੇ।” ਉਨ੍ਹਾਂ ਰਣਨੀਤਕ ਭਾਈਵਾਲੀ ਬਣਾਉਣਤੇ ਜ਼ੋਰ ਦਿੰਦੇ ਹੋਏ ਤਕਨਾਲੋਜੀ ਅਤੇ ਨਵੀਨਤਾ ਅਦਾਨ-ਪ੍ਰਦਾਨ `ਤੇ ਵੀ ਸਮਝੌਤਾ ਕੀਤਾ। ਨੀਦਰਲੈਂਡ ਵਰਟੀਕਲ (ਲੰਬਕਾਰੀ) ਖੇਤੀਬਾੜੀ ਲਈ ਮਸ਼ਹੂਰ ਹੈ, ਜਿਸ ਨੂੰ ਪੰਜਾਬ ਵਿੱਚ ਦੁਹਰਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “20 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ ਬਾਗਬਾਨੀ ਕੇਂਦਰ ਦਾ ਦੌਰਾ ਕੀਤਾ ਅਤੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ।” ਉਨ੍ਹਾਂ ਦੱਸਿਆ ਕਿ ਵਫ਼ਦ ਨੂੰ ਦੱਸਿਆ ਗਿਆ ਕਿ ਸਾਡੇ ਵਾਂਗ ਖੁੱਲ੍ਹੇ ਵਿੱਚ ਖੇਤੀ ਕਰਨ ਨਾਲ ਇਕ ਵਰਗ ਮੀਟਰ ਵਿੱਚ ਛੇ ਕਿਲੋ ਟਮਾਟਰ ਪੈਦਾ ਹੁੰਦੇ ਹਨ, ਜਦੋਂ ਕਿ ਉੱਥੇ ਪੌਲੀ ਹਾਊਸ ਵਿੱਚ ਇਕ ਵਰਗ ਮੀਟਰ ਵਿੱਚ ਟਮਾਟਰ ਦਾ ਉਤਪਾਦਨ 100 ਕਿਲੋ ਹੈ।

ਉਨ੍ਹਾਂ ਅੱਗੇ ਕਿਹਾ, “ਵਫ਼ਦ ਨੇ ਵਿਦੇਸ਼ੀ ਨਿਵੇਸ਼ ਅਤੇ ਵਿਸ਼ਵ-ਵਿਆਪੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਅਤੇ ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਨਵੀਨਤਾ ਖੇਤਰਾਂ ਵਿੱਚ ਮੌਕਿਆਂ ਦੀ ਪੜਚੋਲ ਕਰਨ ਦੇ ਉਦੇਸ਼ ਨਾਲ ਨਿਵੇਸ਼ ਰੋਡ ਸ਼ੋਅ ਵੀ ਕੀਤਾ।” ਉਨ੍ਹਾਂ ਕਿਹਾ, “ਆਧੁਨਿਕ ਖੇਤੀਬਾੜੀ ਤਕਨਾਲੋਜੀ ਅਤੇ ਬਾਗਬਾਨੀ ਮਾਡਲਾਂ ਨੂੰ ਅਪਨਾਉਣ, ਸਟਾਰਟ-ਅੱਪਸ, ਖੋਜ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਵਿਸ਼ਵ-ਵਿਆਪੀ ਨਿਵੇਸ਼ ਅਤੇ ਤਕਨੀਕੀ ਕੇਂਦਰ ਵਜੋਂ ਸਥਾਪਤ ਕਰਨ `ਤੇ ਧਿਆਨ ਕੇਂਦਰਿਤ ਕੀਤਾ ਗਿਆ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੇ ਯਤਨਾਂ ਨੇ ਲੋੜੀਂਦੇ ਨਤੀਜੇ ਦਿੱਤੇ ਕਿਉਂਕਿ ਮੋਹਾਲੀ ਵਿੱਚ ਇਕ ਖੋਜ ਅਤੇ ਵਿਕਾਸ ਕੇਂਦਰ ਤੇ ਨਵੀਨਤਾ ਹੱਬ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਵਿੱਚ ਇਕ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਨਾਲ ਹੀ ਕਿਹਾ ਕਿ ਪਰਵਾਸੀ ਪੰਜਾਬੀ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਅਤੇ ਪਹਿਲੀ ਵਾਰ ਕਿਸੇ ਪੰਜਾਬੀ ਵਫ਼ਦ ਵੱਲੋਂ ਨੀਦਰਲੈਂਡ ਦਾ ਦੌਰਾ ਕਰਨ ਨਾਲ ਬਹੁਤ ਖ਼ੁਸ਼ ਹਨ।”

