Breaking News
ਇਜ਼ਰਾਈਲ-ਅਮਰੀਕਾ ਤੇ ਇਰਾਨ ’ਚ ਜੰਗ : ਭਾਰਤ ’ਚ ਵਿਰੁੱਧ ਵਿਰੋਧ ਪ੍ਰਦਰਸ਼ਨ, ਇੱਕ ਸੂਬੇ ’ਚ ਸਕੂਲ ਕੀਤੇ ਬੰਦ

ਸ੍ਰੀ ਨਗਰ, 2 ਮਾਰਚ :

ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਵਿਚਕਾਰ ਚੱਲ ਰਹੀ ਜੰਗ ਵਿਚ ਇਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ਹੋਣ ਤੋਂ ਬਾਅਦ ਭਾਰਤ ਵਿਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਸ਼ਮੀਰ ਘਾਟੀ ਵਿਚ ਲਗਾਤਾਰ ਵੱਡੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਸ਼ਮੀਰ ਘਾਟੀ ਭਰ ਵਿੱਚ ਹੋ ਰਹੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਇਹਤਿਆਤ ਵਜੋਂ ਸੋਮਵਾਰ ਤੋਂ ਦੋ ਦਿਨਾਂ ਲਈ ਵਿਦਿਅਕ ਸੰਸਥਾਵਾਂ ਵਿਚ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੇ ਇਹਤਿਆਤ ਵਜੋਂ ਸਕੂਲਾਂ ਅਤੇ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਦੋ ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕਰੇਗੀ। ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਤੋਂ ਵੱਧ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਅੱਠਵੀਂ ਜਮਾਤ ਤੱਕ ਦੇ ਸਕੂਲ ਮੁੜ ਖੁੱਲ੍ਹਣ ਵਾਲੇ ਸਨ।

ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਕਾਰ ਜੰਗ ਦੇ ਚਲਦਿਆਂ PM ਮੋਦੀ ਨੇ ਸੱਦੀ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ, 2 ਮਾਰਚ :

ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਵਾਈ ਹਮਲਿਆਂ ਅਤੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਗੰਭੀਰ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਦਿੱਲੀ ਪਰਤਦੇ ਹੀ ਆਪਣੇ ਨਿਵਾਸ ਸਥਾਨ ‘ਤੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਲਗਭਗ 3 ਘੰਟੇ ਚੱਲੀ, ਜਿਸ ਵਿੱਚ ਦੇਸ਼ ਦੀ ਸੁਰੱਖਿਆ ਅਤੇ ਰਣਨੀਤਕ ਰਣਨੀਤੀ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ।

ਬੈਠਕ ਦੌਰਾਨ ਪੱਛਮੀ ਏਸ਼ੀਆ ਵਿੱਚ ਰਹਿ ਰਹੇ 90 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ। ਸਰਕਾਰ ਦੀ ਮੁੱਖ ਤਰਜੀਹ ਉੱਥੇ ਫਸੇ ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸੁਰੱਖਿਅਤ ਰੱਖਣਾ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਰਣਨੀਤੀ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਦਾ ਏਅਰਸਪੇਸ ਬੰਦ ਹੋਣ ਕਾਰਨ ਹਵਾਈ ਉਡਾਣਾਂ ‘ਤੇ ਪੈਣ ਵਾਲੇ ਪ੍ਰਭਾਵ ਅਤੇ ਦੁਬਈ ਵਰਗੇ ਹੱਬ ਹਵਾਈ ਅੱਡਿਆਂ ‘ਤੇ ਫਸੇ ਭਾਰਤੀਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ।

ਜੰਗ ਦੇ ਹਾਲਾਤਾਂ ਕਾਰਨ ਭਾਰਤੀ ਵਪਾਰ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਵਣਜ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਮਹੱਤਵਪੂਰਨ ਬੈਠਕ ਬੁਲਾਈ ਹੈ, ਜਿਸ ਵਿੱਚ ਨਿਰਯਾਤਕਾਂ ਅਤੇ ਸ਼ਿਪਿੰਗ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਭਾਰਤ ਸਰਕਾਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਖਾੜੀ ਦੇਸ਼ਾਂ ਵਿੱਚ ਮੌਜੂਦ ਭਾਰਤੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਡਾ. ਰਵਜੋਤ ਨੇ ਮੱਧ ਪੂਰਬ ‘ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖਲ ਦੀ ਕੀਤੀ ਮੰਗ


ਚੰਡੀਗੜ੍ਹ, 2 ਮਾਰਚ :

ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਜੰਗ ਕਾਰਨ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਦੇ ਤੁਰੰਤ ਦਖਲ ਦੀ ਮੰਗ ਕੀਤੀ।

ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਇਜ਼ਰਾਈਲ ਅਤੇ ਈਰਾਨ ਦਰਮਿਆਨ ਜੰਗ ਦੇ ਮੱਦੇਨਜ਼ਰ ਉੱਥੇ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਸਬੰਧ ਵਿੱਚ ਉਨ੍ਹਾਂ ਨਾਲ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੱਧ ਪੂਰਬ ਵਿੱਚ ਇਹ ਤਣਾਅ ਸਾਡੇ ਲੋਕਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਸਥਿਤੀ ਦੀ ਨਾਜ਼ੁਕ ਪ੍ਰਕਿਰਤੀ ਨੂੰ ਦੇਖਦਿਆਂ, ਮੰਤਰੀ ਨੇ ਕਿਹਾ ਕਿ ਉੱਥੇ ਫਸੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸੁਰੱਖਿਅਤ ਪ੍ਰਬੰਧ ਕਰਨ ਲਈ ਤੁਰੰਤ ਤਾਲਮੇਲ ਬੇਹੱਦ ਜ਼ਰੂਰੀ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਨੇ
ਚੱਲ ਰਹੀ ਜੰਗ ਕਾਰਨ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਫਸੇ ਪੰਜਾਬ ਦੇ ਸੈਲਾਨੀਆਂ ਅਤੇ ਨਿਵਾਸੀਆਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਉਨ੍ਹਾਂ ਨੇ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਕੇਂਦਰ ਸਰਕਾਰ ਅਤੇ ਮੱਧ ਪੂਰਬ ਵਿੱਚ ਭਾਰਤੀ ਦੂਤਾਵਾਸਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਡਾ. ਰਵਜੋਤ ਸਿੰਘ ਨੇ ਫਸੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਪੰਜਾਬ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਮਹਿੰਗਾਈ ਦਾ ਝਟਕਾ : LPG ਸਿਲੰਡਰ ਹੋਇਆ ਮਹਿੰਗਾ

ਨਵੀਂ ਦਿੱਲੀ, 3 ਮਾਰਚ  :

ਮਾਰਚ ਮਹੀਨੇ ਦੀ ਪਹਿਲੀ ਤਾਰੀਕ ਨੂੰ ਹੀ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਗਿਆ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਹੈ। ਕੰਪਨੀਆਂ ਵੱਲੋਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਇਹ ਬਦਲਾਅ ਕੀਤਾ ਜਾਂਦਾ ਹੈ। ਗੈਸ ਸਿੰਲਡਰ ਦੀਆਂ ਕੀਮਤਾਂ ਵਿਚ 28 ਤੋਂ 31 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਵਾਧਾ ਕੀਤੀਆਂ ਗਈਆਂ ਕੀਮਤਾਂ ਅੱਜ 1 ਮਾਰਚ 2026 ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ, ਇਹ ਕੀਮਤਾਂ ਸਿਰਫ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿੰਲਡਰ ਉਤੇ ਹੀ ਲਾਗੂ ਕੀਤੀਆਂ ਗਈਆਂ ਹਨ। ਘਰਾਂ ਵਿਚ ਵਰਤੋਂ ਕੀਤੇ ਜਾਣ ਵਾਲੇ 14.2 ਕਿਲੋ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1740.50 ਰੁਪਏ ਤੋਂ ਵਧਾ ਕੇ 1768.50 ਰੁਪਏ ਹੋ ਗਈ ਹੈ।

ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਤਿਆਰੀ

ਚੰਡੀਗੜ੍ਹ, 28 ਫਰਵਰੀ :

ਪਟਿਆਲਾ ਦੀ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ’ ਦਾ ਨਾਮ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਅਕਾਦਮਿਕ ਕੌਂਸਲ ਵੱਲੋਂ ਸਾਬਕਾ PM ਦਾ ਨਾਂਅ ਹਟਾਉਣ ਲਈ ਮਤਾ ਪਾਇਆ ਗਿਆ ਹੈ। ਕੌਂਸਲ ਵੱਲੋਂ ਯੂਨੀਵਰਸਿਟੀ ਤੋਂ ਰਾਜੀਵ ਗਾਂਧੀ ਦਾ ਨਾਂਅ ਹਟਾਉਣ ਲਈ ਸੁਝਾਅ ਦਿੱਤਾ ਗਿਆ ਹੈ। ਅਕਾਦਮਿਕ ਕੌਂਸਲ ਨੇ ਨਾਂਅ ਬਦਲਣ ਦੀ ਤਜਵੀਜ਼ ਯੂਨੀਵਰਸਿਟੀ ਕੌਂਸਲ ਤੇ ਪੰਜਾਬ ਸਰਕਾਰ ਨੂੰ ਭੇਜੀ ਹੈ। ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਡਾ.ਧਰਮਵੀਰ ਗਾਂਧੀ ਨੇ ਇਸ ਨੂੰ ਸਿਆਸਤ ਤੋਂ ਪ੍ਰਭਾਵਿਤ ਦੱਸਿਆ।

