Breaking News
ਪੰਜਾਬ ਸਰਕਾਰ ਵੱਲੋਂ ਮੰਗਲਵਾਰ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ, 6 ਅਪ੍ਰੈਲ :

ਪੰਜਾਬ ਸਰਕਾਰ ਵੱਲੋਂ ਮੰਗਲਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 14 ਅਪ੍ਰੈਲ 2026 ਮੰਗਲਵਾਰ ਦੀ ਗਜ਼ਟਿਡ ਛੁੱਟੀ ਨੈਗੋਸ਼ੀਏਬਲ ਇੰਸਟਰੁਮੈਂਟ ਐਕਟ – 1881 ਦੀ ਧਾਰਾ 25 ਦੀ ਵਿਆਖਿਆ ਅਧੀਨ ਪਬਲਿਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

1388 ਕਰੋੜ ਰੁਪਏ ਦੇ ਸਾਲਾਨਾ ਐਕਸ਼ਨ ਪਲਾਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਵੇਗੀ ਟਿਕਾਊ ਤੇ ਗਤੀਸ਼ੀਲ ਅਗਵਾਈ : ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 6 ਅਪ੍ਰੈਲ :
ਸੂਬੇ ਦੇ ਖੇਤੀਬਾੜੀ ਖੇਤਰ ਦੀ ਦਸ਼ਾ ਨੂੰ ਬਦਲਣ ਲਈ ਇੱਕ ਵੱਡਾ ਕਦਮ ਚੁੱਕਦਿਆਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਲਈ ਖੇਤੀਬਾੜੀ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ 1,388 ਕਰੋੜ ਰੁਪਏ ਦੀ ਸਾਲਾਨਾ ਐਕਸ਼ਨ ਪਲਾਨ (ਕਾਰਜ ਯੋਜਨਾ) ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ।
ਸੋਮਵਾਰ ਨੂੰ ਇੱਥੇ ਆਪਣੇ ਦਫ਼ਤਰ ਵਿੱਚ ਪ੍ਰੋਜੈਕਟਾਂ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਇਹ ਐਕਸ਼ਨ ਪਲਾਨ, ਜੋ ਪਹਿਲਾਂ ਹੀ ਪ੍ਰਵਾਨਗੀ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੂੰ ਭੇਜੀ ਜਾ ਚੁੱਕੀ ਹੈ, ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਨਿਬੇੜੇ, ਜਲ ਸੰਭਾਲ, ਫ਼ਸਲੀ ਵਿਭਿੰਨਤਾ ਅਤੇ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨਿਬੇੜਾ (CRM) ਸਕੀਮ ਤਹਿਤ 600 ਕਰੋੜ ਰੁਪਏ ਦਾ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਹੈ। ਉਹਨਾਂ ਕਿਹਾ, “ਸਾਡਾ ਟੀਚਾ ਕਿਸਾਨਾਂ ਨੂੰ ਸਬਸਿਡੀ ‘ਤੇ ਇਨ-ਸਿਟੂ (ਖੇਤ ਦੇ ਅੰਦਰ) ਅਤੇ ਐਕਸ-ਸਿਟੂ (ਖੇਤ ਦੇ ਬਾਹਰ) ਮਸ਼ੀਨਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਰਾਲੀ ਸਾੜਨ ਦਾ ਪੱਕਾ ਹੱਲ ਯਕੀਨੀ ਬਣਾਇਆ ਜਾ ਸਕੇ।”
ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ, ‘ਪ੍ਰਤੀ ਬੂੰਦ ਵਧੇਰੇ ਫ਼ਸਲ’ ਕੰਪੋਨੈਂਟ ਲਈ 33.33 ਕਰੋੜ ਰੁਪਏ ਰੱਖੇ ਗਏ ਹਨ, ਜੋ ਡਰਿੱਪ, ਸਪ੍ਰਿੰਕਲਰ ਅਤੇ ਰੇਨ ਗੰਨ ਵਰਗੇ ਪਾਣੀ ਦੀ ਬਚਤ ਕਰਨ ਵਾਲੇ ਉਪਕਰਣਾਂ ਨੂੰ ਉਤਸ਼ਾਹਿਤ ਕਰੇਗਾ। ਇਸ ਦੌਰਾਨ, ਬੀਜ ਸੁਧਾਰ ਅਤੇ ਕਪਾਹ ਪ੍ਰਦਰਸ਼ਨੀ ਪ੍ਰੋਜੈਕਟਾਂ ‘ਤੇ 51.85 ਕਰੋੜ ਰੁਪਏ ਖਰਚੇ ਜਾਣਗੇ, ਅਤੇ ਖੇਤੀਬਾੜੀ ਮਸ਼ੀਨੀਕਰਨ ਸਬ-ਮਿਸ਼ਨ ਤਹਿਤ ਖੇਤੀ ਦੀ ਮੁਹਾਰਤ ਨੂੰ ਵਧਾਉਣ ਲਈ 95 ਕਰੋੜ ਰੁਪਏ ਰੱਖੇ ਗਏ ਹਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਵੱਧ ਪਾਣੀ ਪੀਣ ਵਾਲੇ ਝੋਨੇ ਦੀ ਥਾਂ ਮੱਕੀ, ਦਾਲਾਂ ਅਤੇ ਤੇਲ ਬੀਜਾਂ ਵੱਲ ਪ੍ਰੇਰਿਤ ਕਰਨ ਲਈ ਫ਼ਸਲੀ ਵਿਭਿੰਨਤਾ ਲਈ 50.30 ਕਰੋੜ ਰੁਪਏ ਰੱਖੇ ਗਏ ਹਨ। ਰਸਾਇਣ ਮੁਕਤ ਖੇਤੀ ਲਈ ਰਾਸ਼ਟਰੀ ਮੁਹਿੰਮ ਦੇ ਅਨੁਸਾਰ, ਕੁਦਰਤੀ ਖੇਤੀ ਲਈ 8.25 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਦਾਲਾਂ ਵਿੱਚ ‘ਆਤਮਨਿਰਭਰਤਾ’ ਨੂੰ ਉਤਸ਼ਾਹਿਤ ਕਰਨ ਲਈ 4.17 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਹੋਰ ਪ੍ਰਮੁੱਖ ਅਲਾਟਮੈਂਟਾਂ ਵਿੱਚ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਪ੍ਰਬੰਧਨ ਲਈ 20 ਕਰੋੜ ਰੁਪਏ, ਅਤੇ ਖੇਤੀਬਾੜੀ ਪਸਾਰ (ਐਕਸਟੈਂਸ਼ਨ) ਗਤੀਵਿਧੀਆਂ ਲਈ 60.59 ਕਰੋੜ ਰੁਪਏ ਸ਼ਾਮਲ ਹਨ। ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਏਕੀਕ੍ਰਿਤ ਉਪਰਾਲੇ ਨਾ ਸਿਰਫ਼ ਖੇਤੀ ਆਮਦਨ ਵਿੱਚ ਵਾਧਾ ਕਰਨਗੇ ਸਗੋਂ ਪੰਜਾਬ ਦੇ ਵਾਤਾਵਰਣਕ ਭਵਿੱਖ ਨੂੰ ਵੀ ਸੁਰੱਖਿਅਤ ਕਰਨਗੇ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਗਾਮੀ ਸਾਉਣੀ (ਖਰੀਫ਼) ਸੀਜ਼ਨ ਲਈ ਤਿਆਰੀਆਂ ਖਿੱਚਣ ਦੇ ਨਿਰਦੇਸ਼ ਦਿੰਦਿਆਂ ਯੋਜਨਾਵਾਂ ਨੂੰ ਸਮੇਂ ਸਿਰ ਤਿਆਰ ਕਰਨ ਅਤੇ ਲਾਗੂ ਕਰਨ ‘ਤੇ ਜ਼ੋਰ ਦਿੱਤਾ।

ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵਜ਼ ਦੁਆਰਾ ਚਲਾਏ ਜਾ ਰਹੇ I.S.I.ਦੀ ਹਮਾਇਤ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

ਚੰਡੀਗੜ੍ਹ/ਅੰਮ੍ਰਿਤਸਰ, 6 ਅਪ੍ਰੈਲ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵਿੰਗ ਨੇ ਤਿੰਨ ਮੁਲਜ਼ਮਾਂ ਨੂੰ ਦੋ ਆਰਗਸ ਹੈਂਡ ਗ੍ਰਨੇਡਾਂ ਅਤੇ ਇੱਕ ਵਿਦੇਸ਼ੀ ਗਲੌਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵਜ਼ (ਪੀ.ਆਈ.ਓ.) ਦੁਆਰਾ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨ ਤਾਰਨ ਦੇ ਪਿੰਡ ਅੰਮੀਸ਼ਾਹ ਦੇ ਵਸਨੀਕ ਸਰਬਜੀਤ ਸਿੰਘ, ਅੰਮ੍ਰਿਤਸਰ ਦੇ ਪਿੰਡ ਨੰਗਲ ਪੰਨੂਆਂ ਦੇ ਵਸਨੀਕ ਬਿਕਰਮਜੀਤ ਸਿੰਘ ਅਤੇ ਅੰਮ੍ਰਿਤਸਰ ਦੀ ਇੰਦਰਾ ਕਲੋਨੀ ਦੇ ਵਸਨੀਕ ਅਮਨਦੀਪ ਸਿੰਘ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਗ੍ਰਨੇਡਾਂ ‘ਤੇ ਪਾਕਿਸਤਾਨ ਔਰਡਨੈਂਸ ਫੈਕਟਰੀ (ਪੀ.ਓ.ਐਫ.) ਦੀ ਮਾਰਕਿੰਗ ਹੈ, ਜੋ ਸਰਹੱਦ ਪਾਰ ਦੇ ਸਬੰਧਾਂ ਨੂੰ ਦਰਸਾਉਂਦਾ ਹੈ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਕਈ ਰਾਜਾਂ ਵਿੱਚ ਯੋਜਨਾਬੱਧ ਢੰਗ ਨਾਲ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਵਿੱਚ ਸ਼ਾਮਲ ਰਿਹਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਡਿਊਲ ਦੇ ਹੋਰ ਮੈਂਬਰਾਂ ਦੀ ਪਛਾਣ, ਟਰੈਕਿੰਗ ਅਤੇ ਉਨ੍ਹਾਂ ਨੂੰ ਫੜਨ ਲਈ ਯਤਨ ਜਾਰੀ ਹਨ।

ਏਆਈਜੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਖੁਫੀਆ ਜਾਣਕਾਰੀ ‘ਤੇ ਅਧਾਰਤ ਕਾਰਵਾਈ ਵਿੱਚ ਐਸਐਸਓਸੀ ਦੀਆਂ ਪੁਲਿਸ ਟੀਮਾਂ ਨੇ ਸਰਬਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਂਡ ਗ੍ਰਨੇਡਜ਼ ਅਤੇ ਪਿਸਤੌਲ ਬਰਾਮਦ ਕਰ ਲਿਆ।

ਏਆਈਜੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਇਸ ਗਰੁੱਪ ਦਾ ਮੁੱਖ ਕਾਰਕੁਨ ਅਤੇ ਪੀ.ਆਈ.ਓਜ਼ ਦਾ ਪ੍ਰਾਇਮਰੀ ਕੰਟੈਕਟ ਬਿਕਰਮਜੀਤ ਸਿੰਘ ਗੁਜਰਾਤ ਦੇ ਡੀਸਾ ਤੋਂ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਤੁਰੰਤ ਏਟੀਐਸ ਗੁਜਰਾਤ ਨਾਲ ਸਾਂਝੀ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਸਰਗਰਮ ਸਹਿਯੋਗ ਨਾਲ ਮੁਲਜ਼ਮ ਬਿਕਰਮਜੀਤ ਸਿੰਘ ਨੂੰ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ।

