Breaking News
‘ਆਪ’ ਵਿਧਾਇਕਾਂ ਤੇ ਵਰਕਰਾਂ ਨੇ ਕਾਲੀਆਂ ਪੱਟੀਆਂ ਬੰਨ ਕੇ ਮੁੱਖ ਮੰਤਰੀ ਦਾ ਕੀਤਾ ਵਿਰੋਧ

ਅੰਮ੍ਰਿਤਸਰ, 21 ਫਰਵਰੀ, ਮੁਕੇਸ਼ :

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅੱਜ ਅੰਮ੍ਰਿਤਸਰ ਪਹੁੰਚਣ ਉਤੇ ਵਿਰੋਧ ਕੀਤਾ ਗਿਆ। ਨਾਇਬ ਸਿੰਘ ਸੈਣੀ ਇੱਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੇ ਅੰਮ੍ਰਿਤਸਰ ਪਹੁੰਚਣ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਵੱਲੋਂ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ ਕੇ ਤੇਜ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਪ ਆਗੂਆਂ ਨੇ ਨਾਇਬ ਸਿੰਘ ਸੈਣੀ ਦੇ ਕਾਫਲੇ ਦੇ ਸਾਹਮਣੇ “ਕੇਂਦਰ ਸਰਕਾਰ ਮੁਰਦਾਬਾਦ” ਅਤੇ “ਭਾਜਪਾ ਸਰਕਾਰ ਮੁਰਦਾਬਾਦ” ਦੇ ਨਾਅਰੇ ਲਗਾ ਕੇ ਆਪਣਾ ਰੋਸ ਦਰਜ ਕਰਵਾਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਲਗਾਤਾਰ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ, ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਜੀਵਨ ਜੋਤ ਕੌਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਨਾਇਬ ਸਿੰਘ ਸੈਣੀ ਕਿਸ ਮੂੰਹ ਨਾਲ ਪੰਜਾਬ ਆ ਰਹੇ ਹਨ, ਜਦੋਂ ਕੇਂਦਰ ਸਰਕਾਰ ਨੇ ਪੰਜਾਬ ਦਾ ਆਰ.ਡੀ.ਐਫ. ਫੰਡ ਰੋਕ ਕੇ ਰੱਖਿਆ ਹੋਇਆ ਹੈ। ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਆਰ.ਡੀ.ਐਫ. ਫੰਡ ਰੋਕਣ ਦਾ ਮਕਸਦ ਪੰਜਾਬ ਦੇ ਪਿੰਡਾਂ ਦੇ ਵਿਕਾਸ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਨੀਤੀ ਪੰਜਾਬ ਵਿਰੋਧੀ ਹੈ ਅਤੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਆਪ ਨੇਤਾ ਨੇ ਸਾਫ਼ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਹੱਕਾਂ ਦੀ ਰੱਖਿਆ ਨਹੀਂ ਹੁੰਦੀ, ਤਦ ਤੱਕ ਕੇਂਦਰ ਸਰਕਾਰ ਅਤੇ ਭਾਜਪਾ ਦੇ ਆਗੂਆਂ ਵਿਰੁੱਧ ਵਿਰੋਧ ਜਾਰੀ ਰਹੇਗਾ।

ਪੁਲਿਸ ਦੀ ਫੁਰਤੀ ਨਾਲ ਪੰਜਾਬ ’ਚ ਟੱਲਿਆ ਵੱਡਾ ਹਾਦਸਾ

ਅੰਮ੍ਰਿਤਸਰ, 21 ਫਰਵਰੀ, ਮੁਕੇਸ਼ :

