ਭਲਵਾਨ ਜੱਸਾ ਪੱਟੀ ਦੇ ਘਰੋਂ 17 ਲੱਖ ਚੋਰੀ ਕਰਨ ਵਾਲੇ ਪਤੀ-ਪਤਨੀ ਆਏ ਅੜਿੱਕੇ

ਚੰਡੀਗੜ੍ਹ : ਭਲਵਾਨ ਜੱਸਾ ਪੱਟੀ ਦੇ ਘਰੋਂ 17 ਲੱਖ ਚੋਰੀ ਕਰਨ ਵਾਲੇ ਪਤੀ-ਪਤਨੀ ਪੁਲਿਸ ਅੜਿੱਕੇ ਆ ਗਏ ਨੇ | ਜਾਣਕਰੀ ਅਨੁਸਾਰ ਪੀਏਪੀ ’ਚ ਪੁਲਿਸ ਦੇ ਇੱਕ ਪਹਿਲਵਾਨ ਦੇ ਘਰ ਉਸ ਦੇ ਇੱਕ ਸਾਥੀ ਨੇ ਹੀ ਚੋਰੀ ਕਰ ਲਈ। ਮਾਮਲਾ ਜਿਵੇਂ ਹੀ ਥਾਣੇ ਪੁੱਜਾ ਤਾਂ ਕੁਝ ਘੰਟਿਆਂ ’ਚ ਹੀ ਸਾਰਾ ਭੇਤ ਖੁੱਲ੍ਹ ਗਿਆ। ਪੁਲਿਸ ਨੇ ਪੀਏਪੀ ਕੰਪਲੈਕਸ ਪੀਏਪੀ ਪਹਿਲਵਾਨ ਜਸਕਵਰ ਸਿੰਘ ਉਰਫ ਜੱਸਾ ਪੱਟੀ ਦੇ ਘਰੋਂ ਚੋਰੀ ਕਰਨ ਵਾਲੇ ਪਤੀ-ਪਤਨੀ ਹਰਮਨਪ੍ਰੀਤ ਉਰਫ਼ ਹੈਪੀ ਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਪਤੀ-ਪਤਨੀ ਵੀ ਖਿਡਾਰੀ ਹਨ।

ਪੁਲਿਸ ਨੇ ਦੋਵਾਂ ਦੇ ਕਬਜ਼ੇ ’ਚੋਂ ਉਹ ਬੈਗ ਵੀ ਬਰਾਮਦ ਕਰ ਲਿਆ ਹੈ, ਜਿਸ ’ਚ 17.25 ਲੱਖ ਰੁਪਏ ਰੱਖੇ ਹੋਏ ਸਨ। ਹੈਪੀ ਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਜੱਸਾ ਪੱਟੀ ਨੇ ਆਪਣੇ ਕੁਆਰਟਰਾਂ ਵਿੱਚ ਨਕਦੀ ਰੱਖੀ ਹੋਈ ਹੈ। ਦੋਵਾਂ ਨੇ ਪਹਿਲਾਂ ਹੀ ਇਹ ਪਤਾ ਲਗਾਉਣ ਲਈ ਰੇਕੀ ਕੀਤੀ ਸੀ ਕਿ ਨਕਦੀ ਕਿੱਥੇ ਹੈ। ਜਿਵੇਂ ਹੀ ਜੱਸਾ ਕੁਆਟਰ ਤੋਂ ਬਾਹਰ ਨਿਕਲਿਆ ਤਾਂ ਦੋਵਾਂ ਨੇ ਨਕਦੀ ਚੋਰੀ ਕਰ ਲਈ। ਜੱਸਾ ਸਵੇਰੇ ਕਾਰ ਵਿੱਚ ਆਪਣੇ ਕੋਚ ਨਾਲ ਰਵਾਨਾ ਹੋਇਆ ਸੀ ਜਦੋਂ ਉਹ ਰਾਤ ਵੇਲੇ ਆਇਆ ਤਾਂ ਦੇਖਿਆ ਕਿ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਕੁਆਰਟਰ ਦੇ ਅੰਦਰ ਜਾ ਕੇ ਦੇਖਿਆ ਤਾਂ ਬੈੱਡ ਹੇਠਾਂ ਰੱਖੀ ਨਕਦੀ ਵੀ ਗਾਇਬ ਸੀ।

ਜਦੋਂ ਪੁਲਿਸ ਨੇ ਹਰਮਨਪ੍ਰੀਤ ਉਰਫ ਹੈਪੀ ਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਮੰਨਿਆ ਕਿ ਜੱਸਾ ਪੱਟੀ ਤੋਂ ਨਿਕਲਦੇ ਹੀ ਉਨ੍ਹਾਂ ਨੇ ਪਿੱਛੇ ਤੋਂ ਤਾਲਾ ਤੋੜ ਕੇ ਬੈਗ ਚੋਰੀ ਕਰ ਲਿਆ। ਪੁਲਿਸ ਨੇ ਬੈਗ ਤੇ 17.25 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੋਵੇਂ ਪਤੀ-ਪਤਨੀ ਮੂਲ ਰੂਪ ਵਿੱਚ ਤਰਨ ਤਾਰਨ ਦੇ ਵਸਨੀਕ ਹਨ।

Spread the love