ਚੰਡੀਗੜ੍ਹ, 2 ਮਾਰਚ :
ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦੇ ਚਲਦਿਆਂ ਅਰਬ ਦੇਸ਼ਾਂ ਵਿਚ ਪੰਜਾਬੀ ਫਸ ਗਏ ਹਨ। ਪੰਜਾਬੀਆਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਹੈਲਪ ਨੰਬਰ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੈਲਪ ਨੰਬਰ ਜਾਰੀ ਕਰਦੇ ਹੋਏ ਸੋਸ਼ਲ ਮੀਡੀਆ ਉਤੇ ਲਿਖਿਆ, ‘ਅਰਬ ਦੇਸ਼ਾਂ ਦੇ ਵਿੱਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਇਹਨਾਂ ਮੁਲਕਾਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ .. ਅੱਜ NRI Wing ਦੇ ਨੰਬਰ ਜਾਰੀ ਕਰ ਰਹੇ ਹਾਂ ਜੇ ਕੋਈ ਖੁਦ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਇਹਨਾਂ ਮੁਲਕਾਂ ਵਿੱਚ ਫਸਿਆ ਹੈ ਤਾਂ ਤੁਰੰਤ ਸੰਪਰਕ ਕਰੋ.. ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਵਿੱਚ ਹਾਂ ਜਲਦੀ ਉਹਨਾਂ ਨੂੰ ਅਸੀਂ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ..NRI Wing Punjab 24/7 Control Room 0172-2260042 0172-2260043 What’s App No +91 94787 79112
ਨਵੀਂ ਦਿੱਲੀ, 2 ਮਾਰਚ :
ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਕਾਰ ਜੰਗ ਤੀਜੇ ਦਿਨ ਲਗਾਤਾਰ ਜਾਰੀ ਹੈ। ਇਸ ਜੰਗ ਦੌਰਾਨ ਇਰਾਨ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ (refinery) ਉਤੇ ਹਮਲਾ ਕੀਤਾ ਗਿਆ ਹੈ। ਦੁਬਈ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਆਇਲ ਟੈਂਕ ‘ਅਰਾਮਕੋ’ ਉਤੇ ਇਰਾਨ ਨੇ ਹਮਲਾ ਕੀਤਾ ਹੈ। ਨਿਊਜ਼ ਏਜੰਸੀਆਂ ਮੁਤਾਬਕ ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ‘ਅਰਾਮਕੋ’ ਨੇ ਡਰੋਨ ਹਮਲੇ ਦੇ ਬਾਅਦ ਸੋਮਵਾਰ ਨੂੰ ਆਪਣੀ ਰਾਸ ਤਨੁਰਾ ਤੇਲ ਰਿਫਾਇਨਰੀ ਬੰਦ ਕਰ ਦਿੱਤੀ। ਖਬਰਾਂ ਮੁਤਾਬਕ ਬ੍ਰੇਂਟ ਕਰੂਡ ਆਇਲ ਦੀ ਕੀਮਤਾਂ 9.32 ਫੀਸਦੀ ਵਧ ਗਈ ਹੈ।
ਏਜੰਸੀਆਂ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਅਰਾਮਕੋ ਦੀ ਰਾਸ ਤਨੁਰਾ ਰਿਫਾਇਨਰੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ, ਅਧਿਕਾਰੀ ਨੇ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ।
ਇਕ ਹੋਰ ਸੂਬਾ ਸਰਕਾਰ ਨੇ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਵੱਲ਼ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿਚ ਵਾਧਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ 3 ਫੀਸਦੀ ਡੀਏ ਵਿਚ ਵਾਧਾ ਕੀਤਾ। ਇਸ ਵਾਧੇ ਨਾਲ ਡੀਏ ਵਧਕੇ 58 ਫੀਸਦੀ ਹੋ ਜਾਵੇਗਾ।
