Breaking News
ਮਹਿੰਗਾਈ ਦਾ ਝਟਕਾ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧਾ

ਨਵੀਂ ਦਿੱਲੀ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਉਤੇ ਅੱਜ ਸਵੇਰੇ ਹੀ ਇਕ ਹੋਰ ਭਾਰੀ ਬੋਝ ਪਿਆ ਹੈ। ਦੇਸ਼ ਭਰ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। 15 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਤਾਂ ਵਿੱਚ ਤਿੰਨ ਰੁਪਏ ਦਾ ਵਾਧਾ ਕੀਤਾ ਗਿਆ ਹੈ। ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਤੋਂ ਲੈ ਕੇ 3.60 ਰੁਪਏ ਤੱਕ ਪ੍ਰਤੀ ਲੀਟਰ ਵਾਧਾ ਹੋਇਆ ਹੈ। ਅੱਜ ਕੀਮਤਾ ਵੱਧਣ ਨਾਲ ਦਿੱਲੀ ਵਿੱਚ ਹੁਣ ਪੈਟਰੋਲ ਦੀ ਕੀਮਤ 97.77 ਰੁਪਏ ਪ੍ਰਤੀ ਲੀਟਰ ਹੋ ਗਈ। ਕੋਲਕਾਤਾ ਵਿੱਚ ਪੈਟਰੋਲ ਸਭ ਤੋਂ ਜ਼ਿਆਦਾ ਮਹਿੰਗਾ ਹੋਇਆ ਹੈ। ਇੱਥੇ 3 ਰੁਪਏ 29 ਪੈਸੇ ਭਾਅ ਵੱਧਣ ਨਾਲ ਹੁਣ ਕੀਮਤ 108.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਚੰਡੀਗੜ੍ਹ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ 97 ਪੈਸੇ ਵਾਧਾ ਹੋਣ ਨਾਲ ਹੁਣ ਕੀਮਤ 97.27 ਪ੍ਰਤੀ ਲੀਟਰ ਹੋ ਗਈ।

ਡੀਜ਼ਲ ਦਾ ਭਾਅ ਦੇਖਿਆ ਜਾਵੇ ਤਾਂ 3 ਰੁਪਏ ਪ੍ਰਤੀ ਵਾਧਾ ਹੋਣ ਨਾਲ ਦਿੱਲੀ ਵਿੱਚ 90 ਰੁਪਏ 67 ਪੈਸੇ ਪ੍ਰਤੀ ਲੀਟਰ ਹੋ ਗਿਆ। ਕੋਲਕਾਤਾ ਡੀਜ਼ਲ ਦੇ ਭਾਅ ਵਿੱਚ 3.11 ਰੁਪਏ ਵਧੇ ਹਨ ਅਤੇ ਨਵਾਂ ਭਾਅ 95.13 ਰੁਪਏ ਹੋ ਗਿਆ। ਚੰਡੀਗੜ੍ਹ ਵਿੱਚ ਡੀਜ਼ਲ ਦੇ ਭਾਅ ਵਿੱਚ 2 ਰੁਪਏ 80 ਪੈਸੇ ਵਾਧਾ ਹੋਇਆ ਹੋਣ ਨਾਲ ਹੁਣ ਕੀਮਤ 85.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

15-05-2026

ਜੈਤਸਰੀ ਮਹਲਾ ੪ ਘਰੁ ੧ ਚਉਪਦੇ

ੴ ਸਤਿਗੁਰ ਪ੍ਰਸਾਦਿ ॥

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਸ਼ੁੱਕਰਵਾਰ, ੧ ਜੇਠ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੯੬)

ਪੰਜਾਬੀ ਵਿਆਖਿਆ

ਹੇ ਭਾਈ! ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵੱਸਿਆ। ਹੇ ਭਾਈ! ਜਿਸ ਭੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ।੧। ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ। ਹੇ ਮੇਰੇ ਮਨ! ਗੁਰੂ ਦੀ ਸ਼ਰਨ ਪਿਆ ਰਹੁ, ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ। ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਆਰਥ ਚਲਾ ਜਾਂਦਾ ਹੈ।੨। ਹੇ ਭਾਈ! ਜੇਹੜੇ ਮਨੁੱਖ ਗੁਰੁ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩। ਹੇ ਗੁਰੂ! ਅਸੀਂ ਜੀਵ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

English Translation

JAITSREE, FOURTH MEHL, FIRST HOUSE, CHAU-PADAS:
ONE UNIVERSAL CREATOR GOD. BY THE GRACE OF THE TRUE GURU:

The Jewel of the Lord’s Name abides within my heart; the Guru has placed His hand on my forehead. The sins and pains of countless incarnations have been cast out. The Guru has blessed me with the Naam, the Name of the Lord, and my debt has been paid off. || 1 || O my mind, vibrate the Lord’s Name, and all your affairs shall be resolved. The Perfect Guru has implanted the Lord’s Name within me; without the Name, life is useless. || Pause || Without the Guru, the self-willed manmukhs are foolish and ignorant; they are forever entangled in emotional attachment to Maya. They never serve the feet of the Holy; their lives are totally useless. || 2 || Those who serve at the feet of the Holy, the feet of the Holy, their lives are made fruitful, and they belong to the Lord. Make me the slave of the slave of the slaves of the Lord; bless me with Your Mercy, O Lord of the Universe. || 3 || I am blind, ignorant and totally without wisdom; how can I walk on the Path? I am blind — O Guru, please let me grasp the hem of Your robe, so that servant Nanak may walk in harmony with You. || 4 || 1 ||

Friday, 1st Jayt’h (Samvat 558 Nanakshahi)

(Page: 696)

ਫਰੀਦਕੋਟ ਵਿੱਚ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ: ਕਈ ਵੱਡੇ ਆਗੂ ‘ਆਪ’ ‘ਚ ਹੋਏ ਸ਼ਾਮਲ

ਫਰੀਦਕੋਟ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ (ਆਪ) ਨੇ ਫਰੀਦਕੋਟ ਵਿੱਚ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਵੀਰਵਾਰ ਨੂੰ ਇਨ੍ਹਾਂ ਪਾਰਟੀਆਂ ਦੇ ਕਈ ਸੀਨੀਅਰ ਆਗੂ ‘ਆਪ’ ਦੀਆਂ ਜਨ-ਕਲਿਆਣਕਾਰੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਿਰੋਪਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਅਤੇ ਜਨਹਿਤ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਜਰਬੇਕਾਰ ਆਗੂਆਂ ਦੇ ਆਉਣ ਨਾਲ ਫਰੀਦਕੋਟ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਨਰਿੰਦਰਪਾਲ ਸਿੰਘ ਨਿੰਦਾ (ਮੌਜੂਦਾ ਪ੍ਰਧਾਨ, ਨਗਰ ਕੌਂਸਲ ਫਰੀਦਕੋਟ), ਅਮਿਤ ਕੁਮਾਰ ‘ਜੁਗਨੂੰ’ ਜੈਨ (ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਬਲਾਕ ਪ੍ਰਧਾਨ), ਨਵੀਨ ਅਰੋੜਾ (ਜ਼ਿਲ੍ਹਾ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਵਿਧਾਨ ਸਭਾ ਇੰਚਾਰਜ ਹਲਕਾ ਫਰੀਦਕੋਟ) ਅਤੇ ਸੁਖਜਿੰਦਰ ਸਿੰਘ ‘ਸੁੱਖੀ’ ਭਲਵਾਨ (ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਫਰੀਦਕੋਟ) ਸ਼ਾਮਲ ਹਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਇਕਸੁਰ ਵਿੱਚ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਸਨ ਅਤੇ ‘ਆਪ’ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਜਨ-ਸੇਵਾ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।

