Breaking News
PM ਦੇ ਤੇਲ ਬਚਾਓ ਦੇ ਸੱਦੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਸਾਈਕਲ ਦਾ ਮਾਰਿਆ ਪੈਡਲ

ਚੰਡੀਗੜ੍ਹ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਬਚਾਉਣ ਦੇ ਦਿੱਤੇ ਸੱਦੇ ਤੋਂ ਬਾਅਦ ਭਾਜਪਾ ਦੇ ਮੁੱਖ ਮੰਤਰੀ, ਮੰਤਰੀ ਤੇ ਹੋਰ ਅਹੁਦੇਦਾਰ ਸਾਈਕਲਾਂ ਉਤੇ ਸਵਾਰ ਹੋ ਰਹੇ ਹਨ। ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਈਕਲ ਨੂੰ ਪੈਡਲ ਮਾਰਿਆ ਹੈ। ਅੱਜ ਨਾਇਬ ਸਿੰਘ ਸੈਣੀ ਸਾਈਕਲ ਉਤੇ ਸਵਾਰ ਹੋ ਕੇ ਸਵੇਰੇ ਸੁਖਨਾ ਝੀਲ ਪਹੁੰਚੇ। ਝੀਲ ਉਤੇ ਪਹੁੰਚ ਕੇ ਉਨ੍ਹਾਂ ਸ਼ੈਰ ਕੀਤੀ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੋਕਾਂ ਨੂੰ ਤੰਦਰੁਸਤ ਭਾਰਤ, ਤੰਦਰੁਸਤ ਹਰਿਆਣਾ ਦਾ ਸੰਦੇਸ਼ ਦਿੱਤਾ। ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉਤੇ ਮਿਲਕੇ ਕੇ ਤੇਲ ਬਚਾਉਣ ਲਈ ਅੱਗੇ ਆਉਣੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਹਰਿਆਣਾ ਵਿੱਚ ਆਪਣੀ ਸਰਕਾਰ ਦੇ ਹਿਸਾਬ ਨਾਲ SOPਜਾਰੀ ਕੀਤਾ ਹੈ। ਆਨਲਾਈਨ ਮੀਟਿੰਗਾਂ ਦੇ ਨਾਲ ਨਾਲ ਵਰਕ ਫਰੋਮ ਹੋਮ ਵਰਗੇ ਬਦਲਾਅ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ।

ਮੋਦੀ ਸਰਕਾਰ ਨੇ ਪਾਬੰਦੀਆਂ ਅਤੇ ਮਹਿੰਗਾਈ ਰਾਹੀਂ ਦੇਸ਼ ‘ਚ ਅਣਐਲਾਨਿਆ ਲਾਕਡਾਊਨ ਲਾਇਆ : CM ਭਗਵੰਤ ਮਾਨ


ਪਟਨਾ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਲਗਾਤਾਰ ਵਧ ਰਹੀ ਮਹਿੰਗਾਈ, ਨਾਗਰਿਕਾਂ ‘ਤੇ ਪਾਬੰਦੀਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਨਾਲ ਕਥਿਤ ਛੇੜਛਾੜ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ “ਅਣਐਲਾਨੇ ਲਾਕਡਾਊਨ” ਵਿੱਚ ਧੱਕ ਦਿੱਤਾ ਹੈ ਅਤੇ ਲੋਕਾਂ ਤੋਂ ਅਰਥਵਿਵਸਥਾ ਦੇ ਅਸਲ ਹਾਲਾਤ ਲੁਕਾਏ ਜਾ ਰਹੇ ਹਨ। ਇਹ ਦੱਸਦਿਆਂ ਕਿ ਕੇਂਦਰ ਨੇ ਚੋਣਾਂ ਤੱਕ ਤੇਲ ਦੀਆਂ ਕੀਮਤਾਂ ਨੂੰ ਦਿਖਾਵੇ ਲਈ ਜਾਣ-ਬੁੱਛ ਕੇ ਸਥਿਰ ਰੱਖਿਆ, ਉਨ੍ਹਾਂ ਕਿਹਾ ਕਿ ਹੁਣ ਜਦੋਂ ਚੋਣਾਂ ਖਤਮ ਹੋ ਗਈਆਂ ਹਨ, ਤਾਂ ਨਾਗਰਿਕਾਂ ‘ਤੇ ਇਸ ਦਾ ਬੋਝ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਦੇਸ਼ ਦੇ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਦੀ ਅਸਲ ਸਥਿਤੀ ਦਾ ਜਨਤਕ ਤੌਰ ‘ਤੇ ਖੁਲਾਸਾ ਕਰੇ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ (ਆਪ) ਇਹ ਯਕੀਨੀ ਬਣਾਏਗੀ ਕਿ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿਰਿਆ ਦੌਰਾਨ ਕਿਸੇ ਵੀ ਅਸਲ ਵੋਟਰ ਦਾ ਨਾਮ ਨਾ ਕੱਟਿਆ ਜਾਵੇ ਅਤੇ ਨਾ ਹੀ ਕਿਸੇ ਨਕਲੀ ਵੋਟਰ ਦਾ ਨਾਮ ਸ਼ਾਮਲ ਕੀਤਾ ਜਾਵੇ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਾਨੂੰਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਸਖ਼ਤ ਸਜ਼ਾ ਯਕੀਨੀ ਬਣਾ ਕੇ ਦੁਨੀਆ ਭਰ ਦੀ ਸਿੱਖ ਸੰਗਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ।

*ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੀ ਅਸਲ ਆਰਥਿਕ ਸਥਿਤੀ ਬਾਰੇ ਸਭ ਨੂੰ ਦੱਸਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਵਿੱਚ ਅਣਐਲਾਨਿਆ ਲਾਕਡਾਊਨ ਲਾ ਦਿੱਤਾ ਹੈ। ਉਨ੍ਹਾਂ ਕਿਹਾ, “ਇਨ੍ਹਾਂ ਪਾਬੰਦੀਆਂ ਦੇ ਨਤੀਜੇ ਪੂਰੇ ਦੇਸ਼ ਨੂੰ ਭੁਗਤਣੇ ਪੈ ਰਹੇ ਹਨ, ਜਦੋਂ ਕਿ ਕੇਂਦਰ ਲੋਕਾਂ ਤੋਂ ਦੇਸ਼ ਦੀ ਆਰਥਿਕਤਾ ਦੇ ਅਸਲ ਹਾਲਾਤ ਲੁਕਾ ਰਹੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਦਾ ਜਨਤਕ ਤੌਰ ‘ਤੇ ਖੁਲਾਸਾ ਕਰਨਾ ਚਾਹੀਦਾ ਹੈ ਤਾਂ ਜੋ ਨਾਗਰਿਕ ਦੇਸ਼ ਦੀ ਅਸਲ ਸਥਿਤੀ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਰਥਿਕ ਸਥਿਤੀ ਬਾਰੇ ਸੱਚ ਜਾਣਨ ਦਾ ਹੱਕ ਹੈ। ਕੇਂਦਰ ਨੂੰ ਤੱਥ ਲੁਕਾਉਣ ਦੀ ਬਜਾਏ ਤੇਲ, ਗੈਸ ਅਤੇ ਸੋਨੇ ਦੇ ਭੰਡਾਰਾਂ ਬਾਰੇ ਪੂਰੀ ਜਾਣਕਾਰੀ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ।”

*ਕੇਂਦਰ ਮਹਿੰਗਾਈ ਦੇ ਬੋਝ ਨੂੰ ਜਾਇਜ਼ ਠਹਿਰਾਉਣ ਲਈ ਵਿਸ਼ਵ ਪੱਧਰ ‘ਤੇ ਬਣੇ ਹਾਲਾਤ ਨੂੰ ਢਾਲ ਬਣਾ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਾਣ-ਬੁੱਝ ਕੇ ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਰਫ ਦਿਖਾਉਣ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ, ਪਰ ਚੋਣਾਂ ਖਤਮ ਹੁੰਦੇ ਸਾਰ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ, ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਖਾੜੀ ਦੇਸ਼ਾਂ ਵਿੱਚ ਜੰਗ ਦੇ ਬਹਾਨੇ ਨਾਲ ਵਾਰ-ਵਾਰ ਬਾਲਣ ਦੀਆਂ ਕੀਮਤਾਂ ਵਿੱਚ ਵਾਧੇ ਰਾਹੀਂ ਲੋਕਾਂ ਨੂੰ ਮਹਿੰਗਾਈ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਵਿਦੇਸ਼ ਨੀਤੀ ਬਾਰੇ ਨਹੀਂ ਦੱਸ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਦੋਸਤ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਸ ਬਾਰੇ ਪੁੱਛਣਾ ਚਾਹੀਦਾ ਹੈ।

*ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਨਾਗਰਿਕਾਂ ’ਤੇ ਪਾਬੰਦੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਨਾਗਰਿਕਾਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੀ ਸਿਤਮਜ਼ਰੀਫ਼ੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਤਾਂ ਵਿਦੇਸ਼ ਯਾਤਰਾ ਵਿੱਚ ਮਸਰੂਫ਼ ਹਨ ਪਰ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਜੀਬ ਹਾਲਾਤ ਵਿੱਚੋਂ ਲੰਘ ਰਿਹਾ ਹੈ, ਜਿੱਥੇ ‘ਵਰਕ ਫਰਾਮ ਹੋਮ ’ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਅਸਲ ਸੱਚਾਈ ਲੋਕਾਂ ਤੋਂ ਲੁਕਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੇਤਾਵਾਂ ਦੇ ਆਪਹੁਦਰੇਪਣ ਕਾਰਨ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਸ ਸਥਿਤੀ ਨੂੰ ਬਹੁਤ ਗ਼ੈਰ-ਵਾਜਿਬ ਕਰਾਰ ਦਿੱਤਾ।

*ਆਪ ਵਲੰਟੀਅਰਾਂ ਨੂੰ ਪੰਜਾਬ ਵਿੱਚ ਐਸ.ਆਈ.ਆਰ. ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਕਿਰਿਆ 15 ਜੂਨ ਤੋਂ ਸੂਬੇ ਵਿੱਚ ਸ਼ੁਰੂ ਹੋਵੇਗੀ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਲੰਟੀਅਰਾਂ ਨੂੰ ਇਸ ਪ੍ਰਕਿਰਿਆ ਦੌਰਾਨ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਨਾ ਤਾਂ ਅਸਲੀ ਵੋਟਰਾਂ ਨੂੰ ਹਟਾਉਣ ਦਿੱਤਾ ਜਾਵੇਗਾ ਅਤੇ ਨਾ ਹੀ ਪੰਜਾਬ ਵਿੱਚ ਜਾਅਲੀ ਵੋਟਰਾਂ ਨੂੰ ਜੋੜਨ ਦੀ ਇਜਾਜ਼ਤ ਦਿੱਤੀ ਜਾਵੇਗੀ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਜਾਅਲੀ ਵੋਟਰਾਂ ਨੂੰ ਜੋੜਦੇ ਸਮੇਂ ਅਸਲੀ ਵੋਟਰਾਂ ਦੇ ਨਾਮ ਹਟਾਉਣ ਦੀ ਆਦਤ ਬਣ ਗਈ ਹੈ, ਪਰ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੋਕਤੰਤਰ ਦਾ ਮੂੰਹ ਬੰਦ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ।

*ਭਾਜਪਾ ਕੋਲ ਸਿਰਫ਼ ਦੋ ਵਿਧਾਇਕ ਹੋਣ ਦੇ ਬਾਵਜੂਦ ਸੱਤ ਰਾਜ ਸਭਾ ਮੈਂਬਰ ਹੋਣਾ ਲੋਕਤੰਤਰ ਦਾ ਸਿੱਧਾ ਕਤਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਨੇ ਰਾਸ਼ਟਰਪਤੀ ਨੂੰ ਮਿਲ ਕੇ ਇਨ੍ਹਾਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਸਿਤਮਜ਼ਰੀਫ਼ੀ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ, ਪਰ ਇਸ ਦੇ ਬਾਵਜੂਦ ਸੂਬੇ ਤੋਂ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਹੋਣਾ ਸਿੱਧਾ-ਸਿੱਧਾ ਲੋਕਤੰਤਰ ਦਾ ਕਤਲ ਹੈ।

