Breaking News
ਐਸ.ਸੀ.ਕਮਿਸ਼ਨ ਵਲੋਂ ਪਿੰਡ ਝੋਰੜ ਮਾਮਲੇ ਵਿਚ ਸੂ ਮੋਟੋ ਨੋਟਿਸ

ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਤੋਂ ਰਿਪੋਰਟ ਤਲਬ

ਚੰਡੀਗੜ੍ਹ, 8 ਜੂਨ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੋਰੜ ਵਿਚ ਦੋ ਦਲਿਤ ਨੌਜਵਾਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਖੇਤਾਂ ਵਿਚ ਘੜੀਸਣ ਦੇ ਮਾਮਲੇ ਵਿਚ ਸੂ ਮੋਟੋ ਨੋਟਿਸ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਵਿਚ ਛਪੀ ਖ਼ਬਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਤੇ ਕਮਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਤੋਂ ਐਸ.ਪੀ.ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਮਿਤੀ 9 ਜੂਨ 2026 ਨੂੰ ਰਿਪੋਰਟ ਤਲਬ ਕੀਤੀ ਗਈ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

08-06-2026

ਸੋਰਠਿ ਮਹਲਾ ੫ ॥

ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥

ਸੋਮਵਾਰ, ੨੫ ਜੇਠ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੬੨੧)

ਪੰਜਾਬੀ ਵਿਆਖਿਆ

ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ । ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ।੧। ਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ । ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ । ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ।੧।ਰਹਾਉ। ਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ । ਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ ।੨।੨੨।੫੦।

English Translation

SORAT’H, FIFTH MEHL:

All beings and creatures were created by Him; He alone is the support and friend of the Saints. He Himself preserves the honor of His servants; their glorious greatness becomes perfect. || 1 || The Perfect Supreme Lord God is always with me. The Perfect Guru has perfectly and totally protected me, and now everyone is kind and compassionate to me. || 1 || Pause || Night and day, Nanak meditates on the Naam, the Name of the Lord; He is the Giver of the soul, and the breath of life itself. He hugs His slave close in His loving embrace, like the mother and father hug their child. || 2 || 22 || 50 ||Monday, 25th Jayt’h (Samvat 558 Nanakshahi)(Page: 621)

ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ

ਚੰਡੀਗੜ੍ਹ/ਫਿਰੋਜ਼ਪੁਰ, 7 ਜੂਨ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਦਰਜ ਕਰਿਦਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਫਿਰੋਜ਼ਪੁਰ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨਾਲ ਪੂਰਨ ਤਾਲਮੇਲ ਵਾਲੇ ਸਾਂਝੇ ਆਪ੍ਰੇਸ਼ਨ ਤਹਿਤ ਫਿਰੋਜ਼ਪੁਰ ਦੇ ਇੱਕ ਦੁਕਾਨਦਾਰ ਦੇ ਕਤਲ ਕੇਸ ਵਿੱਚ ਸ਼ਾਮਲ ਰਾਜਸਥਾਨ ਅਧਾਾਰਤ ਦੋ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਸ਼ਨੂੰ ਕੁਮਾਰ ਵਾਸੀ ਰੂਪਬਾਸ, ਭਰਤਪੁਰ (ਰਾਜਸਥਾਨ) ਅਤੇ ਰਾਹੁਲ ਮਹਾਵਰ ਵਾਸੀ ਅਨੰਤਪੁਰਾ, ਕੋਟਾ (ਰਾਜਸਥਾਨ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਬੇਰੇਟਾ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਹਮਲਾਵਰਾਂ ਨੇ 1 ਜੂਨ, 2026 ਨੂੰ ਫਿਰੋਜ਼ਪੁਰ ਦੇ ਮਖੂ ਵਿਖੇ ਗਾਬਾ ਜਨਰਲ ਸਟੋਰ ਦੇ ਮਾਲਕ ਗੁਰਚਰਨ ਸਿੰਘ ਗਾਬਾ ਦੀ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਸ਼ਨੂੰ ਦਾ ਜਬਰਨ ਵਸੂਲੀ, ਡਕੈਤੀ, ਚੋਰੀ ਅਤੇ ਅਸਲਾ ਐਕਟ ਦੀ ਉਲੰਘਣਾ ਨਾਲ ਸਬੰਧਤ ਅਪਰਾਧਿਕ ਪਿਛੋਕੜ ਹੈ ਅਤੇ ਉਸ ’ਤੇ ਰਾਜਸਥਾਨ ਪੁਲਿਸ ਵੱਲੋਂ 10,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਏ.ਜੀ.ਟੀ.ਐਫ. ਪੰਜਾਬ ਵੱਲੋਂ ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ‘‘ਹਿੱਲ ਟਰੈਪ’’ ਨਾਂ ਦਾ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਛਾਪੇਮਾਰੀਆਂ ਦੌਰਾਨ ਮਿਲੀ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮਾਂ ਦੀਆਂ ਜੰਮੂ ਅਤੇ ਕਸ਼ਮੀਰ ਵਿੱਚ ਛੁਪਣਗਾਹਾਂ ਹਨ, ਜਿਸ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਜੀ.ਟੀ.ਐਫ. ਪੰਜਾਬ, ਫਿਰੋਜ਼ਪੁਰ ਪੁਲਿਸ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ।ਏ.ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਪੁਲਿਸ ਸਟੇਸ਼ਨ ਕੁੱਦ ਨੇੜੇ ਪਤਨੀਟੌਪ-ਕੁੱਦ ਰੋਡ ’ਤੇ ਲਗਾਏ ਨਾਕੇ ’ਤੇ ਰੋਕਿਆ ਗਿਆ। ਪੁਲਿਸ ਟੀਮ ਨੂੰ ਦੇਖਦਿਆਂ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਬੜੀ ਮੁਸਤੈਦੀ ਨਾਲ ਦੋਵਾਂ ਮੁਲਜ਼ਮਾਂ ਨੂੰ ਇੱਕ ਪਿਸਤੌਲ ਸਮੇਤ ਸਫ਼ਲਤਾਪੂਰਵਕ ਕਾਬੂ ਕਰ ਲਿਆ। ਫਿਰੋਜ਼ਪੁਰ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਟੀਮਾਂ ਹੁਣ ਘਟਨਾ ਪਿਛਲੀ ਅਸਲ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿਚ ਜੁਟੀਆਂ ਹਨ, ਜਿਸ ਤਹਿਤ ਹਮਲੇ ਦੀ ਯੋਜਨਾ ਬਣਾਉਣ ਵਾਲੇ, ਵਿੱਤੀ ਸਹਾਇਤਾ ਜਾਂ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਐਫਆਈਆਰ ਨੰਬਰ 111 ਮਿਤੀ 01.06.2026 ਨੂੰ ਬੀਐਨਐਸ ਦੀ ਧਾਰਾ 103 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਫਿਰੋਜ਼ਪੁਰ ਦੇ ਪੁਲਿਸ ਸਟੇਸ਼ਨ ਮੱਖੂ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਮਹਿੰਗਾਈ ਦਾ ਝਟਕਾ : ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ

ਨਵੀਂ ਦਿੱਲੀ, 7 ਜੂਨ:

ਆਮ ਲੋਕਾਂ ਨੂੰ ਇੱਕ ਹੋਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ ਅੱਜ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲਾ ਘਰੇਲੂ ਗੈਸ ਸਿਲੰਡਰ ਹੁਣ 913 ਰੁਪਏ ਦੀ ਥਾਂ 942 ਰੁਪਏ ਵਿੱਚ ਮਿਲੇਗਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

07-06-2026

ਰਾਮਕਲੀ ਮਹਲਾ ੧ ॥

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ਐਤਵਾਰ, ੨੪ ਜੇਠ (ਸੰਮਤ ੫੫੮ ਨਾਨਕਸ਼ਾਹੀ)(ਅੰਗ: ੮੭੭)

ਪੰਜਾਬੀ ਵਿਆਖਿਆ

(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ । (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ।੧। ਹੇ ਜੋਗੀ! (ਮੇੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ । (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ।੧।ਰਹਾਉ। (ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ।੨। ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ।੩। ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ।੪।੪।

