ਮੋਹਾਲੀ, 20 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਫੇਕ ਵੀਡੀਓ ਨੂੰ ਗਲਤ ਢੰਗ ਨਾਲ ਵਾਇਰਲ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਚਾਵਲਾ ਲਾਈਟ ਪੁਆਇੰਟ, ਫੇਜ਼-7, ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਵਿੱਚ ਪਾਰਟੀ ਦੀ ਸੂਬਾ ਲੀਡਰਸ਼ਿਪ, ਜ਼ਿਲ੍ਹਾ ਲੀਡਰਸ਼ਿਪ, ਮੋਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਦੇ ਸੀਨੀਅਰ ਆਗੂਆਂ, ਕੌਂਸਲਰਾਂ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਖ਼ਿਲਾਫ਼ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਕੋਸ਼ਿਸ਼ਾਂ ਦਾ ਲੋਕਤੰਤਰਕ ਤਰੀਕੇ ਨਾਲ ਡਟ ਕੇ ਵਿਰੋਧ ਕੀਤਾ ਜਾਵੇਗਾ।
ਰੋਸ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ “ਸਿੱਖਾਂ ਦਾ ਕਾਤਲ ਬਾਦਲ ਪਰਿਵਾਰ”, “ਪੰਥ ਵਿਰੋਧੀ ਸੁਖਬੀਰ ਬਾਦਲ ਮੁਰਦਾਬਾਦ” ਅਤੇ ਹੋਰ ਨਾਅਰਿਆਂ ਰਾਹੀਂ ਆਪਣਾ ਰੋਸ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਝੂਠ ਅਤੇ ਫੇਕ ਪ੍ਰਚਾਰ ਦੀ ਰਾਜਨੀਤੀ ਨੂੰ ਕਦੇ ਵੀ ਕਬੂਲ ਨਹੀਂ ਕਰਨਗੇ ਅਤੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਨੂੰ ਲੋਕ ਮੂੰਹਤੋੜ ਜਵਾਬ ਦੇਣਗੇ।
ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੇਕ ਵੀਡੀਓ ਵਾਇਰਲ ਕਰਨ ਪਿੱਛੇ ਜੋ ਵੀ ਸਾਜ਼ਿਸ਼ ਅਤੇ ਏਜੰਡਾ ਹੈ, ਉਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਜਾਂ ਤਾਕਤ ਇਸ ਸਾਜ਼ਿਸ਼ ਵਿੱਚ ਸ਼ਾਮਲ ਪਾਈ ਗਈ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਫ਼ਰਤ, ਭਰਮ ਅਤੇ ਝੂਠ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਲੋਕਤੰਤਰਕ ਕਦਰਾਂ-ਕੀਮਤਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਇਸ ਮੌਕੇ ਹਰਪਾਲ ਸਿੰਘ ਚੀਮਾ (ਵਿੱਤ ਮੰਤਰੀ, ਪੰਜਾਬ), ਡਾ. ਸੰਨੀ ਆਹਲੂਵਾਲੀਆ (ਸਟੇਟ ਸੈਕਟਰੀ), ਪ੍ਰਭਜੋਤ ਕੌਰ (ਜ਼ਿਲ੍ਹਾ ਪ੍ਰਧਾਨ, ਮੋਹਾਲੀ), ਸੁਭਾਸ਼ ਸ਼ਰਮਾ (ਸੀਨੀਅਰ ਵਾਈਸ ਚੇਅਰਮੈਨ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ), ਸਰਬਜੀਤ ਸਿੰਘ (ਮੇਅਰ, ਮੋਹਾਲੀ), ਹਰਪਾਲ ਸਿੰਘ ਚੰਨਾ (ਡਿਪਟੀ ਮੇਅਰ), ਆਰ.ਪੀ. ਸ਼ਰਮਾ (ਸੀਨੀਅਰ ਡਿਪਟੀ ਮੇਅਰ), ਪਰਮਿੰਦਰ ਸਿੰਘ ਗੋਲਡੀ (ਚੇਅਰਮੈਨ, ਪੰਜਾਬ ਯੂਥ ਡਿਵੈਲਪਮੈਂਟ ਬੋਰਡ), ਗੋਵਿੰਦਰ ਮਿੱਤਲ (ਬੁਲਾਰੇ), ਗੁਰਪ੍ਰੀਤ ਸਿੰਘ ਵਿਰਕ (ਡਾਇਰੈਕਟਰ, ਪੀ.ਆਰ.ਟੀ.ਸੀ.), ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ, ਮਾਰਕੀਟ ਕਮੇਟੀ ਖਰੜ), ਦਿਲਬਾਗ ਸਿੰਘ (ਬਲਾਕ ਸਮਿਤੀ ਮੈਂਬਰ), ਜਸਪਾਲ ਸਿੰਘ (ਜ਼ਿਲ੍ਹਾ ਮੀਡੀਆ ਇੰਚਾਰਜ), ਬਲਜੀਤ ਸਿੰਘ (ਮੀਡੀਆ ਇੰਚਾਰਜ) ਅਤੇ ਰਾਜ ਕੁਮਾਰ (ਬੁਲਾਰੇ) ਸਮੇਤ ਹੋਰ ਆਗੂ ਮੌਜੂਦ ਸਨ।