ਏਆਈਜੀ ਸੁਖਮਿੰਦਰ ਮਾਨ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੀ.ਆਈ.ਓਜ਼ ਦੇ ਸੰਪਰਕ ਵਿੱਚ ਸਨ। ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਆਈਐਸਆਈ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਇਹ ਗਰੁੱਪ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੱਖ-ਵੱਖ ਪੁਲਿਸ ਅਦਾਰਿਆਂ ‘ਤੇ ਗ੍ਰਨੇਡ ਹਮਲੇ ਕਰਨ ਦੀ ਯੋਜਨਾ ਵੀ ਬਣਾ ਰਿਹਾ ਸੀ।

ਇਸ ਸਬੰਧ ਵਿੱਚ ਪੁਲਿਸ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 4, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 21 ਮਿਤੀ 03-04-2026 ਦਰਜ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਵੱਲੋਂ ਵਪਾਰੀਆਂ ਵੱਲੋਂ ਮੀਟਿੰਗਾਂ ਦੌਰਾਨ ਉਠਾਏ ਮਸਲਿਆਂ ਦੀ ਸਮੀਖਿਆ; ਸਮਾਂਬੱਧ ਨਿਪਟਾਰੇ ਦੇ ਹੁਕਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਅਪ੍ਰੈਲ:

ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੀਆਂ ਹਾਲ ਹੀ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਵਪਾਰੀਆਂ ਵੱਲੋਂ ਉਠਾਏ ਗਏ ਮਸਲਿਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤਾ ਕਿ ਹਰ ਕੇਸ ਦੀ ਸਥਿਤੀ ਨੂੰ ਤੁਰੰਤ ਆਨਲਾਈਨ ਪੋਰਟਲ ’ਤੇ ਅਪਡੇਟ ਕੀਤਾ ਜਾਵੇ।

ਇਹ ਸਮੀਖਿਆ ਮੀਟਿੰਗ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ ਅਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ ਦੀ ਹਾਜ਼ਰੀ ਵਿੱਚ ਹੋਈ। ਇਸ ਤੋਂ ਇਲਾਵਾ ਮੋਹਾਲੀ ਹਲਕੇ ਦੇ ਚੇਅਰਮੈਨ ਅਕਵਿੰਦਰ ਸਿੰਘ ਗੋਸਲ ਅਤੇ ਖਰੜ ਹਲਕੇ ਦੇ ਚੇਅਰਮੈਨ ਯਸ਼ਪਾਲ ਬਾਂਸਲ ਵੀ ਮੌਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੀਤੀਗਤ ਮਾਮਲਿਆਂ ਨੂੰ ਛੱਡ ਕੇ ਬਾਕੀਆਂ ਦੇ ਨਿਪਟਾਰੇ ਲਈ ਨਿਰਧਾਰਿਤ 30 ਦਿਨਾਂ ਦੀ ਸਮਾਂ ਸੀਮਾ ਪੂਰੀ ਹੋ ਚੁੱਕੀ ਹੈ, ਇਸ ਲਈ ਹੁਣ ਤੱਕ ਹੋਈ ਪ੍ਰਗਤੀ ਨੂੰ ਬਿਨਾਂ ਕਿਸੇ ਦੇਰੀ ਦੇ ਆਨਲਾਈਨ ਪੋਰਟਲ ’ਤੇ ਦਰਸਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਉਠਾਏ ਗਏ ਬਹੁਤੇ ਮਸਲੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਹਨ, ਜਿਵੇਂ ਕਿ ਸਟਰੀਟ ਲਾਈਟਾਂ ਦੀ ਵਿਵਸਥਾ, ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ, ਮਾਰਕੀਟਾਂ ਵਿੱਚ ਪਾਰਕਿੰਗ ਲਾਈਨਾਂ ਦੀ ਮਾਰਕਿੰਗ, ਸੀਵਰੇਜ ਲੀਕੇਜ ਦੀ ਮੁਰੰਮਤ ਅਤੇ ਕੁਝ ਖ਼ਾਸ ਸੜਕਾਂ ’ਤੇ ਟ੍ਰੈਫਿਕ ਭੀੜ ਘਟਾਉਣਾ ਆਦਿ। ਉਨ੍ਹਾਂ ਨੇ ਕਿਹਾ ਕਿ ਇਹ ਮਸਲੇ ਸਥਾਨਕ ਪੱਧਰ ’ਤੇ ਹੀ ਹੱਲ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਲੋਕਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਚੇਤ ਤੌਰ ’ਤੇ ਲੈ ਕੇ ਸਮੇਂ ਸਿਰ ਹੱਲ ਕਰਨ ਲਈ ਵਚਨਬੱਧ ਹੈ।

ਫੇਜ਼ 3ਬੀ2, 3ਬੀ1, ਫੇਜ਼ 7 ਅਤੇ ਫੇਜ਼ 4 ਅਤੇ 5 ਦੀਆਂ ਮਾਰਕੀਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਮਸਲੇ ਵੀ ਸਥਾਨਕ ਅਧਿਕਾਰੀਆਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਟਰੇਡਰਜ਼ ਕਮੇਟੀਆਂ ਦੀ ਸਥਾਪਨਾ ਦਾ ਮੁੱਖ ਉਦੇਸ਼ ਵਪਾਰੀਆਂ ਲਈ ਕਾਰੋਬਾਰ ਕਰਨ ਦੀ ਸਹੂਲਤ ਨੂੰ ਆਸਾਨ ਬਣਾਉਣਾ ਹੈ ਅਤੇ ਇਹ ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੇ ਮਸਲਿਆਂ ਨੂੰ ਤਰਜੀਹ ਦੇ ਕੇ ਸਮੇਂ ਸਿਰ ਹੱਲ ਕਰੀਏ।

