ਮਾਨਸਾ, 12 ਫਰਵਰੀ

ਕੇਂਦਰ ਦੀ ਭਾਪਜਾ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਮੰਨਣ ਦੀ ਬਜਾਇ ਲਖੀਮਪੁਰ ਖੀਰੀ ਕਾਂਡ ਦੇ ਮੱਖ ਦੋਸ਼ੀ ਨੂੰ ਜਮਾਨਤ ਦਿਵਾਉਣ ਦੇ ਰੋਸ ਵਜੋਂ ਪੰਜਾਬ ਕਿਸਾਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚੋਂ ਆਪਣਾ ਉਮੀਦਵਾਰ ਗੁਰਨਾਮ ਸਿੰਘ ਭੀਖੀ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਭਾਜਪਾ ਅਤੇ ਉਹਨਾਂ ਦੇ ਭਾਈਵਾਲਾਂ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

ਉਪਰੋਕਤ ਫੈਸਲਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ । ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਕੋਰਟਾਂ ਸਮੇਤ ਦੇਸ਼ ਦੀਆਂ ਬਾਕੀ ਸੰਸਥਾਵਾਂ ਮੋਦੀ ਦੇ ਪ੍ਰਭਾਵ ਹੇਠ ਫੈਸਲੇ ਕਰ ਰਹੀਆਂ ਹਨ, ਜਿਸ ਨਾਲ ਦੇਸ਼ ਵਿਚ ਸੰਵਿਧਾਨ ਦੀ ਥਾਂ ਮੋਦੀ ਦਾ ਹੁਕਮ ਚਲ ਰਿਹਾ ਹੈ।

ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਸੀ ਕਿ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸ਼ਾਜਿਸ਼ ਘਾੜੇ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਮੋਦੀ ਸਰਕਾਰ ਨੇ ਅਜਿਹਾ ਕਰਨ ਦੀ ਥਾਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਮੰਤਰੀ ਦੇ ਲਾਡਲੇ ਅਸ਼ੀਸ਼ ਮਿਸ਼ਰਾ ਜਮਾਨਤ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੱਕੇ ਬੰਦੀ ਸਿੰਘਾਂ ਸਮੇਤ ਦੇਸ਼ ਦੇ ਅਨੇਕਾਂ ਲੋਕਾਂ ਨੂੰ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ। ਦੂਸਰੇ ਪਾਸੇ ਭਾਪਜਾ ਦੀ ਛਤਰਛਾਇਆ ਹੇਠ ਦੇਸ਼ ਅੰਦਰ ਗੁੰਡਾਗਰਦੀ ਕਰ ਰਹੇ ਗੁੰਡਿਆਂ ਅਤੇ ਬਲਾਤਕਾਰੀਆਂ ਨੂੰ ਜਮਾਨਤਾਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨ ਆਗੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰਾਂ ਭਾਜਪਾ ਵੱਲੋਂ ਦੇਸ਼ ਵਿਚ ਫਿਰਕੂ ਰੰਗਤ ਫੈਲਾਕੇ ਦੇਸ਼ ਨੂੰ ਘਰੇਲੂ ਖਾਨਾਜੰਗੀ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ‘ਚ ਵੰਡੀਆਂ ਪਾਈਆਂ ਜਾ ਰਹੀਆਂ ਹਨ ਉਸ ਸਮੇਂ ਦੇਸ਼ ਨੂੰ ਬਚਾਉਣ ਲਈ ਚੋਣਾਂ ਲੜਨ ਦੀ ਬਜਾਇ ਹਰ ਵਰਗ ਦੀ ਏਕਤਾ ਉਸਾਰਕੇ ਦੇਸ਼ ਨੂੰ ਬੀ.ਜੇ.ਪੀ. ਖਿਲਾਫ ਲਾਮਬੰਦ ਕਰਕੇ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਦੇਸ਼ ਅੰਦਰ ਬੀ.ਜੇ.ਪੀ. ਖਿਲਾਫ ਲਾਮਬੰਦੀ ਕੀਤੀ ਜਾਵੇਗੀ।

ਮੀਟਿੰਗ ਵਿਚ ਬੀ.ਜੇ.ਪੀ. ਤੇ ਉਹਨਾਂ ਦੇ ਭਾਈਵਾਲਾਂ ਦੇ ਉਮੀਦਵਾਰਾਂ ਦੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ । ਕਿਸਾਨ ਆਗੂ ਨੇ ਕਿਹਾ ਕਿ ਯੂ.ਪੀ. ਸਮੇਤ ਬਾਕੀ ਰਾਜਾਂ ਵਿਚ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਜਾਵੇਗੀ। ਜਥੇਬੰਦੀ ਵੱਲੋਂ 14 ਫਰਬਰੀ ਤੋਂ 16 ਫਰਬਰੀ ਤੱਕ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਦੇਣ ਦੇ ਵਿਰੋਧ ਵਿਚ ਮੋਦੀ ਦੇ ਪੁਤਲੇ ਸਾੜੇ ਜਾਣਗੇ ਅਤੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ, ਸੂਬਾ ਕਮੇਟੀ ਮੈਂਬਰ ਹਾਕਮ ਸਿੰਘ ਝੁਨੀਰ, ਜਿਲਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ, ਸਕੱਤਰ ਸਵਰਨ ਸਿੰਘ ਬੋੜਾਵਾਲ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਕੋਟਧਰਮੂੰ ਗੁਰਜੰਟ ਸਿੰਘ ਮਾਨਸਾ, ਰਣਜੀਤ ਸਿੰਘ ਤਾਮਕੋਟ, ਨਾਜ਼ਰ ਸਿੰਘ ਕੂਲਰੀਆਂ ਆਦਿ ਆਗੂ ਹਾਜ਼ਰ ਸਨ।

Spread the love