Breaking News
ਅੰਮ੍ਰਿਤਸਰ ’ਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ

ਅੰਮ੍ਰਿਤਸਰ, 30 ਮਾਰਚ :

ਅੰਮ੍ਰਿਤਸਰ ਜ਼ਿਲ੍ਹੇ ਵਿਚ ਥਾਣਾ ਘਰਿੰਡਾ ਦੇ ਅੰਦਰ ਦਿਨ ਦਿਹਾੜੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸੋਣਾ ਸਿੰਘ ਵਜੋਂ ਹੋਈ ਹੈ, ਜੋ ਪਿੰਡ ਰਾਜਾਤਾਲ ਦਾ ਰਹਿਣ ਵਾਲਾ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਨੌਜਵਾਨ ਆਪਣੇ ਕੰਮ ਉਤੇ ਜਾ ਰਿਹੇ ਸੀ ਤਾਂ ਹਮਲਾਵਰਾਂ ਨੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੁਲਜ਼ਮ ਮ੍ਰਿਤਕ ਦੀ ਬਾਈਕ ਅਤੇ ਮੋਟਰਸਾਈਕਲ ਵੀ ਨਾਲ ਲੈ ਗਏ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਦੇ ਦੱਸਣ ਮੁਤਾਬਕ ਇਹ ਪੁਰਾਣੀ ਰੰਜਿਸ਼ ਕਰਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉਤੇ FIR ਦਰਜ ਕੀਤੀ ਗਈ ਹੈ। ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਹੁਣ ਚੰਡੀਗੜ੍ਹ ਏਅਰਪੋਰਟ ‘ਤੇ ਮਿਲੇਗਾ ਸਸਤਾ ਖਾਣਾ, ਉਡਾਣ ਯਾਤਰੀ ਕੈਫੇ ਦੀ ਸ਼ੁਰੂਆਤ

ਚੰਡੀਗੜ੍ਹ, 30 ਮਾਰਚ :

ਚੰਡੀਗੜ੍ਹ ਤੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਮਹਿੰਗੇ ਖਾਣੇ-ਪੀਣੇ ਦੀ ਚਿੰਤਾ ਨਹੀਂ ਸਤਾਏਗੀ। ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ‘ਤੇ ‘ਉਡਾਨ ਯਾਤਰੀ ਕੈਫੇ’ (Udan Yatri Cafe) ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਹੁਣ ਮਹਿਜ਼ 10 ਰੁਪਏ ਵਿੱਚ ਚਾਹ ਦੀ ਚੁਸਕੀ ਲਈ ਜਾ ਸਕੇਗੀ। ਏਅਰਪੋਰਟ ‘ਤੇ ਇਸ ਕੈਫੇ ਦਾ ਖੁੱਲ੍ਹਣਾ ਯਾਤਰੀਆਂ ਲਈ ਇੱਕ ਵੱਡੀ ਸੌਗਾਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇੱਥੇ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਸਨ।

ਚਾਹ: ₹10

ਪਾਣੀ ਦੀ ਬੋਤਲ: ₹10

ਕੌਫੀ: ₹20

ਸਮੋਸਾ, ਸੈਂਡਵਿਚ ਅਤੇ ਕਚੌਰੀ: ₹20

ਸਵੀਟਸ  (ਮਿਠਾਈ): ₹20

ਜੇਕਰ ਏਅਰਪੋਰਟ ‘ਤੇ ਮੌਜੂਦ ਹੋਰ ਨਿੱਜੀ ਕੈਫੇ ਦੀ ਗੱਲ ਕਰੀਏ ਤਾਂ ਉੱਥੇ ਵੇਜ ਸੈਂਡਵਿਚ ਦੀ ਕੀਮਤ ₹170 ਤੋਂ ਸ਼ੁਰੂ ਹੁੰਦੀ ਹੈ, ਜਦਕਿ ਚਾਹ ₹120 ਅਤੇ ਪਾਣੀ ਦੀ ਬੋਤਲ ₹80 ਤੱਕ ਮਿਲਦੀ ਹੈ। ਅਜਿਹੇ ਵਿੱਚ ‘ਉਡਾਨ ਯਾਤਰੀ ਕੈਫੇ’ ਨਾਲ ਆਮ ਯਾਤਰੀਆਂ ਨੂੰ ਰਾਹਤ ਮਿਲੇਗੀ

ਇਹਨਾਂ ਸਾਰੀਆਂ ਸਹੂਲਤਾਂ ਦਾ ਉਦਘਾਟਨ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਵੱਲੋਂ ਵਰਚੁਅਲੀ (ਵੀਡੀਓ ਰਾਹੀਂ) ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਵਾਈ ਅੱਡਿਆਂ ਨੂੰ ਸਿਰਫ਼ ਸਫ਼ਰ ਦਾ ਸਾਧਨ ਨਹੀਂ, ਸਗੋਂ ਯਾਤਰੀਆਂ ਲਈ ਸੁਵਿਧਾਜਨਕ ਅਤੇ ਕਿਫ਼ਾਇਤੀ ਅਨੁਭਵ ਬਣਾਉਣਾ ਹੈ। ਏਅਰਪੋਰਟ ਪ੍ਰਸ਼ਾਸਨ ਅਨੁਸਾਰ, ਇਸ ਕੈਫੇ ਦਾ ਮਕਸਦ ਹਰ ਵਰਗ ਦੇ ਯਾਤਰੀਆਂ ਨੂੰ ਸਸਤੀਆਂ ਦਰਾਂ ‘ਤੇ ਮਿਆਰੀ ਖਾਣਾ ਮੁਹੱਈਆ ਕਰਵਾਉਣਾ ਹੈ।

ਅੰਮ੍ਰਿਤਸਰ ਵਿੱਚ ਗੋਲਡੀ ਢਿੱਲੋਂ ਮਾਡਿਊਲ ਨਾਲ ਸਬੰਧਤ ਦੋ ਆਧੁਨਿਕ ਸਬ-ਮਸ਼ੀਨ ਗਨਾਂ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 30 ਮਾਰਚ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ 9 ਐਮਐਮ ਸਬ-ਮਸ਼ੀਨ ਗਨਾਂ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਕਰਕੇ ਗੈਰ-ਕਾਨੂੰਨੀ ਹਥਿਆਰ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਬਰਾਮਦ ਕੀਤੇ ਗਏ ਹਥਿਆਰਾਂ ‘ਤੇ “ਗਫਾਰ ਸਕਿਊਰਿਟੀ” ਲਿਖਿਆ ਹੋਇਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਖੇਪ ਬਦਨਾਮ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਉਸਦੇ ਨੈੱਟਵਰਕ ਵੱਲੋਂ ਸੂਬੇ ਵਿੱਚ ਦੇਸ਼ ਵਿਰੋਧੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਪਲਾਈ ਕੀਤੇ ਜਾ ਰਹੇ ਸਨ।

ਡੀਜੀਪੀ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਸ਼ੇਸ਼ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਗੁਰੂ ਕੀ ਵਡਾਲੀ, ਛੇਹਰਟਾ ਖੇਤਰ ਵਿੱਚ ਨਾਕਾ ਲਗਾਇਆ ਅਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ, ਸ਼ੱਕੀ ਨੌਜਵਾਨ ਘਬਰਾ ਗਏ ਅਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਭੱਜਣ ਦੌਰਾਨ ਉਨ੍ਹਾਂ ਦਾ ਇੱਕ ਕਿੱਟ ਬੈਗ ਡਿੱਗ ਗਿਆ।

ਸੀਪੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਕਿੱਟ ਬੈਗ ਦੀ ਤਲਾਸ਼ੀ ਲੈਣ ‘ਤੇ ਦੋ ਗੈਰ-ਕਾਨੂੰਨੀ 9 ਐਮਐਮ ਸਬ-ਮਸ਼ੀਨ ਗਨਾਂ ਅਤੇ ਇੱਕ ਖਾਲੀ ਮੈਗਜ਼ੀਨ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਕਤਲ, ਡਕੈਤੀ, ਇਰਾਦਾ ਕਤਲ, ਅਗਵਾ, ਦੰਗਾ, ਜਬਰੀ ਵਸੂਲੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ। ਪੁਲਿਸ ਟੀਮਾਂ ਨੇ ਗੁਰਪ੍ਰੀਤ ਉਰਫ਼ ਗੋਲਡੀ ਢਿੱਲੋਂ ਅਤੇ ਉਸਦੇ ਤਿੰਨ ਸਾਥੀਆਂ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਫਰਾਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 66 ਮਿਤੀ 29-03-2026 ਨੂੰ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਅਸਲਾ ਐਕਟ ਦੀ ਧਾਰਾ 25 (ਆਈ-ਏ) ਤਹਿਤ ਦਰਜ ਕੀਤੀ ਗਈ ਹੈ।

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 30 ਮਾਰਚ, 2026:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਚੌਕੀ ਕਿਚਲੂ ਨਗਰ, ਥਾਣਾ ਪੀਏਯੂ ਲੁਧਿਆਣਾ ਦੇ ਇੰਚਾਰਜ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਬੈਂਕ ਕਲੋਨੀ ਨੂਰਵਾਲਾ ਰੋਡ, ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਏਐਸਆਈ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏਐਸਆਈ ਨੇ ਸ਼ਿਕਾਇਤਕਰਤਾ ਦੀ ਭੈਣ ਅਤੇ ਮਾਂ ਨੂੰ ਇਸ ਮਾਮਲੇ ਵਿੱਚ ਨਾ ਫਸਾਉਣ ਬਦਲੇ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਨੇ ਗੈਰ-ਕਾਨੂੰਨੀ ਰਿਸ਼ਵਤ ਨਾ ਦੇਣ ਲਈ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਦੀ ਅਗਲੇਰੀ ਜਾਂਚ ਜਾਰੀ ਹੈ।

ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੂੰ ਵੱਡਾ ਝਟਕਾ, ‘ਆਪ’ ’ਚ ਸ਼ਾਮਲ ਹੋਏ ਕਈ ਆਗੂ

ਚੰਡੀਗੜ੍ਹ, 30 ਮਾਰਚ :

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਅੱਜ ਪੰਜਾਬ ਵਿਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਈ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਘੁੰਮਣ ਸਦਕਾ ਆਮ ਆਦਮੀ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ ਮਿਲੀ ਹੈ। ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਕਰੀਬ ਤਿੰਨ ਦਰਜਨ ਸਰਪੰਚ, ਪੰਚ ਅਤੇ ਹੋਰ ਸੀਨੀਅਰ ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ। ਪੰਜਾਬ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ (ਐਸ ਸੀ ਵਿੰਗ) ਸਾਹਿਬ ਸਿੰਘ ਛੱਜਲਵੱਡੀ, ਸਰਬਜੀਤ ਕੌਰ ਪ੍ਰਧਾਨ ਜ਼ਿਲਾ ਮਹਿਲਾ ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਆਪ ਵਿਚ ਸ਼ਾਮਿਲ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਰਸਮੀ ਤੌਰ ‘ਤੇ ਕਰਵਾਇਆ ਸ਼ਾਮਲ । ਸ਼ਾਮਿਲ ਆਗੂਆਂ ਨੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਵੱਡਾ ਫੈਸਲਾ ਲਿਆ।  ਇਸ ਮੌਕੇ ਚੇਅਰਮੈਨ ਪੰਜਾਬ ਖਾਦੀ ਵੈਲਫੇਅਰ ਬੋਰਡ ਗਗਨਦੀਪ ਸਿੰਘ ਆਹੂਵਾਲੀਆ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

CM ਮਾਨ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕਰਨ ਲਈ ਹਰੀ ਝੰਡੀ

97 ਫੀਸਦ ਤੋਂ ਵੱਧ ਔਰਤਾਂ ਨੂੰ ਹਰੇਕ ਮਹੀਨੇ 1000–1500 ਰੁਪਏ ਸਨਮਾਨ ਰਾਸ਼ੀ ਮਿਲੇਗੀ

ਯੋਜਨਾ ਹੇਠ 9300 ਕਰੋੜ ਰੁਪਏ ਦੀ ਵਿਵਸਥਾ

ਦੇਸ਼ ਦੀਆਂ ਸਭ ਤੋਂ ਵੱਧ ਮਹਿਲਾ ਪੱਖੀ ਡੀ.ਬੀ.ਟੀ. ਸਕੀਮਾਂ ਵਿੱਚ ਸ਼ਾਮਲ ਇਹ ਯੋਜਨਾ ਵਿੱਤੀ ਆਜ਼ਾਦੀ ਅਤੇ ਮਾਣ-ਸਨਮਾਨ ਵਿੱਚ ਵਾਧਾ ਕਰੇਗੀ