ਪੰਜਾਬ ਪੁਲਿਸ ਦੀ ਫੁਰਤੀ ਨਾਲ ਵੱਡਾ ਹਾਦਸਾ ਟਲਿਆ ਹੈ। ਅੰਮ੍ਰਿਤਸਰ ਵਿਚ ਪੁਲਿਸ ਨੂੰ ਸ਼ੁੱਕਰਵਾਰ ਦੇਰ ਰਾਤ ਰਈਆ ਚੌਕੀ ਨੇੜੇ ਆਈਈਡੀ ਲੱਗੀ ਹੋਣ ਦੀ ਗੁਪਤ ਸੂਚਨਾ ਮਿਲੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਈਈਡੀ ਨੂੰ ਸੁਰੱਖਿਅਤ ਤਰੀਕੇ ਨਾਲ ਬਰਾਮਦ ਕਰ ਲਿਆ। ਸ਼ਨੀਵਾਰ ਸਵੇਰੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾ ਕੇ ਆਈਈਡੀ ਨੂੰ ਨਿਸ਼ਕ੍ਰਿਆ ਕਰ ਦਿੱਤਾ ਗਿਆ। ਵੱਡੀ ਘਟਨਾ ਟਲਣ ‘ਤੇ ਪੁਲਿਸ ਨੇ ਰਾਹਤ ਦੀ ਸਾਹ ਲਈ। ਮਾਮਲੇ ਸਬੰਧੀ ਅਜੇ ਤੱਕ ਇਹ ਪਤਾ ਨਹੀਂ ਚਲਿਆ ਕਿ ਇਹ ਕਿਸ ਵੱਲੋਂ ਆਈਈਡੀ ਰੱਖਿਆ ਗਿਆ ਸੀ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਇਸ ਸਬੰਧੀ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਉਦਯੋਗਪਤੀ ਸੱਜਣ ਜਿੰਦਲ ਨਾਲ ਮੁਲਾਕਾਤ; ਇਸਪਾਤ ਖੇਤਰ ‘ਚ ₹1,500 ਕਰੋੜ ਨਿਵੇਸ਼ ਦਾ ਐਲਾਨ

ਚੰਡੀਗੜ੍ਹ, 21 ਫਰਵਰੀ 2026 :

ਪੰਜਾਬ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਮੁੰਬਈ ਵਿੱਚ ਪ੍ਰਮੁੱਖ ਉਦਯੋਗਪਤੀ ਅਤੇ Sajjan Jindal, ਚੇਅਰਮੈਨ, JSW Group ਨਾਲ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਇਨਵੈਸਟ ਦੇ ਸੀਈਓ ਅਮਿਤ ਢਾਕਾ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਸੱਜਣ ਜਿੰਦਲ ਨੇ ਰਾਜਪੁਰਾ ਵਿੱਚ ਇਸਪਾਤ ਖੇਤਰ ਵਿੱਚ ₹1,500 ਕਰੋੜ ਦੇ ਨਿਵੇਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ JSW ਗਰੁੱਪ ਪੰਜਾਬ ਵਿੱਚ ਆਪਣੇ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਹੋਰ ਨਿਵੇਸ਼ ਦੇ ਮੌਕਿਆਂ ਦੀ ਜਾਂਚ ਕਰੇਗਾ। ਇਸ ਪ੍ਰਸਤਾਵਿਤ ਨਿਵੇਸ਼ ਨਾਲ ਰਾਜ ਦੀ ਉਤਪਾਦਨ ਸਮਰੱਥਾ ਮਜ਼ਬੂਤ ਹੋਵੇਗੀ, ਇਸਪਾਤ ਮੁੱਲ ਸ਼੍ਰਿੰਖਲਾ ਹੋਰ ਗਹਿਰੀ ਹੋਵੇਗੀ ਅਤੇ ਖੇਤਰ ਵਿੱਚ ਸਿੱਧੇ ਅਤੇ ਅਪਰੋਖ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇ।