ਉਨ੍ਹਾਂ ਅੱਗੇ ਕਿਹਾ, “ਵਿਦੇਸ਼ੀ ਕੰਪਨੀਆਂ ਸੂਬੇ ਵਿੱਚ ਨਿਵੇਸ਼ ਅਤੇ ਗੱਠਜੋੜ ਲਈ ਮਜ਼ਬੂਤ ਦਿਲਚਸਪੀ ਦਿਖਾ ਰਹੀਆਂ ਹਨ, ਜੋ ਤਕਨਾਲੋਜੀ ਟਰਾਂਸਫਰ, ਖੋਜ ਅਤੇ ਸਟਾਰਟ-ਅੱਪਸ ਵਿੱਚ ਸਹਿਯੋਗ ਲਈ ਨਵੇਂ ਮੌਕੇ ਖੋਲ੍ਹੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਫਸਲੀ ਵਿਭਿੰਨਤਾ ਅਤੇ ਉੱਚ-ਤਕਨੀਕੀ ਖੇਤੀ ਨੂੰ ਵੀ ਉਤਸ਼ਾਹਿਤ ਕਰੇਗਾ, ਜਿਸ ਨਾਲ ਪੰਜਾਬ ਦਾ ਅਕਸ ਇਕ ਵਿਸ਼ਵ-ਵਿਆਪੀ, ਨਵੀਨਤਾ-ਆਧਾਰਤ ਅਤੇ ਨਿਵੇਸ਼ਕ-ਅਨੁਕੂਲ ਰਾਜ ਵਜੋਂ ਮਜ਼ਬੂਤ ਹੋਵੇਗੀ।”

ਉਨ੍ਹਾਂ ਅੱਗੇ ਕਿਹਾ, “20 ਅਪ੍ਰੈਲ ਨੂੰ ਮੈਂ ਮਹਾਨ ਡੱਚ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨੂੰ ਮਿਲਿਆ ਅਤੇ ਪੰਜਾਬ ਵਿੱਚ ਹਾਕੀ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਉਹ ਜਲਦੀ ਹਾਕੀ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦਾ ਦੌਰਾ ਕਰਨਗੇ।” ਉਨ੍ਹਾਂ ਕਿਹਾ, “ਬੋਵਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ ਅਤੇ ਇਹ ਸੂਬੇ ਅਤੇ ਹਾਕੀ ਲਈ ਵੱਡਾ ਹੁਲਾਰਾ ਹੋਵੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰੇ ਨੂੰ ਜਾਰੀ ਰੱਖਦਿਆਂ 21 ਅਪ੍ਰੈਲ ਨੂੰ ਵਫ਼ਦ ਨੇ ਐਨ.ਐਕਸ.ਪੀ. ਸੈਮੀਕੰਡਕਟਰ, ਆਲਸਮੀਰ ਫਲਾਵਰ ਆਕਸ਼ਨ ਦਾ ਦੌਰਾ ਕੀਤਾ ਅਤੇ ਐਲ.ਟੀ. ਫੂਡਜ਼ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤੀਬਾੜੀ, ਮੱਛੀ ਪਾਲਣ, ਫੂਡ ਸਕਿਊਰਟੀਜ਼ ਅਤੇ ਨੇਚਰ ਮੰਤਰਾਲੇ ਨਾਲ ਗੱਲਬਾਤ ਕੀਤੀ।”