ਮੰਤਰੀ ਮੰਡਲ ਨੇ ਐਨ.ਐਚ.ਏ.ਆਈ. ਦੇ ਸੜਕੀ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਨੂੰ ਮਨਜ਼ੂਰੀ ਦਿੱਤੀ
ਚੰਡੀਗੜ੍ਹ, 30 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਪੰਜਾਬ ਭਰ ਵਿੱਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਮਨਜ਼ੂਰੀ ਦੇ ਕੇ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ ਹਰੇਕ ਮਹੀਨੇ 1500 ਰੁਪਏ ਅਤੇ ਬਾਕੀ ਸਾਰੀਆਂ ਔਰਤਾਂ ਨੂੰ 1000 ਰੁਪਏ ਸਨਮਾਨ ਰਾਸ਼ੀ ਮਿਲੇਗੀ। ਇਸ ਯੋਜਨਾ ਨਾਲ ਪੰਜਾਬ ਦੀਆਂ 97 ਫੀਸਦ ਤੋਂ ਵੱਧ ਔਰਤਾਂ ਨੂੰ ਲਾਭ ਹੋਵੇਗਾ। ਇਹ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ, “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸੂਬਾ ਭਰ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਅਨੁਸੂਚਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਅਤੇ ਬਾਕੀ ਸਾਰੀਆਂ ਔਰਤਾਂ ਨੂੰ 1000 ਰੁਪਏ ਮਹੀਨਾਵਾਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਹ ਯੋਜਨਾ ਔਰਤਾਂ ਨੂੰ ਸੁਤੰਤਰ ਅਤੇ ਸਸ਼ਕਤ ਬਣਾ ਕੇ ਉਨ੍ਹਾਂ ਦੀ ਪ੍ਰਗਤੀ ਵਿੱਚ ਅਹਿਮ ਯੋਗਦਾਨ ਪਾਵੇਗੀ। ਇਹ ਸਕੀਮ ਔਰਤਾਂ ਨੂੰ ਵਿੱਤੀ ਪੱਖੋਂ ਮਜ਼ਬੂਤ ਕਰੇਗੀ, ਜਿਸ ਨਾਲ ਉਹ ਬੱਚਤ ਅਤੇ ਨਿਵੇਸ਼ ਕਰ ਸਕਣਗੀਆਂ ਅਤੇ ਇਹ ਔਰਤਾਂ ਨੂੰ ਉਨ੍ਹਾਂ ਦੀਆਂ ਘਰ-ਪਰਿਵਾਰ ਲਈ ਲੋੜੀਂਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਸਮਰੱਥ ਬਣਾਏਗੀ।”
ਉਨ੍ਹਾਂ ਅੱਗੇ ਕਿਹਾ, “ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਮਾਜਿਕ ਭਲਾਈ ਅਤੇ ਮਨੁੱਖੀ ਵਿਕਾਸ ਦੇ ਖੇਤਰ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਗਈ ਹੈ; ਹਾਲਾਂਕਿ, ਸੂਬੇ ਭਰ ਵਿੱਚ ਵੱਡੀ ਗਿਣਤੀ ਔਰਤਾਂ, ਖਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਔਰਤਾਂ, ਨੂੰ ਵਿੱਤੀ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰਕ ਭਲਾਈ ਵਿੱਚ ਸੁਧਾਰ ਕਰਨ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਅਤੇ ਆਰਥਿਕ ਫੈਸਲਾ ਲੈਣ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਔਰਤਾਂ ਨੂੰ ਵਿੱਤੀ ਪੱਖੋਂ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ।”
ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਅੱਗੇ ਕਿਹਾ, “ਇਸ ਯੋਜਨਾ ਨਾਲ 97 ਫੀਸਦ ਤੋਂ ਵੱਧ ਔਰਤਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ, ਜੋ ਇਸ ਨੂੰ ਦੇਸ਼ ਦੀ ਸਭ ਤੋਂ ਮਹਿਲਾ ਪੱਖੀ ਸਮਾਜਿਕ ਸੁਰੱਖਿਆ ਪਹਿਲਕਦਮੀਆਂ ਵਿੱਚ ਸ਼ੁਮਾਰ ਕਰਦਾ ਹੈ। ਇਹ ਯੋਜਨਾ ਸੂਬਾ ਭਰ ਵਿੱਚ ਔਰਤਾਂ ਨੂੰ ਸਿੱਧੀ ਆਰਥਿਕ ਇਮਦਾਦ ਯਕੀਨੀ ਬਣਾਉਣ ਵੱਲ ਅਹਿਮ ਕਦਮ ਹੈ ਅਤੇ ਔਰਤਾਂ ਦੇ ਸਸ਼ਕਤੀਕਰਨ ਤਹਿਤ ਉਨ੍ਹਾਂ ਲਈ ਵਿੱਤੀ ਆਜ਼ਾਦੀ ਨੂੰ ਯਕੀਨੀ ਬਣਾਉਣ ਪ੍ਰਤੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।”
ਇਹ ਯੋਜਨਾ ਸਿੱਧਾ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜਿਸ ਤਹਿਤ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਇਸ ਸਕੀਮ ਤਹਿਤ ਇੱਕ ਪਰਿਵਾਰ ਵਿੱਚ ਯੋਗ ਔਰਤਾਂ ਦੀ ਗਿਣਤੀ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਇਕੋ ਪਰਿਵਾਰ ਦੀਆਂ ਕਈ ਔਰਤਾਂ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੀਆਂ ਹਨ। ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨਰਾਂ ਨੂੰ ਵੀ ਇਸ ਯੋਜਨਾ ਦੇ ਤਹਿਤ ਆਪਣੀਆਂ ਪੈਨਸ਼ਨਾਂ ਤੋਂ ਇਲਾਵਾ ਪੂਰੇ ਵਿੱਤੀ ਲਾਭ ਪ੍ਰਾਪਤ ਹੋਣਗੇ ਜਿਸ ਨਾਲ ਇਸ ਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ।
ਪੰਜਾਬ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ, ਜੋ ਵੋਟਰ ਵਜੋਂ ਰਜਿਸਟਰਡ ਹਨ, ਜਿਨ੍ਹਾਂ ਕੋਲ ਪੰਜਾਬ ਦੀ ਰਿਹਾਇਸ਼ ਵਾਲਾ ਆਧਾਰ ਕਾਰਡ ਹੈ ਅਤੇ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਕਾਰਡ ਹੈ, ਇਸ ਯੋਜਨਾ ਤਹਿਤ ਲਾਭਪਾਤਰੀ ਵਜੋਂ ਰਜਿਸਟਰ ਹੋਣ ਦੇ ਯੋਗ ਹੋਣਗੀਆਂ।
ਹਰੇਕ ਮਹਿਲਾ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਭਗਵੰਤ ਮਾਨ ਸਰਕਾਰ ਵਿਆਪਕ ਪਹੁੰਚ ਅਤੇ ਰਜਿਸਟਰ ਕਰਨ ਸਬੰਧੀ ਹਰ ਸੰਭਵ ਯਤਨ ਕਰੇਗੀ, ਜਿਸ ਵਿੱਚ ਮਹਿਲਾਵਾਂ, ਖਾਸ ਕਰਕੇ ਪੇਂਡੂ ਅਤੇ ਪਛੜੇ ਖੇਤਰਾਂ ਦੀਆਂ ਮਹਿਲਾਵਾਂ, ਲਈ ਦਸਤਾਵੇਜ਼ਾਂ ਨੂੰ ਪੂਰਾ ਕਰਨਾ, ਬੈਂਕ ਖਾਤਿਆਂ ਨੂੰ ਕਾਰਜਸ਼ੀਲ ਕਰਨਾ ਅਤੇ ਨਿਰਵਿਘਨ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਵਿੱਚ ਔਰਤਾਂ ਦੀ ਸਹਾਇਤਾ ਕਰਨਾ ਸ਼ਾਮਲ ਹੈ।
ਇਸ ਪਹਿਲ ਨੂੰ ਹੋਰ ਮਜ਼ਬੂਤ ਕਰਦਿਆਂ ਵਿੱਤੀ ਸਾਲ 2026-27 ਦੇ ਬਜਟ ਵਿੱਚ 9,300 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਮਨਜ਼ੂਰ ਕੀਤੀ ਜਾ ਚੁੱਕੀ ਹੈ ਅਤੇ ਯੋਜਨਾ ਦੇ ਪੈਮਾਨੇ ਅਤੇ ਪਹੁੰਚ ਨੂੰ ਦੇਖਦਿਆਂ ਇਹ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਮਹਿਲਾ-ਪੱਖੀ ਸਮਾਜ ਭਲਾਈ ਪਹਿਲਕਦਮੀਆਂ ਵਿੱਚੋਂ ਇੱਕ ਹੋਣ ਦੀ ਉਮੀਦ ਹੈ।
ਯੋਜਨਾਬੰਦੀ ਵਿਭਾਗ ਵਿੱਚ ਸਿੱਧੀ ਭਰਤੀ ਤਹਿਤ 70 ਅਸਾਮੀਆਂ ਭਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਯੋਜਨਾਬੰਦੀ ਵਿਭਾਗ ਵਿੱਚ ਸਿੱਧੀ ਭਰਤੀ ਤਹਿਤ 70 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਰਥਿਕ ਨੀਤੀ ਤੇ ਯੋਜਨਾ ਬੋਰਡ ਅਤੇ ਅੰਕੜਾ ਵਿਭਾਗ, ਪੰਜਾਬ ਦੇ ਰਲੇਵੇਂ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਅਭਿਆਸ ਦੇ ਮੱਦੇਨਜ਼ਰ ਭਰੀਆਂ ਜਾਣ ਵਾਲੀਆਂ ਖਾਲੀ ਅਸਾਮੀਆਂ ਦੀ ਜ਼ਰੂਰਤ ਨੂੰ ਸੋਧਿਆ ਗਿਆ ਹੈ। ਇਸ ਲਈ ਅਧਿਕਾਰੀਆਂ ਦੀ ਕਮੇਟੀ ਦੁਆਰਾ ਸਿੱਧੀ ਭਰਤੀ ਦੀਆਂ 70 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ।
ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੇ ਸੀ.ਐਮ.ਡੀ. ਅਤੇ ਡਾਇਰੈਕਟਰਾਂ ਦੀ ਨਿਯੁਕਤੀ ਲਈ ਸ਼ਰਤਾਂ ਵਿੱਚ ਸੋਧ
ਮੰਤਰੀ ਮੰਡਲ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਟ੍ਰਾਂਸਕੋ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰਾਂ (ਸੀ.ਐਮ.ਡੀ.) ਅਤੇ ਡਾਇਰੈਕਟਰਾਂ ਦੀ ਨਿਯੁਕਤੀ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਤਜਰਬੇ ਸਬੰਧੀ ਸ਼ਰਤਾਂ” ਵਿੱਚ ਸੋਧ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਪਛਵਾੜਾ ਕੋਲਾ ਖਾਣ ਵਿਖੇ ਮਨੁੱਖੀ ਸ਼ਕਤੀ ਤੇ ਸਹਾਇਕ ਸਟਾਫ ਨਿਯੁਕਤ ਕਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਝਾਰਖੰਡ ਦੇ ਜ਼ਿਲ੍ਹਾ ਪਾਕੁੜ ਵਿਖੇ ਪਛਵਾੜਾ ਕੇਂਦਰੀ ਕੋਲਾ ਖਾਣ (ਪੀਸੀਸੀਐਮ) ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਪੀ.ਐਸ.ਪੀ.ਸੀ.ਐਲ. ਦੁਆਰਾ ਠੇਕੇ ਦੇ ਆਧਾਰ ‘ਤੇ ਮਨੁੱਖੀ ਸ਼ਕਤੀ ਅਤੇ ਸਹਾਇਕ ਸਟਾਫ ਨਿਯੁਕਤ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ। ਇਸ ਲਈ ਅਧਿਕਾਰਤ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਪ੍ਰਬੰਧਕੀ ਸਕੱਤਰ ਚੇਅਰਮੈਨ ਅਤੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ/ਜਨਰੇਸ਼ਨ, ਪੀ.ਐਸ.ਪੀ.ਸੀ.ਐਲ. ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਕਮੇਟੀ ਨੂੰ ਪਛਵਾੜਾ ਕੇਂਦਰੀ ਕੋਲਾ ਖਾਣ, ਪਾਕੁੜ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਸਮਰੱਥ ਮਨੁੱਖੀ ਸ਼ਕਤੀ/ਸਹਾਇਕ ਸਟਾਫ ਦੀ ਠੇਕੇ ਦੀ ਭਰਤੀ ਅਤੇ ਵਿਸਥਾਰ ਨਾਲ ਸਬੰਧਤ ਸਾਰੀਆਂ ਪ੍ਰਵਾਨਗੀਆਂ ਦੇਣ ਲਈ ਅਧਿਕਾਰਤ ਕੀਤਾ ਗਿਆ ਸੀ।
ਲੀਜ਼ਹੋਲਡ ਉਦਯੋਗਿਕ ਪਲਾਟਾਂ ਨੂੰ ਫ੍ਰੀਹੋਲਡ ਵਿੱਚ ਬਦਲਣ ਲਈ ਨੀਤੀ ਵਿੱਚ ਸੋਧਾਂ
ਮੰਤਰੀ ਮੰਡਲ ਵੱਲੋਂ ਲੀਜ਼ਹੋਲਡ ਉਦਯੋਗਿਕ ਪਲਾਟਾਂ/ਸ਼ੈੱਡਾਂ ਨੂੰ ਫ੍ਰੀਹੋਲਡ ਵਿੱਚ ਬਦਲਣ ਲਈ ਨੀਤੀ ਵਿੱਚ ਸੋਧਾਂ ਨੂੰ ਵੀ ਸਹਿਮਤੀ ਦੇ ਦਿੱਤੀ ਗਈ ਹੈ। ਇਹਨਾਂ ਸੋਧਾਂ ਮੁਤਾਬਕ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਕੋਲ ਗਿਰਵੀ ਰੱਖੇ ਗਏ ਉਦਯੋਗਿਕ ਪਲਾਟ ਫ੍ਰੀਹੋਲਡ ਵਿੱਚ ਬਦਲੇ ਜਾ ਸਕਦੇ ਹਨ, ਬਸ਼ਰਤੇ ਸਬੰਧਤ ਬੈਂਕ ਵੱਲੋਂ ਪ੍ਰਾਪਤ ‘ਨੋ ਓਬਜੈਕਸ਼ਨ ਸਰਟੀਫਿਕੇਟ’ ਜਮ੍ਹਾਂ ਕਰਵਾਇਆ ਗਿਆ ਹੋਵੇ ਅਤੇ ਨਿਰਧਾਰਤ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਗਈ ਹੋਵੇ। ਇਸ ਸਬੰਧੀ ਉਨ੍ਹਾਂ ਮਾਮਲਿਆਂ ਵਿੱਚ 5 ਫੀਸਦ ਦੀ ਕੰਵਰਜ਼ਨ ਫੀਸ ਲਾਗੂ ਹੋਵੇਗੀ ਜਿੱਥੇ ਮੌਜੂਦਾ ਟਾਈਟਲ ਦਸਤਾਵੇਜ਼ਾਂ ਵਿੱਚ ਅਣ-ਅਰਜਿਤ ਵਾਧੇ ਨਾਲ ਸਬੰਧਤ ਕੋਈ ਧਾਰਾ ਨਹੀਂ ਹੈ, ਭਾਵੇਂ ਇਹ ਪਹਿਲਾਂ ਦੇ ਟਾਈਟਲ ਦਸਤਾਵੇਜ਼ਾਂ ਵਿੱਚ ਮੌਜੂਦ ਹੋਵੇ।
ਪੰਜਾਬ ਕਾਮਨ ਇਨਫਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) (ਸੋਧ) ਬਿੱਲ-2026
ਮੰਤਰੀ ਮੰਡਲ ਨੇ ਪੰਜਾਬ ਕਾਮਨ ਇਨਫਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) (ਸੋਧ) ਬਿੱਲ, 2026 ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸੂਬੇ ਭਰ ਵਿੱਚ ਉਦਯੋਗਿਕ ਖੇਤਰਾਂ ਦੇ ਬਿਹਤਰ ਪ੍ਰਬੰਧਨ ਲਈ ਸਪੈਸ਼ਲ ਪਰਪਜ਼ ਵਹੀਕਲ (ਐਸ.ਪੀ.ਵੀ.) ਦੀ ਪ੍ਰਭਾਵਸ਼ੀਲਤਾ, ਪਾਰਦਰਸ਼ਤਾ ਅਤੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਪ੍ਰਸਤਾਵਿਤ ਸੋਧਾਂ ਉਦਯੋਗਿਕ ਪਾਰਕਾਂ ਦੇ ਵਿਸਥਾਰ ਅਤੇ ਉਦਯੋਗਿਕ ਅਸਟੇਟਾਂ ਤੋਂ ਬਾਹਰ ਨਵੇਂ ਉਦਯੋਗਿਕ ਕਲੱਸਟਰਾਂ ਦੇ ਵਿਸਥਾਰ ਕਾਰਨ ਸਾਲਾਂ ਦੌਰਾਨ ਉਭਰੀਆਂ ਪ੍ਰਸ਼ਾਸਕੀ ਅਤੇ ਅਮਲ ਸਬੰਧੀ ਚੁਣੌਤੀਆਂ ਨੂੰ ਹੱਲ ਕਰਨਗੀਆਂ। ਇਸ ਤਹਿਤ ਉਦਯੋਗਿਕ ਖੇਤਰਾਂ ਵਿੱਚ ਸੜਕਾਂ, ਸਟਰੀਟ ਲਾਈਟਾਂ, ਪਾਰਕਾਂ, ਸੁਰੱਖਿਆ, ਡਰੇਨੇਜ ਪ੍ਰਣਾਲੀਆਂ ਅਤੇ ਹੋਰ ਸਾਂਝੀਆਂ ਸਹੂਲਤਾਂ ਵਰਗੇ ਸਾਂਝੇ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਲਈ ਸੇਵਾ ਖਰਚੇ ਵਸੂਲਣ ਅਤੇ ਇਹਨਾਂ ਦੀ ਵਰਤੋਂ ਲਈ ਸੁਚਾਰੂ ਪ੍ਰਣਾਲੀ ਵੀ ਵਿਕਸਿਤ ਕੀਤੀ ਜਾਵੇਗੀ।
ਸਾਰੇ ਉਦਯੋਗਿਕ ਖੇਤਰਾਂ ਵਿੱਚ ਐਸ.ਪੀ.ਵੀ. ਤਿਆਰ ਕੀਤੇ ਜਾਣਗੇ ਜੋ ਕਿ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਤਹਿਤ ਰਜਿਸਟਰਡ ਹੋਣਗੇ। ਇਹ ਐਸ.ਪੀ.ਵੀ. ਉਦਯੋਗਿਕ ਖੇਤਰਾਂ ਵਿੱਚ ਸਾਂਝੇ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਬਿਨਾਂ ਲਾਭ, ਬਿਨਾਂ ਨੁਕਸਾਨ ਆਧਾਰ ‘ਤੇ ਕੰਮ ਕਰਨਗੇ। ਇਸ ਦੇ ਨਾਲ ਹੀ ਐਸ.ਪੀ.ਵੀ. ਦੇ ਕੰਮਕਾਜ ਦੀ ਨਿਗਰਾਨੀ ਕਰਨ ਅਤੇ ਵਿਵਾਦਾਂ ਦੇ ਹੱਲ ਲਈ ਸੰਸਥਾਗਤ ਵਿਧੀ ਪ੍ਰਦਾਨ ਕਰਨ ਵਾਸਤੇ ਜ਼ਿਲ੍ਹਾ ਨਿਗਰਾਨ ਅਥਾਰਟੀ ਸਥਾਪਤ ਕੀਤੀ ਜਾਵੇਗੀ।
ਐਨ.ਐਚ.ਏ.ਆਈ. ਪ੍ਰਾਜੈਕਟਾਂ ਲਈ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਸੂਬੇ ਵਿੱਚ ਵੱਖ-ਵੱਖ ਹਾਈਵੇ ਪ੍ਰਾਜੈਕਟਾਂ ਦੇ ਨਿਰਮਾਣ ਲਈ ਕੌਮੀ ਮਾਰਗ ਅਥਾਰਟੀ (ਐਨ.ਐਚ.ਏ.ਆਈ.) ਨੂੰ ਸਧਾਰਨ ਮਿੱਟੀ ਦੇਣ ਲਈ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਜਲ ਸਰੋਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਦਾ ਹਿੱਸਾ ਹੈ ਜਿਸ ਵਿੱਚ ਦਰਿਆਵਾਂ ਦੇ ਪ੍ਰਬੰਧਨ ਅਤੇ ਹੜ੍ਹਾਂ ਦੇ ਖਤਰੇ ਨੂੰ ਘਟਾਉਣ ਦੇ ਯਤਨਾਂ ਵਜੋਂ ਸੂਬੇ ਭਰ ਦੇ ਪ੍ਰਮੁੱਖ ਦਰਿਆਵਾਂ ਵਿੱਚ ਲੰਬੇ ਚੈਨਲਾਂ ਦੀ ਖੁਦਾਈ ਸ਼ਾਮਲ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