ਰਾਹੁਲ ਗਾਂਧੀ ਨੇ ਬਰਨਾਲਾ ਰੈਲੀ ’ਚ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਲਾਈ ਕਲਾਸ

ਬਰਨਾਲਾ, 28 ਫਰਵਰੀ :

ਪੰਜਾਬ ਕਾਂਗਰਸ ਵਿਚ ਚਲਦੀ ਆਗੂਆਂ ਦੀ ਖਿੱਚੋਤਾਣ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਨੇ ਬਰਨਾਲਾ ਦੀ ਰੈਲੀ ਵਿਚ ਆਗੂਆਂ ਦੀ ਕਲਾਸ ਲਾ ਦਿੱਤੀ। ਰਾਹੁਲ ਗਾਂਧੀ ਨੇ ਬੋਲਦੇ ਹੋਏ ਪੰਜਾਬ ਦੇ ਆਗੂਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਜਿੱਤ ਪੂਰੀ ਟੀਮ ਦੀ ਸ਼ਮੂਲੀਅਤ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਇਕੱਲਾ ਕੈਪਟਨ ਕੁਝ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਦੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦੇ ਹੋਏ ਚੇਤਾਵਨੀ ਦਿੱਤੀ ਕਿ ਸਾਰੇ ਟੀਮ ਪਲੇਅਰ ਬਣੋ, ਨਹੀਂ ਮੈਂ ਤੇ ਖੜ੍ਹਗੇ ਜੀ ਬਾਹਰ ਬੈਠਾ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਜਿੰਨੇ ਵੀ ਮਰਜ਼ੀ ਵੱਡੇ ਹੋਵੇ, ਪਾਰਟੀ ਤੋਂ ਵੱਡਾ ਕੋਈ ਵੀ ਆਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਅਸਲੀ ਸ਼ਕਤੀ ਸਾਡੇ ਵਰਕਰ ਹਨ ਜੋ ਵੀ ਹੋਵੇਗਾ ਇਨ੍ਹਾਂ ਦੇ ਮੁਤਾਬਕ ਹੀ ਹੋਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਲੀਡਰ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਦੇ ਆ ਰਹੇ ਹਨ। ਕਾਂਗਰਸ ਹਾਈਕਮਾਂਡ ਵੱਲੋਂ ਕਈ ਵਾਰ ਦਿੱਲੀ ਤਲਬ ਕੀਤਾ ਜਾ ਚੁੱਕਿਆ ਹੈ। ਹਾਈਕਮਾਂਡ ਵੱਲੋਂ ਪਹਿਲਾਂ ਵੀ ਇਕੱਠੇ ਚੱਲਣ ਦੀ ਸਲਾਹ ਦਿੱਤੀ ਗਈ ਸੀ।

ਕਿਸਾਨਾਂ ਤੇ ਮਜ਼ਦੂਰਾਂ ਤੋਂ ਬਿਨਾਂ ਦੇਸ਼ ਨਹੀਂ ਬਚ ਸਕਦਾ : ਰਾਹੁਲ ਗਾਂਧੀ

ਬਰਨਾਲਾ, 28 ਫਰਵਰੀ :

ਬਰਨਾਲਾ ਵਿਚ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੰਬੋਧਨ ਕਰ ਰਹੇ ਹਨ। ਰਾਹੁਲ ਗਾਂਧੀ ਨੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਤੋਂ ਬਿਨਾਂ ਦੇਸ਼ ਨਹੀਂ ਬਚ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਦੇਸ਼ ਦੀ ਨੀਂਹ ਹਨ। ਰਾਹੁਲ ਗਾਂਧੀ ਨੇ ਬੋਲਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਉਤੇ ਵੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਸੰਸਦ ’ਚ ਬੋਲਣ ਨਹੀਂ ਦਿੱਤਾ ਗਿਆ।

Israel-America ਨੇ Iran ਉਤੇ ਕੀਤਾ ਹਮਲਾ

ਇਰਾਨ ਉਤੇ ਅੱਜ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਭਿਆਨਕ ਹਮਲਾ ਕੀਤਾ ਗਿਆ ਹੈ। ਇਜਰਾਇਲ ਵੱਲੋਂ ਇਰਾਨ ਦੇ ਰਾਸ਼ਟਰਪਤੀ ਭਵਨ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਰਾਨੀ ਖੁਫੀਆ ਏਜੰਸੀ ਦੇ ਹੈਡਕੁਆਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਆਈਆਂ ਰਿਪੋਰਟ ਮੁਤਾਬਕ ਇਰਾਨ ਸਰਕਾਰ ਦੇ ਕਈ ਅਹਿਮ ਭਵਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਸਮੇਂ ਇਰਾਨ ਦੇ ਸਰਵਉਚ ਆਗੂ Ali Khamenei ਤੇਹਰਾਨ ਵਿਚ ਨਹੀਂ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਂ ਉਤੇ ਭੇਜਿਆ ਗਿਆ ਹੈ।

