ਮੋਹਾਲੀ, 21 ਫਰਵਰੀ :

ਰੈਗੂਲਰ ਤੌਰ ਉਤੇ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਉਤੇ ਟੈਟ ਪਾਸ ਕਰਨ ਨੂੰ ਲੈ ਕੇ ਅਧਿਆਪਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਅਧਿਆਪਕ ਜਥੇਬੰਦੀ ਵੱਲੋਂ ਟੈਟ ਦੇ ਮੁੱਦੇ ਨੂੰ ਲੈ ਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਆਗੂ ਸ਼ਾਮਲ ਸਨ। ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਮੰਤਰੀ ਨੂੰ ਦੱਸਿਆ ਕਿ ਉਹ ਪੰਜਾਬ ਦੇ ਸਕੂਲਾਂ ਵਿੱਚ ਪਿਛਲੇ 20-25 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੇ ਅਤਿ ਚੁਣੋਤੀਪੂਰਨ ਮੁਕਾਬਲੇ ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣੇ ਦਾਖਲੇ ਲਏ ਸਨ। ਜਿਸ ਕਰਕੇ ਹੁਣ ਇਹ ਨਵੇਂ ਟੈਸਟ ਦੀ ਥੋਪੀ ਸ਼ਰਤ ਬੇਲੋੜੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਕਾਰਡ ਕੋਈ ਵੀ ਟੈਸਟ ਦੇਣ ਤੋਂ ਨਹੀਂ ਭੱਜਦਾ, ਪ੍ਰੰਤੂ ਇੰਨ੍ਹੇ ਸਾਲ ਦੀ ਸਰਵਿਸ ਤੋਂ ਬਾਅਦ ਟੈੱਟ ਪਾਸ ਕਰਨ ਦੀ ਸ਼ਰਤ ਲਗਾਉਣਾ ਉਨ੍ਹਾਂ ਦੇ ਅਧਿਆਪਨ ਅਕਸ ਨੂੰ ਢਾਹ ਲਾਉਂਦੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਇਸ ਮਸਲੇ ਪ੍ਰਤੀ ਪੂਰੀ ਗੰਭੀਰ ਹੈ, ਜਲਦੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ, ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਅਧਿਆਪਕ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਮੀਟਿੰਗ ਦੌਰਾਨ ਸਿੱਧੂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਅੰਦਰ ਆਏ ਅਧਿਆਪਕਾਂ ਦੀ ਕਈ ਜ਼ਿਲ੍ਹਿਆਂ ਵਿੱਚ ਰਹਿੰਦੀ ਪੇਅ ਅਨਾਮਲੀ ਦੂਰ ਕਰਨ ਬਾਰੇ ਕਿਹਾ, ਜਿਸ ਤੇ ਸਿੱਖਿਆ ਮੰਤਰੀ ਬੈਂਸ ਨੇ ਤੁਰੰਤ ਹੀ ਇਸ ਤੇ ਕਾਰਵਾਈ ਕਰਕੇ ਪੱਤਰ ਜਾਰੀ ਕਰਨ ਬਾਰੇ ਕਿਹਾ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਪੁਰਾਣੀ ਪੈਨਸ਼ਨ, ਮਹਿੰਗਾਈ ਭੱਤਾ, ਬਕਾਏ, ਰਹਿੰਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇਣ ਆਦਿ ਬਾਰੇ ਵੀ ਜਲਦੀ ਤੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਨੂੰ ਆਸ ਹੈ ਕਿ ਸਿੱਖਿਆ ਮੰਤਰੀ ਅਧਿਆਪਕਾਂ ਦੇ ਇੰਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਹੀ ਇਸ ਦਾ ਯੋਗ ਹੱਲ ਕਰਨਗੇ। ਮੀਟਿੰਗ ਵਿਚ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਗੁਰਪ੍ਰੀਤ ਸਿੰਘ ਮੁਕਤਸਰ, ਅਨੂਪ ਸ਼ਰਮਾਂ ਪਟਿਆਲਾ, ਕਰਮਜੀਤ ਸਿੰਘ ਬੈਂਸ, ਕੇਵਲ ਹੁੰਦਲ ਜਲੰਧਰ, ਮਰਨ ਵਰਤ ਤੇ ਬੈਠੇ ਆਗੂ ਲਖਵੀਰ ਸਿੰਘ ਬੋਹਾ ਤੇ ਵਿਪਨ ਲੋਟਾ ਫਿਰੋਜ਼ਪੁਰ, ਮੇਜਰ ਸਿੰਘ ਪਟਿਆਲਾ, ਧਰਿੰਦਰ ਬੱਧਣ ਨਵਾਂ ਸ਼ਹਿਰ, ਸਤਨਾਮ ਸਿੰਘ ਗੁਰਦਾਸਪੁਰ, ਜਸਵੀਰ ਸਿੰਘ ਤੇ ਦਲਜੀਤ ਸਿੰਘ ਮਾਨਸਾ, ਸਤਨਾਮ ਚਾਂਦੀ, ਸੁਰਿੰਦਰ ਭਟਨਾਗਰ ਆਦਿ ਹਾਜ਼ਰ ਸਨ।

Spread the love