ਪਟਿਆਲਾ, 7 ਫ਼ਰਵਰੀ

ਹਲਕਾ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਲਗਾਤਾਰ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿਚ ਦੌਰੇ ਕਰਕੇ ਚੋਣ ਸਭਾ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਮੋਹਿਤ ਮੋਹਿੰਦਰਾ ਵਲੋਂ ਪਿੰਡ ਅਜਨੌਦਾ ਕਲ੍ਹਾਂ ਤੇ ਅਜਨੋਦਾ ਖੁਰਦ ਵਿਖੇ ਲੋਕਾਂ ਨਾਲ ਚੋਣ ਸਭਾ ਕੀਤੀ ਗਈ। ਲੋਕਾਂ ਨਾਲ ਵਿਚਾਰ ਚਰਚਾ ਕਰਦਿਆਂ ਕਾਂਗਰਸ ਪਾਰਟੀ ਦੀਆਂ ਚਲਾਈ ਲੋਕ ਹਿਤੈਸ਼ੀ ਨੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਜਾਣੂ ਵੀ ਕਰਵਾਇਆ ਗਿਆ।

ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਮੂਹਰਲੀ ਲੀਡਰਸਿ਼ਪ ਵਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਐਲਾਨ ਕਰਨਾ ਇੱਕ ਚੰਗਾ ਕਦਮ ਹੈ।ਇਸ ਐਲਾਨ ਤੋਂ ਬਾਅਦ ਪਿੰਡਾਂ ਤੇ ਸ਼ਹਿਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਪਿੰਡਾਂ ਦੇ ਲੋਕ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹੋ ਰਹੇ ਹਨ।

ਮੋਹਿਤ ਮੋਹਿੰਦਰਾ ਨੇ ਕਿਹਾ ਕਿ ਹਾਈਕਮਾਨ ਦੇ ਇਸ ਫ਼ੈਸਲੇ ਨਾਲ ਸੂਬੇ ਵਿਚ ਕਾਂਗਰਸ ਪਾਰਟੀ ਹੋਰ ਵੀ ਜਿ਼ਆਦਾ ਮਜ਼ਬੂਤ ਹੋਈ ਹੈ। ਕਿਉਂਕਿ ਇਨ੍ਹਾਂ 111 ਦਿਨਾਂ ਵਿਚ ਜੋ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਕਰ ਵਿਖਾਇਆ ਹੈ ਉਹ ਸ਼ਲਾਘਾਯੋਗ ਹੈ।ਅਜਿਹੇ ਇਤਿਹਾਸਕ ਫ਼਼ੈਸਲੇ 25 ਸਾਲਾਂ ਵਿਚ ਰਹਿੰਦੇ ਕਿਸੇ ਵੀ ਮੁੱਖ ਮੰਤਰੀ ਵਲੋਂ ਨਹੀਂ ਲਏ ਗਏ ਹਨ। ਕਿਉਂਕਿ ਚਰਨਜੀਤ ਸਿੰਘ ਚੰਨੀ ਉਹ ਇਨਸਾਨ ਹਨ ਜਿੰਨਾਂ ਨੇ ਕਿਸੇ ਵੀ ਖਾਸ ਲਈ ਨਹੀਂ ਬਲਕਿ ਹਰ ਇੱਕ ਵਰਗ ਲਈ ਫ਼ੈਸਲੇ ਲਏ ਹਨ।

ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਮੋਹਿਤ ਮੋਹਿੰਦਰਾ ਦਾ ਪੂਰਾ ਸਮਰਥਨ ਦਿੱਤਾ ਤੇ ਉਨ੍ਹਾਂ ਦੇ ਹੱਕ ਵਿਚ 20 ਫ਼ਰਵਰੀ 2022 ਨੂੰ ਐਤਵਾਰ ਦੇ ਦਿਨ ਵੱਡੀ ਗਿਣਤੀ `ਚ ਵੋਟਾਂ ਪਾ ਕੇ ਬਹੁਮਤ ਨਾਲ ਜਿੱਤ ਦਿਵਾਉਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਪਰਮਿੰਦਰ ਅਜਨੌਦਾ, ਨਾਹਰ ਸਿੰਘ, ਚੇਅਰਮੈਨ ਸੁੱਖਪਾਲ ਸਿੰਘ, ਸ਼ੇਰ ਸਿੰਘ ਲੌਟ, ਰਣਧੀਰ ਸਿੰਘ ਖਲੀਫ਼ੇਵਾਲਾ, ਹਰਬੀਰ ਢੀਂਡਸਾ, ਮਨਜਿੰਦਰ ਸਿੰਘ, ਸੁੱਖਪਾਲ ਸਿੰਘ ਪਾਲੀ, ਸਰਪੰਚ ਮਲਕੀਤ ਸਿੰਘ, ਅਮਨ ਵਿਹਾਰ, ਲਖਵਿੰਦਰ ਸਿੰਘ ਕਾਲਵਾਂ, ਰੋਮੀ ਸਿੰਬੜੋ, ਹਰਜਸਪਾਲ ਸਿੰਘ ਮੰਡੋਰ ਆਦਿ ਹਾਜ਼ਰ ਸਨ।

Spread the love