*ਆਪ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਅਤੇ ਮਾਣ-ਮਰਿਆਦਾ ਦੀ ਰਾਖੀ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਬਣਾਏ ਗਏ ਕਾਨੂੰਨ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਇੰਨਾ ਸਖ਼ਤ ਕਾਨੂੰਨ ਲਾਗੂ ਕੀਤਾ ਹੈ ਕਿ ਹੁਣ ਕੋਈ ਵੀ ਬੇਅਦਬੀ ਕਰਨ ਬਾਰੇ ਸੋਚਣ ਦੀ ਹਿੰਮਤ ਵੀ ਨਹੀਂ ਕਰ ਸਕੇਗਾ। ਉਨ੍ਹਾਂ ਅੱਗੇ ਕਿਹਾ, “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਲਾਗੂ ਹੋਣ ਨਾਲ, ਦੁਨੀਆ ਭਰ ਦੇ ਸਿੱਖਾਂ ਦੀ ਚਿਰੋਕਣੀ ਮੰਗ ਆਖਰਕਾਰ ਪੂਰੀ ਹੋ ਗਈ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੁਨੀਆ ਭਰ ਦੀ ਸੰਗਤ ਨੇ ਇਸ ਕਾਨੂੰਨ ਦਾ ਦਿਲੋਂ ਸਵਾਗਤ ਕੀਤਾ ਹੈ, ਜਿਸ ਦਾ ਉਦੇਸ਼ ਬੇਅਦਬੀ ਦੇ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣਾ ਹੈ। ਉਨ੍ਹਾਂ ਕਿਹਾ, “ਪਵਿੱਤਰ ਗੁਰਬਾਣੀ ਸਰਬੱਤ ਦੇ ਭਲੇ ਲਈ ਹੈ ਅਤੇ ਇਸ ਦੀ ਪਵਿੱਤਰਤਾ, ਮਾਣ ਅਤੇ ਸਤਿਕਾਰ ਨੂੰ ਬਣਾਈ ਰੱਖਣਾ ਸਾਡਾ ਸਮੂਹਿਕ ਫ਼ਰਜ਼ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਨੂੰ ਇਸ ਦੀ ਅਸਲ ਭਾਵਨਾ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮਾਲੇਰਕੋਟਲਾ ‘ਚ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਚਾਰ ਕਾਬੂ

ਚੰਡੀਗੜ੍ਹ/ਪਟਿਆਲਾ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਜਾਅਲੀ ਭਾਰਤੀ ਕਰੰਸੀ ਨੋਟਾਂ (ਐਫਆਈਸੀਐਨ) ਦੇ ਸਰਕੂਲੇਸ਼ਨ ਨੂੰ ਕਰਾਰਾ ਝਟਕਾ ਦਿੰਦਿਆਂ, ਕਾਊਂਟਰ ਇੰਟੈਲੀਜੈਂਸ ਪਟਿਆਲਾ (ਸੀਆਈ ਯੂਨਿਟ ਮਾਲੇਰਕੋਟਲਾ) ਨੇ ਜਾਅਲੀ ਕਰੰਸੀ ਮਾਡਿਊਲ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ 5.50 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਾਜ਼ਰ ਖਾਨ ਵਾਸੀ ਪਿੰਡ ਝੁਨੀਰ, ਮਾਲੇਰਕੋਟਲਾ; ਰਾਜ ਮੁਹੰਮਦ ਵਾਸੀ ਧੂਰੀ, ਸੰਗਰੂਰ; ਮੁਖਤਿਆਰ ਸਿੰਘ ਉਰਫ਼ ਗੁਰਜੀਤ ਸਿੰਘ ਵਾਸੀ ਪਿੰਡ ਮਲਿਕਪੁਰ, ਜੀਂਦ, ਹਰਿਆਣਾ ਅਤੇ ਆਸਿਫ਼ ਅਲੀ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਜਾਅਲੀ ਭਾਰਤੀ ਕਰੰਸੀ ਵਿੱਚ ਸਾਰੇ 500 ਰੁਪਏ ਦੇ ਨੋਟ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਰਾਜ ਮੁਹੰਮਦ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਨਾਲ ਸਬੰਧਤ ਇੱਕ ਐਫਆਈਆਰ ਦਰਜ ਹੈ।

ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਪਟਿਆਲਾ ਡਾ. ਸਿਮਰਤ ਕੌਰ ਨੇ ਦੱਸਿਆ ਕਿ ਸੀਆਈ ਯੂਨਿਟ ਮਾਲੇਰਕੋਟਲਾ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋ ਸ਼ੱਕੀ ਵਿਅਕਤੀਆਂ – ਨਾਜ਼ਰ ਖਾਨ ਅਤੇ ਰਾਜ ਮੁਹੰਮਦ – ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਲੱਖ ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੋਰ ਜਾਂਚ ਦੌਰਾਨ, ਦੋ ਹੋਰ ਮੁਲਜ਼ਮਾਂ – ਮੁਖਤਿਆਰ ਸਿੰਘ ਉਰਫ਼ ਗੁਰਜੀਤ ਸਿੰਘ ਅਤੇ ਆਸਿਫ਼ ਅਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.5 ਲੱਖ ਰੁਪਏ ਦੇ ਹੋਰ ਜਾਅਲੀ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ।

ਏਆਈਜੀ ਨੇ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ, ਐਫਆਈਆਰ ਨੰਬਰ 159 ਮਿਤੀ 17.05.2026 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 179 ਅਤੇ 180 ਤਹਿਤ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਵਿਖੇ ਦਰਜ ਕੀਤੀ ਗਈ ਹੈ।

