ਡਾ. ਅਨਵਰ ਚਿਰਾਗ਼ ਨੇ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ
ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹੈੱਡਸ਼ਿਪ ਬਾਈ ਰੋਟੇਸ਼ਨ ਨਿਯਮਾਂ ਅਨੁਸਾਰ ਡਾ. ਅਨਵਰ ਚਿਰਾਗ਼ ਨੂੰ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਡਾ. ਚਿਰਾਗ਼ ਦਾ ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਕੰਮ ਕਰਨ ਦਾ 19 ਸਾਲ ਦਾ ਤਜਰਬਾ ਹੈ। ਉਹ ਪੰਜਾਬੀ, ਉਰਦੂ ਤੇ ਫ਼ਾਰਸੀ ਵਿੱਚ ਪੋਸਟ ਗ੍ਰੈਜੂਏਟ ਅਤੇ ਪੰਜਾਬੀ ਵਿੱਚ ਐਮ.ਫ਼ਿਲ. ਅਤੇ ਪੀ-ਐੱਚ.ਡੀ. ਹਨ। ਪੰਜਾਬੀ ਕੋਸ਼ਕਾਰੀ ਤੇ ਸੂਫ਼ੀ ਕਾਵਿ ਦੇ ਵਿਸ਼ੇਸ਼ੱਗ ਡਾ. ਚਿਰਾਗ਼ ਦੀਆਂ ਸੱਤ ਆਲੋਚਨਾਤਮਿਕ, ਲਿੱਪੀਅੰਤ੍ਰਿਤ ਅਤੇ ਅਨੁਵਾਦਿਤ ਪੁਸਤਕਾਂ ਅਤੇ ਤੀਹ ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਬਿਨਾਂ ਉਹਨਾਂ ਨੇ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ‘ਪੰਜਾਬੀ-ਅੰਗਰੇਜ਼ੀ ਕੋਸ਼’ ਅਤੇ ‘ਸੰਸਕ੍ਰਿਤ-ਪੰਜਾਬੀ ਕੋਸ਼’ ਵਿੱਚ ਅਕਾਦਮਿਕ ਕਾਰਜ ਅਤੇ ਅੰਗਰੇਜ਼ੀ-ਪੰਜਾਬੀ ਕੋਸ਼ (ਸੱਤਵਾਂ ਸੰਸਕਰਨ) ਅਤੇ ਪੰਜਾਬੀ ਕੋਸ਼ (ਸਕੂਲ ਪੱਧਰ) ਵਿੱਚ ਸੰਪਾਦਕੀ ਮੰਡਲ ਦੇ ਮੈਂਬਰ ਵਜੋਂ ਕਾਰਜ ਕੀਤਾ ਹੈ। ਉਹਨਾਂ ਦੇ ਲਿਖੇ ਇੰਦਰਾਜ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਬਾਲ ਵਿਸ਼ਵਕੋਸ਼ ਵਿੱਚ ਅਤੇ ਖੋਜ ਪੱਤਰ ਬੀ.ਏ. ਪੱਧਰ ਦੀਆਂ ਪਾਠ-ਪੁਸਤਕਾਂ ਵਿਚ ਸ਼ਾਮਲ ਹਨ। ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਗੁਰਮੁਖੀ-ਸ਼ਾਹਮੁਖੀ ਲਿੱਪੀਅੰਤਰਨ ਸਾਫਟਵੇਅਰ ‘ਸੰਗਮ’ ਵਿੱਚ ਉਹਨਾਂ ਸ਼ਾਹਮੁਖੀ ਲਿੱਪੀ ਦੇ ਮਾਹਿਰ ਵਜੋਂ ਵੀ ਕੰਮ ਕੀਤਾ ਹੈ। ਉਹਨਾਂ ਨੇ ਵਿਭਿੰਨ ਕਾਨਫ਼ਰੰਸਾਂ ਵਿਚ ਆਪਣੇ ਪੇਪਰ ਪੇਸ਼ ਕੀਤੇ ਹਨ ਅਤੇ ਵੱਖ ਵੱਖ ਵਿਦਵਾਨਾਂ ਦੁਆਰਾ ਸੰਪਾਦਿਤ ਪੁਸਤਕਾਂ ਵਿੱਚ ਵੀ ਉਹਨਾਂ ਦੇ ਖੋਜ ਪੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਡਾ. ਅਨਵਰ ਚਿਰਾਗ਼ ਨੂੰ ਇਸ ਅਧਿਆਪਨ ਅਤੇ ਖੋਜ ਵਿਭਾਗ ਦੇ ਮੁਖੀ ਨਿਯੁਕਤ ਹੋਣ ’ਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਿਬਾਨ, ਦੇਸ਼ ਵਿਦੇਸ਼ ਤੋਂ ਪੰਜਾਬੀ ਦੇ ਵਿਦਵਾਨਾਂ ਅਤੇ ਲੇਖਕਾਂ ਡਾ. ਹਰਿਭਜਨ ਸਿੰਘ ਭਾਟੀਆ, ਖ਼ਾਲਿਦ ਹੁਸੈਨ (ਜੰਮੂ), ਵਰਿਆਮ ਸਿੰਘ ਸੰਧੂ, ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਲਖਵਿੰਦਰ ਜੌਹਲ, ਸ. ਸਤਨਾਮ ਸਿੰਘ ਮਾਣਕ, ਸਾਬਕਾ ਰਜਿਸਟਰਾਰ ਡਾ. ਪਰਮਬਖ਼ਸ਼ੀਸ਼ ਸਿੰਘ ਸਿੱਧੂ, ਡਾ. ਦੀਪਕ ਮਨਮੋਹਨ ਸਿੰਘ, ਡਾ. ਚਮਨ ਲਾਲ, ਡਾ. ਰਾਜੇਸ਼ ਸ਼ਰਮਾ, ਜਨਾਬ ਮਕਸੂਦ ਸਾਕਿਬ (ਲਾਹੌਰ), ਸ. ਜੈਤੇਗ਼ ਸਿੰਘ ਅਨੰਤ, ਡਾ. ਹਰਪਾਲ ਸਿੰਘ ਪੰਨੂ, ਡਾ. ਸਰਬਜਿੰਦਰ ਸਿੰਘ, ਡਾ. ਨਿਸ਼ਾਨ ਸਿੰਘ ਦਿਓਲ (ਪੂਟਾ ਪ੍ਰਧਾਨ), ਪ੍ਰੋ. ਨਾਸ਼ਿਰ ਨਕਵੀ, ਡਾ. ਯੋਗਰਾਜ ਅੰਗਰਿਸ਼, ਡਾ. ਸਰਬਜੀਤ ਸਿੰਘ, ਬਲਬੀਰ ਪਰਵਾਨਾ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਕਰਾਂਤੀਪਾਲ , ਡਾ. ਬਲਜਿੰਦਰ ਨਸਰਾਲੀ, ਡਾ. ਭੀਮ ਇੰਦਰ ਸਿੰਘ, ਡਾ. ਮੋਹਨ ਤਿਆਗੀ, ਡਾ. ਹਰਜੋਧ ਸਿੰਘ, ਅਮਰ ਜਿਓਤੀ, ਸੁਖਿੰਦਰ, ਸਵਰਨਜੀਤ ਸਵੀ , ਰਾਣਾ ਰਣਬੀਰ, ਪਰਮਿੰਦਰ ਸੋਢੀ ਆਦਿ ਨੇ ਆਪਣੀ ਖ਼ੁਸ਼ੀ ਅਤੇ ਸ਼ੁੱਭ ਇੱਛਾਵਾਂ ਦਾ ਪ੍ਰਗਟਾਵਾ ਕੀਤਾ ਹੈ।