ਇਸ ਸਬੰਧੀ ਵਿੱਤ ਮੰਤਰੀ ਆਸ਼ੀ ਜੈਸਵਾਲ ਨੇ ਦੱਸਿਆ ਕਿ ਇਹ ਵਾਧਾ ਜੁਲਾਈ 2025 ਤੋਂ ਲਾਗੂ ਹੋਵੇਗਾ। ਜੁਲਾਈ 2025 ਤੋਂ ਅਕਤੂਬਰ 2025 ਤੱਕ ਦਾ ਬਕਾਇਆ ਮਾਰਚ 2026 ਵਿਚ ਦਿੱਤਾ ਜਾਵੇਗਾ। ਨਵੰਬਰ 2025 ਤੋਂ ਜਨਵਰੀ 2026 ਤੱਕ ਦਾ ਬਕਾਇਆ ਸਬੰਧਤ ਅਲੱਗ ਤੋਂ ਹੁਕਮ ਜਾਰੀ ਕੀਤਾ ਜਾਵੇਗਾ।
ਪੰਜਾਬ ਵਿਚ 4 ਮਾਰਚ ਬੁੱਧਵਾਰ ਨੂੰ ਸਾਰੇ ਸਰਕਾਰੀ ਅਦਾਰਿਆਂ ਵਿਚ ਛੁੱਟੀ ਹੋਵੇਗੀ। 4 ਮਾਰਚ ਬੁੱਧਵਾਰ ਨੂੰ ਹੋਲੀ ਕਾਰਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਗਜ਼ਟਿਡ ਛੁੱਟੀਆਂ ਦੇ ਕੈਲੰਡਰ ਵਿਚ 4 ਮਾਰਚ ਨੂੰ ਹੋਲੀ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹੋਲੀ ਦਾ ਤਿਉਂਹਾਰ ਸਾਰੇ ਦੇਸ਼ ਵਿਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਸ੍ਰੀ ਨਗਰ, 2 ਮਾਰਚ :
ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਵਿਚਕਾਰ ਚੱਲ ਰਹੀ ਜੰਗ ਵਿਚ ਇਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਦੀ ਮੌਤ ਹੋਣ ਤੋਂ ਬਾਅਦ ਭਾਰਤ ਵਿਚ ਵੀ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਸ਼ਮੀਰ ਘਾਟੀ ਵਿਚ ਲਗਾਤਾਰ ਵੱਡੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਸ਼ਮੀਰ ਘਾਟੀ ਭਰ ਵਿੱਚ ਹੋ ਰਹੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਇਹਤਿਆਤ ਵਜੋਂ ਸੋਮਵਾਰ ਤੋਂ ਦੋ ਦਿਨਾਂ ਲਈ ਵਿਦਿਅਕ ਸੰਸਥਾਵਾਂ ਵਿਚ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਨੇ ਇਹਤਿਆਤ ਵਜੋਂ ਸਕੂਲਾਂ ਅਤੇ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਦੋ ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਕਰੇਗੀ। ਜ਼ਿਕਰਯੋਗ ਹੈ ਕਿ ਦੋ ਮਹੀਨਿਆਂ ਤੋਂ ਵੱਧ ਦੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਅੱਠਵੀਂ ਜਮਾਤ ਤੱਕ ਦੇ ਸਕੂਲ ਮੁੜ ਖੁੱਲ੍ਹਣ ਵਾਲੇ ਸਨ।
ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਵਾਈ ਹਮਲਿਆਂ ਅਤੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਗੰਭੀਰ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਦਿੱਲੀ ਪਰਤਦੇ ਹੀ ਆਪਣੇ ਨਿਵਾਸ ਸਥਾਨ ‘ਤੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਲਗਭਗ 3 ਘੰਟੇ ਚੱਲੀ, ਜਿਸ ਵਿੱਚ ਦੇਸ਼ ਦੀ ਸੁਰੱਖਿਆ ਅਤੇ ਰਣਨੀਤਕ ਰਣਨੀਤੀ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ।
ਬੈਠਕ ਦੌਰਾਨ ਪੱਛਮੀ ਏਸ਼ੀਆ ਵਿੱਚ ਰਹਿ ਰਹੇ 90 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ। ਸਰਕਾਰ ਦੀ ਮੁੱਖ ਤਰਜੀਹ ਉੱਥੇ ਫਸੇ ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸੁਰੱਖਿਅਤ ਰੱਖਣਾ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਰਣਨੀਤੀ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਦਾ ਏਅਰਸਪੇਸ ਬੰਦ ਹੋਣ ਕਾਰਨ ਹਵਾਈ ਉਡਾਣਾਂ ‘ਤੇ ਪੈਣ ਵਾਲੇ ਪ੍ਰਭਾਵ ਅਤੇ ਦੁਬਈ ਵਰਗੇ ਹੱਬ ਹਵਾਈ ਅੱਡਿਆਂ ‘ਤੇ ਫਸੇ ਭਾਰਤੀਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ।