ਜਿੰਦਲ ਨੇ 13 ਮਾਰਚ ਨੂੰ Plaksha University ਵਿੱਚ ਹੋਣ ਵਾਲੇ ਇਨਵੈਸਟ ਪੰਜਾਬ ਸਮਿੱਟ ਦੇ ਉਦਘਾਟਨੀ ਸੈਸ਼ਨ ਵਿੱਚ ਆਪਣੀ ਹਾਜ਼ਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਉਦਯੋਗ-ਅਨੁਕੂਲ ਮਾਹੌਲ ਅਤੇ ਸਰਗਰਮ ਉਦਯੋਗਿਕ ਪਹੁੰਚ ਦੀ ਸਰਾਹਨਾ ਕੀਤੀ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਉੱਤਰੀ ਬਾਜ਼ਾਰਾਂ ਨਾਲ ਸ਼ਾਨਦਾਰ ਕੁਨੈਕਟਿਵਿਟੀ, ਮਜ਼ਬੂਤ ਐਮਐਸਐਮਈ ਪ੍ਰਣਾਲੀ, ਕੁਸ਼ਲ ਮਨੁੱਖੀ ਸਰੋਤ ਅਤੇ ਇਸਪਾਤ, ਆਟੋ ਕੰਪੋਨੈਂਟਸ, ਟੈਕਸਟਾਈਲ, ਖੇਡ ਸਮਾਨ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਵਿਕਸਿਤ ਉਦਯੋਗਿਕ ਕਲੱਸਟਰਾਂ ਨਾਲ ਸਜਿਆ ਹੋਇਆ ਹੈ। ਉਨ੍ਹਾਂ ਨੇ “ਈਜ਼ ਆਫ ਡੂਇੰਗ ਬਿਜ਼ਨਸ” ਸੁਧਾਰਾਂ ਵਿੱਚ ਪੰਜਾਬ ਨੂੰ ਲਗਾਤਾਰ “ਟਾਪ ਅਚੀਵਰ” ਦਾ ਦਰਜਾ ਮਿਲਣ ਅਤੇ ਸਮੇਂ-ਬੱਧ ਮਨਜ਼ੂਰੀਆਂ ਲਈ ਇਕਲ-ਖਿੜਕੀ ਪ੍ਰਣਾਲੀ ਦੀ ਵੀ ਚਰਚਾ ਕੀਤੀ।

ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨਵੀਂ, ਮਜ਼ਬੂਤ ਅਤੇ ਭਵਿੱਖ-ਕੇਂਦ੍ਰਿਤ ਉਦਯੋਗਿਕ ਨੀਤੀ ਨੂੰ ਅੰਤਿਮ ਰੂਪ ਦੇਣ ਦੇ ਅਗਲੇ ਪੜਾਅ ਵਿੱਚ ਹੈ। ਇਹ ਨੀਤੀ ਪ੍ਰਤੀਯੋਗੀ ਵਿੱਤੀ ਪ੍ਰੋਤਸਾਹਨ, ਪਲਗ-ਐਂਡ-ਪਲੇ ਉਦਯੋਗਿਕ ਢਾਂਚਾ, ਖੇਤਰ-ਵਿਸ਼ੇਸ਼ ਪਾਰਕ, ਤੇਜ਼ ਮਨਜ਼ੂਰੀਆਂ, ਲਾਜਿਸਟਿਕ ਕੁਸ਼ਲਤਾ ਅਤੇ ਡਿਫੈਂਸ ਮੈਨੂਫੈਕਚਰਿੰਗ, ਇਲੈਕਟ੍ਰਿਕ ਮੋਬਿਲਿਟੀ, ਅਡਵਾਂਸਡ ਮੈਟੀਰੀਅਲ, ਨਵੀਨੀਕਰਣਯੋਗ ਊਰਜਾ ਅਤੇ ਹਾਈ-ਐਂਡ ਇੰਜੀਨੀਅਰਿੰਗ ਵਰਗੇ ਉਭਰਦੇ ਖੇਤਰਾਂ ਲਈ ਮਜ਼ਬੂਤ ਨੀਤੀ ਸਮਰਥਨ ਪ੍ਰਦਾਨ ਕਰੇਗੀ। ਮੁੱਲ-ਵੱਧਤ ਉਤਪਾਦਨ, ਨਿਰਯਾਤ ਵਾਧੇ ਅਤੇ ਪੰਜਾਬ ਦੇ ਯੁਵਕਾਂ ਲਈ ਵੱਡੇ ਪੱਧਰ ’ਤੇ ਰੋਜ਼ਗਾਰ ਸਿਰਜਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਜਿੰਦਲ ਨੇ ਪੰਜਾਬ ਸਰਕਾਰ ਦੀ ਸਰਗਰਮ ਅਤੇ ਉਦਯੋਗ-ਮਿੱਤਰ ਨੀਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਸੰਜੀਵ ਅਰੋੜਾ ਦੇ ਰਾਜ ਵਿੱਚ ਨਵੇਂ ਨਿਵੇਸ਼ ਆਕਰਸ਼ਿਤ ਕਰਨ ਲਈ ਕੀਤੇ ਜਾ ਰਹੇ ਅਥਕ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਡਿਫੈਂਸ ਮੈਨੂਫੈਕਚਰਿੰਗ, ਆਟੋਮੋਬਾਈਲ ਖੇਤਰ ਅਤੇ ਨਵੀਨੀਕਰਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਰੁਚੀ ਜਤਾਈ।