ਉਨ੍ਹਾਂ ਅੱਗੇ ਕਿਹਾ, “ਇਹ ਚਰਚਾ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ, ਗਲੋਬਲ ਸਪਲਾਈ ਚੇਨਾਂ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ, ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਵਿੱਚ ਵਿਸ਼ਵ ਪੱਧਰੀ ਮਾਡਲਾਂ ਨੂੰ ਅਪਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ‘ਤੇ ਅਧਾਰਤ ਸੀ।”

ਉਨ੍ਹਾਂ ਕਿਹਾ, “ਨਿਵੇਸ਼ਾਂ ਅਤੇ ਤਾਲਮੇਲ ਲਈ ਇਨ੍ਹਾਂ ਨਵੀਆਂ ਸੰਭਾਵਨਾਵਾਂ ਦੀ ਖੋਜ ਤੋਂ ਬਾਅਦ ਪੰਜਾਬ ਨੂੰ ਗਲੋਬਲ ਸਪਲਾਈ ਚੇਨਾਂ ਨਾਲ ਜੋੜਨ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ, ਫੁੱਲਾਂ ਦੀ ਖੇਤੀ ਅਤੇ ਆਧੁਨਿਕ ਖੇਤੀਬਾੜੀ ਮਾਡਲਾਂ ਬਾਰੇ ਜਾਣਕਾਰੀ ਲਈ ਗਈ, ਖੇਤੀਬਾੜੀ ਵਿੱਚ ਨਵੀਨਤਾ ਅਤੇ ਤਕਨਾਲੋਜੀ ਲਈ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਰਾਹ ਪੱਧਰੇ ਕੀਤੇ ਗਏ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਐਨ.ਐਕਸ.ਪੀ. ਨੇ ਨਿਵੇਸ਼ਾਂ ਦੀਆਂ ਹੋਰ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਾਲ-ਨਾਲ ਸੂਬੇ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਕੰਪਨੀਆਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਅਤੇ ਅਨੁਕੂਲ ਮਾਹੌਲ ਉਪਲਬਧ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਵੱਡਾ ਹੁਲਾਰਾ ਮਿਲੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦਾਵਤ ਰਾਈਸ ਬ੍ਰਾਂਡ ਨਾਮੀ ਐਲਟੀ ਫੂਡਜ਼ ਨੇ ਵੀ ਰਾਜਪੁਰਾ ਵਿੱਚ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ ਹੈ।” ਉਨ੍ਹਾਂ ਅੱਗੇ ਕਿਹਾ, “ਕੰਪਨੀ ਦੁਨੀਆ ਭਰ ਦੇ 80 ਦੇਸ਼ਾਂ ਨੂੰ ਚੌਲ ਨਿਰਯਾਤ ਕਰਦੀ ਹੈ ਅਤੇ ਇਹ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵੱਲ ਇੱਕ ਵੱਡਾ ਕਦਮ ਹੋਵੇਗਾ।” ਉਨ੍ਹਾਂ ਅੱਗੇ ਕਿਹਾ, “ਚੌਲਾਂ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਵਿਸ਼ਵ ਭਰ ਵਿੱਚ ਸ਼ਲਾਘਾਯੋਗ ਰਹੀ ਅਤੇ ਇਸ ਨਾਲ ਸੂਬੇ ਨੂੰ ਵੱਡਾ ਹੁਲਾਰਾ ਮਿਲੇਗਾ।” ਉਨ੍ਹਾਂ ਨੇ ਫਲਾਵਰ ਆਕਸ਼ਨ ਦਾ ਵੀ ਦੌਰਾ ਕੀਤਾ ਜਿੱਥੇ ਇਕ ਸੁਚੱਜੀ ਪ੍ਰਣਾਲੀ ਰਾਹੀਂ ਰੋਜ਼ਾਨਾ 4 ਕਰੋੜ ਤੋਂ ਵੱਧ ਫੁੱਲਾਂ ਦਾ ਵਪਾਰ ਕੀਤਾ ਜਾਂਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਦੌਰਾਨ 22 ਅਪ੍ਰੈਲ ਨੂੰ ਵਫ਼ਦ ਫਿਨਲੈਂਡ ਦੌਰੇ ‘ਤੇ ਗਿਆ ਜਿੱਥੇ ਵਫ਼ਦ ਨੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਫਿਨਲੈਂਡ ਦੇ ਰਾਜਦੂਤ ਹੇਮੰਤ ਐਚ. ਕੋਟਲਵਾੜ ਨਾਲ ਮੁਲਾਕਾਤ ਕੀਤੀ।” ਉਨ੍ਹਾਂ ਕਿਹਾ, “ਇਸ ਦੌਰੇ ਦਾ ਉਦੇਸ਼ ਪਰਵਾਸੀ ਪੰਜਾਬੀਆਂ ਨਾਲ ਜੁੜਨਾ, ਲੋਕਾਂ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰਨਾ, ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਵਿੱਚ ਪਰਵਾਸੀਆਂ ਦੀ ਭੂਮਿਕਾ ਬਾਰੇ ਚਰਚਾ ਕਰਨਾ, ਨਿਵੇਸ਼, ਨਵੀਨਤਾ ਅਤੇ ਸਟਾਰਟ-ਅੱਪ ਲਈ ਮੌਕਿਆਂ ਦੀ ਪੜਚੋਲ ਕਰਨਾ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ।”