30-03-2026

ਰਾਮਕਲੀ ਮਹਲਾ ੧ ॥

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥

ਸੋਮਵਾਰ, ੧੭ ਚੇਤ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੮੭੭)

ਪੰਜਾਬੀ ਵਿਆਖਿਆ

(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ । (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ।੧। ਹੇ ਜੋਗੀ! (ਮੇੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ । (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ।੧।ਰਹਾਉ। (ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ।੨। ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ।੩। ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ।੪।੪।

ਭਾਜਪਾ ਦੇ ਜ਼ੁਲਮ ਵਿਰੁੱਧ ‘ਆਪ’ ਨਾਲ ਪੂਰਾ ਗੁਜਰਾਤ, ਹੋਣ ਜਾ ਰਿਹਾ ਹੈ ਬਦਲਾਅ – ਕੇਜਰੀਵਾਲ

ਆਮ ਆਦਮੀ ਪਾਰਟੀ ਦਾ ਜਨ ਸਮਰਥਨ ਦੇਖ ਕੇ ਡਰੀ ਭਾਜਪਾ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਵਾ ਰਹੀ ਹੈ – ਕੇਜਰੀਵਾਲ

ਇਸ ਵਾਰ ਲੋਕ ਮੁਫ਼ਤ ਖੇਤੀ ਤੇ ਘਰੇਲੂ ਬਿਜਲੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ, 10 ਲੱਖ ਦਾ ਸਿਹਤ ਬੀਮਾ ਅਤੇ ਚੰਗੇ ਸਕੂਲਾਂ ਲਈ ਵੋਟ ਪਾਉਣਗੇ – ਕੇਜਰੀਵਾਲ

ਹਰ ਸਾਲ ਆਦਿਵਾਸੀ ਸਮਾਜ ਲਈ ਅਰਬਾਂ ਰੁਪਏ ਆਉਂਦੇ ਹਨ, ਪਰ ਕਾਂਗਰਸ-ਭਾਜਪਾ ਵਾਲੇ ਮਿਲ ਕੇ ਖਾ ਜਾਂਦੇ ਹਨ – ਕੇਜਰੀਵਾਲ

30 ਸਾਲਾਂ ਵਿੱਚ ਭਾਜਪਾ ਸਰਕਾਰ ਚੰਗੇ ਸਕੂਲ-ਹਸਪਤਾਲ ਅਤੇ ਖੇਤੀ ਲਈ ਪਾਣੀ ਤੱਕ ਨਹੀਂ ਦੇ ਸਕੀ, ਇਹਨਾਂ ਦੀ ਨੀਅਤ ਹੀ ਖ਼ਰਾਬ ਹੈ – ਕੇਜਰੀਵਾਲ