ਜੰਗ ਦੇ ਹਾਲਾਤਾਂ ਕਾਰਨ ਭਾਰਤੀ ਵਪਾਰ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਵਣਜ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਮਹੱਤਵਪੂਰਨ ਬੈਠਕ ਬੁਲਾਈ ਹੈ, ਜਿਸ ਵਿੱਚ ਨਿਰਯਾਤਕਾਂ ਅਤੇ ਸ਼ਿਪਿੰਗ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਭਾਰਤ ਸਰਕਾਰ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਖਾੜੀ ਦੇਸ਼ਾਂ ਵਿੱਚ ਮੌਜੂਦ ਭਾਰਤੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਜੰਗ ਕਾਰਨ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਦੇ ਤੁਰੰਤ ਦਖਲ ਦੀ ਮੰਗ ਕੀਤੀ।
ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਇਜ਼ਰਾਈਲ ਅਤੇ ਈਰਾਨ ਦਰਮਿਆਨ ਜੰਗ ਦੇ ਮੱਦੇਨਜ਼ਰ ਉੱਥੇ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਸਬੰਧ ਵਿੱਚ ਉਨ੍ਹਾਂ ਨਾਲ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੱਧ ਪੂਰਬ ਵਿੱਚ ਇਹ ਤਣਾਅ ਸਾਡੇ ਲੋਕਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਸਥਿਤੀ ਦੀ ਨਾਜ਼ੁਕ ਪ੍ਰਕਿਰਤੀ ਨੂੰ ਦੇਖਦਿਆਂ, ਮੰਤਰੀ ਨੇ ਕਿਹਾ ਕਿ ਉੱਥੇ ਫਸੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸੁਰੱਖਿਅਤ ਪ੍ਰਬੰਧ ਕਰਨ ਲਈ ਤੁਰੰਤ ਤਾਲਮੇਲ ਬੇਹੱਦ ਜ਼ਰੂਰੀ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਨੇਚੱਲ ਰਹੀ ਜੰਗ ਕਾਰਨ ਯੂਏਈ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਫਸੇ ਪੰਜਾਬ ਦੇ ਸੈਲਾਨੀਆਂ ਅਤੇ ਨਿਵਾਸੀਆਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ, ਉਨ੍ਹਾਂ ਨੇ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਕੇਂਦਰ ਸਰਕਾਰ ਅਤੇ ਮੱਧ ਪੂਰਬ ਵਿੱਚ ਭਾਰਤੀ ਦੂਤਾਵਾਸਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਡਾ. ਰਵਜੋਤ ਸਿੰਘ ਨੇ ਫਸੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਪੰਜਾਬ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਨਵੀਂ ਦਿੱਲੀ, 3 ਮਾਰਚ :