ਉਨ੍ਹਾਂ ਕਿਹਾ, “ਇਸ ਨਾਲ ਪੰਜਾਬੀ ਭਾਈਚਾਰੇ ਨਾਲ ਸਬੰਧਾਂ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ, ਸਿੱਖਿਆ ਅਤੇ ਹੁਨਰ ਵਿਕਾਸ ਵਿੱਚ ਸਹਿਯੋਗ ਲਈ ਰਾਹ ਪੱਧਰਾ ਹੋਇਆ ਹੈ ਅਤੇ ਨਿਵੇਸ਼ ਅਤੇ ਨਵੀਨਤਾ ਸਬੰਧੀ ਨਵੇਂ ਰਾਹ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਫਿਨਲੈਂਡ ਦੀ ਹਾਕੀ ਟੀਮ ਵਿੱਚ ਪੰਜ ਖਿਡਾਰੀ ਪੰਜਾਬੀ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਕਲੱਬ ਨੇ ਫਿਨਲੈਂਡ ਹਾਕੀ ਕਲੱਬ ਵੱਲੋਂ ਜਿੱਤਿਆ ਸੋਨ ਤਗਮਾ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਭੇਟ ਕੀਤਾ।” ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬੀ ਖਿਡਾਰੀ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬੀ ਖਿਡਾਰੀ ਨਾ ਸਿਰਫ਼ ਭਾਰਤ ਲਈ ਸਗੋਂ ਉਹ ਦੁਨੀਆ ਭਰ ਦੀਆਂ ਟੀਮਾਂ ਲਈ ਹਾਕੀ ਖੇਡਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੀ ਵਿਸ਼ਵ ਪੱਧਰ ‘ਤੇ ਮਾਨਤਾ ਦੇ ਨਾਲ-ਨਾਲ ਸਟਾਰਟ-ਅੱਪਸ ਅਤੇ ਉੱਦਮਤਾ ਵਿੱਚ ਸੰਭਾਵੀ ਭਾਈਵਾਲੀ ਦੀ ਵੀ ਪੜਚੋਲ ਕੀਤੀ ਗਈ।” ਉਨ੍ਹਾਂ ਅੱਗੇ ਕਿਹਾ, “23 ਅਪ੍ਰੈਲ ਨੂੰ ਵਫ਼ਦ ਨੇ ਫਿਨਲੈਂਡ ਦੇ ਆਧੁਨਿਕ ਸਿੱਖਿਆ ਮਾਡਲ ਦਾ ਅਧਿਐਨ ਕੀਤਾ ਅਤੇ ਪ੍ਰੀ-ਸਰਵਿਸ ਟ੍ਰੇਨਿੰਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਬਾਰੇ ਡੂੰਘੀ ਸੂਝ ਪ੍ਰਾਪਤ ਕੀਤੀ।” ਉਨ੍ਹਾਂ ਕਿਹਾ, “ਵਫ਼ਦ ਨੇ ਕਲਾਸਰੂਮ ਅਭਿਆਸਾਂ, ਮੁਲਾਂਕਣ ਪ੍ਰਣਾਲੀਆਂ ਅਤੇ ਸਿੱਖਣ ਦੇ ਮਾਹੌਲ ਸਬੰਧੀ ਡਿਜ਼ਾਇਨ ਦੀ ਘੋਖ ਤੋਂ ਇਲਾਵਾ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿਖਲਾਈ ਪ੍ਰਣਾਲੀਆਂ ਦਾ ਵੀ ਅਧਿਐਨ ਕੀਤਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਧਿਆਪਕ ਸਿਖਲਾਈ ਅਤੇ ਈਸੀਸੀਈ ਵਿੱਚ ਭਾਈਵਾਲੀ ਦੀ ਪੜਚੋਲ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਅਧਿਆਪਕ ਸਮਰੱਥਾ, ਮੈਂਟਰਿੰਗ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।” ਉਨ੍ਹਾਂ ਅੱਗੇ ਕਿਹਾ, “ਇਸ ਨਾਲ ਫਿਨਲੈਂਡ ਦੀ ਉੱਨਤ ਸਿੱਖਿਆ ਪ੍ਰਣਾਲੀ ਅਤੇ ਕਲਾਸਰੂਮ ਪ੍ਰਬੰਧਨ ਅਤੇ ਮੁਲਾਂਕਣ ਅਭਿਆਸਾਂ ਬਾਰੇ ਡੂੰਘੀ ਜਾਣਕਾਰੀ ਮਿਲੀ।” ਉਨ੍ਹਾਂ ਅੱਗੇ ਕਿਹਾ, “ਅਧਿਆਪਕ ਸਿਖਲਾਈ ਅਤੇ ਈਸੀਸੀਈ ਵਿੱਚ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਤੋਂ ਇਲਾਵਾ ਅਧਿਆਪਕ ਸਿਖਲਾਈ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਭਾਈਵਾਲੀ ਕੀਤੀ ਗਈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੀਟਿੰਗਾਂ ਦੌਰਾਨ ਸਿੱਖਿਆ ਖੇਤਰ ਵਿੱਚ ਨਵੀਨਤਾ ਦੇ ਭਵਿੱਖੀ ਮੌਕਿਆਂ ਬਾਰੇ ਵੀ ਵਿਆਪਕ ਚਰਚਾ ਕੀਤੀ ਗਈ।” ਉਨ੍ਹਾਂ ਅੱਗੇ ਕਿਹਾ, “ਵਫ਼ਦ ਨੇ ਤਾਂ ਰਕੂ ਯੂਨੀਵਰਸਿਟੀ ਅਤੇ ਇਸਦੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ। ਪੰਜਾਬ ਵੱਲੋਂ ਪਹਿਲਾਂ ਹੀ ਤਿੰਨ ਬੈਚਾਂ ਰਾਹੀਂ 216 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ।” ਉਨ੍ਹਾਂ ਅੱਗੇ ਕਿਹਾ, “ਪਹਿਲਾ ਬੈਚ 20 ਅਕਤੂਬਰ ਤੋਂ 8 ਨਵੰਬਰ, 2024 ਨੂੰ, ਦੂਜਾ ਬੈਚ 17 ਤੋਂ 28 ਮਾਰਚ, 2025 ਨੂੰ, ਤੀਜਾ ਬੈਚ 17 ਤੋਂ 18 ਨਵੰਬਰ, 2025 ਨੂੰ ਭੇਜਿਆ ਗਿਆ ਸੀ ਅਤੇ 72 ਅਧਿਆਪਕਾਂ ਦਾ ਚੌਥਾ ਬੈਚ 18 ਮਈ, 2026 ਨੂੰ ਭੇਜਿਆ ਜਾਵੇਗਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ।” ਉਨ੍ਹਾਂ ਅੱਗੇ ਕਿਹਾ, “ਪਹਿਲਾਂ ਜਾਪਾਨ ਅਤੇ ਕੋਰੀਆ ਦੇ ਦੌਰੇ ਦੇ ਸਾਰਥਕ ਨਤੀਜੇ ਸਾਹਮਣੇ ਆਏ ਕਿਉਂਕਿ ਸੂਬਾ ਸਰਕਾਰ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕਰਨ ਵਿੱਚ ਸਫਲ ਰਹੀ ਸੀ।” ਉਨ੍ਹਾਂ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਨੀਦਰਲੈਂਡ ਅਤੇ ਫਿਨਲੈਂਡ ਦੀ ਇਹ ਫੇਰੀ ਵੀ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗੀ।”

ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ, 28 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਦੀ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 1 ਮਈ ਨੂੰ ਮਈ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਲੰਡਰ ਸਾਲ 2026 ਦੌਰਾਨ ਪੰਜਾਬ ਸਰਕਾਰ ਦੀਆਂ ਅਨੁਸੂਚੀ ਵਾਲੀਆਂ ਗਜ਼ਟਿਡ ਛੁੱਟੀ ਵਿੱਚ 1 ਮਈ ਨੂੰ ਛੁੱਟੀ ਐਲਾਨੀ ਗਈ ਹੈ।

ਸੂਬੇ ਦੀਆਂ ਮੰਡੀਆਂ ਵਿੱਚ 104 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ : ਹਰਚੰਦ ਸਿੰਘ ਬਰਸਟ

ਐਸ.ਏ.ਐਸ. ਨਗਰ (ਮੋਹਾਲੀ), 28 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਾੜ੍ਹੀ ਸੀਜਨ 2026-27 ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦੇ ਕਾਰਜ ਜੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਹੁਣ ਤੱਕ 100.85 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ. ਬਰਸਟ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ 104 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 100.85 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਸਰਕਾਰੀ ਏਜੰਸੀਆਂ ਵੱਲੋਂ 100 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜਿਸਦੇ ਤਹਿਤ ਪਨਗ੍ਰੇਨ ਵੱਲੋਂ 32,80,745 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 1,92,657 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 25,94,649 ਮੀਟ੍ਰਿਕ ਟਨ, ਪਨਸਪ ਵੱਲੋਂ 22,98,015 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 16,34,076 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸਦੇ ਨਾਲ ਹੀ ਪ੍ਰਾਈਵੇਟ ਪੱਧਰ ਤੇ 85,110 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਚੇਅਰਮੈਨ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸੂਬੇ ਦੀਆਂ ਮੰਡੀਆਂ ਵਿੱਚ 4.23 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ 4.80 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਕਿਸਾਨਾਂ ਨੂੰ ਲਗਭਗ 21422 ਕਰੋੜ ਰੁਪਏ ਦੀ ਅਦਾਇਗੀ ਉਹਨਾਂ ਦੇ ਬੈਂਕ ਖਾਤੀਆਂ ਵਿੱਚ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਸੀਜਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸਦੇ ਲਈ ਮੰਡੀਆਂ ਵਿੱਚ ਸਾਫ਼-ਸਫਾਈ, ਪੀਣ ਵਾਲਾ ਪਾਣੀ, ਬਿਜਲੀ, ਬਾਥਰੂਮਾਂ, ਛਾਂ, ਬੈਠਣ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਮੰਡੀਆਂ ਵਿੱਚ ਜਾ ਕੇ ਖਰੀਦ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ।

ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਕਰਵਾਉਣ ਲਈ ਕੁੱਲ 1896 ਮੰਡੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ 153 ਮੁੱਖ ਯਾਰਡ, 288 ਸਬ-ਯਾਰਡ ਅਤੇ 1455 ਖਰੀਦ ਕੇਂਦਰ ਆਉਂਦੇ ਹਨ। ਇਸ ਦੇ ਨਾਲ ਹੀ ਕਣਕ ਦੀ ਫਸਲ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ 983 ਆਰਜੀ ਮੰਡੀਆਂ ਬਣਾਈਆ ਗਈਆਂ ਹਨ। ਇਸਦੇ ਨਾਲ ਹੀ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਦੇ ਟੈਲੀਫੋਨ ਨੰ. 0172-5101649 ਅਤੇ 0172-5101704 ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ।

Category : ਦੇਸ਼