ਪੂਰੀ ਪਾਰਦਰਸ਼ਿਤਾ ਤੇ ਇਮਾਨਦਾਰੀ ਨਾਲ ਹੋਣਗੀਆਂ ਮਿਊਂਸੀਪਲ ਕਮੇਟੀ ਅਤੇ ਕਾਰਪੋਰੇਸ਼ਨ ਚੋਣਾਂ : ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 14 ਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਗਾਮੀ ਮਿਊਂਸੀਪਲ ਕਮੇਟੀ ਅਤੇ ਕਾਰਪੋਰੇਸ਼ਨ ਚੋਣਾਂ ਪੂਰੀ ਪਾਰਦਰਸ਼ਿਤਾ, ਇਮਾਨਦਾਰੀ ਅਤੇ ਨਿਰਪੱਖ ਢੰਗ ਨਾਲ ਹੋਣਗੀਆਂ। ਲੋਕ ਆਪਣੀ ਪਸੰਦ ਅਤੇ ਖੇਤਰ ਦੇ ਵਿਕਾਸ ਲਈ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਰਾਏ ਸਭ ਤੋਂ ਉੱਪਰ ਹੁੰਦੀ ਹੈ ਅਤੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੀ ਵਰਤੋਂ ਕਰਨ ਦਾ ਪੂਰਾ ਹੱਕ ਹੈ।

ਸ. ਬਰਸਟ ਨੇ ਪਾਰਟੀ ਦੇ ਉਮੀਦਵਾਰਾਂ, ਆਗੂਆਂ ਅਤੇ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਉਹ ਚੋਣਾਂ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦੇਣ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ, ਜਿਸ ਤੋਂ ਲੋਕ ਬਹੁਤ ਖੁਸ਼ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਅਤੇ ਲੋਕ ਭਲਾਈ ਦੇ ਖੇਤਰਾਂ ਵਿੱਚ ਇਤਿਹਾਸਕ ਅਤੇ ਲੋਕ-ਪੱਖੀ ਫੈਸਲੇ ਲਏ ਗਏ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਸੁਧਾਰ, ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਨੌਜਵਾਨਾਂ ਨੂੰ 65 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦਾ ਇਲਾਜ, ਮਹਿਲਾਵਾਂ ਨੂੰ ਮੁਫ਼ਤ ਬਸ ਸਫ਼ਰ, ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਨੇ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਭਰੋਸਾ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਹੋਣਗੀਆਂ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਲੋਕ ਹੁਣ ਇਹ ਸਮਝ ਚੁੱਕੇ ਹਨ ਕਿ ਕਿਹੜੀਆਂ ਪਾਰਟੀਆਂ ਸਿਰਫ਼ ਵਾਅਦੇ ਕਰਦੀਆਂ ਹਨ ਅਤੇ ਕਿਹੜੀ ਪਾਰਟੀ ਅਸਲ ਵਿੱਚ ਲੋਕਾਂ ਲਈ ਕੰਮ ਕਰਦੀ ਹੈ। ਆਮ ਆਦਮੀ ਪਾਰਟੀ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਨਿਗਮਾਂ ਅਤੇ ਮਿਊਂਸੀਪਲ ਕਮੇਟੀਆਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਕਾਰਜਾਂ ਅਤੇ ਉਮੀਦਵਾਰਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਪ ਉਮੀਦਵਾਰਾਂ ਨੂੰ ਭਾਰੀ ਸਮਰਥਨ ਦੇਣਗੇ ਅਤੇ ਉਹਨਾਂ ਦੇ ਹੱਕ ਵਿੱਚ ਮੋਹਰ ਲਗਾਉਣਗੇ। ਸ. ਬਰਸਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਵੋਟਿੰਗ ਵਿੱਚ ਹਿੱਸਾ ਲੈਣ ਅਤੇ ਇਮਾਨਦਾਰ, ਮਿਹਨਤੀ ਅਤੇ ਲੋਕ-ਸੇਵਾ ਲਈ ਸਮਰਪਿਤ ਨੁਮਾਇੰਦਿਆਂ ਦੀ ਚੋਣ ਕਰਨ।

ਪੰਜਾਬ ‘ਚ SIR ਨੂੰ ਲੈ ਕੇ ਕਾਂਗਰਸ ਨੇ ਚੁੱਕੇ ਸਵਾਲ

ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਵਿੱਚ ਸਪੈਸ਼ਲ ਇਨਟੇਨਸਿਵ ਰਵਿਜ਼ਨ (SIR) ਮੁਹਿੰਮ ਦੇ ਸਮੇਂ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਦੋਂ ਕਿ ਰਾਜ ਵਿੱਚ ਵਿਧਾਨ ਸਭਾ ਚੋਣਾਂ ਲਈ ਦੱਸ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ।

ਭਾਰਤੀ ਚੋਣ ਆਯੋਗ ਵੱਲੋਂ ਇਸ ਸਬੰਧੀ ਕੀਤੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਸੀ ਤਾਂ ਜੋ ਲੋਕਾਂ ਨੂੰ ਇਹ ਭਰੋਸਾ ਰਹੇ ਕਿ ਇਸ ਦੇ ਪਿੱਛੇ ਕੋਈ ਲੁਕਿਆ ਹੋਇਆ ਐਜੰਡਾ ਨਹੀਂ ਹੈ।

ਉਨ੍ਹਾਂ ਕਿਹਾ, “ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ, ਇਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਨਾਲ, ਵੋਟਰ ਸੂਚੀਆਂ ਦੀ ਸਪੈਸ਼ਲ ਇਨਟੇਨਸਿਵ ਰਵਿਜ਼ਨ (SIR) ਵਰਗੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਵਿੱਚ ਮੋੜ ਸਕਦੀ ਹੈ।”

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੱਸ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਚੋਣਾਂ ਹੋਣੀਆਂ ਹਨ, ਹੋ ਸਕਦਾ ਹੈ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ “ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਐਨੀ ਜਲਦੀ ਕਿਉਂ ਹੈ?”