ਚੇਅਰਮੈਨ ਰਣਜੀਤ ਪਾਲ ਸਿੰਘ ਨੇ ਦੱਸਿਆ ਕਿ ਵਿਭਾਗਾਂ ਦੀ ਮੰਗ ਅਨੁਸਾਰ ਆਨਲਾਈਨ ਪੋਰਟਲ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਵਿਭਾਗਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਪਾਰੀਆਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੀ ਸਥਿਤੀ ਨੂੰ ਨਿਯਮਿਤ ਤੌਰ ’ਤੇ ਅਪਡੇਟ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਵਪਾਰੀਆਂ ਨਾਲ ਨਿਯਮਿਤ ਮੀਟਿੰਗਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦੇ ਸੁਝਾਵਾਂ ਅਤੇ ਸ਼ਿਕਾਇਤਾਂ ਨੂੰ ਸੁਣਿਆ ਜਾ ਸਕੇ। ਉਨ੍ਹਾਂ ਨੇ ਇਸ ਮੰਚ ਨੂੰ ਵਪਾਰੀਆਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਮਾਧਿਅਮ ਕਰਾਰ ਦਿੱਤਾ।

ਡੀ.ਐਸ.ਪੀ. (ਟ੍ਰੈਫਿਕ) ਕਰਨੈਲ ਸਿੰਘ ਨੇ ਭਰੋਸਾ ਦਿਵਾਇਆ ਕਿ ਟ੍ਰੈਫਿਕ ਅਤੇ ਪੁਲਿਸ ਨਾਲ ਸਬੰਧਤ ਸਾਰੇ ਮਸਲਿਆਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇਗਾ।

ਜੁਆਇੰਟ ਕਮਿਸ਼ਨਰ, ਨਗਰ ਨਿਗਮ ਮੋਹਾਲੀ ਜਸਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਕਈ ਮਸਲਿਆਂ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਾਨੂੰਨ ਲਈ SGPC ਵੱਲੋਂ ਵੱਡੀ ਪੰਥਕ ਇਕੱਤਰਤਾ

ਅੰਮ੍ਰਿਤਸਰ, 6 ਅਪ੍ਰੈਲ :

ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਅੱਜ ਵੱਖ-ਵੱਖ ਪੰਥਕ ਧਿਰਾਂ ਅਤੇ ਸਿੱਖ ਜਥੇਬੰਦੀਆਂ ਦੀ ਇੱਕ ਵੱਡੀ ਇਕੱਤਰਤਾ ਸੱਦੀ ਗਈ। ਇਸ ਇਕੱਠ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ ‘ਤੇ ਬਣ ਰਹੇ ਕਾਨੂੰਨ ਬਾਰੇ ਸਾਂਝੀ ਰਾਇ ਤਿਆਰ ਕਰਨੀ ਸੀ।

ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਵੱਖ-ਵੱਖ ਸੰਪਰਦਾਵਾਂ, ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਨੇ ਭਾਗ ਲਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਤ ਸਿੰਘ ਸਾਹਿਬਾਨ, ਵੱਖ-ਵੱਖ ਮਿਸ਼ਨਾਂ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਆਏ ਪ੍ਰਤੀਨਿਧੀਆਂ ਨੇ ਹਾਜ਼ਰੀ ਭਰੀ। ਧਾਮੀ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਬਿਨਾਂ ਕਿਸੇ ਰਾਜਨੀਤਿਕ ਮਕਸਦ ਤੋਂ ਸਿਰਫ ਧਾਰਮਿਕ ਅਤੇ ਪੰਥਕ ਮਸਲੇ ‘ਤੇ ਸਾਂਝੀ ਸੋਚ ਬਣਾਉਣ ਲਈ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖਾਲਸਾ ਪੰਥ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਜਦੋਂ ਵੀ ਬੇਅਦਬੀ ਸੰਬੰਧੀ ਕਾਨੂੰਨ ਬਣਾਏ, ਉਸ ਤੋਂ ਪਹਿਲਾਂ ਪੰਥਕ ਸੁਝਾਵਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 13 ਅਪ੍ਰੈਲ ਨੂੰ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਦਾ ਖਰੜਾ ਪਹਿਲਾਂ ਐਸਜੀਪੀਸੀ ਅਤੇ ਪੰਥਕ ਜਥੇਬੰਦੀਆਂ ਨੂੰ ਭੇਜਿਆ ਜਾਵੇ, ਤਾਂ ਜੋ ਉਸ ‘ਤੇ ਵਿਚਾਰ ਕਰਕੇ ਸੰਯੁਕਤ ਸੁਝਾਅ ਦਿੱਤੇ ਜਾ ਸਕਣ।