English Translation

RAAMKALEE, FIRST MEHL:

Awareness of the Shabad and the Teachings is my horn; the people hear the sound of its vibrations. Honor is my begging-bowl, and the Naam, the Name of the Lord, is the charity I receive. || 1 || O Baba, Gorakh is the Lord of the Universe; He is always awake and aware. He alone is Gorakh, who sustains the earth; He created it in an instant. || 1 || Pause || Binding together water and air, He infused the breath of life into the body, and made the lamps of the sun and the moon. To die and to live, He gave us the earth, but we have forgotten these blessings. || 2 || There are so many Siddhas, seekers, Yogis, wandering pilgrims, spiritual teachers and good people. If I meet them, I chant the Lord’s Praises, and then, my mind serves Him. || 3 || Paper and salt, protected by ghee, remain untouched by water, as the lotus remains unaffected in water. Those who meet with such devotees, O servant Nanak — what can death do to them? || 4 || 4 ||Sunday, 24th Jayt’h (Samvat 558 Nanakshahi)(Page: 877)

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਲਈ ਪ੍ਰੋ. ਗੁਰਬਖਸ਼ੀਸ ਸਿੰਘ ਅਨਟਾਲ ਰਾਜ ਪੱਧਰੀ ਨੋਡਲ ਅਫ਼ਸਰ ਨਿਯੁਕਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜੂਨ:

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਵੱਲੋਂ ਪ੍ਰੋ. ਗੁਰਬਖਸ਼ੀਸ ਸਿੰਘ ਅਨਟਾਲ ਅਤੇ ਸ਼੍ਰੀ ਮੰਗਾ ਸਿੰਘ ਨੂੰ ਰਾਜ ਪੱਧਰੀ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣਾ ਹੈ, ਤਾਂ ਜੋ ਯੋਗ ਨਾਗਰਿਕਾਂ ਦੀ ਵੋਟਰ ਸੂਚੀਆਂ ਵਿੱਚ ਸਹੀ ਅਤੇ ਪੂਰੀ ਜਾਣਕਾਰੀ ਦਰਜ ਹੋ ਸਕੇ।ਨੋਡਲ ਅਫ਼ਸਰਾਂ ਨੇ ਇਸ ਕਾਰਜ ਵਿੱਚ ਸਹਿਯੋਗ ਲਈ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ 7 ਜੂਨ ਨੂੰ ਲਗਾਏ ਜਾ ਰਹੇ ਪ੍ਰੀ-ਮੈਪਿੰਗ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧੀਨ ਆਉਂਦੀਆਂ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ, ਪ੍ਰੀ-ਮੈਪਿੰਗ ਕੈਂਪਾਂ ਅਤੇ ਵਿਸ਼ੇਸ਼ ਮੁਹਿੰਮਾਂ ਰਾਹੀਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਪ੍ਰੋ. ਗੁਰਬਖਸ਼ੀਸ ਸਿੰਘ ਅਨਟਾਲ ਨੇ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਦੀਆਂ ਸਮੂਹ ਸੰਸਥਾਵਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਲੋਕਤੰਤਰਕ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਂਝੇ ਯਤਨ ਨਾਲ ਵੋਟਰ ਸੂਚੀਆਂ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਵੇਗਾ।

ਪੰਜਾਬ ਦੇ ਨੌਜਵਾਨਾਂ ਨੂੰ ਕੁਆਲਟੀ ਤਕਨੀਕੀ ਅਤੇ ਫਾਰਮਾਸਿਊਟੀਕਲ ਸਿੱਖਿਆ ਪ੍ਰਦਾਨ ਕਰਨ ਲਈ ਭਗਵੰਤ ਮਾਨ ਸਰਕਾਰ ਬਣਾ ਰਹੀ ਹੈ ਭਵਿੱਖ ਮੁਖੀ ਯੂਨੀਵਰਸਿਟੀਆਂ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 6 ਜੂਨ:

ਸੂਬੇ ਵਿੱਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਨੂੰ ਹੁਲਾਰਾ ਦੇਣ ਦੇ ਵਿਆਪਕ ਯਤਨ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿੱਚ ਅਕਾਦਮਿਕ ਸੈਸ਼ਨ 2026-27 ਤੋਂ ਪੰਜ ਨਵੇਂ ਉਦਯੋਗ ਅਤੇ ਹੁਨਰ-ਅਧਾਰਤ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਸ. ਬੈਂਸ ਨੇ ਕਿਹਾ ਕਿ ਨਵੇਂ ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ ਵਿੱਚ ਬੀ.ਟੈਕ, ਰੋਬੋਟਿਕਸ ਅਤੇ ਏਆਈ ਵਿੱਚ ਬੀ.ਟੈਕ, ਬੀ.ਫਾਰਮੇਸੀ, ਬੀ.ਐਸ.ਸੀ. ਐਗਰੀਕਲਚਰ ਅਤੇ ਐਮ.ਸੀ.ਏ., ਐਮ.ਬੀ.ਏ. ਤੇ ਐਮ.ਐਸ.ਸੀ. ਵਿੱਚ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਲ ਹਨ।ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਨੂੰ ਰੋਜ਼ਗਾਰ-ਅਧਾਰਤ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇ ਯੋਗ ਬਣਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਅੱਗੇ ਕਿਹਾ “ਥਿਊਰੀ, ਪ੍ਰੀਖਿਆ-ਕੇਂਦ੍ਰਿਤ ਸਿੱਖਿਆ ਦਾ ਪੁਰਾਣਾ ਮਾਡਲ ਵੇਲਾ ਹੰਢਾ ਚੁੱਕਾ ਹੈ, ਜਿਸ ਕਰਕੇ ਅਸੀਂ ਇਸਨੂੰ ਵਿਹਾਰਕ ਸਿਖਲਾਈ, ਪ੍ਰਯੋਗਸ਼ਾਲਾ-ਅਧਾਰਤ ਅਤੇ ਅਸਲ-ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਅਨੁਸਾਰ ਢਾਲ ਰਹੇ ਹਾਂ। ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ ਹੁਣ ਸਿਰਫ ਡਿਗਰੀ ਧਾਰਕਾਂ ਲਈ ਹੀ ਨਹੀਂ, ਸਗੋਂ ਨਵੀਨ ਵਿਚਾਰਾਂ ਵਾਲੇ ਨੌਜਵਾਨਾਂ ਲਈ ਲਾਂਚਪੈਡ ਬਣੇਗੀ।”ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਇੱਕ ਸਮੈਸਟਰ ਦੀ ਮਿਆਦ ਜਿੰਨੀ ਲਾਜ਼ਮੀ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਾਂ ਵਿੱਚੋਂ ਗੁਜ਼ਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੋਈ ਵਿਦਿਆਰਥੀ ਗ੍ਰੈਜੂਏਟ ਹੁੰਦਾ ਹੈ, ਤਾਂ ਉਹ ਪਹਿਲਾਂ ਹੀ ਉਦਯੋਗ ਲਈ ਤਿਆਰ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਪਾਠਕ੍ਰਮ ਵਿੱਚ ਤਬਦੀਲੀ ਨਹੀਂ, ਸਗੋਂ ਪੰਜਾਬ ਦੇ ਸਿੱਖਣ, ਕਮਾਉਣ ਅਤੇ ਅੱਗੇ ਵਧਣ ਦੇ ਸਫ਼ਰ ਵਿੱਚ ਇੱਕ ਕ੍ਰਾਂਤੀ ਹੈ।ਸ. ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਸੂਬੇ ‘ਚੋਂ ਹੁਨਰ ਦੀ ਹਿਜਰਤ ਦੇ ਰੁਝਾਨ ਨੂੰ ਉਲ਼ਟਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਪੰਜਾਬ ਵਿੱਚ ਮਾਪਿਆਂ ਨੂੰ ਹੁਣ ਗੁਣਵੱਤਾ ਅਧਾਰਤ ਤਕਨੀਕੀ ਜਾਂ ਫਾਰਮਾ ਸਿੱਖਿਆ ਲਈ ਮਜ਼ਬੂਰੀ ਵੱਸ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਕਿਉਂਕਿ ਮਾਨ ਸਰਕਾਰ ਇੱਥੇ ਹੀ ਭਵਿੱਖ ਲਈ ਤਿਆਰ ਯੂਨੀਵਰਸਿਟੀਆਂ ਬਣਾ ਰਹੀ ਹੈ।