ਪੀਸੀਸੀ ਪ੍ਰਧਾਨ ਨੇ ਪੁੱਛਿਆ ਕਿ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਵਿੱਚ ਇਹ SIR ਮੁਹਿੰਮ ਛੇ ਮਹੀਨੇ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਅਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਜਾ ਰਹੇ ਹਨ, ਤਾਂ ਪੰਜਾਬ ਵਿੱਚ ਇਹ ਅਭਿਆਸ ਉਸ ਵੇਲੇ ਕਿਉਂ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਬੰਗਾਲ ਦੇ ਮਾਮਲੇ ਵਿੱਚ 27 ਲੱਖ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਸੀ। “ਕਿਉਂਕਿ ਕਾਫ਼ੀ ਸਮਾਂ ਨਹੀਂ ਸੀ, ਇਸ ਲਈ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਕੀਤੀਆਂ ਅਪੀਲਾਂ ਚੋਣਾਂ ਤੋਂ ਪਹਿਲਾਂ ਨਿਪਟਾਇਆਂ ਨਹੀਂ ਗਈਆਂ। ਉਹ ਆਪਣੇ ਵੋਟ ਦੇ ਹੱਕ ਤੋਂ ਵੰਚਿਤ ਰਹੇ,” ਉਨ੍ਹਾਂ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਇਹੀ ਪ੍ਰਕਿਰਿਆ ਦੁਹਰਾਈ ਨਾ ਜਾਵੇ।

ਉਨ੍ਹਾਂ ਕਿਹਾ, “ਭਾਰਤੀ ਚੋਣ ਆਯੋਗ ਪੰਜਾਬ ਵਿੱਚ ਵੀ ਇਹੀ ਅਭਿਆਸ ਦੁਹਰਾਉਣਾ ਚਾਹੁੰਦਾ ਹੈ।” ਉਨ੍ਹਾਂ ਅੱਗੇ ਕਿਹਾ, “ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਉਨ੍ਹਾਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰਾਂਗੇ।”

ਉਨ੍ਹਾਂ ਦੱਸਿਆ ਕਿ ਪਾਰਟੀ ਨੇ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਹੈ ਕਿ ਇਸ ਧੋਖਾਧੜੀ ਵਾਲੀ SIR ਪ੍ਰਕਿਰਿਆ ਦੇ ਦੌਰਾਨ ਕਿਸੇ ਵੀ ਅਸਲ ਵੋਟਰ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਨਾ ਹੋਣ ਦਿੱਤਾ ਜਾਵੇ।

ਵੜਿੰਗ ਨੇ ਰਾਜ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸਿਆਸੀ ਅਸਹਿਮਤੀਆਂ ਨੂੰ ਇਕ ਪਾਸੇ ਰੱਖ ਕੇ ਇਹ ਯਕੀਨੀ ਬਣਾਉਣ ਕਿ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਨਾ ਕੀਤਾ ਜਾਵੇ, ਕਿਉਂਕਿ ਭਾਜਪਾ ਨੂੰ ਸ਼ੱਕ ਹੈ ਕਿ ਪੰਜਾਬੀ ਉਸਨੂੰ ਵੋਟ ਨਹੀਂ ਪਾਉਣਗੇ।

ਉਨ੍ਹਾਂ ਕਿਹਾ, “ਆਓ ਅਸੀਂ ਇਹ ਸੰਕਲਪ ਕਰੀਏ ਕਿ ਜੋ ਕੁਝ ਬਿਹਾਰ ਅਤੇ ਬੰਗਾਲ ਵਿੱਚ ਹੋਇਆ, ਉਹ ਪੰਜਾਬ ਵਿੱਚ ਨਹੀਂ ਹੋਣ ਦੇਵਾਂਗੇ।”

ਦਿੱਲੀ ਸਰਕਾਰ ਦਾ ਵੱਡਾ ਐਲਾਨ, ਹਫ਼ਤੇ ’ਚ ਦੋ ਦਿਨ ਘਰੋਂ ਕੰਮ ਕਰਨਗੇ ਸਰਕਾਰੀ ਮੁਲਾਜ਼ਮ

ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਉਤੇ ਲਾਈ ਰੋਕ

ਨਵੀਂ ਦਿੱਲੀ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਦੋ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਬਚਾਉਣ ਦੀ ਕੀਤੀ ਅਪੀਲ ਉਤੇ ਦਿੱਲੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਵਿੱਚ ਦੋ ਦਿਨ ਕੰਮ ਘਰੋਂ ਕਰਵਾਇਆ ਜਾਵੇਗਾ। ਉਥੇ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਵੀ ਦੋ ਦਿਨ ਲਈ ਵਰਕ ਫੌਰਮ ਹੋਮ ਦੀ ਅਪੀਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੈਟਰੋਲ-ਡੀਜ਼ਲ ਬਚਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਪੱਧਰ ਉਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਕੂਲਾਂ ਅਤੇ ਕਾਲਜਾਂ ਵਿੱਚ ਆਨਲਾਈਨ ਕਲਾਸਾਂ ਸ਼ੁਰੂ ਕਰਨ ਦੀ ਅਪੀਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਨਲਾਈਨ ਕਲਾਸਾਂ ਲਗਾਉਣ। ਉਥੇ 6 ਮਹੀਨੇ ਲਈ ਦਿੱਲੀ ਸਰਕਾਰ ਕੋਈ ਵੀ ਪੈਟਰੋਲ ਡੀਜ਼ਲ ਅਤੇ ਈਵੀ ਗੱਡੀ ਨਹੀਂ ਖਰੀਦੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 14 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 12ਵੀਂ ਜਮਾਤ ਦੀਆਂ ਪ੍ਰੀਖਿਆ ਵਿੱਚ 416 ਸਰਕਾਰੀ ਸਕੂਲਾਂ ਨੇ 100 ਫੀਸਦ ਪਾਸ ਦਰ ਦਰਜ ਹਾਸਲ ਕਰਦਿਆਂ ਇੱਕ ਨਵਾਂਕੀਰਤੀਮਾਨ ਸਥਾਪਤ ਕੀਤਾ ਹੈ। ਦੱਸਣਯੋਗ ਹੈ ਕਿ ਬਾਰ੍ਹਵੀਂ ਜਮਾਤ ਦੇ ਹਾਲ ਹੀ ‘ਚ ਆਏ ਨਤੀਜਿਆਂ ਵਿੱਚ ਲੜਕੀਆਂ ਨੇ ਇੱਕ ਵਾਰ ਫਿਰ ਮੈਰਿਟ ਸੂਚੀ ਅਤੇ ਪਾਸ ਪ੍ਰਤੀਸ਼ਤਤਾ ਵਿੱਚ ਬਾਜ਼ੀ ਮਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਅੱਵਲ ਰਹਿਣ ਵਾਲੀਆਂ ਪੰਜਾਬ ਦੀਆਂ ਤਿੰਨ ਧੀਆਂ ਮਾਨਸਾ ਤੋਂ ਸੁਪਨੀਤ ਕੌਰ ਅਤੇ ਲੁਧਿਆਣਾ ਤੋਂ ਸੁਹਾਨੀ ਚੌਹਾਨ ਤੇ ਦਿਵਾਂਸ਼ੀ ਦੀ ਰੱਜ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੜਕੀਆਂ ਸਿੱਖਿਆ ਦੇ ਪੁਨਰ-ਉਥਾਨ ਦੀ ਅਗਵਾਈ ਕਰ ਰਹੀਆਂ ਹਨ।

ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਿਆਂ ਮੈਰਿਟ ਸੂਚੀ ਵਿੱਚ ਸ਼ਾਮਲ 275 ਵਿਦਿਆਰਥੀਆਂ ਵਿੱਚੋਂ 122 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ, ਜੋ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਆਧੁਨਿਕ ਕਲਾਸਰੂਮਾਂ ਅਤੇ ਕੇਂਦਰਿਤ ਅਕਾਦਮਿਕ ਸੁਧਾਰਾਂ ਨਾਲ ਲੈਸ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਤੋਂ ਸੁਪਨੀਤ ਕੌਰ, ਲੁਧਿਆਣਾ ਤੋਂ ਸੁਹਾਨੀ ਚੌਹਾਨ ਅਤੇ ਲੁਧਿਆਣਾ ਤੋਂ ਦਿਵਾਂਸ਼ੀ ਨੂੰ ਪ੍ਰੀਖਿਆਵਾਂ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਬੇਮਿਸਾਲ ਪ੍ਰਾਪਤੀ ਲਈ 50,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਤਿੰਨੋਂ ਟਾਪਰ ਕੌਮੀ ਅਤੇ ਰਾਜ ਪੱਧਰੀ ਖਿਡਾਰੀ ਹਨ, ਜੋ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਉਹ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਸਾਰੇ ਟਾਪਰ ਆਮ ਪਿਛੋਕੜ ਵਾਲੇ ਹਨ ਅਤੇ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਜ਼ਿੰਦਗੀ ਵਿੱਚ ਸਫਲਤਾ ਦੀਆਂ ਉਚਾਈਆਂ ਛੂਹਣੀਆਂ ਚਾਹੁੰਦੇ ਹਨ। ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਹਾਸਲ ਵਿੱਚ ਉਨ੍ਹਾਂ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਵੇਗੀ।”

ਸਿੱਖਿਆ ਖੇਤਰ ਵਿੱਚ ਲੜਕੀਆਂ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਮਾਜ ਵਿੱਚ ਸਿੱਖਿਆ ਦੇ ਪ੍ਰਸਾਰ ਨਾਲ, ਲੜਕੀਆਂ ਨੇ ਨਾ ਸਿਰਫ਼ ਸਿੱਖਿਆ ਖੇਤਰ ਵਿੱਚ ਸਗੋਂ ਹਰ ਖੇਤਰ ਵਿੱਚ ਲੜਕਿਆਂ ਨੂੰ ਪਛਾੜ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ, “ਸਮੇਂ ਨੇ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਸਿੱਖਿਆ ਖੇਤਰ ਵਿੱਚ ਮੱਲਾਂ ਮਾਰ ਕੇ, ਉਨ੍ਹਾਂ ਨੇ ਦਿਖਾਇਆ ਹੈ ਕਿ ਉਨ੍ਹਾਂ ਦੀ ਬੁੱਧੀ, ਹੁਨਰ ਅਤੇ ਮੁਹਾਰਤ ਦਾ ਕੋਈ ਮੁਕਾਬਲਾ ਨਹੀਂ ਹੈ।”

ਇਨ੍ਹਾਂ ਪ੍ਰਾਪਤੀਆਂ ਨੂੰ ਸਹੀ ਮਾਇਨੇ ਵਿੱਚ ਸਸ਼ਕਤੀਕਰਨ ਦਾ ਪ੍ਰਤੱਖ ਪ੍ਰਮਾਣ ਦੱਸਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਲੜਕੀਆਂ ਦਾ ਅਸਲ ਸਸ਼ਕਤੀਕਰਨ ਹੈ, ਜੋ ਉਨ੍ਹਾਂ ਦੇ ਸਮਾਜਿਕ-ਆਰਥਿਕ ਪੁਨਰ-ਉਥਾਨ ਅਤੇ ਪੰਜਾਬ ਤੇ ਦੇਸ਼ ਦੀ ਸ਼ਾਨਦਾਰ ਤਰੱਕੀ ਦੀ ਇੱਕ ਨਵੀਂ ਸ਼ੁਰੂਆਤ ਹੈ।”

ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਲਗਭਗ 2.65 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਲਗਭਗ 2.42 ਲੱਖ ਵਿਦਿਆਰਥੀ ਪਾਸ ਹੋਏ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤਤਾ ਲਗਭਗ 91.46 ਪ੍ਰਤੀਸ਼ਤ ਬਣਦੀ ਹੈ। ਉਨ੍ਹਾਂ ਕਿਹਾ, “ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.73 ਪ੍ਰਤੀਸ਼ਤ ਰਹੀ, ਜਦੋਂ ਕਿ ਲੜਕਿਆਂ ਦੀ ਪਾਸ ਦਰ 88.52 ਪ੍ਰਤੀਸ਼ਤ ਰਹੀ।” ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਨੇ ਸੂਬੇ ਵਿੱਚ ਸਭ ਤੋਂ ਵੱਧ 96 ਫੀਸਦ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਰਿਟ ਵਿੱਚ ਪਟਿਆਲਾ ਜ਼ਿਲ੍ਹੇ ਨੇ ਬਾਜੀ ਮਾਰੀ, ਜਿਸਦੇ ਸਭ ਤੋਂ ਵੱਧ 59 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਸਾਲਾਂ ਦੇ ਰੁਝਾਨਾਂ ਨੂੰ ਕਾਇਮ ਰੱਖਦਿਆਂ ਲੜਕੀਆਂ ਨੇ ਇੱਕ ਵਾਰ ਫਿਰ ਨਤੀਜਿਆਂ ਵਿੱਚ ਲੜਕਿਆਂ ਨੂੰ ਪਛਾੜ ਦਿੱਤਾ ਹੈ। ਮੈਰਿਟ ਸੂਚੀ ਵਿੱਚ ਆਉਣ ਵਾਲੇ ਕੁੱਲ 278 ਵਿਦਿਆਰਥੀਆਂ ਵਿੱਚੋਂ, 217 ਲੜਕੀਆਂ ਹਨ ਜਦੋਂ ਕਿ 61 ਲੜਕੇ ਹਨ।”

ਸਰਕਾਰੀ ਸਕੂਲਾਂ ‘ਚ ਸਿੱਖਿਆ ਦੇ ਦਿਨੋ-ਦਿਨ ਬਿਹਤਰ ਹੋ ਰਹੇ ਮਿਆਰ ‘ਤੇ ਚਾਨਣਾ ਪਾਉਂਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਸਦਕਾ, ਸਰਕਾਰੀ ਸਕੂਲਾਂ ਦੇ 122 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ, ਜੋ ਕਿ ਮੈਰਿਟ ‘ਚ ਆਉਣ ਵਾਲੇ ਕੁੱਲ ਵਿਦਿਆਰਥੀਆਂ ਦਾ 50 ਪ੍ਰਤੀਸ਼ਤ ਤੋਂ ਵੱਧ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ 416 ਸਰਕਾਰੀ ਸਕੂਲਾਂ ਨੇ ਇਨ੍ਹਾਂ ਪ੍ਰੀਖਿਆਵਾਂ ਵਿੱਚ 100 ਫੀਸਦ ਨਤੀਜੇ ਦਰਜ ਕੀਤੇ ਹਨ।”

ਗੱਲਬਾਤ ਦੌਰਾਨ ਇੱਕ ਟਾਪਰ ਵਿਦਿਆਰਥਣ ਨੇ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਵਜੋਂ ਭਰਤੀ ਹੋਣ ਦੀ ਇੱਛਾ ਪ੍ਰਗਟਾਈ। ਉਕਤ ਵਿਦਿਆਰਥਣ ਨੂੰ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਨੂੰ ਐਸਏਐਸ ਨਗਰ, ਮੋਹਾਲੀ ਵਿਖੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿੱਚ ਦਾਖਲਾ ਲੈਣਾ ਚਾਹੀਦਾ ਹੈ।”