ਮੰਤਰੀ ਸੰਜੀਵ ਅਰੋੜਾ ਨੇ ਸਰਕਾਰ ਦੀ ਉਦਯੋਗਾਂ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਹੋਏ ਪ੍ਰਸਤਾਵਿਤ JSW ਪ੍ਰੋਜੈਕਟਾਂ ਲਈ ਪੂਰਾ ਸਹਿਯੋਗ, ਮਾਰਗਦਰਸ਼ਨ ਅਤੇ ਤੁਰੰਤ ਮਨਜ਼ੂਰੀਆਂ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਉਦਯੋਗਾਂ ਦੀ ਸਥਾਪਨਾ ਅਤੇ ਵਿਸਥਾਰ ਲਈ ਭਰੋਸੇਯੋਗ ਬਿਜਲੀ ਸਪਲਾਈ, ਸੁਧਰੇ ਹੋਏ ਲਾਜਿਸਟਿਕ ਢਾਂਚੇ ਅਤੇ ਸੰਵੇਦਨਸ਼ੀਲ ਪ੍ਰਸ਼ਾਸਨਿਕ ਪ੍ਰਣਾਲੀ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

ਇਹ ਮੀਟਿੰਗ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਤੋਂ ਪਹਿਲਾਂ ਸਮਾਵੇਸ਼ੀ ਵਿਕਾਸ, ਉਦਯੋਗਿਕ ਵਿਭਿੰਨਤਾ ਅਤੇ ਰੋਜ਼ਗਾਰ ਸਿਰਜਣ ਦੇ ਵਿਜ਼ਨ ਅਨੁਸਾਰ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਪ੍ਰਤੀਯੋਗੀ ਨਿਵੇਸ਼ ਗੰਤੀਵਿਆਂ ਵਿੱਚ ਸ਼ਾਮਲ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਪੰਜਾਬ ਦੇ ਸਾਬਕਾ ਮੁੱਖ ਸਕੱਤਰ ‘ਤੇ ਚੱਲੇਗਾ ਭ੍ਰਿਸ਼ਟਾਚਾਰ ਦਾ ਕੇਸ, ਕੇਂਦਰ ਸਰਕਾਰ ਨੇ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 21 ਫਰਵਰੀ :

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਸੇਵਾਮੁਕਤ ਆਈਏਐਸ ਅਧਿਕਾਰੀ ਵੀਕੇ ਜੰਜੂਆ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਚੱਲੇਗਾ। 2009 ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ-ਕਮ-ਸਕੱਤਰ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਨੇ ਇੱਕ ਪਲਾਟ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਮਗਰੋਂ ਵੀਕੇ ਜੰਜੂਆ ਖਿਲਾਫ਼ ਕੇਸ ਚਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਸ਼ੁਰੂ ਹੋਵੇਗੀ। ਇਹ ਮਾਮਲਾ 9 ਨਵੰਬਰ, 2009 ਦਾ ਹੈ, ਜਦੋਂ ਲੁਧਿਆਣਾ ਨਿਵਾਸੀ ਤੁਲਸੀ ਰਾਮ ਮਿਸ਼ਰਾ ਨੇ ਦੋਸ਼ ਲਗਾਇਆ ਸੀ ਕਿ ਵੀਕੇ ਜੰਜੂਆ ਨੇ ਉਨ੍ਹਾਂ ਦੇ ਪਲਾਟ ਦੇ ਨਾਲ ਲੱਗਦੀ ਖਾਲੀ ਜ਼ਮੀਨ ਦੀ ਅਲਾਟਮੈਂਟ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜੰਜੂਆ ਉਸ ਸਮੇਂ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ-ਕਮ-ਸਕੱਤਰ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 2001 ਤੋਂ ਜ਼ਮੀਨ ਅਲਾਟਮੈਂਟ ਲਈ ਅਰਜ਼ੀ ਦੇ ਰਿਹਾ ਸੀ ਪਰ ਜ਼ਮੀਨ ਉਪਲਬਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਵਾਰ-ਵਾਰ ਇਨਕਾਰ ਕਰ ਦਿੱਤਾ ਗਿਆ ਸੀ। ਸ਼ਿਕਾਇਤ ਦੀ ਜਾਂਚ ਦੌਰਾਨ, ਵਿਜੀਲੈਂਸ ਨੇ ਇੱਕ ਜਾਲ ਵਿਛਾਇਆ ਅਤੇ ਉਸਨੂੰ ਰਿਸ਼ਵਤ ਲੈਂਦੇ ਹੋਏ ਫੜ੍ਹ ਲਿਆ। ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਸਿਫ਼ਾਰਸ਼, ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸਲਾਹ ਅਤੇ ਜਾਂਚ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ 96 IAS ਤੇ PCS ਅਧਿਕਾਰੀਆਂ ਦੀਆਂ ਬਦਲੀਆਂ