ਗੁਜਰਾਤ ਦੀ ਜਨਤਾ ਆਪਣੇ ਬਾਰੇ ਸੋਚੇ ਅਤੇ ਪੰਜਾਬ ਵਾਂਗ ਭਾਜਪਾ-ਕਾਂਗਰਸ ‘ਤੇ ਝਾੜੂ ਫੇਰ ਕੇ ਆਪਣੀ ਸਰਕਾਰ ਬਣਾਏ – ਕੇਜਰੀਵਾਲ

ਕਾਂਗਰਸ-ਭਾਜਪਾ ਇੱਕੋ ਹੀ ਹਨ, ਕਾਂਗਰਸ ਨੂੰ ਵੋਟ ਦਿੰਦੇ ਹੋ ਤਾਂ ਉਹ ਵੀ ਚੋਣਾਂ ਤੋਂ ਬਾਅਦ ਭਾਜਪਾ ਵਿੱਚ ਚਲਾ ਜਾਂਦਾ ਹੈ – ਭਗਵੰਤ ਸਿੰਘ ਮਾਨ

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਦਾਹੋਦ ਵਿੱਚ ‘ਵਿਜੇ ਵਿਸ਼ਵਾਸ ਸਭਾ’ ਕਰਕੇ ਭਾਜਪਾ-ਕਾਂਗਰਸ ਦੇ ਗਠਜੋੜ ‘ਤੇ ਬੋਲਿਆ ਹਮਲਾ

ਨਵੀਂ ਦਿੱਲੀ/ਗੁਜਰਾਤ, 27 ਮਾਰਚ

ਗੁਜਰਾਤ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਹੋਦ ਵਿੱਚ ‘ਵਿਜੇ ਵਿਸ਼ਵਾਸ ਸਭਾ’ ਰਾਹੀਂ ਭਾਜਪਾ ਅਤੇ ਕਾਂਗਰਸ ਦੇ ਗੁਪਤ ਗਠਜੋੜ ‘ਤੇ ਤਿੱਖਾ ਹਮਲਾ ਬੋਲਿਆ। ਸਭਾ ਵਿੱਚ ਉਮੜੇ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਭਾਜਪਾ ਦੇ ਦਮਨ ਵਿਰੁੱਧ ਖੜ੍ਹੀ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਬਦਲਾਅ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਧਦੇ ਜਨ ਸਮਰਥਨ ਨੂੰ ਦੇਖ ਕੇ ਭਾਜਪਾ ਡਰ ਗਈ ਹੈ ਅਤੇ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਸਾਲਾਂ ਵਿੱਚ ਭਾਜਪਾ ਸਰਕਾਰ ਚੰਗੇ ਸਕੂਲ-ਹਸਪਤਾਲ ਅਤੇ ਖੇਤੀ ਲਈ ਪਾਣੀ ਤੱਕ ਨਹੀਂ ਦੇ ਸਕੀ, ਕਿਉਂਕਿ ਇਨ੍ਹਾਂ ਦੀ ਨੀਅਤ ਹੀ ਖਰਾਬ ਹੈ। ਇਸ ਵਾਰ ਜਨਤਾ ਖੇਤੀ-ਘਰ ਦੀ ਮੁਫ਼ਤ ਬਿਜਲੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ, 10 ਲੱਖ ਦਾ ਸਿਹਤ ਬੀਮਾ ਅਤੇ ਚੰਗੇ ਸਕੂਲਾਂ ਲਈ ਵੋਟ ਪਾਵੇਗੀ।

ਭਾਜਪਾ ਸਰਕਾਰ ਨੇ ਸਭ ਤੋਂ ਵੱਧ ਆਦਿਵਾਸੀ ਸਮਾਜ ਨੂੰ ਲੁੱਟਿਆ ਅਤੇ ਉਨ੍ਹਾਂ ‘ਤੇ ਅੱਤਿਆਚਾਰ ਕੀਤੇ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਭਾਜਪਾ ਨੇ ਕਾਂਗਰਸ ਨਾਲ ਮਿਲ ਕੇ ਗੁਜਰਾਤ ਨੂੰ ਲੁੱਟਿਆ ਹੈ। ਇਨ੍ਹਾਂ ਨੇ ਸਭ ਤੋਂ ਵੱਧ ਆਦਿਵਾਸੀਆਂ ਨੂੰ ਲੁੱਟਿਆ ਹੈ ਅਤੇ ਉਨ੍ਹਾਂ ‘ਤੇ ਅੱਤਿਆਚਾਰ ਕੀਤੇ ਹਨ। ਗੁਜਰਾਤ ਵਿੱਚ ਸਭ ਤੋਂ ਪੱਛੜਿਆ ਅਤੇ ਸ਼ੋਸ਼ਿਤ ਵਰਗ ਆਦਿਵਾਸੀ ਸਮਾਜ ਹੈ। ਬੱਚਿਆਂ ਦੀ ਸਿੱਖਿਆ ਅਤੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਹੈ। ਮਜਬੂਰੀ ਵਿੱਚ ਬੱਚੇ ਖੇਤੀ ਕਰਦੇ ਹਨ ਪਰ ਭਾਜਪਾ ਸਰਕਾਰ ਨੇ ਕਿਸਾਨਾਂ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਹਰ ਸਾਲ ਅਰਬਾਂ-ਖਰਬਾਂ ਰੁਪਏ ਆਦਿਵਾਸੀ ਸਮਾਜ ਦੇ ਕਲਿਆਣ ਲਈ ਭੇਜਦੀਆਂ ਹਨ। ਪਿਛਲੇ 30 ਸਾਲਾਂ ਵਿੱਚ ਆਦਿਵਾਸੀ ਸਮਾਜ ਦੇ ਭਲੇ ਲਈ ਜਿੰਨਾ ਪੈਸਾ ਆਇਆ, ਜੇਕਰ ਇਹ ਪੈਸਾ ਸਿੱਧਾ ਇੱਕ-ਇੱਕ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਤਾਂ ਹਰ ਕੋਈ ਕਰੋੜਪਤੀ ਬਣ ਜਾਂਦਾ। ਪਰ ਆਦਿਵਾਸੀ ਸਮਾਜ ਦੇ ਨਾਂ ‘ਤੇ ਆਉਣ ਵਾਲਾ ਪੈਸਾ ਭਾਜਪਾ ਅਤੇ ਕਾਂਗਰਸ ਵਾਲਿਆਂ ਦੀਆਂ ਜੇਬਾਂ ਵਿੱਚ ਚਲਾ ਜਾਂਦਾ ਹੈ।

ਭਾਜਪਾ ਵਾਲੇ ਨਰੇਗਾ ਦਾ ਪੈਸਾ ਵੀ ਖਾ ਗਏ, ਸਾਡੇ ਵਿਧਾਇਕ ਨੇ ਆਵਾਜ਼ ਉਠਾਈ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਰੇਗਾ ਵਿੱਚ ਸਭ ਤੋਂ ਗਰੀਬ ਵਿਅਕਤੀ ਭਿਆਨਕ ਗਰਮੀ ਵਿੱਚ ਪਸੀਨਾ ਵਹਾ ਕੇ ਮਜ਼ਦੂਰੀ ਕਰਦਾ ਹੈ। ਸਿਰਫ਼ 100 ਦਿਨਾਂ ਦੇ ਰੁਜ਼ਗਾਰ ਦੇ ਪੈਸੇ ਮਿਲਦੇ ਹਨ। ਇਹ ਲੋਕ ਮਜ਼ਦੂਰਾਂ ਦੇ ਨਾਂ ਦੀ ਐਂਟਰੀ ਕਰਕੇ ਮਨਰੇਗਾ ਦਾ ਪੈਸਾ ਵੀ ਖਾ ਗਏ। ਮਜ਼ਦੂਰਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੁੰਦੀ ਕਿ ਉਨ੍ਹਾਂ ਦੇ ਨਾਂ ਦਾ ਅੰਗੂਠਾ ਲੱਗ ਗਿਆ ਹੈ। ‘ਆਪ’ ਵਿਧਾਇਕ ਨੇ ਮਨਰੇਗਾ ਦੇ ਪੈਸੇ ਦੀ ਲੁੱਟ ਖ਼ਿਲਾਫ਼ ਆਵਾਜ਼ ਉਠਾਈ। ਜਦੋਂ ਉਨ੍ਹਾਂ ਨੇ ਰਜਿਸਟਰ ਦਿਖਾਉਣ ਲਈ ਕਿਹਾ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਨਰੇਗਾ ਦਾ ਪੈਸਾ ਚੋਰੀ ਕਰਨ ਵਾਲੇ ਭਾਜਪਾ ਸਰਕਾਰ ਦੇ ਮੰਤਰੀ ਨੂੰ ਜੇਲ੍ਹ ਨਹੀਂ ਭੇਜਿਆ ਗਿਆ, ਕਿਉਂਕਿ ਉਹ ਉੱਪਰ ਤੱਕ ਪੈਸਾ ਪਹੁੰਚਾਉਂਦਾ ਹੈ। ਗਰੀਬਾਂ ਦਾ ਹੱਕ ਦਿਵਾਉਣ ਲਈ ਚੈਤਰ ਵਸਾਵਾ ਤਿੰਨ ਮਹੀਨੇ ਜੇਲ੍ਹ ਵਿੱਚ ਰਹੇ। ਇਸੇ ਤਰ੍ਹਾਂ, ‘ਨਲ ਸੇ ਜਲ’ ਯੋਜਨਾ ਵਿੱਚ ਅਰਬਾਂ-ਖਰਬਾਂ ਰੁਪਏ ਆਉਂਦੇ ਹਨ, ਪਰ ਕਿਸੇ ਦੇ ਘਰ ਵਿੱਚ ਨਲ ਰਾਹੀਂ ਪਾਣੀ ਨਹੀਂ ਆਇਆ। ਭਾਜਪਾ ਵਾਲੇ ਇਸ ਦਾ ਵੀ ਸਾਰਾ ਪੈਸਾ ਖਾ ਗਏ।

ਸਾਡੀਆਂ ਵੋਟਾਂ ਨਾਲ ਇਹ ਲੋਕ ਵਿਧਾਇਕ-ਮੰਤਰੀ ਬਣ ਜਾਂਦੇ ਹਨ, ਪਰ ਸਾਡੇ ਬੱਚਿਆਂ ਲਈ ਇੱਕ ਸਕੂਲ ਤੱਕ ਨਹੀਂ ਬਣਵਾਉਂਦੇ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਲੋਕਾਂ ਦੀਆਂ ਵੋਟਾਂ ਨਾਲ ਭਾਜਪਾ-ਕਾਂਗਰਸ ਵਾਲੇ ਵਿਧਾਇਕ ਅਤੇ ਮੰਤਰੀ ਬਣ ਜਾਂਦੇ ਹਨ, ਇਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਹਨ ਅਤੇ ਆਮ ਲੋਕਾਂ ਦੇ ਬੱਚਿਆਂ ਲਈ ਢੰਗ ਦੇ ਸਰਕਾਰੀ ਸਕੂਲ ਵੀ ਨਹੀਂ ਹਨ। ਇਹ ਬਿਮਾਰ ਹੋਣ ‘ਤੇ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਜਾਂਦੇ ਹਨ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਹੀ ਵਿਧਾਇਕੀ ਦੀ ਟਿਕਟ ਵੀ ਮਿਲਦੀ ਹੈ, ਪਰ ਇੱਕ ਆਮ ਆਦਮੀ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ। ਆਮ ਆਦਮੀ ਵੋਟ ਆਪਣੇ ਲਈ ਦਿੰਦਾ ਹੈ, ਨਾ ਕਿ ਇਨ੍ਹਾਂ ਲਈ। ਭਾਜਪਾ ਸਰਕਾਰ ਨੇ ਸਭ ਤੋਂ ਵੱਧ ਅੱਤਿਆਚਾਰ ਆਦਿਵਾਸੀ ਸਮਾਜ ਨਾਲ ਕੀਤੇ ਹਨ। ਇਨ੍ਹਾਂ ਨੇ ਆਦਿਵਾਸੀ ਸਮਾਜ ਦਾ ਜਲ, ਜੰਗਲ ਅਤੇ ਜ਼ਮੀਨ ਖੋਹ ਲਈ। ਪੁਲਿਸ ਅਤੇ ਵਣ ਵਿਭਾਗ ਵਾਲੇ ਵੀ ਪਰੇਸ਼ਾਨ ਕਰਦੇ ਹਨ। ਅੱਜ ਸਭ ਤੋਂ ਵੱਧ ਐਫਆਈਆਰ ਆਦਿਵਾਸੀ ਸਮਾਜ ਦੇ ਲੋਕਾਂ ‘ਤੇ ਦਰਜ ਹਨ।