ਮੁੱਖ ਮੰਤਰੀ ਨੇ ਕਿਹਾ, “ਇਹ ਸੰਸਥਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਦੇਸ਼ ਵਿੱਚ ਆਪਣੀ ਕਿਸਮ ਦੀ ਇੱਕੋ ਇੱਕ ਪੂਰੀ ਤਰ੍ਹਾਂ ਰਿਹਾਇਸ਼ੀ ਸੰਸਥਾ ਹੈ ਜੋ ਨੌਜਵਾਨ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਲਈ ਸਿਖਲਾਈ ਦਿੰਦੀ ਹੈ।” ਉਨ੍ਹਾਂ ਅੱਗੇ ਕਿਹਾ, “ਲੜਕੀਆਂ ਨੂੰ ਰਾਸ਼ਟਰੀ ਪੱਧਰ ‘ਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਉਨ੍ਹਾਂ ਨੂੰ ਇਥੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਏਐਫਸੀਏਟੀ, ਸੀਡੀਐਸ ਅਤੇ ਐਸਐਸਬੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਸਤੇ ਢੁਕਵੀਂ ਤਿਆਰੀ ਕਰਵਾਈ ਜਾਂਦੀ ਹੈ।”

ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰਿ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰ.ਐਮ.ਪੀ.ਆਈ. ਦੀ ਸਾਂਝੀ ਮੀਟਿੰਗ

ਜਲੰਧਰ ; 14 ਮਈ 26, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਸੀਪੀਆਈ (ਐਮ.ਐਲ.) ਲਿਬਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਇਕ ਸਾਂਝੀ ਮੀਟਿੰਗ ਬੀਤੀ ਸ਼ਾਮ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਵਿੱਚ ਦੋਵਾਂ ਪਾਰਟੀਆਂ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਤੇ ਕਾਮਰੇਡ ਮੰਗਤ ਰਾਮ ਪਾਸਲਾ ਸ਼ਾਮਲ ਹੋਏ। ਇਸ ਤੋਂ ਪਹਿਲਾਂ ਇਥੇ ਹੀ 11 ਤੋਂ 13 ਮਈ ਤੱਕ ਸੀਪੀਆਈ ਐਮ ਐਲ ਲਿਬਰੇਸ਼ਨ ਦੀ ਤਿੰਨ ਰੋਜ਼ਾ ਸੂਬਾ ਕਮੇਟੀ ਮੀਟਿੰਗ ਵੀ ਸੰਪੰਨ ਹੋਈ ਸੀ। ਸਾਂਝੀ ਮੀਟਿੰਗ ਵਿੱਚ ਦੇਸ਼-ਦੁਨੀਆਂ ਦੀ ਅਜੋਕੀ ਰਾਜਸੀ ਸਥਿਤੀ ਤੇ ਕਮਿਊਨਿਸਟ ਲਹਿਰ ਸਨਮੁੱਖ ਚੁਣੌਤੀਆਂ ਬਾਰੇ ਅਤੇ ਸੂਬੇ ਦੀ ਅਜੋਕੀ ਰਾਜਸੀ ਸਥਿਤੀ ਅਤੇ ਭਵਿੱਖੀ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਆਰਐਮਪੀਆਈ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਸਮੇਤ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਜਸਬੀਰ ਕੌਰ ਨੱਤ ਅਤੇ ਗੁਰਨਾਮ ਸਿੰਘ ਭੀਖੀ ਵੀ ਸ਼ਾਮਲ ਸਨ।
ਭਰਵੇਂ ਵਿਚਾਰ-ਵਟਾਂਦਰੇ ਉਪਰੰਤ ਸੰਸਾਰ ਦੇ ਸਾਰੇ ਕਿਰਤੀਆਂ ਦੇ ਖੂੰਖਾਰ ਵੈਰੀ ਅਮਰੀਕੀ ਸਾਮਰਾਜ ਅਤੇ ਭਾਰਤ ਅੰਦਰ ਸਤਾਧਾਰੀ ਕਾਰਪੋਰੇਟ ਪ੍ਰਸਤ ਫਿਰਕੂ ਫਾਸ਼ੀ ਗਠਜੋੜ ਖਿਲਾਫ਼ ਜੱਦੋਜਹਿਦ ਨੂੰ ਹੋਰ ਤੇਜ਼ ਕਰਨ ਦਾ ਨਿਰਣਾ ਲਿਆ ਗਿਆ ਹੈ। ਇਸੇ ਸੇਧ ‘ਚ ਸਾਲ 2027 ‘ਚ ਹੋਣ ਜਾ ਰਹੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਫਿਰਕੂ-ਫਾਸ਼ੀ ਸ਼ਕਤੀਆਂ ਦੀ ਹਾਰ ਯਕੀਨੀ ਬਣਾਉਣ ਅਤੇ ਖੱਬੇ ਪੱਖ ਦੀ ਸ਼ਕਤੀ ਵਧਾਉਣ ਲਈ ਸਾਂਝੀ ਮੁਹਿੰਮ ਚਲਾਉਣ ਅਤੇ ਹਰ ਸੰਭਵ ਵਸੀਲਾ ਜੁਟਾਉਣ ਦੀ ਵੀ ਸਹਿਮਤੀ ਬਣੀ।
ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸਿਰੇ ਦੀ ਨਾ-ਅਹਿਲ ਮੋਦੀ ਸਰਕਾਰ ਵਲੋਂ ਲੋਕਾਂ ਸਿਰ ਮੜ੍ਹੀ ਆਰਥਿਕ ਐਮਰਜੈਂਸੀ ਖਿਲਾਫ ਜਨਤਕ ਸੰਗਰਾਮ ਛੇੜਨ ਲਈ ਦੋਨਾਂ ਪਾਰਟੀਆਂ ਵਲੋਂ 18 ਮਈ ਨੂੰ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਵਲੋਂ ਸੰਜਮ ਦੇ ਨਾਂ ‘ਤੇ ਆਮ ਜਨਤਾ, ਕਿਰਤੀ-ਕਿਸਾਨਾਂ, ਸ਼ਹਿਰੀ ਗਰੀਬਾਂ ਤੇ ਮੱਧ ਵਰਗ ਉਤੇ ਮੜ੍ਹੀ ਜਾ ਰਹੀ ਕਮਰ ਤੋੜ ਮਹਿੰਗਾਈ, ਰਸੋਈ ਗੈਸ ਦੀਆਂ ਕੀਮਤਾਂ ‘ਚ ਕੀਤੇ ਗਏ ਭਾਰੀ ਵਾਧੇ ਖਿਲਾਫ ਜਨਤਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਦੀ ਲਗਾਤਾਰਤਾ ਵਿੱਚ ਮਜ਼ਦੂਰਾਂ ਕਿਸਾਨਾਂ ਦੀ ਰੋਜ਼ੀ-ਰੋਟੀ ਉਤੇ ਕੀਤੇ ਜਾ ਰਹੇ ਮਾਰੂ ਹੱਲਿਆਂ ਖਿਲਾਫ਼ 19 ਤੋਂ 28 ਮਈ ਤੱਕ ‘ਲੋਕਾਂ ਕੋਲ ਚੱਲੋ’ ਮੁਹਿੰਮ ਤਹਿਤ ਸੈਂਕੜੇ ਪਿੰਡਾਂ ਵਿੱਚ ਭਰਵੇਂ ਇਕੱਠ ਕਰਕੇ ਆਮ ਲੋਕਾਂ ਨੂੰ ਮੋਦੀ ਸਰਕਾਰ ਅਤੇ ਮਾਨ ਸਰਕਾਰ ਦੀਆਂ ਲੋਕ ਵਿਰੋਧੀ, ਭ੍ਰਿਸ਼ਟ ਅਤੇ ਕਾਰਪੋਰੇਟ ਨੀਤੀਆਂ ਦੇ ਦੁਰ ਪ੍ਰਭਾਵਾਂ ਸਦਕਾ ਜਨਤਾ ਦੀ ਹੋ ਰਹੀ ਦੁਰਗਤ, ਤੇਜ਼ੀ ਨਾਲ ਵੱਧਦੀ ਬੇਰੁਜ਼ਗਾਰੀ, ਕਰਜ਼ੇ ਦੇ ਜਾਨ ਲੇਵਾ ਜਾਲ ਅਤੇ ਨਿਕਟ ਭਵਿੱਖ ਵਿੱਚ ਖੇਤੀ ਸੰਕਟ ਦੇ ਹੋਰ ਗੰਭੀਰ ਹੋਣ ਦੇ ਖ਼ਤਰਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ।
ਇਸ ਮੁਹਿੰਮ ਦਾ ਸਿਖ਼ਰ ਚੋਣ ਕਮਿਸ਼ਨ ਵੱਲੋਂ ਐਸਆਈਆਰ ਦੀ ਆੜ ਵਿੱਚ ਬਿਹਾਰ ਬੰਗਾਲ ਤੇ ਤਾਮਿਲਨਾਡੂ ਵਾਂਗ ਪੰਜਾਬ ਵਿੱਚ ਵੀ ਲੱਖਾਂ ਗਰੀਬਾਂ ਅਤੇ ਕਮਜ਼ੋਰ ਤਬਕਿਆਂ ਦੀਆਂ ਜਾਇਜ਼ ਵੋਟਾਂ ਕੱਟੇ ਜਾਣ ਦੇ ਖਿਲਾਫ 7 ਜੂਨ ਨੂੰ ਲੁਧਿਆਣਾ ਵਿਖੇ ਇਕ ਵਿਸ਼ਾਲ ਜਨ ਸੁਣਵਾਈ (ਪਬਲਿਕ ਹੀਅਰਿੰਗ) ਦੇ ਰੂਪ ਵਿੱਚ ਹੋਵੇਗਾ। ਇਸ ਜਨ ਸੁਣਵਾਈ ਮੌਕੇ ਹੋਰਨਾਂ ਤੋਂ ਸਿਵਾ ਦੋਵਾਂ ਪਾਰਟੀਆਂ ਦੇ ਕੌਮੀ ਜਨਰਲ ਸਕੱਤਰ ਵੀ ਪਹੁੰਚਣਗੇ।
ਮੀਟਿੰਗ ਨੇ ਇਹ ਗੱਲ ਡੂੰਘੇ ਫ਼ਿਕਰਮੰਦੀ ਨਾਲ ਨੋਟ ਕੀਤੀ ਹੈ ਕਿ ਦੇਸ਼ ਦੇ ਚੋਣ ਕਮਿਸ਼ਨ, ਨਿਆਂ ਪਾਲਿਕਾ, ਪੁਲਸ ਤੇ ਨੀਮ ਫੌਜੀ ਬਲ ਵਲੋਂ ਚੋਣਾਂ ਦੌਰਾਨ ਮੋਦੀ ਸਰਕਾਰ ਤੇ ਸੰਘ-ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰਦਿਆਂ ਜਿਵੇਂ ਲੋਕਤੰਤਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉਹ ਕਾਨੂੰਨ ਦੇ ਰਾਜ ਅਤੇ ਲੋਕਤੰਤਰ ਲਈ ਬੜਾ ਗੰਭੀਰ ਖਤਰਾ ਹੈ। ਅਗਰ ਇਸ ਵਰਤਾਰੇ ਨੂੰ ਠੱਲ੍ਹ ਨਾ ਪਾਈ ਗਈ ਤਾਂ ਦੇਸ਼ ਦੀ ਆਜ਼ਾਦੀ ਅਤੇ ਭੂਗੋਲਿਕ ਅਖੰਡਤਾ ਨੂੰ ਬਰਕਰਾਰ ਰੱਖਣਾ ਅਸੰਭਵ ਹੋ ਜਾਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਖਤਰੇ ਦੇ ਮੱਦੇਨਜ਼ਰ ਮੀਟਿੰਗ ਵਲੋਂ ਮੌਜੂਦਾ ਸੰਵਿਧਾਨ ਅੰਦਰਲੇ ਸਮਾਨਤਾ, ਲੋਕਤੰਤਰ, ਧਰਮ ਨਿਰਪੱਖਤਾ ਅਤੇ ਫੈਡਰਲ ਢਾਂਚੇ ਵਰਗੇ ਬੁਨਿਆਦੀ ਅਸੂਲਾਂ ਦੀ ਰਾਖੀ ਲਈ ਦੋਵੇਂ ਪਾਰਟੀਆਂ ਆਪਸੀ ਵਿਚਾਰਧਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਮਿਲ ਕੇ ਸਾਰੀਆਂ ਹਮਖਿਆਲ ਖੱਬੀਆਂ ਤੇ ਜਮਹੂਰੀ ਧਿਰਾਂ ਨਾਲ ਇਕਜੁੱਟਤਾ ਕਾਇਮ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਨਗੀਆਂ।