ਮਹਿੰਗਾਈ ਦਾ ਇੱਕ ਹੋਰ ਝਟਕਾ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ

ਨਵੀਂ ਦਿੱਲੀ, 19 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਇਸਦਾ ਪ੍ਰਭਾਵ ਦੁਨੀਆ ਭਰ ਵਿੱਚ ਪੈ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਤੇਲ ਕੰਪਨੀਆਂ ਨੇ ਮੰਗਲਵਾਰ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 90 ਪੈਸੇ ਦਾ ਵਾਧਾ ਕੀਤਾ। ਇਹ ਇੱਕ ਹਫ਼ਤੇ ਵਿੱਚ ਦਰਾਂ ਵਿੱਚ ਦੂਜਾ ਵਾਧਾ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਚੱਲ ਰਹੇ ਅੰਤਰਰਾਸ਼ਟਰੀ ਯੁੱਧ ਦਾ ਨਤੀਜਾ ਹੈ। ਹੋਰਮੁਜ਼ ਜਲਡਮਰੂ ਵਿੱਚ ਵਿਗੜਦੀ ਸਥਿਤੀ ਕਾਰਨ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $100 ਤੋਂ ਉੱਪਰ ਹਨ। ਇਸ ਕਾਰਨ ਤੇਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਪਿਛਲੇ ਸ਼ੁੱਕਰਵਾਰ, 15 ਮਈ ਨੂੰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕੰਪਨੀਆਂ ਦਾ ਨੁਕਸਾਨ ਲਗਭਗ 25 ਫੀਸਦੀ ਘੱਟ ਗਿਆ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ, ਪੈਟਰੋਲ ਦੀ ਨਵੀਂ ਕੀਮਤ ਹੁਣ ₹98.64 ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਕੰਪਨੀਆਂ ਨੇ ਕੀਮਤ ਵਿੱਚ ਲਗਭਗ 87 ਪੈਸੇ ਦਾ ਵਾਧਾ ਕੀਤਾ ਹੈ। ਡੀਜ਼ਲ ਦੀਆਂ ਕੀਮਤਾਂ ਵੀ ₹91.58 ਹੋ ਗਈਆਂ ਹਨ, ਜੋ ਕਿ ਲਗਭਗ 91 ਪੈਸੇ ਦਾ ਵਾਧਾ ਹੈ। ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਤੋਂ ਪੈਟਰੋਲ ਦੀ ਨਵੀਂ ਕੀਮਤ 91 ਪੈਸੇ ਵਧ ਕੇ ₹107.59 ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ 94 ਪੈਸੇ ਵਧ ਕੇ ₹94.08 ਪ੍ਰਤੀ ਲੀਟਰ ਹੋ ਗਈਆਂ ਹਨ। ਪੈਟਰੋਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਵਾਧਾ ਕੋਲਕਾਤਾ ਵਿੱਚ ਦਰਜ ਕੀਤਾ ਗਿਆ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

19-05-2026

ਟੋਡੀ ਮਹਲਾ ੫ ਘਰੁ ੧ ਦੁਪਦੇ

ੴ ਸਤਿਗੁਰ ਪ੍ਰਸਾਦਿ ॥

ਸੰਤਨ ਅਵਰ ਨ ਕਾਹੂ ਜਾਨੀ ॥ ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥ ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥ ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥ ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥

ਮੰਗਲਵਾਰ, ੫ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੭੧੧)

ਪੰਜਾਬੀ ਵਿਆਖਿਆ

ਹੇ ਭਾਈ! ਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ । ਉਹ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ ।ਰਹਾਉ। (ਹੇ ਭਾਈ! ਉਹ ਸੰਤ ਜਨ ਇਉਂ ਆਖਦੇ ਰਹਿੰਦੇ ਹਨ—) ਹੇ ਮਾਲਕ-ਪ੍ਰਭੂ! ਤੇਰਾ ਸ਼ਾਮਿਆਨਾ (ਸਭ ਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰ ਨੇ (ਇਤਨਾ ਉੱਚਾ ਸ਼ਾਮਿਆਨਾ ਕਦੇ) ਨਹੀਂ ਤਾਣਿਆ । ਹੇ ਭਾਈ! ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ, ਆਤਮਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਨ (ਸਦਾ) ਪਰਮਾਤਮਾ ਦੇ ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ ।੧। ਹੇ ਨਾਨਕ! ਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (—ਇਹਨਾਂ ਦੇ ਸਹਿਮ) ਪਰਮਾਤਮਾ ਦੇ ਸੇਵਕਾਂ ਦੇ ਨੇੜੇ ਭੀ ਨਹੀਂ ਢੁਕਦੇ । ਉਹ ਇਕ ਪਰਮਾਤਮਾ ਵਿਚ ਹੀ ਸੁਰਤਿ ਜੋੜ ਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਹੀ ਪਤੀਜਿਆ ਰਹਿੰਦਾ ਹੈ ।੨।੧।

English Translation

TODEE, FIFTH MEHL, FIRST HOUSE, DU-PADAS:
ONE UNIVERSAL CREATOR GOD. BY THE GRACE OF THE TRUE GURU:

The Saints do not know any other. They are carefree, ever in the Lord’s Love; the Lord and Master is on their side. || Pause || Your canopy is so high, O Lord and Master; no one else has any power. Such is the immortal Lord and Master the devotees have found; the spiritually wise remain absorbed in His Love. || 1 || Disease, sorrow, pain, old age and death do not even approach the humble servant of the Lord. They remain fearless, in the Love of the One Lord; O Nanak, they have surrendered their minds to the Lord. || 2 || 1 ||

Tuesday, 5th Jayt’h (Samvat 558 Nanakshahi)

(Ang: 711)