ਪੰਜਾਬ ਵਾਂਗ ਗੁਜਰਾਤ ਕੋਲ ਵੀ ਝਾੜੂ ਚਲਾ ਕੇ ਕਾਂਗਰਸ-ਭਾਜਪਾ ਦਾ ਸਫਾਇਆ ਕਰਨ ਦਾ ਸੁਨਹਿਰੀ ਮੌਕਾ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2022 ਤੋਂ ਪਹਿਲਾਂ ਪੰਜਾਬ ਵਿੱਚ ਵੀ ਗੁਜਰਾਤ ਵਰਗਾ ਹੀ ਹਾਲ ਸੀ। ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਗਠਜੋੜ ਦੀਆਂ ਦੋ ਹੀ ਪਾਰਟੀਆਂ ਸਨ। ਦੋਵੇਂ ਪਾਰਟੀਆਂ 5-5 ਸਾਲ ਵਾਰੋ-ਵਾਰੀ ਸਰਕਾਰ ਬਣਾਉਂਦੀਆਂ ਸਨ ਅਤੇ ਦੋਵੇਂ ਮਿਲ ਕੇ ਲੁੱਟਦੀਆਂ ਸਨ। ਗੁਜਰਾਤ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਾਂਗਰਸ-ਭਾਜਪਾ ਦੇ ਸਾਂਝੇ ਧੰਦੇ ਸਨ। ਪੰਜਾਬ ਦੇ ਲੋਕ ਤੰਗ ਆ ਚੁੱਕੇ ਸਨ। ਇਸੇ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਉਮੀਦ ਲੈ ਕੇ ਆਈ। ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਕਿ ਪੁਰਾਣੀਆਂ ਪਾਰਟੀਆਂ ‘ਤੇ ਝਾੜੂ ਚਲਾ ਕੇ ਉਨ੍ਹਾਂ ਨੂੰ ਉਖਾੜ ਸੁੱਟਣਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ 117 ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਕੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ। ਹੁਣ ਗੁਜਰਾਤ ਕੋਲ ਵੀ ਝਾੜੂ ਚਲਾ ਕੇ ਕਾਂਗਰਸ ਅਤੇ ਭਾਜਪਾ ਨੂੰ ਸਾਫ਼ ਕਰਨ ਦਾ ਵਧੀਆ ਮੌਕਾ ਹੈ।

ਪੰਜਾਬ ਵਿੱਚ ਖੇਤੀ ਦੀ ਬਿਜਲੀ ਮੁਫ਼ਤ ਹੈ, ਜਦਕਿ ਗੁਜਰਾਤ ਵਿੱਚ ਕਿਸਾਨਾਂ ਨੂੰ ਭਾਰੀ-ਭਰਕਮ ਬਿੱਲ ਦੇਣੇ ਪੈਂਦੇ ਹਨ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਾਡੀ ਪਾਰਟੀ ਵੱਡੇ-ਵੱਡੇ ਵਾਅਦੇ ਨਹੀਂ ਕਰਦੀ, ਸਗੋਂ ਗਾਰੰਟੀ ਦਿੰਦੀ ਹੈ। ਬਾਕੀ ਪਾਰਟੀਆਂ ਝੂਠੇ ਵਾਅਦੇ ਕਰਦੀਆਂ ਹਨ। ਅਸੀਂ ਵੱਡੇ-ਵੱਡੇ ਦਾਅਵੇ ਨਹੀਂ ਕਰਾਂਗੇ, ਸਗੋਂ ਪੰਜਾਬ ਵਿੱਚ ਜੋ ਕਰਕੇ ਦਿਖਾਇਆ ਹੈ, ਉਹੀ ਕੰਮ ਗੁਜਰਾਤ ਵਿੱਚ ਵੀ ਕਰਾਂਗੇ। ਪੰਜਾਬ ਵਿੱਚ ਕਿਸਾਨਾਂ ਦੀ ਸਰਕਾਰ ਹੈ ਅਤੇ ਕਿਸਾਨ ਦਾ ਪੁੱਤਰ ਮੁੱਖ ਮੰਤਰੀ ਹੈ। ਭਗਵੰਤ ਮਾਨ ਨੂੰ ਕਿਸਾਨਾਂ ਦਾ ਦਰਦ ਪਤਾ ਹੈ। ਭਗਵੰਤ ਮਾਨ ਨੇ ਪਹਿਲਾ ਕੰਮ ਕਿਸਾਨਾਂ ਨੂੰ ਸੁਖ-ਸਮ੍ਰਿੱਧੀ ਦੇਣ ਲਈ ਉਨ੍ਹਾਂ ਦੀ ਖੇਤੀ ਦੀ ਬਿਜਲੀ ਮੁਫ਼ਤ ਕਰ ਦਿੱਤੀ। ਹੁਣ ਟਿਊਬਵੈੱਲ ਨਾਲ ਖੇਤ ਦੀ ਸਿੰਚਾਈ ਕਰਨ ਲਈ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮੁਫ਼ਤ ਮਿਲਦੀ ਹੈ, ਬਿੱਲ ਨਹੀਂ ਦੇਣੇ ਪੈਂਦੇ। ਪਰ ਗੁਜਰਾਤ ਵਿੱਚ ਕਿਸਾਨਾਂ ਨੂੰ ਖੇਤ ਦੀ ਸਿੰਚਾਈ ਲਈ ਬਿਜਲੀ ਦੇ ਬਿੱਲ ਦੇਣੇ ਪੈਂਦੇ ਹਨ। ਖੇਤੀ ਦੀ ਬਿਜਲੀ ਮੁਫ਼ਤ ਕਰਨ ਲਈ ਭਾਜਪਾ ਨੂੰ ਹਟਾਓ ਅਤੇ ਝਾੜੂ ਦੀ ਸਰਕਾਰ ਬਣਾਓ।

ਗੁਜਰਾਤ ਦੇ ਸਰਕਾਰੀ ਹਸਪਤਾਲ ਟੁੱਟੇ ਪਏ ਹਨ, ਨਾ ਦਵਾਈ ਮਿਲਦੀ ਹੈ ਅਤੇ ਨਾ ਹੀ ਟੈਸਟ ਹੁੰਦਾ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਦੇ ਪੈਸੇ 24 ਘੰਟਿਆਂ ਦੇ ਅੰਦਰ ਮਿਲ ਜਾਂਦੇ ਹਨ, ਪਰ ਗੁਜਰਾਤ ਵਿੱਚ ਕਈ ਮਹੀਨਿਆਂ ਤੱਕ ਪੈਸੇ ਨਹੀਂ ਮਿਲਦੇ। ਪੰਜਾਬ ਸਰਕਾਰ ਮੰਡੀ ਵਿੱਚ ਆਉਣ ਵਾਲੀ ਕਿਸਾਨਾਂ ਦੀ ਸਾਰੀ ਫਸਲ ਖਰੀਦਦੀ ਹੈ। ਪਹਿਲਾਂ ਪੰਜਾਬ ਵਿੱਚ ਸਿਰਫ਼ 20 ਫੀਸਦੀ ਖੇਤਾਂ ਵਿੱਚ ਹੀ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਸੀ ਅਤੇ ਅੱਜ 78 ਫੀਸਦੀ ਹੋ ਰਹੀ ਹੈ। ਗੁਜਰਾਤ ਵਿੱਚ 30 ਸਾਲਾਂ ਬਾਅਦ ਵੀ ਭਾਜਪਾ ਸਿੰਚਾਈ ਲਈ ਪਾਣੀ ਨਹੀਂ ਦੇ ਸਕੀ। ਅਗਲੇ 20 ਸਾਲ ਵੀ ਇਹ ਲੋਕ ਪਾਣੀ ਨਹੀਂ ਦੇ ਸਕਣਗੇ, ਕਿਉਂਕਿ ਇਨ੍ਹਾਂ ਦੀ ਨੀਅਤ ਹੀ ਖਰਾਬ ਹੈ। ਜੇ ਕਿਸਾਨ ਖੁਸ਼ ਹਨ ਤਾਂ ਗੁਜਰਾਤ ਵੀ ਖੁਸ਼ ਹੈ। ‘ਆਪ’ ਸਰਕਾਰ ਨੇ ਦੂਜਾ ਕੰਮ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਹੈ। ਹੁਣ ਪੰਜਾਬ ਵਿੱਚ ਆਮ ਲੋਕਾਂ ਦਾ ਵੀ ਉਨ੍ਹਾਂ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਹੋਵੇਗਾ, ਜਿੱਥੇ ਮੁੱਖ ਮੰਤਰੀ ਆਪਣਾ ਇਲਾਜ ਕਰਵਾਉਂਦੇ ਹਨ। ਅੱਜ ਗੁਜਰਾਤ ਵਿੱਚ ਸਰਕਾਰੀ ਹਸਪਤਾਲ ਟੁੱਟੇ ਪਏ ਹਨ। ਹਸਪਤਾਲ ਵਿੱਚ ਦਵਾਈ ਨਹੀਂ ਮਿਲਦੀ, ਟੈਸਟ ਨਹੀਂ ਹੁੰਦਾ। ਨਿੱਜੀ ਹਸਪਤਾਲਾਂ ਵਿੱਚ ਲੱਖਾਂ ਰੁਪਏ ਲੱਗਦੇ ਹਨ। ਗੁਜਰਾਤ ਵਿੱਚ ਵੀ 10 ਲੱਖ ਦਾ ਸਿਹਤ ਬੀਮਾ ਮਿਲਣਾ ਚਾਹੀਦਾ ਹੈ, ਪਰ ਇਸ ਦੇ ਲਈ ਭਾਜਪਾ ਨੂੰ ਭਗਾ ਕੇ ਝਾੜੂ ਨੂੰ ਲਿਆਉਣਾ ਪਵੇਗਾ।

ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਐਮਪੀ ਦੀ ਤਰ੍ਹਾਂ ਆਮ ਲੋਕਾਂ ਦੀ ਵੀ ਬਿਜਲੀ ਮੁਫ਼ਤ ਹੋਣੀ ਚਾਹੀਦੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਾਲੇ 10 ਲੱਖ ਰੁਪਏ ਦੇ ਬੀਮੇ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਗਰੀਬਾਂ ਲਈ ਸਰਕਾਰੀ ਹਸਪਤਾਲ ਤਾਂ ਹੈਗੇ ਹੀ ਹਨ, ਇਨ੍ਹਾਂ ਨੂੰ ਬੁਰੀ ਆਦਤ ਪੈ ਜਾਵੇਗੀ। ਜਦੋਂ ਸੀ.ਐਮ., ਮੰਤਰੀ ਅਤੇ ਵਿਧਾਇਕ ਦਾ ਇਲਾਜ ਫ੍ਰੀ ਹੁੰਦਾ ਹੈ, ਤਾਂ ਕਿਸਾਨਾਂ ਦਾ ਵੀ ਫ੍ਰੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਖੇਤੀ ਦੇ ਨਾਲ-ਨਾਲ ਘਰ ਦੀ ਬਿਜਲੀ ਵੀ ਮੁਫ਼ਤ ਕਰ ਦਿੱਤੀ ਹੈ। ਪਹਿਲਾਂ ਛੋਟੇ ਜਿਹੇ ਘਰ ਦਾ ਵੀ ਹਜ਼ਾਰਾਂ ਰੁਪਏ ਬਿੱਲ ਆਉਂਦਾ ਸੀ, ਪਰ ਹੁਣ ਜ਼ੀਰੋ ਬਿੱਲ ਆਉਂਦਾ ਹੈ। ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਗੁਜਰਾਤ ਵਿੱਚ ਹੈ। ਮੁਫ਼ਤ ਬਿਜਲੀ ਦੇਣ ਦਾ ਵੀ ਕਾਂਗਰਸ-ਭਾਜਪਾ ਵਾਲਿਆਂ ਨੇ ਵਿਰੋਧ ਕੀਤਾ। ਇਹ ਕਹਿ ਰਹੇ ਹਨ ਕਿ ਭਗਵੰਤ ਮਾਨ ਸਰਕਾਰ ਗਰੀਬਾਂ ‘ਤੇ ਪੈਸੇ ਲੁਟਾ ਰਹੀ ਹੈ, ਮੁਫ਼ਤਖੋਰੀ ਦੀ ਆਦਤ ਪਾ ਰਹੀ ਹੈ। ਜੇਕਰ ਇਨ੍ਹਾਂ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਐਮ.ਪੀ. ਦੀ ਬਿਜਲੀ ਮੁਫ਼ਤ ਹੈ, ਤਾਂ ਆਮ ਘਰਾਂ ਦੀ ਬਿਜਲੀ ਵੀ ਫ੍ਰੀ ਹੋਣੀ ਚਾਹੀਦੀ ਹੈ।