ਧਾਮੀ ਨੇ ਕਿਹਾ ਕਿ ਇਸ ਲਈ ਇੱਕ ਕਮੇਟੀ ਬਣਾਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੀਵੰਤ ਗੁਰੂ ਹਨ ਅਤੇ ਉਨ੍ਹਾਂ ਦੀ ਵਿਲੱਖਣ ਪਛਾਣ ਨੂੰ ਦੇਖਦੇ ਹੋਏ ਬੇਅਦਬੀ ਦੇ ਮਾਮਲਿਆਂ ਲਈ ਵੱਖਰਾ ਅਤੇ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਦੀ ਸਪਸ਼ਟ ਪਰਿਭਾਸ਼ਾ ਤਿਆਰ ਕਰਨੀ ਲਾਜ਼ਮੀ ਹੈ ਤਾਂ ਜੋ ਕਾਨੂੰਨ ਨੂੰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਜਾਂਚ ਢੰਗ ਨਾਲ ਨਹੀਂ ਹੋਈ ਅਤੇ ਕਈ ਵਾਰ ਦੋਸ਼ੀਆਂ ਨੂੰ “ਮਾਨਸਿਕ ਰੋਗੀ” ਕਹਿ ਕੇ ਮਾਮਲੇ ਬੰਦ ਕਰ ਦਿੱਤੇ ਜਾਂਦੇ ਹਨ। ਇਸ ਲਈ ਸਖ਼ਤ ਸਜ਼ਾਵਾਂ ਅਤੇ ਪੱਕੀ ਜਾਂਚ ਪ੍ਰਣਾਲੀ ਦੀ ਲੋੜ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਸੁਝਾਅ ਵੀ ਲਿਖਿਤ ਰੂਪ ਵਿੱਚ ਦਿੱਤੇ ਗਏ। ਧਾਮੀ ਨੇ ਕਿਹਾ ਕਿ ਪੰਥਕ ਇਕਤਾ ਨਾਲ ਹੀ ਇਸ ਮਸਲੇ ਦਾ ਪੱਕਾ ਹੱਲ ਨਿਕਲ ਸਕਦਾ ਹੈ ਅਤੇ ਸਰਕਾਰ ਨੂੰ ਵੀ ਪੰਥ ਦੀ ਭਾਵਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਪੰਜਾਬ ਸਰਕਾਰ ਵੱਲੋਂ 13 IAS ਤੇ PCS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 6 ਅਪ੍ਰੈਲ :

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ 13 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ’ਚ ਚੂਕ, ਬੈਰੀਅਰ ਤੋੜਕੇ ਗੱਡੀ ਅੰਦਰ ਵੜੀ

ਨਵੀਂ ਦਿੱਲੀ, 6 ਅਪ੍ਰੈਲ :

ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਵੱਡੀ ਸੁਰੱਖਿਆ ਚੂਕ ਸਾਹਮਣੇ ਆਈ ਹੈ। ਬੈਰੀਅਰ ਤੋੜ ਕੇ ਗੱਡੀ ਵਿਧਾਨ ਵਿੱਚ ਦਾਖਲ ਹੋ ਗਈ। ਗੇਟ ਨੰਬਰ 2 ਤੋਂ ਗੱਡੀ ਅੰਦਰ ਦਾਖਲ ਹੋਈ। ਬਾਅਦ ਵਿੱਚ ਅਣਪਛਾਤੀ ਗੱਡੀ ਵਿਧਾਨ ਵਿੱਚੋਂ ਭਜਾਉਣ ਵਿਚ ਕਾਮਯਾਬ ਵੀ ਰਹੇ।

ਵਿਧਾਨ ਸਭਾ ਦਫ਼ਤਰ ਨੇ ਦੱਸਿਆ ਕਿ ਦੁਪਹਿਰ 2 ਵਜੇ ਵੀਆਈਪੀ ਗੇਟ ਵੱਲੋਂ ਇਕ ਗੱਡੀ ਬੈਰੀਅਰ ਤੋੜ ਕੇ ਅੰਦਰ ਦਾਖਲ ਹੋਈ ਅਤੇ ਵਿਧਾਨ ਸਭਾ ਸਪੀਕਰ ਦੀ ਗੱਡੀ ਕੋਲ ਫੁੱਲਾਂ ਦਾ ਗੁਲਦਸਤਾ ਅਤੇ ਕੁਝ ਕਾਗਜ਼ ਰਖੇ। ਇਸ ਤੋਂ ਬਾਅਦ ਗੱਡੀ ਵਾਪਸ ਉਸੇ ਗੇਟ ਵਿਚੋਂ ਰਵਾਨਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਉਤਰ ਪ੍ਰਦੇਸ਼ ਦੀ ਰਜਿਸਟ੍ਰੇਸ਼ਨ ਵਾਲੀ ਹੈ, ਜੋ ਗੇਟ ਨੰਬਰ 2 ਵਿਚੋਂ ਜਬਰੀ ਅੰਦਰ ਦਾਖਲ ਹੋਈ। ਇਸ ਦੌਰਾਨ ਲੋਹੇ ਦਾ ਗੇਟ ਤੋੜ ਦਿੱਤਾ।

ਮਾਨ ਸਰਕਾਰ ਵੱਲੋਂ ਟੈਕਸ ਚੋਰੀ ‘ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ : ਹਰਪਾਲ ਚੀਮਾ

ਚੰਡੀਗੜ੍ਹ, 6 ਅਪ੍ਰੈਲ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟੈਕਸ ਚੋਰੀ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ, ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਵਿੱਚ ਇਨਫੋਰਸਮੈਂਟ ਦੇ ਖੇਤਰ ਵਿੱਚ ਰਿਕਾਰਡ ਨਤੀਜੇ ਪ੍ਰਾਪਤ ਕੀਤੇ ਹਨ, ਜੋ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਅਤੇ ਮਾਲੀਏ ਦੀ ਮਜ਼ਬੂਤ ਸੁਰੱਖਿਆ ਵੱਲ ਇੱਕ ਨਿਰਣਾਇਕ ਬਦਲਾਅ ਨੂੰ ਦਰਸਾਉਂਦਾ ਹੈ।

ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਫੋਕਸਡ ਅਤੇ ਖੁਫੀਆ ਜਾਣਕਾਰੀ ਅਧਾਰਤ ਕਾਰਵਾਈਆਂ ਸਦਕਾ, ਸੂਬੇ ਦੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਦੌਰਾਨ 1,383.11 ਕਰੋੜ ਰੁਪਏ ਦੇ ਭਾਰੀ ਜੁਰਮਾਨੇ ਲਗਾਏ। ਇਸ ਲਗਾਏ ਗਏ ਜੁਰਮਾਨੇ ਵਿੱਚੋਂ 1,137.85 ਕਰੋੜ ਰੁਪਏ ਪਹਿਲਾਂ ਹੀ ਵਸੂਲ ਕੀਤੇ ਜਾ ਚੁੱਕੇ ਹਨ, ਜੋ ਇਨਫੋਰਸਮੈਂਟ ਦੀ ਕੁਸ਼ਲਤਾ ਅਤੇ ਮਾਲੀਆ ਵਸੂਲੀ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਨੂੰ ਦਰਸਾਉਂਦਾ ਹੈ।”