ਕਾਕਰੋਚ ਜਨਤਾ ਪਾਰਟੀ ਵੱਲੋਂ ਦਿੱਲੀ ‘ਚ ਵਿਰੋਧ ਪ੍ਰਦਰਸ਼ਨ, ਹਜ਼ਾਰਾਂ ਲੋਕ ਪਹੁੰਚੇ

ਨਵੀਂ ਦਿੱਲੀ, 6 ਜੂਨ,

ਕਾਕਰੋਚ ਜਨਤਾ ਪਾਰਟੀ (CJP) ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸਦੇ ਸੰਸਥਾਪਕ, ਅਭਿਜੀਤ ਦੀਪਕੇ ਵੀ ਮੌਜੂਦ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋਏ ਹਨ, ਸਿੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਹਨ।ਅਭਿਜੀਤ ਅੱਜ ਸ਼ਨੀਵਾਰ ਸਵੇਰੇ 7:45 ਵਜੇ ਅਮਰੀਕਾ ਤੋਂ ਦਿੱਲੀ ਪਹੁੰਚੇ। ਉਹ ਲਗਭਗ ਇੱਕ ਘੰਟੇ ਬਾਅਦ ਹਵਾਈ ਅੱਡੇ ਤੋਂ ਬਾਹਰ ਨਿਕਲੇ; ਉਨ੍ਹਾਂ ਨੇ ਬਾਹਰ ਨਿਕਲਣ ਵਿੱਚ ਦੇਰੀ ਦਾ ਕਾਰਨ ਨਹੀਂ ਦੱਸਿਆ ਗਿਆ। ਬਾਹਰ ਆਉਣ ‘ਤੇ ਅਭਿਜੀਤ ਨੇ ਇੱਕ ਕਿਤਾਬ ਫੜੀ ਹੋਈ ਸੀ।ਇਹ ਜੰਤਰ-ਮੰਤਰ ‘ਤੇ CJP ਦਾ ਪਹਿਲਾ ਵਿਰੋਧ ਪ੍ਰਦਰਸ਼ਨ ਹੈ। ਇਹ ਪ੍ਰਦਰਸ਼ਨ NEET-UG ਪੇਪਰ ਲੀਕ ਅਤੇ CBSE, CUET ਅਤੇ SSC-GD ਵਰਗੀਆਂ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਵਿਰੁੱਧ ਹੈ।

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਧਮਾਕਾ

ਲੁਧਿਆਣਾ, 6 ਜੂਨ,

ਲੁਧਿਆਣਾ ਰੇਲਵੇ ਸਟੇਸ਼ਨ ਦੇ ਵਾਸ਼ਰੂਮ ਖੇਤਰ ਵਿੱਚ ਸਵੇਰੇ 9 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਇਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਕਟੜਾ ਸਪੈਸ਼ਲ ਟ੍ਰੇਨ ਉੱਥੇ ਖੜ੍ਹੀ ਸੀ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਸਨ। ਧਮਾਕੇ ਦੀ ਆਵਾਜ਼ ਸੁਣਾਈ ਦਿੰਦੇ ਹੀ ਸਟੇਸ਼ਨ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ।ਬਹੁਤ ਸਾਰੇ ਯਾਤਰੀ ਘਬਰਾਹਟ ਵਿੱਚ ਏਧਰ ਉੱਧਰ ਭੱਜੇ। ਧਮਾਕੇ ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਹਾਲਾਂਕਿ, ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਵੱਡੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਫਿਰ ਵੀ, ਧਮਾਕੇ ਤੋਂ ਬਾਅਦ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਘਟਨਾ ਦੀ ਜਾਣਕਾਰੀ ਮਿਲਣ ‘ਤੇ, ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਤੋਂ ਵਿਸਤ੍ਰਿਤ ਜਾਣਕਾਰੀ ਦੀ ਫਿਲਹਾਲ ਉਡੀਕ ਹੈ।