ਜਨਤਾ ਨੂੰ ਅਪੀਲ, ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਾਓ, ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਦਿਆਂਗੇ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਕਿਸਾਨਾਂ ਅਤੇ ਘਰਾਂ ਦੀ ਬਿਜਲੀ ਫ੍ਰੀ ਕੀਤੀ, 10 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਅਤੇ ਫਿਰ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦਿੱਤਾ। ਗੁਜਰਾਤ ਦੇ ਲੋਕਾਂ ਨੂੰ ਵੀ ਇਹ ਸਭ ਮਿਲ ਸਕਦਾ ਹੈ, ਪਰ ਇਸ ਦੇ ਲਈ ਭਾਜਪਾ ਨੂੰ ਭਜਾਉਣਾ ਪਵੇਗਾ। ਇਨ੍ਹਾਂ ਨੇ ਆਦਿਵਾਸੀ ਸਮਾਜ ਦੇ ਬੱਚਿਆਂ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਦੇ ਪੜ੍ਹਨ ਲਈ ਕੋਈ ਵੀ ਢੰਗ ਦਾ ਸਰਕਾਰੀ ਸਕੂਲ ਨਹੀਂ ਹੈ। ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ। ਦੂਜੇ ਪਾਸੇ, ਅਸੀਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਇੰਜੀਨੀਅਰ ਅਤੇ ਡਾਕਟਰ ਬਣ ਰਹੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਟ੍ਰੇਨਿੰਗ ਕਰਵਾਉਂਦੇ ਹਾਂ। ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਾਓ, ਅਸੀਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਦਿਆਂਗੇ। ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦਾ ਭਵਿੱਖ ਬਣਾਉਣ ਦੀ ਗੱਲ ਕੇਜਰੀਵਾਲ ਤੋਂ ਇਲਾਵਾ ਕੋਈ ਹੋਰ ਨੇਤਾ ਨਹੀਂ ਕਰ ਸਕਦਾ।

ਕਾਂਗਰਸ-ਭਾਜਪਾ ਵਾਲੇ ਸਾਡੇ ਬੱਚਿਆਂ ਨੂੰ ਰੈਲੀਆਂ ਵਿੱਚ ਲੈ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਉਂਦੇ ਹਨ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਕਈ ਪੀੜ੍ਹੀਆਂ ਤੋਂ ਕਾਂਗਰਸ ਜਾਂ ਭਾਜਪਾ ਨੂੰ ਵੋਟ ਪਾ ਰਹੇ ਹਾਂ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਇੰਨੇ ਸਾਲਾਂ ਵਿੱਚ ਭਾਜਪਾ ਅਤੇ ਕਾਂਗਰਸ ਨੇ ਕੀ ਦਿੱਤਾ? ਸਿਰਫ਼ ਗਰੀਬਾਂ ਨੂੰ ਆਪਣੀਆਂ ਰੈਲੀਆਂ ਵਿੱਚ ਲੈ ਜਾਂਦੇ ਹਨ, ਗੁੰਡਾਗਰਦੀ ਕਰਦੇ ਹਨ ਅਤੇ ਫਿਰ ਜੇਲ੍ਹ ਭੇਜ ਦਿੰਦੇ ਹਨ। ਭੁਗਤਣਾ ਤਾਂ ਆਮ ਆਦਮੀ ਨੂੰ ਹੀ ਪੈਂਦਾ ਹੈ। ਇਸ ਲਈ ਜਨਤਾ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਭਾਜਪਾ ਜਾਂ ਕਾਂਗਰਸ ਦੇ ਵਿਧਾਇਕ ਦਾ ਬੇਟਾ ਕਦੇ ਜੇਲ੍ਹ ਨਹੀਂ ਜਾਂਦਾ, ਸਗੋਂ ਉਹ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਦਾ ਹੈ। ਇਸ ਦੇ ਬਾਵਜੂਦ ਹਰ ਵਾਰ ਉਨ੍ਹਾਂ ਨੂੰ ਵੋਟ ਦੇ ਦਿੱਤੀ ਜਾਂਦੀ ਹੈ। ਇਸ ਵਾਰ ਗੁਜਰਾਤ ਦੀ ਜਨਤਾ ਭਾਜਪਾ-ਕਾਂਗਰਸ ਨੂੰ ਵੋਟ ਨਹੀਂ ਦੇਵੇਗੀ, ਇਸ ਵਾਰ ਉਹ ਆਪਣੇ ਅਤੇ ਆਪਣੇ ਬੱਚਿਆਂ ਬਾਰੇ ਸੋਚੇਗੀ। ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਿਰਫ਼ ਆਮ ਆਦਮੀ ਪਾਰਟੀ ਹੀ ਚੰਗਾ ਭਵਿੱਖ ਦੇ ਸਕਦੀ ਹੈ। ਸਿਰਫ਼ ‘ਆਪ’ ਹੀ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਨੌਕਰੀ ਦੇ ਸਕਦੀ ਹੈ। ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੇ ਬਿਨਾਂ ਕਿਸੇ ਸਿਫਾਰਸ਼ ਦੇ ਹੁਣ ਤੱਕ 65 ਹਜ਼ਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਕਿਉਂਕਿ ਇਹ ਇੱਕ ਇਮਾਨਦਾਰ ਸਰਕਾਰ ਹੈ।

‘ਆਪ’ ਕੱਟੜ ਇਮਾਨਦਾਰ ਪਾਰਟੀ ਹੈ, ਜੇਕਰ ਸਾਡਾ ਆਪਣਾ ਵੀ ਭ੍ਰਿਸ਼ਟਾਚਾਰ ਕਰੇਗਾ ਤਾਂ ਜੇਲ੍ਹ ਜਾਵੇਗਾ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਦਾ ਬਜਟ ਘਾਟੇ ਵਿੱਚ ਹੁੰਦਾ ਸੀ। ਸਾਰੀਆਂ ਪਾਰਟੀਆਂ ਕਹਿੰਦੀਆਂ ਸਨ ਕਿ ਸਰਕਾਰ ਕੋਲ ਪੈਸਾ ਨਹੀਂ ਹੈ, ਸਰਕਾਰ ਕੰਗਾਲ ਹੋ ਗਈ ਹੈ, ਪਰ ਅਸੀਂ ਸਾਰਾ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਖਤਮ ਕਰ ਦਿੱਤੀ। ਇਸ ਨਾਲ ਸਰਕਾਰ ਕੋਲ ਬਹੁਤ ਪੈਸਾ ਆ ਗਿਆ ਅਤੇ ਉਸੇ ਪੈਸੇ ਨਾਲ ਸੜਕਾਂ ਬਣ ਰਹੀਆਂ ਹਨ, ਬਿਜਲੀ ਆ ਰਹੀ ਹੈ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਹੁਣ ਪੰਜਾਬ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਸੀਐਮ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਣ ‘ਤੇ ਆਪਣੀ ਹੀ ਪਾਰਟੀ ਦੇ ਵਿਧਾਇਕ ਨੂੰ ਜੇਲ੍ਹ ਵਿੱਚ ਡਾਲ ਦਿੱਤਾ। ਦੂਜੀਆਂ ਪਾਰਟੀਆਂ ਵਿੱਚ ਅਜਿਹਾ ਨਹੀਂ ਹੁੰਦਾ। ਸਗੋਂ ਜੇ ਮੁੱਖ ਮੰਤਰੀ ਨੂੰ ਪਤਾ ਲੱਗ ਜਾਵੇ ਤਾਂ ਉਹ ਵਿਧਾਇਕ ਤੋਂ ਆਪਣਾ ਹਿੱਸਾ ਮੰਗਦਾ ਹੈ। ਜੇਕਰ ਸਾਡਾ ਕੋਈ ਆਪਣਾ ਵੀ ਭ੍ਰਿਸ਼ਟਾਚਾਰ ਕਰੇਗਾ ਜਾਂ ਜਨਤਾ ਨਾਲ ਧੋਖਾ ਕਰੇਗਾ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ। ਪੂਰੇ ਦੇਸ਼ ਵਿੱਚ ਇਕੱਲੀ ਆਮ ਆਦਮੀ ਪਾਰਟੀ ਹੀ ਕੱਟੜ ਇਮਾਨਦਾਰ ਪਾਰਟੀ ਹੈ।