ਚੰਡੀਗੜ੍ਹ, 20 ਫਰਵਰੀ :

ਪੰਜਾਬ ਸਕਰਾਰ ਵੱਲੋਂ ਵੱਡੀ ਗਿਣਤੀ ਵਿਚ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

IAS ਤੇ PCS ਅਧਿਕਾਰੀਆਂ ਦੀਆਂ ਬਦਲੀਆਂ ਦੀਆਂ ਪੂਰੀ ਸੂਚੀ ਪੜ੍ਹਨ ਲਈ ਇਸ ਲਿੰਕ ਉਤੇ ਕਲਿੱਕ ਕਰੋ

8ਵੀਂ ਦੇ ਵਿਗਿਆਨ ਵਿਸ਼ੇ ਦੇ ਪ੍ਰਸ਼ਨ ਪੱਤਰ ’ਚ ਤਿੰਨ ਸਵਾਲ ਪਾਉਣੇ ਭੁੱਲਿਆ PSEB

ਮੋਹਾਲੀ, 20 ਫਰਵਰੀ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਵਿਗਿਆਨ ਦੀ ਪ੍ਰੀਖਿਆ ਵਿੱਚ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਪੱਤਰ ਦੇ ਇੱਕ ਸੈੱਟ ਵਿੱਚੋਂ ਪੰਜ-ਪੰਜ ਅੰਕਾਂ ਵਾਲੇ ਤਿੰਨ ਸਵਾਲ ਗਾਇਬ ਸਨ। ਸਵਾਲ ਨਾ ਹੋਣ ਉਤੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਮਿਡਲ ਪ੍ਰੀਖਿਆ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਗਿਆਨੀ ਵਿਸ਼ੇ ਦੇ ਪੇਪਰ ਵਿੱਚ ਪੰਜਾਬੀ ਮਾਧਿਅਮ ਵਿੱਚ 80 ਅੰਕਾਂ ਦੀ ਥਾਂ 65 ਅੰਕਾਂ ਦੇ ਪ੍ਰਸ਼ਨ ਹੀ ਆਏ ਹਨ, ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਪੂਰੇ 80 ਅੰਕਾਂ ਦੇ ਪ੍ਰਸ਼ਨ ਆਏ ਹਨ। ਇਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ ਸੰਜੀਦਗੀ ਦਾ ਵੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨ ਵਿਸ਼ੇ ਦੇ ਪੇਪਰ ਵਿੱਚ 30 ਪ੍ਰਸ਼ਨਾਂ ਦੀ ਥਾਂ 27 ਪ੍ਰਸ਼ਨ ਹੀ ਛਪੇ ਹੋਏ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਬੇਚੈਨੀ ਪਾਈ ਗਈ।

ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਗਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮੁਆਫੀ ਮੰਗੇ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਸ ਗਲਤੀ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਦੇ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿਚ ਆਉਣ ਤੋਂ ਬਾਅਦ ਸਾਰੇ ਕੇਂਦਰ ਮੁਖੀਆਂ ਨੂੰ ਤੁਰੰਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਵਾਲੇ ਪ੍ਰਸ਼ਨ ਪੱਤਰਾਂ ਦੇ ਸੈੱਟਾਂ ਵਿੱਚੋਂ ਇਨ੍ਹਾਂ ਸਵਾਲਾਂ ਦਾ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ।

CM ਮਾਨ ਅਤੇ ਕੇਜਰੀਵਾਲ ਕੱਲ੍ਹ ਤੋਂ ਜਾਣਗੇ ਗੁਜਰਾਤ ਦੌਰੇ ’ਤੇ

ਚੰਡੀਗੜ੍ਹ, 20 ਫਰਵਰੀ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਕੱਲ੍ਹ ਸ਼ਨੀਵਾਰ 21 ਫਰਵਰੀ ਤੋਂ ਦੋ ਦਿਨਾਂ ਲਈ ਗੁਜਰਾਤ ਦੇ ਦੌਰੇ ਉਤੇ ਜਾਣਗੇ। ਇਸ ਦੋ ਰੋਜ਼ਾ ਦੌਰੇ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਖ ਵੱਖ ਥਾਵਾਂ ਉਤੇ ਪਾਰਟੀ ਦੇ ਜਨਤਕ ਸਮਾਗਮਾਂ ਵਿਚ ਹਿੱਸਾ ਲੈਣਗੇ। ਦੋਵੇ ਆਗੂ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। CM ਮਾਨ ਅਤੇ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਅਹਿਮਦਾਬਾਦ ਵਿਚ ਭਾਰਤ-ਅਮਰੀਕਾ ਵਪਾਰ ਸਮੌਤੇ ਉਤੇ ਪ੍ਰੈਸ ਕਾਨਫਰੰਸ ਕਰਨਗੇ।

ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਨੇ 10.50 ਏਕੜ ਜ਼ਮੀਨ ਦਾ ਕਬਜ਼ਾ ਲਿਆ

ਚੰਡੀਗੜ੍ਹ/ਜਲੰਧਰ, 20 ਫਰਵਰੀ :

ਪੰਜਾਬ ਸਰਕਾਰ ਨੇ ਕਰਤਾਰਪੁਰ ਰੋਡ ‘ਤੇ ਸਥਿਤ ਪਿੰਡ ਨੌਗੱਜਾ ਅਤੇ ਫਰੀਦਪੁਰ ਵਿਖੇ 10.50 ਏਕੜ ਜ਼ਮੀਨ ਦਾ ਕਬਜ਼ਾ ਲੈ ਕੇ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਵੱਲ ਇੱਕ ਨਿਰਣਾਇਕ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਗੁਰੂ ਰਵਿਦਾਸ ਜੀ ਦੀ ਵਿਰਾਸਤ ਦੇ ਸਤਿਕਾਰ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਕਬਜ਼ਾ ਲੈਣ ਦੀ ਇਹ ਸਾਰੀ ਪ੍ਰਕਿਰਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮ, ਵਿਧਾਇਕ ਬਲਕਾਰ ਸਿੰਘ, ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਟੀਨੂੰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਡੇਰਾ ਸੱਚਖੰਡ ਬੱਲਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਮੁਕੰਮਲ ਕੀਤੀ ਗਈ।

ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਅਤਿ-ਆਧੁਨਿਕ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਉਸਾਰੀ ਲਈ 10.50 ਏਕੜ ਜ਼ਮੀਨ ਦਾ ਕਬਜ਼ਾ ਹਾਸਲ ਕਰ ਲਿਆ ਹੈ। ਇਸ ਜ਼ਮੀਨ ਦੀ ਵਰਤੋਂ ਹੁਣ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਇੱਕ ਵਿਸ਼ਵ ਪੱਧਰੀ ਸੰਸਥਾ ਬਣਾਉਣ ਲਈ ਕੀਤੀ ਜਾਵੇਗੀ।”