ਗਰਮੀ ਤੋਂ ਬਚਾਅ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗਰਮ ਹਵਾਵਾਂ ਦੇ ਚਾਲੂ ਮੌਸਮ ’ਚ ਜ਼ਿਲ੍ਹਾ ਸਿਹਤ ਵਿਭਾਗ ਨੇ ਇਕ ਵਾਰ ਫਿਰ, ਲੋਕਾਂ ਨੂੰ ਲੂ ਤੋਂ ਬਚਣ ਦੀ ਸਲਾਹ ਦਿਤੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਗਰਮੀ ਅਤੇ ਲੂ ਦੇ ਮੌਸਮ ਵਿਚ ਸੰਭਾਵੀ ਸਿਹਤ ਖ਼ਤਰਿਆਂ ਨਾਲ ਨਜਿੱਠਣ ਲਈ ਸਰਕਾਰੀ ਸਿਹਤ ਸੇਵਾਵਾਂ ਵਿਚ ਢੁਕਵੇਂ ਪ੍ਰਬੰਧ ਪਹਿਲਾਂ ਹੀ ਕਰ ਲਏ ਸਨ ਤਾਕਿ ਪ੍ਰਭਾਵਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜਕਲ੍ਹ ਲੂ ਚੱਲ ਰਹੀ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਇਸ ਲਈ ਸਾਰਿਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ, ਜਿਨ੍ਹਾਂ ’ਚ ਸਾਦਾ ਪਾਣੀ, ਲੱਸੀ, ਨਿੰਬੂ ਪਾਣੀ, ਜੂਸ, ਨਾਰੀਅਲ ਦਾ ਪਾਣੀ, ਓ.ਆਰ.ਐਸ. ਦਾ ਘੋਲ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿਤੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਤਕ ਜਾਂ ਸਿਖਰ ਦੁਪਹਿਰੇ ਬਾਹਰ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਸੂਰਜੀ ਤਪਸ਼ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ, ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।
ਡਾ. ਜੈਨ ਨੇ ਅੱਗੇ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ ਨਵਜਨਮੇ ਬੱਚਿਆਂ, ਗਰਭਵਤੀ ਔਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰੇ ਲੋਕਾਂ, ਸੜਕਾਂ-ਫ਼ੁੱਟਪਾਥ ਉਤੇ ਰਹਿਣ ਵਾਲੇ ਲੋਕਾਂ, ਮਾਨਸਿਕ ਜਾਂ ਸਰੀਰਕ ਬੀਮਾਰੀਆਂ ਤੋਂ ਪੀੜਤ ਲੋਕਾਂ ਖ਼ਾਸਕਰ ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ, ਮੋਟਾਪੇ ਤੋਂ ਪੀੜਤ ਲੋਕਾਂ, ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀਆਂ ਆਦਿ ’ਤੇ ਜ਼ਿਆਦਾ ਹੋ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜੇ ਗਰਮੀ ਕਾਰਨ ਕੋਈ ਸਿਹਤ ਸਮੱਸਿਆ ਹੁੰਦੀ ਹੈ ਤਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।

ਗਰਮੀ ਤੋਂ ਬਚਾਅ ਲਈ ਇਹ ਕਰੋ

ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਨੰਗੇ ਪੈਰ ਬਾਹਰ ਨਾ ਜਾਉ। ਹਰ ਅੱਧੇ ਘੰਟੇ ਬਾਅਦ ਪਾਣੀ ਪੀਉ। ਧੱੁਪ ਵਿਚ ਜਾਣ ਵੇਲੇ ਪਾਣੀ ਨਾਲ ਲੈ ਕੇ ਜਾਉ। ਤਲੇ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪ੍ਰਹੇਜ਼ ਕੀਤਾ ਜਾਵੇ।

ਇਹ ਨਾ ਕਰੋ
ਗਰਮੀ ਦੇ ਸਿਖਰ ਦੇ ਸਮੇਂ ਖਾਣਾ ਬਣਾਉਣ ਤੋਂ ਬਚੋ। ਰਸੋਈ ਦੇ ਖੇਤਰ ਨੂੰ ਹਵਾਦਾਰ ਰੱਖੋ। ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ, ਚਾਹ, ਕੌਫ਼ੀ ਆਦਿ ਤੋਂ ਪਰਹੇਜ਼ ਕਰੋ। ਬਾਸੀ ਖਾਣਾ ਨਾ ਖਾਉ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ।

ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ ਮੰਗਿਆ ਸਪਸ਼ਟੀਕਰਨ

ਚੰਡੀਗੜ੍ਹ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਤੇਲ ਦੀ ਖਰੀਦ ਉੱਪਰ ਲਿਮਿਟ ਲਗਾਉਣ ਸੰਬੰਧੀ ਆ ਰਹੀਆਂ ਖਬਰਾਂ ‘ਤੇ ਭਾਰਤ ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਜਾਂ ਭਰੋਸਾ ਨਾ ਦਿੱਤੇ ਜਾਣ ਕਾਰਨ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਬਣਿਆ ਹੋਇਆ ਹੈ।

ਤੇਲ ਦੀ ਖਰੀਦ ਉੱਪਰ ਲਿਮਿਟ ਲਾਗੂ ਹੋਣ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਲਈ ਕਾਫੀ ਚਿੰਤਾਜਨਕ ਅਤੇ ਭਿਆਨਕ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਜੇਕੇ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਲੋੜੀਂਦੇ ਤੇਲ ਦਾ ਪ੍ਰਬੰਧ ਨਹੀਂ ਕਰ ਸਕਦੇ ਹਾਂ, ਤਾਂ ਇਸ ਨਾਲ ਅਰਥਵਿਵਸਥਾ ਪੂਰੀ ਤਰ੍ਹਾਂ ਡਗਮਗਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਦੀ ਵਿਦੇਸ਼ ਫੇਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ, ਜਦਕਿ ਸਾਡੇ ਪ੍ਰਧਾਨ ਮੰਤਰੀ ਵਿਦੇਸ਼ ਦੌਰਿਆਂ ਵਿੱਚ ਰੁੱਝੇ ਹੋਏ ਹਨ।

ਲੁਧਿਆਣਾ ਤੋਂ ਸੰਸਦ ਮੈਂਬਰ ਵੜਿੰਗ ਨੇ ਇਹ ਵੀ ਮੰਗ ਕੀਤੀ ਹੈ ਕਿ ਦੇਸ਼ ਦੇ ਸਾਹਮਣੇ ਖੜ੍ਹੇ ਊਰਜਾ ਅਤੇ ਆਰਥਿਕ ਸੰਕਟ ‘ਤੇ ਚਰਚਾ ਲਈ ਸਰਕਾਰ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ।