ਮਾਰਚ ਮਹੀਨੇ ਦੀ ਪਹਿਲੀ ਤਾਰੀਕ ਨੂੰ ਹੀ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਗਿਆ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਹੈ। ਕੰਪਨੀਆਂ ਵੱਲੋਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਇਹ ਬਦਲਾਅ ਕੀਤਾ ਜਾਂਦਾ ਹੈ। ਗੈਸ ਸਿੰਲਡਰ ਦੀਆਂ ਕੀਮਤਾਂ ਵਿਚ 28 ਤੋਂ 31 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਵਾਧਾ ਕੀਤੀਆਂ ਗਈਆਂ ਕੀਮਤਾਂ ਅੱਜ 1 ਮਾਰਚ 2026 ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ, ਇਹ ਕੀਮਤਾਂ ਸਿਰਫ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿੰਲਡਰ ਉਤੇ ਹੀ ਲਾਗੂ ਕੀਤੀਆਂ ਗਈਆਂ ਹਨ। ਘਰਾਂ ਵਿਚ ਵਰਤੋਂ ਕੀਤੇ ਜਾਣ ਵਾਲੇ 14.2 ਕਿਲੋ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1740.50 ਰੁਪਏ ਤੋਂ ਵਧਾ ਕੇ 1768.50 ਰੁਪਏ ਹੋ ਗਈ ਹੈ।
ਚੰਡੀਗੜ੍ਹ, 28 ਫਰਵਰੀ :
ਪਟਿਆਲਾ ਦੀ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ’ ਦਾ ਨਾਮ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਅਕਾਦਮਿਕ ਕੌਂਸਲ ਵੱਲੋਂ ਸਾਬਕਾ PM ਦਾ ਨਾਂਅ ਹਟਾਉਣ ਲਈ ਮਤਾ ਪਾਇਆ ਗਿਆ ਹੈ। ਕੌਂਸਲ ਵੱਲੋਂ ਯੂਨੀਵਰਸਿਟੀ ਤੋਂ ਰਾਜੀਵ ਗਾਂਧੀ ਦਾ ਨਾਂਅ ਹਟਾਉਣ ਲਈ ਸੁਝਾਅ ਦਿੱਤਾ ਗਿਆ ਹੈ। ਅਕਾਦਮਿਕ ਕੌਂਸਲ ਨੇ ਨਾਂਅ ਬਦਲਣ ਦੀ ਤਜਵੀਜ਼ ਯੂਨੀਵਰਸਿਟੀ ਕੌਂਸਲ ਤੇ ਪੰਜਾਬ ਸਰਕਾਰ ਨੂੰ ਭੇਜੀ ਹੈ। ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਡਾ.ਧਰਮਵੀਰ ਗਾਂਧੀ ਨੇ ਇਸ ਨੂੰ ਸਿਆਸਤ ਤੋਂ ਪ੍ਰਭਾਵਿਤ ਦੱਸਿਆ।
ਬਰਨਾਲਾ, 28 ਫਰਵਰੀ :
ਪੰਜਾਬ ਕਾਂਗਰਸ ਵਿਚ ਚਲਦੀ ਆਗੂਆਂ ਦੀ ਖਿੱਚੋਤਾਣ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਨੇ ਬਰਨਾਲਾ ਦੀ ਰੈਲੀ ਵਿਚ ਆਗੂਆਂ ਦੀ ਕਲਾਸ ਲਾ ਦਿੱਤੀ। ਰਾਹੁਲ ਗਾਂਧੀ ਨੇ ਬੋਲਦੇ ਹੋਏ ਪੰਜਾਬ ਦੇ ਆਗੂਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਜਿੱਤ ਪੂਰੀ ਟੀਮ ਦੀ ਸ਼ਮੂਲੀਅਤ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਇਕੱਲਾ ਕੈਪਟਨ ਕੁਝ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਦੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦੇ ਹੋਏ ਚੇਤਾਵਨੀ ਦਿੱਤੀ ਕਿ ਸਾਰੇ ਟੀਮ ਪਲੇਅਰ ਬਣੋ, ਨਹੀਂ ਮੈਂ ਤੇ ਖੜ੍ਹਗੇ ਜੀ ਬਾਹਰ ਬੈਠਾ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਜਿੰਨੇ ਵੀ ਮਰਜ਼ੀ ਵੱਡੇ ਹੋਵੇ, ਪਾਰਟੀ ਤੋਂ ਵੱਡਾ ਕੋਈ ਵੀ ਆਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਅਸਲੀ ਸ਼ਕਤੀ ਸਾਡੇ ਵਰਕਰ ਹਨ ਜੋ ਵੀ ਹੋਵੇਗਾ ਇਨ੍ਹਾਂ ਦੇ ਮੁਤਾਬਕ ਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਲੀਡਰ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਦੇ ਆ ਰਹੇ ਹਨ। ਕਾਂਗਰਸ ਹਾਈਕਮਾਂਡ ਵੱਲੋਂ ਕਈ ਵਾਰ ਦਿੱਲੀ ਤਲਬ ਕੀਤਾ ਜਾ ਚੁੱਕਿਆ ਹੈ। ਹਾਈਕਮਾਂਡ ਵੱਲੋਂ ਪਹਿਲਾਂ ਵੀ ਇਕੱਠੇ ਚੱਲਣ ਦੀ ਸਲਾਹ ਦਿੱਤੀ ਗਈ ਸੀ।