ਜਲੰਧਰ : ਗੋਲਬਾਰੀ ਦੌਰਾਨ ਨੌਜਵਾਨ ਦੀ ਮੌਤ, ਪੁਲਸ ਤੇ ਪਰਿਵਾਰ ਨੇ ਲਾਏ ਇਕ-ਦੂਜੇ ‘ਤੇ ਇਲਜ਼ਾਮ

ਜਲੰਧਰ, 6 ਜੂਨ,

ਪੁਲਿਸ ਕਾਰਵਾਈ ਦੌਰਾਨ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦੇ ਲਵਪ੍ਰੀਤ ਉਰਫ਼ ਲਵੀ ਦੀ ਮੌਤ ਤੋਂ ਬਾਅਦ ਜਲੰਧਰ ਦੇ ਮਹਿਤਪੁਰ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ।ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਟੀਮ ‘ਤੇ ਭੀੜ ਨੇ ਹਮਲਾ ਕਰ ਦਿੱਤਾ, ਜਿਸ ਨੇ ਗੋਲੀਬਾਰੀ ਕੀਤੀ; ਸਵੈ-ਰੱਖਿਆ ਵਿੱਚ ਹੋਈ ਗੋਲੀਬਾਰੀ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ। ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੋੜੀਂਦਾ ਮੁਲਜ਼ਮ ਲਵਪ੍ਰੀਤ ਘਰ ਆ ਗਿਆ ਹੈ। ਇਸ ਤੋਂ ਬਾਅਦ, ਮਹਿਤਪੁਰ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਅਮਨ ਸੈਣੀ ਇੱਕ ਪੁਲਿਸ ਟੀਮ ਨਾਲ ਬੰਗੀਵਾਲ ਪਿੰਡ ਪਹੁੰਚੇ। ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਸਥਾਨਕ ਲੋਕਾਂ ਵਿਚਕਾਰ ਟਕਰਾਅ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਭੀੜ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਜਵਾਬੀ ਕਾਰਵਾਈ ਕਰਨੀ ਪਈ।ਇਸ ਦੌਰਾਨ, ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਬਿਆਨ ‘ਤੇ ਸਵਾਲ ਉਠਾਏ ਹਨ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਲਵਪ੍ਰੀਤ ਉਸ ਸਮੇਂ ਬਾਥਰੂਮ ਵਿੱਚ ਸੀ ਅਤੇ ਜਿਵੇਂ ਹੀ ਉਹ ਬਾਹਰ ਨਿਕਲਿਆ, ਪੁਲਿਸ ਮੁਲਾਜ਼ਮਾਂ ਨੇ ਉਸਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ। ਪਰਿਵਾਰ ਦਾ ਦਾਅਵਾ ਹੈ ਕਿ ਉਸਨੂੰ ਦੋ ਗੋਲੀਆਂ ਲੱਗੀਆਂ ਸਨ, ਜੋ ਘਾਤਕ ਸਾਬਤ ਹੋਈਆਂ। ਘਟਨਾ ਤੋਂ ਬਾਅਦ, ਪਰਿਵਾਰ ਨੇ ਇਸਨੂੰ “ਜਾਅਲੀ ਮੁਕਾਬਲਾ” ਕਰਾਰ ਦਿੰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਥਾਨ ‘ਤੇ ਹਫੜਾ-ਦਫੜੀ ਵਾਲਾ ਦ੍ਰਿਸ਼ ਹੈ। ਪੁਲਿਸ ਅਤੇ ਪਰਿਵਾਰ ਦੇ ਵਿਰੋਧੀ ਦਾਅਵਿਆਂ ਨੇ ਘਟਨਾ ਦੇ ਪੂਰੇ ਕ੍ਰਮ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ।ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Category : ਦੇਸ਼