ਚੰਡੀਗੜ੍ਹ, 16 ਫਰਵਰੀ: ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਅੱਜ ਥਾਂ ਥਾਂ ਇਕੱਠੇ ਹੋਣ ਤੋਂ ਬਾਅਦ ਸ਼ਹਿਰਾਂ/ ਕਸਬਿਆਂ ਵਿੱਚ ਰੋਹ ਭਰਪੂਰ ਮਾਰਚ ਕਰਕੇ ਡੀਸੀ/ਐਸਡੀਐਮ ਦਫਤਰਾਂ ਅੱਗੇ ਪਹੁੰਚ ਕੇ ਮੋਦੀ ਹਕੂਮਤ ਦੀਆਂ ਅਰਥੀਆਂ ਸਾੜਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯਾਦ ਰਹੇ ਕਿ ਦੇਸ਼ ਭਰ ਦੇ ਸੰਘਰਸ਼ਸ਼ੀਲ ਕਿਸਾਨਾਂ, ਇਨਸਾਫਪਸੰਦ ਲੋਕਾਂ ਦੇ ਦਿਲ ਵਲੂੰਧਰਨ ਵਾਲੀ ਘਟਨਾ ਜਿਸ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਕੀਤੇ ਕਤਲੇਆਮ ਦੇ ਜਖਮਾਂ ਤੇ ਹੁਣ ਇਲਾਹਾਬਾਦ ਹਾਈਕੋਰਟ ਨੇ ਲੂਣ ਛਿੜਕ ਕੇ ਅਦਾਲਤਾਂ ਦੀ ਨਿਰਪੱਖਤਾ ਨੂੰ ਲੀਰੋਲੀਰ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਬੁਲਾਰਿਆਂ ਬੂਟਾ ਸਿੰਘ -ਬੁਰਜਗਿੱਲ,ਨਿਰਭੈ ਸਿੰਘ ਢੁੱਡੀਕੇ,ਹਰਮੀਤ ਸਿੰਘ ਕਾਦੀਆਂ,ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ, ਮਨਜੀਤ ਸਿੰਘ ਰਾਏ,ਬਲਦੇਵ ਸਿੰਘ ਨਿਹਾਲਗੜ੍ਹ ਆਦਿ ਆਗੂਆਂ ਨੇ ਕਿਹਾ ਕਿ ਹਕੂਮਤੀ ਦਬਾਅ ਨੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਦੇ ਕੇ ਖੁੱਲੀ ਛੁੱਟੀ ਦੇ ਦਿੱਤੀ ਹੈ ਕਿ ਬਾਹਰ ਆ ਕੇ ਇਹ ਕਾਤਲ ਹਰ ਤਰਾਂ ਦੀਆਂ ਗਵਾਹੀਆਂ ਤੇ ਤੱਥਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਸਕੇ। ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਮਿਲਣ ਨਾਲ ਸ਼ਹੀਦ ਕਿਸਾਨ ਪਰਿਵਾਰਾਂ ‘ਤੇ ਵੀ ਡਰਾਉਣ ਧਮਕਾਉਣ ਲਾਲਚ ਦੇਣ ਦੀ ਤਲਵਾਰ ਲਟਕੇਗੀ। ਕਿਸਾਨ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ‘ਚ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਕਤਲ ਕਾਂਡ ਨੂੰ ਕੋਈ ਅਣਗਹਿਲੀ ਵੱਸ ਹੋਏ ਕਾਰੇ ਦੀ ਥਾਂ ਕਿਸਾਨਾਂ ਨੂੰ ਮਾਰਨ ਲਈ ਬਣਾਈ ਇੱਕ ਸਾਜਿਸ਼ ਕਰਾਰ ਦਿੱਤਾ ਸੀ। ਕਿਸਾਨ ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਅਲਾਹਾਬਾਦ ਹਾਈਕੋਰਟ ਵੱਲੋਂ ਅਸ਼ੀਸ਼ ਮਿਸ਼ਰਾ ਨੂੰ ਦਿੱਤੀ ਗਈ ਜਮਾਨਤ ਅਤੇ ਗ੍ਰਹਿ ਰਾਜ ਮੰਤਰੀ ਦਾ ਸਿਆਸੀ ਦਬਾਅ ਇਸ ਕੇਸ ਨੂੰ ਪ੍ਰਭਾਵਿਤ ਕਰੇਗਾ। ਅੱਜ ਅਰਥੀ ਸਾੜਨ ਮੌਕੇ ਬੁਲਾਰਿਆਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਦੀ ਜਮਾਨਤ ਰੱਦ ਕਰਾਉਣ ਲਈ ਯੂ ਪੀ ਸਰਕਾਰ ਤੇ ਦਬਾਅ ਪਾਉਣ ਤੇ ਅਜੈ ਮਿਸ਼ਰਾ ਟੈਨੀ ਦਾ ਅਸਤੀਫਾ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਪਰੈਸ ਨੂੰ ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਪਟਿਆਲਾ,ਰਮਿੰਦਰ ਸਿੰਘ ਪਟਿਆਲਾ ਸਮੁੱਚੇ ਪੰਜਾਬ ਅੰਦਰ ਜਿਲ੍ਹਾ/ਤਹਿਸੀਲ ਹੈੱਡਕੁਆਰਟਰਾਂ ਤੇ ਵਿਸ਼ਾਲ ਮਾਰਚ ਗਿਆ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ । ਬੁਲਾਰਿਆਂ ਹੋਰ ਕਿਹਾ ਕਿ ਲਖੀਮਪੁਰ ਖੇੜੀ ਮਾਮਲੇ ਵਿੱਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣਾ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਜਾਣਬੁੱਝ ਕੇ ਕੀਤੀ ਗਈ ਕਮਜ਼ੋਰ ਪੈਰਵਾਈ ਦਾ ਨਤੀਜਾ ਹੈ। ਇਸ ਦੀ ਸਖ਼ਤ ਨਿਖੇਧੀ ਕਰਦਿਆਂ, ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਹਟਾਉਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਜੋਰਦਾਰ ਮੰਗ ਕੀਤੀ।