ਇਜ਼ਰਾਈਲ ਵੱਲੋਂ ਈਰਾਨ ਉਤੇ ਕਈ ਮਿਜ਼ਾਇਲਾਂ ਦਾਗੀਆਂ ਗਈਆਂ ਹਨ। ਹਮਲੇ ਤੋਂ ਬਾਅਦ ਰਾਜਧਾਨੀ ਤੇਹਰਾਨ ਵਿਚ ਕਈ ਥਾਵਾਂ ਦੀਆਂ ਇਮਾਰਤਾਂ ਤੋਂ ਧੂੰਆਂ ਨਿਕਦਾ ਹੋਇਆ ਦਿਖਾਈ ਦਿੱਤਾ ਹੈ।

ਇਸ ਸਬੰਧੀ ਅਮਰੀਕਾ ਨੇ ਕਿਹਾ ਕਿ ਹਮਲੇ ਅਜੇ ਵੀ ਇਰਾਨ ਉਤੇ ਜਾਰੀ ਹਨ। ਇਰਾਨ ਨੇ ਆਪਣੇ ਸ਼ਹਿਰਾਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਇਜ਼ਰਾਈਲ ਦੇ ਸਾਰੇ ਘਰਾਂ ਦੇ ਅੰਦਰ ਜਾਣ ਨੂੰ ਕਹਿ ਦਿੱਤਾ ਗਿਆ ਹੈ। ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਜ਼ਰਾਈਲ ਵਿਚ ਅਲਰਟ ਸਾਇਰਨ ਵਜ ਰਹੇ ਹਨ। ਇਸ ਹਮਲੇ ਵਿਚ ਇਰਾਨੀ ਸੰਸਦ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਚੇਅਰਮੈਨ ਇਜ਼ਰਾਈਲ-ਅਮਰੀਕਾ ਨੂੰ ਸਿੱਧੀ ਧਮਕੀ ਦਿੰਦੇ ਹੋਏ ਕਿਹਾ ਕਿ ਲੜਾਈ ਤੁਸੀਂ ਸ਼ੁਰੂ ਕੀਤੀ ਹੈ, ਪ੍ਰੰਤੂ ਖਤਮ ਅਸੀਂ ਕਰਾਂਗੇ।

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 10 ਗ੍ਰਿਫਤਾਰ

ਅੰਮ੍ਰਿਤਸਰ, 28 ਫਰਵਰੀ :

ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਸੰਗਠਿਤ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਅਤੇ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 5.438 ਕਿਲੋਗ੍ਰਾਮ ਹੈਰੋਇਨ, 3 ਆਧੁਨਿਕ ਪਿਸਤੌਲ (ਇੱਕ ਗਲੌਕ 9mm, ਇੱਕ ਜ਼ਿਗਾਨਾ 9mm, ਇੱਕ .32 ਬੋਰ), 34 ਜ਼ਿੰਦਾ ਕਾਰਤੂਸ, ਅਤੇ 4500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ। ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਭਾਰਤੀ ਖੇਤਰ ਵਿੱਚ ਤਸਕਰੀ ਕੀਤੀ ਜਾ ਰਹੀ ਸੀ ਅਤੇ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਨੈੱਟਵਰਕ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਵੰਡ ਕੀਤੀ ਜਾ ਰਹੀ ਸੀ।

ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਕਰਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਜਾਰੀ ਹੈ।

ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ 50000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 28 ਫਰਵਰੀ, 2026:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਥਾਣਾ ਸਾਈਬਰ ਸੈੱਲ, ਸੰਗਰੂਰ ਵਿਖੇ ਤਾਇਨਾਤ ਸਬ-ਇੰਸਪੈਕਟਰ ਮੇਵਾ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਪਿੰਡ ਕੋਠੇ ਮਹਾਂ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਤੇ ਉਸਦੀ ਪਤਨੀ ਵਿਰੁੱਧ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਸਬ-ਇੰਸਪੈਕਟਰ ਜਾਂਚ ਅਧਿਕਾਰੀ ਸੀ। ਇਸ ਸਬੰਧ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸਬ-ਇੰਸਪੈਕਟਰ ਨੇ ਉਸਦੀ ਪਤਨੀ ਨੂੰ ਇਸ ਕੇਸ ਵਿੱਚੋਂ ਬਰੀ ਕਰਵਾਉਣ ਵਿੱਚ ਮਦਦ ਕਰਨ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ, ਪਟਿਆਲਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸਬ-ਇੰਸਪੈਕਟਰ ਮੇਵਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਇਸ ਸਬੰਧੀ, ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ

ਦੇਸ਼