ਇਨ੍ਹਾਂ ਨੇ ਸਾਡੇ ‘ਤੇ ਝੂਠੇ ਇਲਜ਼ਾਮ ਲਗਾਏ, ਪਰ ਅਦਾਲਤ ਨੇ ਕਿਹਾ ਕਿ ਭਾਜਪਾ ਝੂਠ ਬੋਲ ਰਹੀ ਹੈ, ਕੇਜਰੀਵਾਲ ਕੱਟੜ ਇਮਾਨਦਾਰ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੇਰੇ ‘ਤੇ ਸ਼ਰਾਬ ਘੁਟਾਲੇ ਦਾ ਇਲਜ਼ਾਮ ਲਗਾਇਆ। ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ 100 ਕਰੋੜ ਰੁਪਏ ਖਾ ਗਏ। ਸਾਡੇ ‘ਤੇ ਈਡੀ-ਸੀਬੀਆਈ ਨੇ ਕਈ ਕੇਸ ਕਰ ਦਿੱਤੇ। ਸਾਡੇ ਘਰ ਅਤੇ ਦਫ਼ਤਰ ‘ਤੇ ਛਾਪੇ ਮਾਰੇ, ਪਰ ਇਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਜੇਕਰ 100 ਕਰੋੜ ਖਾ ਗਏ ਸਨ ਤਾਂ ਕਿਤੇ ਤਾਂ ਰੱਖੇ ਹੋਣਗੇ। ਅਜੇ ਕੁਝ ਦਿਨ ਪਹਿਲਾਂ ਅਦਾਲਤ ਦਾ ਹੁਕਮ ਆਇਆ ਹੈ। ਅਦਾਲਤ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪੂਰਾ ਮੁਕੱਦਮਾ ਹੀ ਝੂਠਾ ਹੈ। ਅਦਾਲਤ ਨੇ ਕਿਹਾ ਹੈ ਕਿ ਕੇਜਰੀਵਾਲ ਵਰਗਾ ਕੱਟੜ ਇਮਾਨਦਾਰ ਆਦਮੀ ਕੋਈ ਨਹੀਂ ਹੈ। ਆਮ ਆਦਮੀ ਪਾਰਟੀ ਵਰਗੀ ਕੱਟੜ ਇਮਾਨਦਾਰ ਪਾਰਟੀ ਕੋਈ ਨਹੀਂ ਹੈ। ਅਦਾਲਤ ਨੇ ਕਿਹਾ ਹੈ ਕਿ ਭਾਜਪਾ ਝੂਠ ਬੋਲ ਰਹੀ ਹੈ। ਝੂਠੇ ਇਲਜ਼ਾਮ ਲਗਾ ਕੇ ਕੇਜਰੀਵਾਲ ਨੂੰ ਫਸਾਇਆ ਗਿਆ। ਇਨ੍ਹਾਂ ਨੇ ਝੂਠੇ ਇਲਜ਼ਾਮ ਲਗਾ ਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਛੇ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ। ਇਨ੍ਹਾਂ ਨੇ ਦਿੱਲੀ ਨੂੰ ਤਹਿਸ-ਨਹਿਸ ਕਰ ਦਿੱਤਾ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਿਰਫ਼ ਆਮ ਘਰਾਂ ਦੇ ਬੱਚਿਆਂ ਨੂੰ ਟਿਕਟ ਦੇਵੇਗੀ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਚੋਣ ਵਿੱਚ ਭਾਜਪਾ ਅਤੇ ਕਾਂਗਰਸ ਵਾਲੇ ਆਪਣੇ-ਆਪਣੇ ਬੱਚਿਆਂ ਨੂੰ ਟਿਕਟਾਂ ਦੇਣਗੇ। ਪਰ ਆਮ ਆਦਮੀ ਪਾਰਟੀ ਸਿਰਫ਼ ਆਮ ਘਰਾਂ ਦੇ ਬੱਚਿਆਂ ਨੂੰ ਹੀ ਟਿਕਟ ਦੇਵੇਗੀ। ਕਿਸੇ ਨੇਤਾ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਅਸੀਂ ਜਨਤਾ ਦੀ ਸਰਕਾਰ ਬਣਾਵਾਂਗੇ ਅਤੇ ਜਨਤਾ ਹੀ ਸਰਕਾਰ ਸੰਭਾਲੇਗੀ। ਜੇਕਰ ਜਨਤਾ ਦੀ ਸਰਕਾਰ ਹੋਵੇਗੀ, ਤਾਂ ਉਹ ਜਨਤਾ ਲਈ ਕੰਮ ਕਰੇਗੀ। ਜਨਤਾ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ, ਨਗਰ ਪਾਲਿਕਾ ਅਤੇ ਮਹਾਨਗਰ ਪਾਲਿਕਾ ਦੀ ਜ਼ਿੰਮੇਵਾਰੀ ਸੰਭਾਲੇ। ਅਸੀਂ ਇੱਕ ਸਾਫ਼-ਸੁਥਰੀ ਸਰਕਾਰ ਬਣਾਉਣੀ ਹੈ। ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ, ਨਗਰ ਪਾਲਿਕਾ ਅਤੇ ਮਹਾਨਗਰ ਪਾਲਿਕਾ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ। ਇੱਕ-ਇੱਕ ਪੈਸਾ ਜਨਤਾ ਲਈ ਵਰਤਿਆ ਜਾਵੇਗਾ। ਇਨ੍ਹਾਂ ਲੋਕਾਂ ਦੀ ਗੁੰਡਾਗਰਦੀ ਖ਼ਤਮ ਕਰਨੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰ ਰਹੀ ਹੈ। ਇਸ ਦਾ ਮਤਲਬ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰ ਗਈ ਹੈ। ਭਾਜਪਾ ਵਾਲੇ ਕਾਂਗਰਸ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੇ, ਕਿਉਂਕਿ ਕਾਂਗਰਸ ਤਾਂ ਭਾਜਪਾ ਨਾਲ ਮਿਲੀ ਹੋਈ ਹੈ। ਬੁੱਧਵਾਰ ਨੂੰ ‘ਆਪ’ ਦੇ ਪੰਜ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਇੱਕ ਦਿਨ ਪਹਿਲਾਂ 4 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 10 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਲੋਕ ਸਾਡੇ ਜਿੰਨੇ ਮਰਜ਼ੀ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲੈਣ, ਹੁਣ ਗੁਜਰਾਤ ਦੀ ਜਨਤਾ ‘ਆਪ’ ਦੇ ਨਾਲ ਖੜ੍ਹੀ ਹੋ ਗਈ ਹੈ। ਹੁਣ ਪੂਰਾ ਗੁਜਰਾਤ ਬਦਲਾਅ ਮੰਗ ਰਿਹਾ ਹੈ।

ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਾਂਗ ਸਾਰੇ ਵਾਅਦੇ ਪੂਰੇ ਕਰਕੇ ਦਿਖਾਵਾਂਗੇ – ਭਗਵੰਤ ਸਿੰਘ ਮਾਨ

ਇਸ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ। ਅਸੀਂ ਜੋ ਵਾਅਦਾ ਕੀਤਾ ਸੀ, ਉਹ ਸਰਕਾਰ ਦੇ ਚੌਥੇ ਸਾਲ ਵਿੱਚ ਪੂਰਾ ਕਰ ਦਿੱਤਾ ਹੈ। ਗੁਜਰਾਤ ਵਿੱਚ ਵੀ ਜੇਕਰ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਵੀ ਉਹੀ ਹਾਲ ਸੀ ਜੋ ਅੱਜ ਗੁਜਰਾਤ ਦੇ ਕਿਸਾਨਾਂ ਦਾ ਹੈ। ਉੱਥੇ ਵੀ ਅੱਧੀ ਰਾਤ ਨੂੰ ਬਿਜਲੀ ਆਉਂਦੀ ਸੀ। ਕਿਸਾਨ ਸਾਰੀ ਰਾਤ ਸੌਂ ਨਹੀਂ ਸੀ ਸਕਦਾ ਅਤੇ ਖੇਤਾਂ ਦੀ ਸਿੰਚਾਈ ਵੀ ਨਹੀਂ ਹੋ ਪਾਉਂਦੀ ਸੀ। ਪਰ ਅੱਜ ਪੰਜਾਬ ਵਿੱਚ ਕਿਸਾਨਾਂ ਨੂੰ ਦਿਨ ਵੇਲੇ 8 ਘੰਟੇ ਬਿਜਲੀ ਮਿਲਦੀ ਹੈ। ਹੁਣ ਕਿਸਾਨ ਵੀ ਅਫ਼ਸਰਾਂ ਵਾਂਗ ਸਵੇਰੇ ਆਰਾਮ ਨਾਲ ਰੋਟੀ ਖਾ ਕੇ ਆਪਣੀ ਡਿਊਟੀ ‘ਤੇ ਖੇਤ ਜਾਂਦਾ ਹੈ ਅਤੇ ਸ਼ਾਮ ਨੂੰ ਆਪਣਾ ਟਿਊਬਵੈੱਲ ਬੰਦ ਕਰਕੇ ਘਰ ਵਾਪਸ ਆ ਜਾਂਦਾ ਹੈ। ਪੰਜਾਬ ਵਿੱਚ ਕਿਸਾਨ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਉਂਦਾ ਹੈ ਅਤੇ ਉਸੇ ਦਿਨ ਉਸ ਦੀ ਫ਼ਸਲ ਤੁਲ ਕੇ ਵਿਕ ਜਾਂਦੀ ਹੈ। ਜਦੋਂ ਤੱਕ ਕਿਸਾਨ ਆਪਣੀ ਟਰੈਕਟਰ-ਟਰਾਲੀ ਲੈ ਕੇ ਘਰ ਪਹੁੰਚਦਾ ਹੈ, ਉਦੋਂ ਤੱਕ ਉਸ ਦੇ ਮੋਬਾਈਲ ‘ਤੇ ਮੈਸੇਜ ਆ ਜਾਂਦਾ ਹੈ ਕਿ ਉਸ ਦੀ ਅੱਜ ਦੀ ਫ਼ਸਲ ਦੇ ਪੈਸੇ ਉਸ ਦੇ ਖਾਤੇ ਵਿੱਚ ਆ ਚੁੱਕੇ ਹਨ।

ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਅਸੀਂ ਹਰ ਪਰਿਵਾਰ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾ ਦਿੱਤਾ ਹੈ। ਲੋਕ ਕਿਸੇ ਵੀ ਵੱਡੇ ਹਸਪਤਾਲ ਵਿੱਚ ਜਾ ਕੇ ਆਪਣਾ ਕਾਰਡ ਦਿਖਾਉਣ ਅਤੇ 5 ਜਾਂ 7 ਲੱਖ ਰੁਪਏ ਜਿੰਨਾ ਵੀ ਬਿੱਲ ਹੋਵੇਗਾ, ਉਹ ਪੰਜਾਬ ਸਰਕਾਰ ਦੇਵੇਗੀ। ਹੁਣ ਪੰਜਾਬ ਵਿੱਚ ਕੋਈ ਵੀ ਵਿਅਕਤੀ ਪੈਸੇ ਦੀ ਕਮੀ ਕਾਰਨ ਆਪਣੇ ਇਲਾਜ ਤੋਂ ਵਾਂਝਾ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਗੁਜਰਾਤ ਦੀ ਜਨਤਾ ਨੂੰ 30 ਸਾਲਾਂ ਤੋਂ ਲੁੱਟ ਰਹੇ ਹਨ। ਭਾਜਪਾ ਵਾਲੇ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਵੇ, ਉਨ੍ਹਾਂ ਕੋਲ ਪੈਸੇ ਹਨ ਅਤੇ ਉਹ ਲੋਕਾਂ ਨੂੰ ਪੈਸੇ ਦੇ ਕੇ ਵੋਟਾਂ ਲੈ ਲੈਣਗੇ। ਭਗਵੰਤ ਮਾਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੈਸੇ ਦੇਣ ਆਉਣ ਤਾਂ ਮਨ੍ਹਾ ਨਾ ਕਰਨਾ ਅਤੇ ਰੱਖ ਲੈਣਾ ਕਿਉਂਕਿ ਉਹ ਜਨਤਾ ਦਾ ਹੀ ਲੁੱਟਿਆ ਹੋਇਆ ਪੈਸਾ ਹੈ। ਪਰ ਵੋਟਿੰਗ ਵਾਲੇ ਦਿਨ ਅੰਦਰ ਜਾ ਕੇ ਝਾੜੂ ਵਾਲਾ ਬਟਨ ਹੀ ਦਬਾਉਣਾ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਾਲੇ ਆਪਸ ਵਿੱਚ ਮਿਲੇ ਹੋਏ ਹਨ। ਜੇਕਰ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ ਤਾਂ ਸਮਝ ਲੈਣ ਕਿ ਉਹ ਵੋਟ ਭਾਜਪਾ ਕੋਲ ਹੀ ਚਲੀ ਗਈ ਹੈ ਕਿਉਂਕਿ ਉਨ੍ਹਾਂ ਦਾ ਵਿਧਾਇਕ ਬਾਅਦ ਵਿੱਚ ਉਧਰ ਹੀ ਸ਼ਾਮਲ ਹੋ ਜਾਂਦਾ ਹੈ। ਇਨ੍ਹਾਂ ਦੋਵਾਂ ਨੂੰ ਇੱਕ ਹੀ ਪਾਰਟੀ ਸਮਝੋ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਸਮਝੋ। ਇਹ ਲੋਕ ਲੜਾਈ ਦੀ ਗੱਲ ਕਰਦੇ ਹਨ, ਅਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਹਾਂ। ਇਹ ਲੋਕ ਜਾਤੀਵਾਦ ਦੀ ਗੱਲ ਕਰਦੇ ਹਨ, ਜਦਕਿ ਆਮ ਆਦਮੀ ਪਾਰਟੀ ਚੰਗੇ ਸਕੂਲ, ਹਸਪਤਾਲ, ਫ਼ਸਲਾਂ ਦੇ ਉਚਿਤ ਭਾਅ ਅਤੇ ਕਿਸਾਨ ਦੀ ਮਿਹਨਤ ਦੇ ਮੁੱਲ ਦੀ ਗੱਲ ਕਰਦੀ ਹੈ। ਅਸੀਂ ਔਰਤਾਂ ਲਈ 1000 ਰੁਪਏ ਜਨਰਲ ਕੈਟੇਗਰੀ ਅਤੇ 1500 ਰੁਪਏ ਐਸਸੀ ਕੈਟੇਗਰੀ ਦੀਆਂ ਔਰਤਾਂ ਦੇ ਬੈਂਕ ਖਾਤੇ ਵਿੱਚ ਹਰ ਮਹੀਨੇ ਭੇਜਣ ਦਾ ਪ੍ਰਬੰਧ ਕੀਤਾ ਹੈ। ਅੱਜ ਪੰਜਾਬ ਵਿੱਚ ਘਰਾਂ ਦੀ ਬਿਜਲੀ ਬਿਲਕੁਲ ਮੁਫ਼ਤ ਹੈ। ਪੰਜਾਬ ਵਿੱਚ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ, ਜਦਕਿ ਗੁਜਰਾਤ ਵਿੱਚ ਲੋਕਾਂ ਨੂੰ ਬਿੱਲ ਤਾਂ ਭਾਰੀ-ਭਰਕਮ ਆਉਂਦਾ ਹੈ ਪਰ ਬਿਜਲੀ ਨਹੀਂ ਆਉਂਦੀ।