ਪੰਜਾਬ ‘ਚ SIR ਦਾ ਐਲਾਨ, 15 ਜੂਨ ਤੋਂ ਹੋਵਾਗਾ ਸ਼ੁਰੂ

ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਭਾਰਤ ਦੇ ਚੋਣ ਕਸਿਮ਼ਨਰ ਵੱਲੋਂ ਪੰਜਾਬ ਸਮੇਤ ਓਡੀਸ਼ਾ, ਮਿਜ਼ੋਰਮ, ਸਿੱਕਮ, ਮਨੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਤੇਲੰਗਾਨਾ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਦਿੱਲੀ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ SIR ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਵਿੱਚ 15 ਜੂਨ ਤੋਂ SIR (ਸਪੈਸ਼ਲ ਇੰਟੈਂਸਿਵ ਰਿਵਿਜ਼ਨ) ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਕਦਮ ਨਾਲ ਚੋਣ ਤਿਆਰੀਆਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। SIR ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਪੁਰਾਣੇ ਰਿਕਾਰਡਾਂ ਨੂੰ ਅਪਡੇਟ ਕਰਨ ਦਾ ਕੰਮ ਕੀਤਾ ਜਾਵੇਗਾ। 1 ਅਕਤੂਬਰ 2026, ਨੂੰ SIR ਦੀ ਫਾਈਨਲ ਰਿਪੋਰਟ ਚੋਣ ਕਮਿਸ਼ਨ ਨੂੰ ਜਮਾ ਕਰਵਾਈ ਜਾਵੇਗੀ। ਇਸ ਪ੍ਰਕਿਰਿਆ ਦੌਰਾਨ ਅਧਿਕਾਰੀ ਘਰ-ਘਰ ਜਾ ਕੇ ਵੀ ਜਾਣਕਾਰੀ ਇਕੱਠੀ ਕਰ ਸਕਦੇ ਹਨ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸਹੀ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ। ਜਿਨ੍ਹਾਂ ਨਾਗਰਿਕਾਂ ਦੀ ਉਮਰ ਵੋਟ ਬਣਾਉਣ ਲਈ ਯੋਗ ਹੋ ਚੁੱਕੀ ਹੈ, ਉਨ੍ਹਾਂ ਨੂੰ ਵੀ ਇਸ ਮੁਹਿੰਮ ਦੌਰਾਨ ਰਜਿਸਟ੍ਰੇਸ਼ਨ ਦਾ ਮੌਕਾ ਦਿੱਤਾ ਜਾਵੇਗਾ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਦਸਤਾਵੇਜ਼ ਅਤੇ ਵੇਰਵਿਆਂ ਦੀ ਜਾਂਚ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਿਆ ਜਾ ਸਕੇ। ਚੋਣੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰਕਿਰਿਆ ਆਉਣ ਵਾਲੀਆਂ ਚੋਣਾਂ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ SIR ਦੀ ਸ਼ੁਰੂਆਤ ਨਾਲ ਚੋਣੀ ਪ੍ਰਬੰਧਾਂ ਵਿੱਚ ਕਿੰਨੀ ਤੇਜ਼ੀ ਆਉਂਦੀ ਹੈ ਅਤੇ ਲੋਕ ਇਸ ਪ੍ਰਕਿਰਿਆ ਵਿੱਚ ਕਿੰਨਾ ਸਹਿਯੋਗ ਦਿੰਦੇ ਹਨ।