ਉਨ੍ਹਾਂ ਅੱਗੇ ਐਲਾਨ ਕੀਤਾ, “ਪੰਜਾਬ ਸਰਕਾਰ ਇਸ ਜਗ੍ਹਾ ਤੋਂ ਹਾਈ-ਟੈਂਸ਼ਨ ਬਿਜਲੀ ਦੀਆਂ ਤਾਰਾਂ ਨੂੰ ਸ਼ਿਫਟ ਕਰਨ ਲਈ 55 ਲੱਖ ਰੁਪਏ ਦਾ ਖਰਚਾ ਸਹਿਣ ਕਰੇਗੀ ਤਾਂ ਜੋ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਸੁਚਾਰੂ ਢੰਗ ਨਾਲ ਚੱਲ ਸਕੇ।”

ਵਿੱਤ ਮੰਤਰੀ ਨੇ ਦੱਸਿਆ, “ਜ਼ਮੀਨ ਦੀ ਰਜਿਸਟਰੀ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਹੁਣ ਕਬਜ਼ਾ ਮਿਲਣ ਨਾਲ ਇਹ ਪ੍ਰੋਜੈਕਟ ਲਾਗੂ ਹੋਣ ਦੇ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਇਸ ਕੇਂਦਰ ਦਾ ਡਿਜ਼ਾਈਨ ਅਤੇ ਲੇਆਉਟ ਪਲਾਨ ਡੇਰਾ ਸੱਚਖੰਡ ਬੱਲਾਂ ਦੇ ਨੁਮਾਇੰਦਿਆਂ ਦੀ ਸਲਾਹ ਨਾਲ ਮਾਹਿਰਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਜਲਦੀ ਹੀ ਟੈਂਡਰ ਕੱਢੇ ਜਾਣਗੇ ਤਾਂ ਜੋ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ।”

ਭਗਵੰਤ ਮਾਨ ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੁਨੀਆ ਭਰ ਵਿੱਚ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣ ਵਾਲੇ ਵਿਦਵਾਨਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਸਰਕਾਰ ਗੁਰੂ ਜੀ ਦੀ ਅਧਿਆਤਮਿਕ ਅਤੇ ਸਮਾਜਿਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਨ ਲਈ ਦ੍ਰਿੜ ਹੈ।”

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ, “ਸ੍ਰੀ ਗੁਰੂ ਰਵਿਦਾਸ ਜੀ ਦੀ ਵਿਰਾਸਤ ਨੂੰ ਸਤਿਕਾਰ ਦੇਣ ਅਤੇ ਗੁਰੂ ਜੀ ਵੱਲੋਂ ਦਰਸਾਈ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਸਮਾਗਮ ਕਰਵਾਏ ਜਾਣਗੇ।”

ਡੇਰਾ ਸੱਚਖੰਡ ਬੱਲਾਂ ਦੇ ਨੁਮਾਇੰਦਿਆਂ ਨੇ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਅਤੇ ਸੰਗਤਾਂ ਦੀ ਚਿਰੋਕਣੀ ਮੰਗ ਨੂੰ ਇਮਾਨਦਾਰੀ ਤੇ ਤੇਜ਼ੀ ਨਾਲ ਪੂਰਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਬਾਅਦ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਇਕ ਬਲਕਾਰ ਸਿੰਘ, ਚੇਅਰਮੈਨ ਪਵਨ ਟੀਨੂੰ, ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਸਮੇਤ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲਿਆ।

ਕੱਪੜਿਆਂ ਤੇ ਬੂਟਾਂ ਲਈ ਗਲਤ ਰਾਹ ਪੈ ਰਹੀ ਹੈ ਪੰਜਾਬ ਦੀ ਜਵਾਨੀ

ਜਲੰਧਰ, 20 ਫਰਵਰੀ :

ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਾਸ਼ੀਆਂ ਵਿਰੁੱਧ’ ਨੂੰ ਅੱਗੇ ਵਧਾਉਂਦੇ ਹੋਏ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਜਲੰਧਰ ਰੇਂਜ ਦੇ ਅਤਿ-ਆਧੁਨਿਕ ਦਫ਼ਤਰ ਦਾ ਉਦਘਾਟਨ ਕੀਤਾ। ‘ਯੁੱਧ ਨਾਸ਼ੇ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦੇ ਹੋਏ, ਡੀਜੀਪੀ ਯਾਦਵ ਨੇ ਕਿਹਾ ਕਿ ਪੁਲਿਸ ਨੇ 1 ਮਾਰਚ ਤੋਂ ਹੁਣ ਤੱਕ 35,133 ਐਫਆਈਆਰ ਦਰਜ ਕੀਤੀਆਂ ਹਨ ਅਤੇ 50,238 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2,229 ਕਿਲੋਗ੍ਰਾਮ ਹੈਰੋਇਨ, 667 ਕਿਲੋਗ੍ਰਾਮ ਅਫੀਮ, 28 ਟਨ ਭੁੱਕੀ, 68 ਕਿਲੋਗ੍ਰਾਮ ਚਰਸ, 783 ਕਿਲੋਗ੍ਰਾਮ ਗਾਂਜਾ, 29 ਕਿਲੋਗ੍ਰਾਮ ਆਈਸੀਈ, ਚਾਰ ਕਿਲੋਗ੍ਰਾਮ ਕੋਕੀਨ, 48.64 ਲੱਖ ਨਸ਼ੀਲੀਆਂ ਗੋਲੀਆਂ ਅਤੇ 16.68 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਨਵੇਂ ਕੱਪੜਿਆਂ, ਬੂਟਾਂ ਦੇ ਲਾਲਚ ਵਿਚ ਹੀ ਗਲਤ ਰਾਹ ਪੈ ਰਹੇ ਹਨ। ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਨਾਬਾਲਗ ਬੱਚਿਆ ਨੂੰ ਨਵੀਆਂ ਟੀਸ਼ਰਟਾਂ ਅਤੇ ਕੱਪੜਿਆਂ ਦਾ ਲਾਲਚ ਜਿਸ ਦੀ ਕੀਮਤ ਸਿਰਫ ਚਾਰ-ਪੰਜ ਹਜ਼ਾਰ ਰੁਪਏ ਦੇ ਕੇ ਘਟਨਾ ਕਰਵਾਈ ਗਈ। ਉਨ੍ਹਾਂ ਕਿਹਾ ਕਿ 18 ਤੋਂ 30 ਸਾਲ ਦੇ ਨੌਜਵਾਨਾਂ ਨੂੰ ਕਰਾਈਮ ਕਰਾਉਣ ਵਾਲੇ ਆਪਣਾ ਟਾਰਗੇਟ ਬਣਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਲਾਲਚ ਵਿਚ ਆ ਕੇ ਉਹ ਗਲਤ ਰਾਹ ਨਾ ਚੁਣਨ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਤੋਂ ਮੰਗੀ ਮੁਆਫੀ

ਅੰਮ੍ਰਿਤਸਰ, 20 ਫਰਵਰੀ :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਪ੍ਰਧਾਨ ਹੁੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਘਪਲੇ ਹੋਏ ਹਨ। ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ’ਚ ਹੋਏ ਘਪਲਿਆਂ ਉਤੇ ਉਹ ਸਿੱਖ ਕੌਮ ਤੋਂ ਮੁਆਫੀ ਮੰਗਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪ੍ਰਧਾਨ ਰਹਿੰਦੇ ਹੋਏ ਅਜਿਹੇ ਘਪਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਘਪਲੇ ਹੋਏ ਹਨ ਉਨ੍ਹਾਂ ਘਪਲਿਆਂ ਵਿਚ ਸ਼ਾਮਲ ਕਿਸੇ ਵਿਅਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਐਸਜੀਪੀਸੀ ਵਿਚ 22 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ, ਪ੍ਰਧਾਨ ਇਕੱਲੇ ਇਕੱਲੇ ਉਤੇ ਧਿਆਨ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਘਪਲੇ ਮੇਰੇ ਪ੍ਰਧਾਨ ਹੁੰਦੇ ਹੋਏ ਹਨ ਤਾਂ ਮੇਰਾ ਇਹ ਵੀ ਫਰਜ਼ ਬਣਾ ਹੈ ਕਿ ਸਾਰਾ ਸੱਚ ਸਾਹਮਣੇ ਲਿਆਵਾਂ।

Category : ਦੇਸ਼