ਇਸ ਸਫਲਤਾ ਦੀ ਰੀੜ੍ਹ ਦੀ ਹੱਡੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, “ਨਿਰੀਖਣ-ਅਧਾਰਤ ਇਨਫੋਰਸਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ 1,215.95 ਕਰੋੜ ਰੁਪਏ ਦਾ ਜੁਰਮਾਨਾ ਅਤੇ 972.15 ਕਰੋੜ ਰੁਪਏ ਦੀ ਅਸਲ ਵਸੂਲੀ ਸ਼ਾਮਲ ਹੈ। ਇਸ ਦੇ ਨਾਲ ਹੀ, ਸੜਕੀ ਚੈਕਿੰਗ ਮੁਹਿੰਮਾਂ ਨੇ 165.71 ਕਰੋੜ ਰੁਪਏ ਦਾ ਠੋਸ ਯੋਗਦਾਨ ਪਾਇਆ। ਇਹ ਕਾਰਗੁਜ਼ਾਰੀ ਵਿੱਤੀ ਸਾਲ 2024-25 ਦੇ ਮੁਕਾਬਲੇ ਕਈ ਗੁਣਾ ਸੁਧਾਰ ਨੂੰ ਦਰਸਾਉਂਦੀ ਹੈ। ਸਾਲ 2024-25 ਦੌਰਾਨ ਨਿਰੀਖਣ ਇਨਫੋਰਸਮੈਂਟ ਦੇ ਨਤੀਜੇ ਵਜੋਂ 147.28 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਅਤੇ 41.53 ਕਰੋੜ ਰੁਪਏ ਵਸੂਲੇ ਗਏ ਸੀ, ਅਤੇ ਸੜਕੀ ਚੈਕਿੰਗ ਦੀ ਵਸੂਲੀ 157.14 ਕਰੋੜ ਰੁਪਏ ਰਹੀ ਸੀ। ਵਿੱਤੀ ਸਾਲ 2025-26 ਵਿੱਚ ਇਹ ਭਾਰੀ ਵਾਧਾ ਸੂਬੇ ਦੀ ਖੋਜ, ਇਨਫੋਰਸਮੈਂਟ ਅਤੇ ਅਸਲ ਵਿੱਤੀ ਵਸੂਲੀ ਦੀ ਸਮਰੱਥਾ ਵਿੱਚ ਇੱਕ ਵੱਡੇ ਬਦਲਾਅ ਨੂੰ ਉਜਾਗਰ ਕਰਦਾ ਹੈ।”

ਧੋਖੇਬਾਜ਼ ਨੈੱਟਵਰਕਾਂ ‘ਤੇ ਸਖ਼ਤੀ ਦਾ ਜ਼ਿਕਰ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਟੈਕਸ ਵਿਭਾਗ ਨੇ ਸਾਲ ਭਰ ਵਿੱਚ 8 ਐਫ.ਆਈ.ਆਰ. ਅਤੇ 15 ਗ੍ਰਿਫਤਾਰੀਆਂ ਕੀਤੀਆਂ। ਦੋ ਸਭ ਤੋਂ ਪ੍ਰਮੁੱਖ ਐਫ.ਆਈ.ਆਰਜ਼ ਵਿੱਚ ਸੱਤ ਵਿਅਕਤੀ ਸ਼ਾਮਲ ਸਨ ਅਤੇ 385 ਕਰੋੜ ਰੁਪਏ ਦੇ ਧੋਖੇਬਾਜ਼ ਲੈਣ-ਦੇਣ ਦਾ ਪਰਦਾਫਾਸ਼ ਹੋਇਆ। ਇਹਨਾਂ ਟੀਚਾਗਤ ਕਾਰਵਾਈਆਂ ਨੇ ਮਾਲ ਦੀ ਅਸਲ ਸਪਲਾਈ ਤੋਂ ਬਿਨਾਂ ਇਨਵੌਇਸ ਜਾਰੀ ਕਰਨ ਵਾਲੀਆਂ ਫਰਮਾਂ ਦੁਆਰਾ ਕੀਤੀ ਗਈ 69.57 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ।”

ਉਨ੍ਹਾਂ ਅੱਗੇ ਕਿਹਾ, “ਮਾਲ ਦੀ ਗੈਰ-ਕਾਨੂੰਨੀ ਢੋਆ-ਢੁਆਈ ਅਤੇ ਧੋਖੇਬਾਜ਼ ਬਿਲਿੰਗ ਨੈੱਟਵਰਕਾਂ ਵਿਰੁੱਧ ਠੋਸ ਕਾਰਵਾਈ ਕਰਨ ਲਈ ਬਠਿੰਡਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਹੋਰ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਇੱਕ ਬਹੁਤ ਹੀ ਮਹੱਤਵਪੂਰਨ ਕਾਰਵਾਈ ਵਿੱਚ 9 ਕਰੋੜ ਰੁਪਏ ਤੋਂ ਵੱਧ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਪਾਸ ਕਰਨ ਲਈ ਲੁਧਿਆਣਾ ਸਥਿਤ ਇੱਕ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ।”