ਇਸ ਦੌਰਾਨ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਪਹਿਲਾਂ ਦਿੱਤੀਆਂ ਚੇਤਾਵਨੀਆਂ ਦਾ ਹਵਾਲਾ ਦਿੰਦਿਆਂ, ਵੜਿੰਗ ਨੇ ਕਿਹਾ ਕਿ ਉਹ ਲਗਾਤਾਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਦੇਸ਼ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ ਜ਼ਮੀਨੀ ਹਾਲਾਤ ਠੀਕ ਨਹੀਂ ਹਨ।

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਰਕਾਰ ਨੂੰ ਇਮਾਨਦਾਰੀ ਨਾਲ ਚੁਣੌਤੀਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸੰਕਟ ਹੋਰ ਗਹਿਰਾ ਹੋਣ ਤੋਂ ਪਹਿਲਾਂ ਸੁਧਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਤੇਲ ‘ਤੇ ਪਾਬੰਦੀਆਂ ਲਗਾਉਣ ਜਾਂ ਲੋਕਾਂ ਨੂੰ ਖਰੀਦਦਾਰੀ ਤੋਂ ਬਚਣ ਲਈ ਕਹਿਣ ਨਾਲ ਰਾਸ਼ਟਰੀ ਸੰਕਟ ਦਾ ਹੱਲ ਨਹੀਂ ਨਿਕਲੇਗਾ।

ਵੜਿੰਗ ਨੇ ਸੁਝਾਅ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਸਿੱਧੇ ਤੌਰ ‘ਤੇ ਦੇਸ਼ ਨੂੰ ਸੰਬੋਧਨ ਕਰਨਾ ਚਾਹੀਦਾ ਹੈ ਅਤੇ ਦੇਸ਼ ਸਾਹਮਣੇ ਖੜ੍ਹੀਆਂ ਅਸਲ ਚੁਣੌਤੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਸੰਸਦ ਵਿੱਚ ਲੋਕਾਂ ਸਾਹਮਣੇ ਸਪਸ਼ਟ ਰੋਡਮੈਪ ਪੇਸ਼ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਵਿਰੋਧੀ ਧਿਰ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮੀ ਚਿੰਤਾ ਦੇ ਸਮੇਂ ਸਾਂਝੀ ਚਰਚਾ ਅਤੇ ਮਿਲ ਕੇ ਹੱਲ ਕੱਢਣ ਦੀ ਲੋੜ ਹੁੰਦੀ ਹੈ, ਨਾ ਕਿ ਇਕ-ਤਰਫਾ ਫੈਸਲੇ ਲੈਣ ਦੀ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤ ਦੇ ਲੋਕ ਗੁੰਝਲ ਨਹੀਂ, ਹੱਲ ਦੇ ਹੱਕਦਾਰ ਹਨ। ਇਸ ਚੁਣੌਤੀ ਭਰੇ ਦੌਰ ਵਿੱਚ ਨੌਕਰੀਆਂ, ਕਾਰੋਬਾਰ, ਸਪਲਾਈ ਚੇਨਾਂ ਅਤੇ ਆਮ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਦੀ ਸੁਰੱਖਿਆ ਲਈ ਸਰਕਾਰ ਨੂੰ ਮਜ਼ਬੂਤ ਐਕਸ਼ਨ ਪਲਾਨ ਪੇਸ਼ ਕਰਨਾ ਚਾਹੀਦਾ ਹੈ।

ਨਕਲੀ ਦੁੱਧ, ਪਨੀਰ ਅਤੇ ਖੋਏ ਖ਼ਿਲਾਫ਼ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ, ਡੀਸੀ ਦਫ਼ਤਰ ਅੱਗੇ ਦੁੱਧ ਡੋਲਿਆ

ਅੰਮ੍ਰਿਤਸਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੰਮ੍ਰਿਤਸਰ ਵਿੱਚ ਨਕਲੀ ਦੁੱਧ, ਪਨੀਰ ਅਤੇ ਖੋਏ ਦੇ ਵੱਡੇ ਪੱਧਰ ‘ਤੇ ਹੋ ਰਹੇ ਕਾਰੋਬਾਰ ਖ਼ਿਲਾਫ਼ ਪਸ਼ੂ ਪਾਲਕਾਂ ਅਤੇ ਕਿਸਾਨਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਇਲਾਕਿਆਂ ਵਿੱਚ ਸੰਥੈਟਿਕ ਦੁੱਧ, ਨਕਲੀ ਪਨੀਰ ਅਤੇ ਮਿਲਾਵਟੀ ਖੋਆ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ, ਪਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ।

ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਡੀਸੀ ਦਫ਼ਤਰ ਨੇੜੇ ਦੁੱਧ ਡੋਲ ਕੇ ਆਪਣਾ ਰੋਸ ਜਤਾਇਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਮੰਗ ਪੱਤਰ ਦੇ ਰਹੇ ਹਨ, ਪਰ ਨਾ ਤਾਂ ਸਿਵਲ ਸਰਜਨ ਅਤੇ ਨਾ ਹੀ ਹੋਰ ਅਧਿਕਾਰੀਆਂ ਨੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ।

ਕਿਸਾਨਾਂ ਦਾ ਦੋਸ਼ ਹੈ ਕਿ ਸ਼ਹਿਰ ਦੇ ਕਈ ਹੋਟਲਾਂ, ਮੈਰਿਜ ਪੈਲਸਾਂ ਅਤੇ ਮਿੱਠਾਈ ਦੀਆਂ ਦੁਕਾਨਾਂ ਵਿੱਚ ਵੱਡੇ ਪੱਧਰ ‘ਤੇ ਨਕਲੀ ਪਨੀਰ ਅਤੇ ਖੋਆ ਵਰਤਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਮਾਨ ਰਸਾਇਣਕ ਪਦਾਰਥਾਂ ਅਤੇ ਘੱਟ ਗੁਣਵੱਤਾ ਵਾਲੇ ਮਾਲ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਲੋਕਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ।