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਗਰਮੀ ਨਾਲ ਵਧਦੇ ਸਿਹਤ ਸੰਕਟ ਦੇ ਵਿਚਕਾਰ ਪੰਜਾਬੀ ਪਰਿਵਾਰਾਂ ਨੂੰ ਦਿੱਤੀ ਰਾਹਤ

ਚੰਡੀਗੜ੍ਹ; 14 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ ਮਾਰ ਝੱਲ ਰਿਹਾ ਹੈ। ਇਸ ਸਥਿਤੀ ਵਿੱਚ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹਜ਼ਾਰਾਂ ਪਰਿਵਾਰਾਂ ਲਈ ਮਜ਼ਬੂਤ ਸਹਾਰਾ ਬਣ ਕੇ ਉੱਭਰੀ ਹੈ।

ਤਿੱਖੀ ਗਰਮੀ ਦਾ ਅਸਰ ਹੁਣ ਸਿਰਫ਼ ਖੇਤਾਂ ਅਤੇ ਸੜਕਾਂ ਤੱਕ ਸੀਮਿਤ ਨਹੀਂ ਰਹਿ ਗਿਆ, ਬਲਕਿ ਹਸਪਤਾਲਾਂ ਦੇ ਵਾਰਡਾਂ ਤੱਕ ਪਹੁੰਚ ਗਿਆ ਹੈ, ਜਿੱਥੇ ਡਿਹਾਈਡ੍ਰੇਸ਼ਨ ਅਤੇ ਪੇਟ ਸੰਕਰਮਣ ਕਾਰਨ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਆ ਰਹੇ ਹਨ। ਹਾਲਾਂਕਿ, ਵਧ ਰਹੀ ਬੀਮਾਰੀ ਦੇ ਵਿਚਕਾਰ ਕਈ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਕੈਸ਼ਲੈੱਸ ਇਲਾਜ ਨਾਲ ਰਾਹਤ ਮਿਲ ਰਹੀ ਹੈ।

ਜਨਵਰੀ ਤੋਂ ਅਪ੍ਰੈਲ ਤੱਕ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 3,279 ਗੰਭੀਰ ਮਾਮਲਿਆਂ ਵਿੱਚ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਸਿਰਫ਼ ਗੈਸਟਰੋ ਅਤੇ ਪੇਟ ਸੰਬੰਧੀ ਬੀਮਾਰੀਆਂ ‘ਤੇ ₹73.42 ਲੱਖ ਖ਼ਰਚ ਕੀਤੇ ਗਏ।

ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪੇਟ ਸੰਕਰਮਣ, ਉਲਟੀ, ਕਮਜ਼ੋਰੀ ਅਤੇ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਯੋਜਨਾ ਦੇ ਇਲਾਜ ਰਿਕਾਰਡ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਹੀ 1,400 ਤੋਂ ਵੱਧ ਮਰੀਜ਼ਾਂ ਨੇ ਡਿਹਾਈਡ੍ਰੇਸ਼ਨ ਨਾਲ ਸੰਬੰਧਿਤ ਗੈਸਟਰੋਇੰਟੈਸਟਾਈਨਲ ਸਮੱਸਿਆਵਾਂ ਦਾ ਇਲਾਜ ਕਰਵਾਇਆ।

ਇਨ੍ਹਾਂ ਮਾਮਲਿਆਂ ਵਿੱਚ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਗੈਸਟ੍ਰੋਐਂਟਰਾਈਟਿਸ ਵਾਲੇ ਮਰੀਜ਼ ਸਭ ਤੋਂ ਵੱਧ ਰਹੇ, ਜਿੰਨ੍ਹਾਂ ਦੀ ਗਿਣਤੀ 1,050 ਤੋਂ ਵੱਧ ਰਹੀ। ਲਗਭਗ 115 ਮਰੀਜ਼ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਸਨ, ਜਦਕਿ 250 ਤੋਂ ਵੱਧ ਮਰੀਜ਼ਾਂ ਨੂੰ ਵਾਰ-ਵਾਰ ਉਲਟੀ ਕਾਰਨ ਸਰੀਰ ਵਿੱਚ ਦ੍ਰਵ ਦੀ ਕਮੀ ਅਤੇ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਨਾ ਪਿਆ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਅਨੁਸਾਰ ਅਤਿ ਗਰਮੀ ਪੇਟ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਤਿੱਖੀ ਗਰਮੀ ਵਿੱਚ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਤੇ ਅਸਵੱਛ ਖੁਰਾਕ ਬੀਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੇ ਹਨ।” ਉਨ੍ਹਾਂ ਨੇ ਅੱਗੇ ਕਿਹਾ,”ਮਰੀਜ਼ ਅਕਸਰ ਦਸਤ, ਪੇਟ ਦਰਦ, ਉਲਟੀ, ਚੱਕਰ ਅਤੇ ਬੁਖਾਰ ਵਰਗੀਆਂ ਸ਼ਿਕਾਇਤਾਂ ਨਾਲ ਹਸਪਤਾਲ ਪਹੁੰਚਦੇ ਹਨ। ਗੰਭੀਰ ਹਾਲਤ ਵਿੱਚ ਦੇਰੀ ਨਾਲ ਇਲਾਜ ਮਿਲਣ ‘ਤੇ ਬਲੱਡ ਪ੍ਰੈਸ਼ਰ ਘਟਣਾ, ਕਿਡਨੀ ਸੰਬੰਧੀ ਜਟਿਲਤਾਵਾਂ ਅਤੇ ਇਲੈਕਟ੍ਰੋਲਾਈਟ ਅਸੰਤੁਲਨ ਨਾਲ ਮਾਨਸਿਕ ਭਰਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।”

