ਬਾਲੋਦ (ਛੱਤੀਸਗੜ੍ਹ), 26 ਫਰਵਰੀ :

ਹੁਣ ਕਿਸੇ ਵਿਅਕਤੀ ਦੀ ਚੁਗਲੀ ਕਰਨਾ ਮਹਿੰਗਾ ਪੈ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੇ ਦੂਜੀ ਦੀ ਚੁਗਲੀ ਕਰ ਦਿੱਤੀ ਤਾਂ ਖੈਰ ਨਹੀਂ ਹੋਵੇਗੀ, ਜ਼ੁਰਮਾਨਾਂ ਭਰਨਾ ਪੈ ਸਕਦਾ ਹੈ। ਛੱਤੀਸਗੜ੍ਹ ਦੇ ਜ਼ਿਲ੍ਹਾ ਬਾਲੋਦ ਦੀ ਇਕ ਪੰਚਾਇਤ ਵੱਲੋਂ ਇਸ ਸਬੰਧੀ ਮਤਾ ਪਾਇਆ ਗਿਆ ਹੈ ਕਿ ਜੇਕਰ ਕਿਸੇ ਨੇ ਚੁਗਲੀ ਕੀਤੀ ਤਾਂ ਜ਼ੁਰਮਾਨਾ ਲੱਗੇਗਾ। ਪਿੰਡ ਮੇਢਕੀ ਦੀ ਪੰਚਾਇਤ ਨੇ ਪਿੰਡ ਵਿਚ ਇਕ ਦੂਜੇ ਨੂੰ ਭੜਕਾ ਕੇ ਲੜਾਉਣ ਵਾਲਿਆਂ ਖਿਲਾਫ ਸਖਤ ਫੈਸਲਾ ਲਿਆ ਹੈ। ਪਿੰਡ ਮੇਢਕੀ ਦੇ ਸਮੂਹ ਵਾਸੀਆਂ ਨੇ ਮੀਟਿੰਗ ਕਰਕੇ ਚੁਗਲੀ ਕਰਨ ਵਾਲੇ ਖਿਲਾਫ ਅਹਿਮ ਫੈਸਲਾ ਕਰਦੇ ਹੋਏ ਮਤਾ ਪਾਸ ਕੀਤਾ ਹੈ। ਪਿੰਡ ਵਾਸੀਆਂ ਵੱਲੋਂ ਸਰਵਸੰਮਤੀ ਨਾਲ ਇਹ ਤੈਅ ਕੀਤਾ ਗਿਆ ਹੈ ਕਿ ਜੇਕਰ ਪਿੰਡ ਵਿਚ ਜਨਤਕ ਜਾਂ ਨਿੱਜੀ ਵਿਅਕਤੀਗਤ ਤੌਰ ਉਤੇ ਕਿਸੇ ਵਿਅਕਤੀ ਵੱਲੋਂ ਦੂਜੇ ਵਿਅਕਤੀ ਦੀਆਂ ਗੱਲਾਂ ਨੂੰ ਲੈ ਕੇ ਇੱਧਰ ਓਧਰ ਕਰਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਅਜਿਹੇ ਚੁਗਲੀਬਾਜ਼ਾਂ ਖਿਲਾਫ 5 ਹਜ਼ਾਰ ਇਕ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਕੀਤੇ ਗਏ ਸਖਤ ਫੈਸਲੇ ਤਹਿਤ ਚੁੰਗਲੀ ਕਰਨ ਵਾਲੇ ਦੀ ਖੈਰ ਨਹੀਂ ਹੈ। ਇਹ ਵੀ ਫੈਸਲਾ ਕੀਤਾ ਕਿ ਸਮਾਜਿਕ ਜਾਂ ਧਾਰਮਿਕ ਭੰਡਾਰੇ ਦੇ ਆਯੋਜਨ ਦੌਰਾਨ ਕੋਈ ਵੀ ਵਿਅਕਤੀ ਜੇਕਰ ਸ਼ਰਾਬ ਪੀ ਦੇ ਪਹੁੰਚਦਾ ਹੈ ਤਾਂ ਉਸ ਖਿਲਾਫ ਵੀ 5 ਹਜ਼ਾਰ 1 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਪਿੰਡ ਪੰਚਾਇਤ ਔਰਮਾ ਮੇਢਕੀ ਦੀ ਸਰਪੰਚ ਤੇ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਲੋਕ ਆਪਸੀ ਗੁੱਸੇ ਕਰਕੇ ਛੋਟੀਆਂ ਛੋਟੀਆਂ ਗੱਲਾਂ ਉਤੇ ਇਕ ਦੂਜੇ ਨਾਲ ਝਗੜਦੇ ਹਨ ਅਤੇ ਕੁਝ ਲੋਕ ਨਸ਼ਾ ਕਰਕੇ ਕਿਸੇ ਵੀ ਖਿਲਾਫ ਟਿੱਪਣੀ ਕਰਦੇ ਹਨ ਅਤੇ ਇਕ ਦੂਜੇ ਨੂੰ ਲੜਾ ਦਿੰਦੇ ਹਨ, ਜਿਹੇ ਕਾਰਨ ਕਰਕੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ, ਜਿਸ ਕਰਕੇ ਇਹ ਫੈਸਲਾ ਲਿਆ ਹੈ।

Spread the love