ਮਾਨ ਸਰਕਾਰ ਵੱਲੋਂ ਵਪਾਰੀਆਂ ਦੀਆਂ 1,386 ਸ਼ਿਕਾਇਤਾਂ ਦੀ ਸਮੀਖਿਆ, PSTC ਰਾਹੀਂ ਸਮਾਂਬੱਧ ਹੱਲ ‘ਤੇ ਜ਼ੋਰ: ਹਰਪਾਲ ਸਿੰਘ ਚੀਮਾ

ਵਪਾਰੀਆਂ ਨਾਲ ਢਾਂਚਾਗਤ ਗੱਲਬਾਤ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ 256 ਪੀ.ਐਸ.ਟੀ.ਸੀ. ਮੀਟਿੰਗਾਂ ਕੀਤੀਆਂ ਗਈਆਂ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ​​ਕਰ ਰਹੀ ਹੈ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਵੱਲੋਂ ਐਸ.ਓ.ਪੀ. ਦੀ ਸਖ਼ਤ ਪਾਲਣਾ ਲਾਜ਼ਮੀ, ਵਪਾਰੀਆਂ ਦੇ ਮਸਲਿਆਂ ਦੇ ਹੱਲ ਲਈ ਜਵਾਬਦੇਹੀ ਤੈਅ ਕੀਤੀ ਗਈ: ਹਰਪਾਲ ਸਿੰਘ ਚੀਮਾ

ਵਪਾਰੀਆਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਅਤੇ ਜਵਾਬਦੇਹੀ ਵਿੱਚ ਸੁਧਾਰ ਲਿਆਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਸਮੀਖਿਆ

ਚੰਡੀਗੜ੍ਹ, 27 ਮਾਰਚ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪੰਜਾਬ ਰਾਜ ਵਪਾਰੀ ਕਮਿਸ਼ਨ (ਪੀ.ਐਸ.ਟੀ.ਸੀ.) ਦੀ ਸੂਬਾ ਪੱਧਰੀ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਇੱਕ ਸਖ਼ਤ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਸਮਾਂਬੱਧ ਹੱਲ ਪ੍ਰਦਾਨ ਕਰਨ ਲਈ ਫੈਸਲਾਕੁੰਨ ਕਦਮ ਚੁੱਕ ਰਹੀ ਹੈ।

ਪੰਜਾਬ ਭਰ ਵਿੱਚ ਹੋਈਆਂ 256 ਮੀਟਿੰਗਾਂ ਦੀ ਪ੍ਰਗਤੀ ਅਤੇ 1,386 ਸ਼ਿਕਾਇਤਾਂ ਦੀ ਸਮੀਖਿਆ ਕਰਦਿਆਂ, ਵਿੱਤ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਵਪਾਰੀ ਭਾਈਚਾਰੇ ਨਾਲ ਇੱਕ ਢਾਂਚਾਗਤ ਗੱਲਬਾਤ ਨੂੰ ਸੰਸਥਾਗਤ ਰੂਪ ਦਿੱਤਾ ਹੈ, ਐਸ.ਓ.ਪੀ. ਦੀ ਸਖ਼ਤ ਪਾਲਣਾ ਨੂੰ ਲਾਗੂ ਕੀਤਾ ਹੈ ਅਤੇ ਹਰ ਪੱਧਰ ‘ਤੇ ਸਪੱਸ਼ਟ ਪ੍ਰਸ਼ਾਸਕੀ ਜ਼ਿੰਮੇਵਾਰੀ ਤੈਅ ਕਰਦੇ ਹੋਏ ਮਸਲਿਆਂ ਦੇ ਜ਼ਮੀਨੀ ਪੱਧਰ ‘ਤੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਲਈ ਤਿੰਨ-ਪੱਧਰੀ ਪੀ.ਐਸ.ਟੀ.ਸੀ. ਢਾਂਚੇ ਨੂੰ ਸਰਗਰਮ ਕੀਤਾ ਹੈ।

ਮੀਟਿੰਗ ਦਾ ਮੁੱਖ ਕੇਂਦਰ ਸ਼ਿਕਾਇਤਾਂ ਦੀ ਮਾਸਟਰ ਸੂਚੀ ਦੀ ਡੂੰਘਾਈ ਨਾਲ ਸਮੀਖਿਆ ਕਰਨਾ ਸੀ, ਜੋ ਕਿ ਲੰਬਿਤ ਪਏ ਮਾਮਲਿਆਂ ਨੂੰ ਹੱਲ ਕਰਨ ਅਤੇ ਵਪਾਰਕ ਭਾਈਚਾਰੇ ਦੁਆਰਾ ਉਠਾਈਆਂ ਗਈਆਂ ਨਵੀਆਂ ਚਿੰਤਾਵਾਂ ਨੂੰ ਸਰਗਰਮੀ ਨਾਲ ਨੋਟ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

ਪੀ.ਐਸ.ਟੀ.ਸੀ. ਦੇ ਜ਼ਮੀਨੀ ਪੱਧਰ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬੇ ਭਰ ਵਿੱਚ ਪਹਿਲਾਂ ਹੀ 256 ਮੀਟਿੰਗਾਂ ਸਫਲਤਾਪੂਰਵਕ ਕਰਵਾਈਆਂ ਜਾ ਚੁੱਕੀਆਂ ਹਨ। ਇਸ ਢਾਂਚੇ ਦਾ ਮੁੱਖ ਉਦੇਸ਼ ਸੂਬਾ ਪ੍ਰਸ਼ਾਸਨ ਅਤੇ ਵਪਾਰੀ ਭਾਈਚਾਰੇ ਵਿਚਕਾਰ ਇੱਕ ਨਿਯਮਤ, ਢਾਂਚਾਗਤ ਅਤੇ ਆਪਸੀ ਲਾਹੇਵੰਦ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਸ ਰਸਮੀ ਪ੍ਰਣਾਲੀ ਨੂੰ ਮਜ਼ਬੂਤ ਕਰਕੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਵਪਾਰੀਆਂ ਨੂੰ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਲਈ ਇੱਕ ਬਹੁਤ ਹੀ ਪਾਰਦਰਸ਼ੀ ਅਤੇ ਜਵਾਬਦੇਹ ਮੰਚ ਪ੍ਰਦਾਨ ਕਰਨਾ ਹੈ।”

ਇਸ ਤੋਂ ਇਲਾਵਾ, ਮੀਟਿੰਗ ਵਿੱਚ ਇਹਨਾਂ ਮਸਲਿਆਂ ਦੇ ਸੁਚਾਰੂ ਪ੍ਰਬੰਧਨ, ਦਸਤਾਵੇਜ਼ੀਕਰਨ ਅਤੇ ਹੱਲ ਲਈ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਪੱਧਰ ‘ਤੇ ਸਪੱਸ਼ਟ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਤੈਅ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਕਿ ਜਨਤਕ ਜਵਾਬਦੇਹੀ ਲਈ ਮੀਟਿੰਗਾਂ ਦੇ ਸਾਰੇ ਰਿਕਾਰਡ, ਫੋਟੋਆਂ ਅਤੇ ਸ਼ਿਕਾਇਤਾਂ ਦੇ ਹੱਲ ਤੁਰੰਤ ਸਰਕਾਰੀ ਪੋਰਟਲ ‘ਤੇ ਅਪਲੋਡ ਕੀਤੇ ਜਾਣ।

ਮੀਟਿੰਗ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀ.ਐਸ.ਟੀ.ਸੀ. ਦੇ ਮਜ਼ਬੂਤ ​​ਤਿੰਨ-ਪੱਧਰੀ ਢਾਂਚੇ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ, ਜੋ ਸੂਬਾ, ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ‘ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਪੀ.ਐਸ.ਟੀ.ਸੀ. ਦੇ ਚੇਅਰਮੈਨ ਵੀ ਹਨ, ਦੇ ਨਾਲ ਆਬਕਾਰੀ ਅਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਮੌਜੂਦ ਸਨ। 

ਚੰਡੀਗੜ੍ਹ ਵਿਖੇ ਪੰਜਾਬ ਭਵਨ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ ਇਸ ਉੱਚ-ਪੱਧਰੀ ਵਰਚੁਅਲ ਮੀਟਿੰਗ ਵਿੱਚ ਸਾਰੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀਜ਼) ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰ, ਅਤੇ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਵਪਾਰੀ ਕਮਿਸ਼ਨਾਂ ਦੇ ਚੇਅਰਮੈਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਜ਼ਮੀਨੀ ਪੱਧਰ ‘ਤੇ ਤੁਰੰਤ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਪਣੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰਾਂ ਤੋਂ ਸਿੱਧੇ ਤੌਰ ‘ਤੇ ਮੀਟਿੰਗ ਵਿੱਚ ਹਿੱਸਾ ਲਿਆ।

ਡਾ. ਰਵਜੋਤ ਸਿੰਘ ਨੇ ਜੇਲ੍ਹ ਮੰਤਰੀ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 27 ਮਾਰਚ:

ਪੰਜਾਬ ਸਰਕਾਰ ਵਿੱਚ ਨਵੇਂ ਜੇਲ੍ਹ ਮੰਤਰੀ ਵਜੋਂ ਡਾ. ਰਵਜੋਤ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਤੋਂ ਇਲਾਵਾ ਉਹ ਐਨ.ਆਰ.ਆਈ. ਅਤੇ ਸੰਸਦੀ ਮਾਮਲੇ ਆਦਿ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।

ਚਾਰਜ ਸੰਭਾਲਣ ਤੋਂ ਬਾਅਦ ਡਾ. ਰਵਜੋਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇ ਕੇ, ਜੋ ਭਰੋਸਾ ਜਤਾਇਆ ਹੈ, ਉਹ ਉਸ ‘ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ।

ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ, ਜਿਸ ਵਿੱਚ ਵਿਭਾਗ ਦੇ ਚੱਲ ਰਹੇ ਕੰਮਾਂ, ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਨੂੰ ਹੋਰ ਸੁਧਾਰਿਆ ਜਾਵੇਗਾ ਅਤੇ ਕੈਦੀਆਂ ਲਈ ਬਿਹਤਰ ਸੁਵਿਧਾਵਾਂ ਅਤੇ ਸੁਧਾਰਾਤਮਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਲ੍ਹਾਂ ਨੂੰ ਸਿਰਫ਼ ਸਜ਼ਾ ਦੇ ਕੇਂਦਰ ਨਹੀਂ, ਸਗੋਂ ਸੁਧਾਰ ਦੇ ਕੇਂਦਰ ਬਣਾਉਣ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਪੇਸ਼ਕਾਰੀ ਰਾਹੀਂ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ, ਪਹਿਲਕਦਮੀਆਂ ਅਤੇ ਚੁਣੌਤੀਆਂ ਬਾਰੇ ਨਵੇਂ ਮੰਤਰੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਨਵੇਂ ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਵਿਭਾਗ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਅਤੇ ਜੇਲ ਪ੍ਰਣਾਲੀ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਯਕੀਨੀ ਬਣਾਉਣ ਲਈ ਵੀ ਕਿਹਾ।

ਇਸ ਮੌਕੇ ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਵਨਾ ਗਰਗ, ਸਕੱਤਰ ਮੁਹੰਮਦ ਤਈਅਬ ਅਤੇ ਏਡੀਜੀਪੀ ਜੇਲ੍ਹਾਂ ਅਰੁਣਪਾਲ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਪੰਜਾਬ

ਦੇਸ਼