ਬਜ਼ੁਰਗਾਂ ਵਿੱਚ ਇਸ ਮੌਸਮ ਵਿੱਚ ਰਿਕਵਰੀ ਹੌਲੀ ਹੁੰਦੀ ਹੈ ਅਤੇ ਸਰੀਰ ਵਿੱਚ ਪਾਣੀ ਨੂੰ ਰੋਕ ਕੇ ਰੱਖਣ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ। ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੰਦਿਆਂ ਕਿਹਾ,”ਬੱਚੇ ਵੀ ਤੇਜ਼ੀ ਨਾਲ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਵਿੱਚ ਉਲਟੀ ਅਤੇ ਦਸਤ ਕਾਰਨ ਸਰੀਰ ਵਿੱਚ ਤਰਲ ਪਦਾਰਥ ਤੇਜ਼ੀ ਨਾਲ ਘਟ ਜਾਂਦਾ ਹੈ।”

ਅੰਕੜਿਆਂ ਅਨੁਸਾਰ ਇਸ ਗਰਮੀ ਦੇ ਸਿਹਤ ਸੰਕਟ ਦਾ ਸਭ ਤੋਂ ਵੱਧ ਪ੍ਰਭਾਵ ਸੀਨੀਅਰ ਨਾਗਰਿਕਾਂ ‘ਤੇ ਪਿਆ ਹੈ। ਅਪ੍ਰੈਲ ਵਿੱਚ 1,290 ਤੋਂ ਵੱਧ ਬਜ਼ੁਰਗਾਂ ਨੇ ਇਸ ਯੋਜਨਾ ਤਹਿਤ ਇਲਾਜ ਕਰਵਾਇਆ, ਜਦਕਿ ਲਗਭਗ 120 ਬੱਚਿਆਂ ਨੇ ਇਲਾਜ ਪ੍ਰਾਪਤ ਕੀਤਾ।

ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ ਸਿਰਫ਼ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਤੀਬਰ ਗੈਸਟ੍ਰੋਐਂਟਰਾਈਟਿਸ ਵਾਲੇ 250 ਤੋਂ ਵੱਧ ਬਜ਼ੁਰਗ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜਲੰਧਰ ਵਿੱਚ ਵੀ 100 ਤੋਂ ਵੱਧ ਮਾਮਲੇ ਦਰਜ ਹੋਏ। ਪਟਿਆਲਾ, ਲੁਧਿਆਣਾ, ਰੂਪਨਗਰ, ਬਰਨਾਲਾ, ਸੰਗਰੂਰ, ਬਠਿੰਡਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਇਸੇ ਤਰ੍ਹਾਂ ਦੇ ਰੁਝਾਨ ਵੇਖੇ ਗਏ।

ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ, ਪਠਾਨਕੋਟ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਉਲਟੀ ਅਤੇ ਡਿਹਾਈਡ੍ਰੇਸ਼ਨ ਦੇ ਕਈ ਮਾਮਲੇ ਸਾਹਮਣੇ ਆਏ, ਜਿੰਨ੍ਹਾਂ ਵਿੱਚ ਕਈ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਨਾ ਪਿਆ।

ਹਾਲਾਂਕਿ, ਅਣਗਿਣਤ ਪਰਿਵਾਰਾਂ ਲਈ ਸਭ ਤੋਂ ਵੱਡੀ ਰਾਹਤ ਸਿਰਫ਼ ਇਲਾਜ ਨਹੀਂ ਸਗੋਂ ਆਰਥਿਕ ਬੋਝ ਤੋਂ ਮੁਕਤੀ ਵੀ ਰਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਨਾਗਰਿਕਾਂ ਨੂੰ ਬਿਨਾਂ ਕਿਸੇ ਖ਼ਰਚ ਦੇ ਜਾਂਚ, ਦਵਾਈਆਂ, ਆਈਵੀ ਫਲੂਇਡ, ਹਾਈਡ੍ਰੇਸ਼ਨ ਥੈਰੇਪੀ ਅਤੇ ਹਸਪਤਾਲ ਇਲਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਅਧਿਕਾਰੀਆਂ ਅਨੁਸਾਰ, ਸਿਹਤ ਕਾਰਡ ਨੇ ਲੋਕਾਂ ਨੂੰ ਵੱਧ ਖ਼ਰਚ ਦੇ ਡਰ ਕਾਰਨ ਇਲਾਜ ਵਿੱਚ ਦੇਰੀ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ ਹੈ। ਇਹ ਖ਼ਾਸ ਤੌਰ ‘ਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ, ਜਿੰਨ੍ਹਾਂ ਵਿੱਚੋਂ ਕਈ ਪਰਿਵਾਰ ਪਹਿਲਾਂ ਹਾਲਤ ਗੰਭੀਰ ਹੋਣ ਤੱਕ ਹਸਪਤਾਲ ਜਾਣ ਵਿੱਚ ਦੇਰੀ ਕਰਦੇ ਸਨ।

ਡਾ. ਸ਼ਸ਼ੀ ਕਾਂਤ ਧੀਰ ਨੇ ਸਲਾਹ ਦਿੱਤੀ,”ਬੱਚਿਆਂ ਦੇ ਮਾਪਿਆਂ ਨੂੰ ਗਰਮੀ ਵਿੱਚ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਵੇਂ ਕਿ ਬੱਚਿਆਂ ਨੂੰ ਪੂਰਾ ਪਾਣੀ ਦੇਣਾ, ਹਲਕੇ ਸੂਤੀ ਕੱਪੜੇ ਪਵਾਉਣਾ, ਦੁਪਹਿਰ ਦੀ ਤੇਜ਼ ਧੁੱਪ ਤੋਂ ਬਚਾਉਣਾ ਅਤੇ ਘਰ ਦਾ ਤਾਜ਼ਾ ਭੋਜਨ ਦੇਣਾ।” ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਬੱਚਿਆਂ ਵਿੱਚ ਬੁਖਾਰ, ਉਲਟੀ, ਸੁਸਤੀ ਜਾਂ ਡਿਹਾਈਡ੍ਰੇਸ਼ਨ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ।

ਇਸ ਸਮੇਂ ਜਦੋਂ ਰਾਜ ਵਿੱਚ ਮੌਸਮੀ ਬੀਮਾਰੀਆਂ ਦਾ ਪ੍ਰਕੋਪ ਵਧ ਰਿਹਾ ਹੈ, ‘ਮੁੱਖ ਮੰਤਰੀ ਸਿਹਤ ਯੋਜਨਾ’ ਹੁਣ ਸਿਰਫ਼ ਇੱਕ ਕਲਿਆਣਕਾਰੀ ਯੋਜਨਾ ਨਹੀਂ ਰਹੀ। ਸਗੋਂ ਭਿਆਨਕ ਗਰਮੀ ਨਾਲ ਜੂਝ ਰਹੇ ਕਈ ਪੰਜਾਬੀ ਪਰਿਵਾਰਾਂ ਲਈ ਸਮੇਂ ਸਿਰ ਇਲਾਜ ਅਤੇ ਸਿਹਤ ਸੇਵਾ ਦੀ ਇੱਕ ਮਹੱਤਵਪੂਰਨ ਗਾਰੰਟੀ ਬਣ ਗਈ ਹੈ, ਜਿਸ ਨਾਲ ਇਲਾਜ ਦੌਰਾਨ ਆਰਥਿਕ ਬੋਝ ਦਾ ਡਰ ਨਹੀਂ ਰਹਿੰਦਾ।

Category : ਮਾਲਵਾ