ਪਸ਼ੂ ਪਾਲਕਾਂ ਨੇ ਕਿਹਾ ਕਿ ਇੱਕ ਪਾਸੇ ਮੱਝਾਂ ਅਤੇ ਪਸ਼ੂਆਂ ਦੀਆਂ ਕੀਮਤਾਂ ਦਿਨੋ-ਦਿਨ ਵੱਧ ਰਹੀਆਂ ਹਨ, ਚਾਰੇ ਅਤੇ ਦਵਾਈਆਂ ਦੇ ਖਰਚੇ ਵੀ ਕਾਫ਼ੀ ਵਧ ਗਏ ਹਨ, ਪਰ ਦੂਜੇ ਪਾਸੇ ਦੁੱਧ ਦਾ ਠੀਕ ਭਾਅ ਨਹੀਂ ਮਿਲ ਰਿਹਾ। ਉਹਨਾਂ ਦਾ ਕਹਿਣਾ ਸੀ ਕਿ ਨਕਲੀ ਦੁੱਧ ਅਤੇ ਪਨੀਰ ਦੇ ਕਾਰੋਬਾਰ ਕਾਰਨ ਅਸਲੀ ਦੁੱਧ ਉਤਪਾਦਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਫੈਕਟਰੀਆਂ ਵਿੱਚ ਸਸਤੇ ਰੇਟਾਂ ‘ਤੇ ਸੰਥੈਟਿਕ ਦੁੱਧ ਅਤੇ ਨਕਲੀ ਪਨੀਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮਿਲਾਵਟੀ ਖਾਦ ਪਦਾਰਥ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਤੁਰੰਤ ਸ਼ਹਿਰ ਦੇ ਹੋਟਲਾਂ, ਪੈਲਸਾਂ, ਦੁੱਧ ਫੈਕਟਰੀਆਂ ਅਤੇ ਮਿੱਠਾਈ ਦੀਆਂ ਦੁਕਾਨਾਂ ‘ਤੇ ਛਾਪੇ ਮਾਰੇ ਅਤੇ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਸ ਮਾਮਲੇ ਵਿੱਚ ਗੰਭੀਰ ਕਦਮ ਨਹੀਂ ਚੁੱਕਦਾ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਕਿੱਤੇ ਨੂੰ ਬਚਾਉਣ ਲਈ ਨਹੀਂ, ਸਗੋਂ ਸ਼ਹਿਰ ਵਾਸੀਆਂ ਦੀ ਸਿਹਤ ਦੀ ਰੱਖਿਆ ਲਈ ਵੀ ਲੜ ਰਹੇ ਹਨ।

ਲੁਧਿਆਣਾ ਵਿੱਚ ਟਾਰਗੇਟ ਸ਼ੂਟਿੰਗ ਦੀਆਂ ਸੰਭਾਵੀ ਕੋਸ਼ਿਸ਼ਾਂ ਨਾਕਾਮ; ਅੱਤਵਾਦੀ-ਗੈਂਗਸਟਰ ਨੈਟਵਰਕ ਨਾਲ ਸਬੰਧਤ ਦੋ ਮੁਲਜ਼ਮ ਕਾਬੂ

ਚੰਡੀਗੜ੍ਹ/ਲੁਧਿਆਣਾ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ (ਸੀਆਈ) ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਸਦੇ ਦੋ ਕਾਰਕੁਨਾਂ ਨੂੰ ਤਿੰਨ ਗੈਰ-ਕਾਨੂੰਨੀ ਪਿਸਤੌਲਾਂ- ਜਿਨ੍ਹਾਂ ਵਿੱਚ ਦੋ .30 ਬੋਰ ਅਤੇ ਇੱਕ .315 ਬੋਰ ਪਿਸਤੌਲ ਸ਼ਾਮਲ ਹਨ- ਅਤੇ 11 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ ਵਜੋਂ ਹੋਈ ਹੈ, ਜੋ ਦੋਵੇਂ ਫਿਲੌਰ, ਜਲੰਧਰ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਮੁਲਜ਼ਮ ਅੰਕੁਸ਼ ਇੱਕ ਆਦਤਨ ਅਪਰਾਧੀ ਹੈ ਅਤੇ ਉਸ ‘ਤੇ ਪਹਿਲਾਂ ਪੁਲਿਸ ਥਾਣਾ ਗੁਰਾਇਆ ਵਿਖੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਹਥਿਆਰ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਬਜਾਜ ਸੀਟੀ 100 ਮੋਟਰਸਾਈਕਲ (ਬਿਨਾਂ ਰਜਿਸਟ੍ਰੇਸ਼ਨ ਨੰਬਰ) ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਉਹ ਅਪਰਾਧਕ ਗਤੀਵਿਧੀਆਂ ਲਈ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜਰਮਨੀ ਅਤੇ ਦੁਬਈ, ਯੂਏਈ ਤੋਂ ਕੰਮ ਕਰ ਰਹੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਹਾਈ-ਪ੍ਰੋਫਾਈਲ ਵਿਅਕਤੀਆਂ ਦੀ ਟਾਰਗੇਟ ਸ਼ੂਟਿੰਗ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਨੇ ਸੰਭਾਵਤ ਅਪਰਾਧਿਕ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਟਾਲ ਦਿੱਤਾ ਹੈ।

ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।

ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਲੁਧਿਆਣਾ ਸਵਪਨ ਸ਼ਰਮਾ ਨੇ ਕਿਹਾ ਕਿ ਸੀਆਈਏ ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀ ਸਾਂਝੀ ਪੁਲਿਸ ਪਾਰਟੀ ਨੇ ਥਾਣਾ ਲਾਡੋਵਾਲ ਦੇ ਅਧਿਕਾਰ ਖੇਤਰ ਵਿੱਚ ਨਾਕਾ ਲਾਇਆ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਨੂੰ ਇਹ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਦੋ ਹਥਿਆਰਬੰਦ ਵਿਅਕਤੀ ਹਾਰਡੀਜ਼ ਵਰਲਡ ਨੇੜੇ ਖੜ੍ਹੇ ਹਨ, ਜੋ ਕਿਸੇ ਸਨਸਨੀਖੇਜ਼ ਅਪਰਾਧਕ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹਨ, ਜਿਸ ਉਪਰੰਤ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਰੇਡ ਕੀਤੀ ਅਤੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਨੇ ਆਪਣੇ ਕੰਮ ਬਾਰੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਉਹ ਵਿਦੇਸ਼-ਅਧਾਰਤ ਹੈਂਡਲਰਾਂ ਦੁਆਰਾ ਸੰਚਾਲਿਤ ਇੱਕ ਸੰਗਠਿਤ, ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ਦੇ ਸਰਗਰਮ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਹੈਂਡਲਰਾਂ ਨੇ ਆਪਣੇ ਨੈੱਟਵਰਕਾਂ ਜ਼ਰੀਏ ਇਨ੍ਹਾਂ ਕਾਰਕੁਨਾਂ ਨੂੰ ਹਾਈ-ਗ੍ਰੇਡ ਹਥਿਆਰ ਸਪਲਾਈ ਕਰਵਾਏ ਅਤੇ ਉਨ੍ਹਾਂ ਨੂੰ ਹਾਈ-ਪ੍ਰੋਫਾਈਲ ਵਿਅਕਤੀਆਂ ਦੀ ਟਾਰਗੇਟ ਸ਼ੂਟਿੰਗ ਦਾ ਕੰਮ ਸੌਂਪਿਆ ਗਿਆ।

ਇਸ ਸਬੰਧ ਵਿੱਚ ਲੁਧਿਆਣਾ ਦੇ ਲਾਡੋਵਾਲ ਪੁਲਿਸ ਥਾਣਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 ਤਹਿਤ ਐਫਆਈਆਰ ਨੰਬਰ 91 ਮਿਤੀ 17-05-2026 ਦਰਜ ਕੀਤੀ ਗਈ ਹੈ।

ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; 2.1 ਕਿੱਲੋ ਹੈਰੋਇਨ, ਸੱਤ ਪਿਸਤੌਲਾਂ ਸਮੇਤ ਇੱਕ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 18 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਵਿੱਚ ਸਰਗਰਮ ਇੱਕ ਵਿਅਕਤੀ ਨੂੰ 2.1 ਕਿਲੋਗ੍ਰਾਮ ਹੈਰੋਇਨ ਅਤੇ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਖੁਸ਼ ਕੁਮਾਰ ਉਰਫ਼ ਭੋਲੂ (26) ਵਾਸੀ ਗੁਰਵਾਲੀ ਗੇਟ,ਅੰਮ੍ਰਿਤਸਰ ਵਜੋਂ ਹੋਈ ਹੈ। ਦੋਸ਼ੀ ਦਾ ਅਪਰਾਧਿਕ ਪਿਛੋਕੜ ਹੈ, ਉਸਦੇ ਖਿਲਾਫ ਐਨ.ਡੀ.ਪੀ.ਐਸ. ਐਕਟ, ਆਰਮਜ਼ ਐਕਟ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ।

ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਇੱਕ 9 ਐਮ.ਐਮ. ਗਲੈਡੀਏਟਰ (ਤੁਰਕੀ ਦਾ ਬਣਿਆ), ਇੱਕ 9 ਐਮ.ਐਮ. ਜ਼ਿਗਾਨਾ ਐਕਸ-ਸ਼ਾਟ, ਇੱਕ .30 ਬੋਰ ਬਰੇਟਾ (ਇਟਲੀ ਦਾ ਬਣਿਆ), ਇੱਕ .30 ਬੋਰ ਜ਼ਿਗਾਨਾ (ਚੀਨ ਦਾ ਬਣਿਆ), ਇੱਕ .30 ਬੋਰ (ਆਸਟ੍ਰੀਆ ਦਾ ਬਣਿਆ), ਇੱਕ .30 ਬੋਰ (ਚੀਨ ਦਾ ਬਣਿਆ) ਅਤੇ ਇੱਕ .30 ਬੋਰ ਪਿਸਤੌਲ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀਆਂ ਗੈਰ-ਕਾਨੂੰਨੀ ਖੇਪਾਂ ਸਰਹੱਦ ਪਾਰੋਂ ਡਰੋਨ ਰਾਹੀਂ ਪਹੁੰਚਾਈਆਂ ਜਾ ਰਹੀਆਂ ਸਨ, ਜੋ ਮੁਲਜ਼ਮ ਵੱਲੋਂ ਅੱਗੇ ਅਪਰਾਧਿਕ ਤੱਤਾਂ ਨੂੰ ਡਿਲੀਵਰ ਕੀਤੀਆਂ ਜਾਂਦੀਆਂ ਸਨ ।

ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਯੋਜਨਾਬੱਧ ਅਤੇ ਖੁਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਦੋਸ਼ੀ ਖੁਸ਼ ਉਰਫ਼ ਭੋਲੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ 2.1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਤੋਂ ਨਿਰੰਤਰ ਪੁੱਛਗਿੱਛ ਅਤੇ ਹੋਰ ਜਾਂਚ ਦੌਰਾਨ ਸੱਤ ਪਿਸਤੌਲ ਵੀ ਬਰਾਮਦ ਹੋਏ ਹਨ।

ਸੀ.ਪੀ. ਨੇ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬਰਾਮਦ ਕੀਤੇ ਗਏ ਪਿਸਤੌਲ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਰਾਧਿਕ ਤੱਤਾਂ ਨੂੰ ਅੱਗੇ ਸਪਲਾਈ ਕੀਤੇ ਜਾਣੇ ਸਨ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤੁਰੰਤ ਕਾਰਵਾਈ ਕੀਤੀ ਅਤੇ ਹਥਿਆਰਾਂ ਦੀ ਸਪਲਾਈ ਅੱਗੇ ਪਹੁੰਚਾਉਣ ਤੋਂ ਪਹਿਲਾਂ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ।

ਇਸ ਸਬੰਧ ਵਿੱਚ ਐਫਆਈਆਰ ਨੰਬਰ 60 ਮਿਤੀ 12-05-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਸਟੇਸ਼ਨ ਸੀ-ਡਵੀਜ਼ਨ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

Category : ਪੰਜਾਬ