ਉਨ੍ਹਾਂ ਅੱਗੇ ਦੱਸਿਆ, “ਵਿਭਾਗ ਦੇ ਆਧੁਨਿਕ ਖੁਫੀਆ ਨੈੱਟਵਰਕ ਨੇ ਕਈ ਵੱਡੇ ਪਰਦਾਫਾਸ਼ ਕੀਤੇ, ਜਿਨ੍ਹਾਂ ਵਿੱਚ ਲੁਧਿਆਣਾ ਵਿੱਚ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦੀ ਜਾਅਲੀ ਬਿਲਿੰਗ, ਮੋਹਾਲੀ, ਖਰੜ ਅਤੇ ਕੋਟਕਪੂਰਾ ਵਿੱਚ ਨਜਾਇਜ਼ ਕੋਲੇ ਦੇ ਲੈਣ-ਦੇਣ ਵਿੱਚ 226 ਕਰੋੜ ਰੁਪਏ, ਅਤੇ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰ ਰਹੇ 423 ਕਰੋੜ ਰੁਪਏ ਦੇ ਬੋਗਸ ਬਿਲਿੰਗ ਨੈੱਟਵਰਕ ਸ਼ਾਮਲ ਹਨ। ਇਸ ਤੋਂ ਇਲਾਵਾ, ਗੁੰਝਲਦਾਰ ਜਾਂਚ ਦੌਰਾਨ ‘ਪੇਟ ਪੂਜਾ ਐਪ’ ਨਾਲ ਜੁੜੇ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ, ਜੋ ਆਧੁਨਿਕ ਟੈਕਸ ਚੋਰੀ ਨੈੱਟਵਰਕਾਂ ਦੇ ਵੱਡੇ ਪੱਧਰ ਅਤੇ ਗੁੰਝਲਦਾਰ ਸੁਭਾਅ ਨੂੰ ਉਜਾਗਰ ਕਰਦਾ ਹੈ।”

ਵੈਰੀਫਿਕੇਸ਼ਨ ਮੁਹਿੰਮਾਂ ਬਾਰੇ ਵਿੱਤ ਮੰਤਰੀ ਨੇ ਕਿਹਾ, “ਫੋਕਸਡ ਵੈਰੀਫਿਕੇਸ਼ਨ ਅਭਿਆਸਾਂ ਦੌਰਾਨ 1,579 ਸ਼ੱਕੀ ਡੀਲਰਾਂ ਦੀ ਪਛਾਣ ਕੀਤੀ ਗਈ। ਸਖ਼ਤ ਚੈਕਿੰਗ ਤੋਂ ਬਾਅਦ, ਇਹਨਾਂ ਵਿੱਚੋਂ 922 ਸੰਸਥਾਵਾਂ ਦੀ ਕੋਈ ਹੋਂਦ ਹੀ ਨਹੀਂ ਪਾਈ ਗਈ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ।”

ਆਈ.ਟੀ.ਸੀ. ਬਚਾਅ ਉਪਾਵਾਂ ‘ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ, “ਮਜ਼ਬੂਤ ਇਨਪੁਟ ਟੈਕਸ ਕ੍ਰੈਡਿਟ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ 244.82 ਕਰੋੜ ਰੁਪਏ ਨੂੰ ਸਰਗਰਮੀ ਨਾਲ ਬਲਾਕ ਕੀਤਾ ਗਿਆ ਅਤੇ 206.64 ਕਰੋੜ ਰੁਪਏ ਦੀ ਵਾਪਸੀ ਸੁਨਿਸ਼ਚਿਤ ਕੀਤੀ ਗਈ। ਇਹਨਾਂ ਸਰਗਰਮ ਕਦਮਾਂ ਨੇ ਸਿੱਧੀ ਨਕਦ ਵਸੂਲੀ ਰਾਹੀਂ ਪ੍ਰਾਪਤ ਕੀਤੇ ਵਾਧੂ 19.08 ਕਰੋੜ ਰੁਪਏ ਦੇ ਨਾਲ-ਨਾਲ ਸੂਬੇ ਦੇ ਫੰਡਾਂ ਵਿੱਚ 451.46 ਕਰੋੜ ਰੁਪਏ ਨੂੰ ਸਫਲਤਾਪੂਰਵਕ ਬਚਾਇਆ।”

ਫੀਲਡ ਇਨਫੋਰਸਮੈਂਟ ਵਿੱਚ ਤੇਜ਼ੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਵਿਖੇ ਇੱਕੋ ਸਮੇਂ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ, ਇੱਕ ਦਿਨ ਵਿੱਚ ਰਿਕਾਰਡ 141 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਵਿਭਾਗ ਨੇ ਆਇਰਨ ਐਂਡ ਸਟੀਲ, ਸੀਮੈਂਟ, ਆਟੋ ਪਾਰਟਸ, ਤੰਬਾਕੂ ਅਤੇ ਧਾਤਾਂ ਵਰਗੇ ਉੱਚ-ਜੋਖਮ ਵਾਲੇ ਸੈਕਟਰਾਂ ‘ਤੇ ਵਿਸ਼ੇਸ਼ ਨਜ਼ਰ ਰੱਖਦਿਆਂ ਰੇਲਵੇ ਸਟੇਸ਼ਨਾਂ ਅਤੇ ਪ੍ਰਮੁੱਖ ਟਰਾਂਜ਼ਿਟ ਪੁਆਇੰਟਾਂ ‘ਤੇ ਵੀ ਇਨਫੋਰਸਮੈਂਟ ਨੂੰ ਮਜ਼ਬੂਤ ਕੀਤਾ।”

ਸੰਸਥਾਗਤ ਅਤੇ ਤਕਨੀਕੀ ਕਾਰਜ਼ਕੁਸ਼ਲਤਾ ਨੂੰ ਸਫਲਤਾ ਦਾ ਸਿਹਰਾ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ, ਟੈਕਸ ਇੰਟੈਲੀਜੈਂਸ ਯੂਨਿਟ, ਅਤੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਦੀ ਭੂਮਿਕਾ ਅਹਿਮ ਰਹੀ। ਇਹਨਾਂ ਇਨਫੋਰਸਮੈਂਟ ਉਪਾਵਾਂ ਦੀ ਵੱਡੀ ਸਫਲਤਾ ਆਧੁਨਿਕ ਡਾਟਾ ਵਿਸ਼ਲੇਸ਼ਣ, ਰੀਅਲ-ਟਾਈਮ ਈ-ਵੇਅ ਬਿੱਲ ਟ੍ਰੈਕਿੰਗ, ਨਿਰੰਤਰ ਖੁਫੀਆ ਜਾਣਕਾਰੀ, ਅਤੇ ਨਵੇਂ ਵਿਕਸਤ ਡਿਜੀਟਲ ਇਨਫੋਰਸਮੈਂਟ ਪੋਰਟਲਾਂ ਸਦਕਾ ਸੰਭਵ ਹੋਈ। ਇਨ੍ਹਾਂ ਤਕਨੀਕੀ ਤਰੱਕੀਆਂ ਨੇ ਜ਼ਮੀਨੀ ਪੱਧਰ ‘ਤੇ ਤੇਜ਼ ਅਤੇ ਬਹੁਤ ਤਾਲਮੇਲ ਵਾਲੀ ਕਾਰਵਾਈ ਨੂੰ ਸਮਰੱਥ ਬਣਾਇਆ ਹੈ।”

ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਵਿੱਤੀ ਸਾਲ 2025-26 ਦੀ ਕਾਰਗੁਜ਼ਾਰੀ ਪੰਜਾਬ ਭਰ ਵਿੱਚ ਟੈਕਸ ਅਦਾਇਗੀ ਅਤੇ ਮਾਲੀਆ ਜੁਟਾਉਣ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ਕਰਦੇ ਹੋਏ, ਖੁਫੀਆ-ਅਗਵਾਈ ਵਾਲੀ ਇਨਫੋਰਸਮੈਂਟ ਵੱਲ ਇੱਕ ਤਬਦੀਲੀ ਵਾਲੇ ਬਦਲਾਅ ਨੂੰ ਦਰਸਾਉਂਦੀ ਹੈ। ਧੋਖੇਬਾਜ਼ ਨੈੱਟਵਰਕਾਂ ਨੂੰ ਪੱਕੇ ਤੌਰ ‘ਤੇ ਖਤਮ ਕਰਨ, ਇਮਾਨਦਾਰ ਵਪਾਰਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ, ਇਮਾਨਦਾਰ ਟੈਕਸ ਦਾਤਿਆਂ ਦੀ ਰੱਖਿਆ ਕਰਨ ਅਤੇ ਸੂਬੇ ਦੇ ਮਹੱਤਵਪੂਰਨ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਰੋਕਥਾਮ ਕਾਰਵਾਈਆਂ ਹੋਰ ਵੀ ਤੇਜ਼ੀ ਨਾਲ ਜਾਰੀ ਰਹਿਣਗੀਆਂ।”

ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦਾ ਦੇਹਾਂਤ

ਨਵੀਂ ਦਿੱਲੀ, 6 ਅਪ੍ਰੈਲ :

ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦੀਰਘ ਕੌਰ ਦਾ ਦੇਹਾਂਤ ਹੋ ਗਿਆ ਹੈ। ਮਹਾਰਾਜਾ ਰਿਪੁਦਮਨ ਸਿੰਘ ਵੱਲੋਂ ਅੰਗਰੇਜ਼ਾਂ ਖਿਲਾਫ ਬਗ਼ਾਗਤ ਕੀਤੀ ਗਈ ਸੀ। ਬੀਤੇ ਸ਼ਨੀਵਾਰ ਨੂੰ ਦਿੱਲੀ ਦੇ ਨਿਵਾਸ ਸਥਾਨ ਵਿਖੇ ਦੀਰਘ ਕੌਰ ਦਾ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦੇ ਫੁੱਲਾਂ ਦੀ ਰਸਮ ਹਰਦਿਆਰ ਅਤੇ ਕੀਰਤਪੁਰ ਸਾਹਿਬ ਦੋਵਾਂ ਥਾਵਾਂ ਉਤੇ ਨਿਭਾਈ ਗਈ ਹੈ।

ਭਰਤਪੁਰ ਦੇ ਮਹਾਰਾਜਾ ਬ੍ਰਿਜੇਂਦਰ ਸਿੰਘ ਦੀ ਧੀ ਦੀਰਘ ਕੋਰ ਨਾਭੇ ਦੇ ਆਖਰੀ ਮਹਾਰਾਜਾ ਪ੍ਰਤਾਪ ਸਿੰਘ ਦੇ ਵੱਡੇ ਪੁੱਤਰ ਹਨੂਵੰਤ ਸਿੰਘ ਨੂੰ ਵਿਆਹੀ ਗਈ ਸੀ। 73 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਯੁਧਿਸ਼ਟਰ ਅਤੇ ਕੀਰਤ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅਗਨ ਭੇਂਟ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੀ ਫੜ੍ਹੀ ਚੋਰੀ, ਦਰਜ ਹੋਵੇਗਾ ਪਰਚਾ : CM ਭਗਵੰਤ ਮਾਨ

ਪਟਿਆਲਾ, 6 ਅਪ੍ਰੈਲ :

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਬਿਜਲੀ ਕੁੰਡੀ ਫੜ੍ਹੇ ਜਾਣ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਕਤਸਰ ਵਿੱਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਵਿੱਚ ਕੁੰਡੀ ਲੱਗੀ ਫੜ੍ਹੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵੀ ਰੈਲੀ ਕਰਦੇ ਹਾਂ ਬਿਜਲੀ, ਸਾਊਂਡ ਚਲਦੇ ਹਨ ਜਨਰੈਟਰ ਲੱਗਿਆ ਹੈ, ਅਕਾਲੀ ਦਲ ਨੇ ਰੈਲੀ ਵਿੱਚ ਸਪੀਕਰ ਚਲਾਉਣ ਲਈ ਟਰਾਂਸਫਰਮਰ ਵਿਚੋਂ ਸਿੱਧੀ ਕੁੰਡੀ ਲਗਾਈ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਹੁਣ ਚੋਰੀ ਕਰਦਾ ਫੜ੍ਹਿਆ ਗਿਆ ਹੈ, ਪਰਚਾ ਪਾਇਆ ਜਾਵੇਗਾ।

ਪੰਜਾਬ

ਦੇਸ਼