Breaking News
ਪੰਜਾਬ ਸਰਕਾਰ ਵੱਲੋਂ ਕੰਟਰੈਕਟ ’ਤੇ ਕੰਮ ਕਰਦੇ ਮੁਲਾਜ਼ਮਾਂ ਲਈ ਅਹਿਮ ਪੱਤਰ ਜਾਰੀ

ਚੰਡੀਗੜ੍ਹ, 13 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਸਰਕਾਰ ਵੱਲੋਂ ਕੰਟਰੈਕਟ ਉਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਅਹਿਮ ਪੱਤਰ ਜਾਰੀ ਕੀਤਾ ਹੈ। ਸਰਕਾਰ ਨੇ ਕੰਟਰੈਕਟ ਉਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਵਿੱਚ 31 ਮਾਰਚ 2027 ਤੱਕ ਵਾਧਾ ਕੀਤਾ ਹੈ। ਇਹ ਪੱਤਰ ਭਾਵੇਂ ਸਰਕਾਰ ਵੱਲੋਂ 30 ਮਾਰਚ 2026 ਨੂੰ ਜਾਰੀ ਹੋਇਆ, ਪ੍ਰੰਤੁ ਸਾਹਮਣੇ ਹੁਣ ਆਇਆ ਹੈ।

‘ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ’ ਤਹਿਤ ਪੰਜਾਬ ਦੇ 13,000 ਪਿੰਡਾਂ ਨੂੰ ਸੋਲਰ LED ਲਾਈਟਾਂ ਨਾਲ ਕੀਤਾ ਜਾਵੇਗਾ ਰੌਸ਼ਨ : ਅਮਨ ਅਰੋੜਾ

ਜਲੰਧਰ, 13 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਦੇ ਸਾਰੇ ਪਿੰਡਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਐਲ.ਈ.ਡੀ. ਸਟ੍ਰੀਟ ਲਾਈਟਾਂ ਨਾਲ ਰੌਸ਼ਨ ਕਰਨ ਲਈ ਇੱਕ ਵਿਲੱਖਣ ਪਹਿਲਕਦਮੀ ‘ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ।

ਸਥਾਨਕ ਸਰਕਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਪਿੰਡਾਂ ਵਿੱਚ ਰੌਸ਼ਨੀ ਲਈ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚੋਂ ਇੱਕ ਦੱਸਿਆ, ਜਿਸ ਤਹਿਤ ਪੰਜਾਬ ਭਰ ਵਿੱਚ 3 ਲੱਖ ਤੋਂ ਵੱਧ ਸੋਲਰ ਐਲ.ਈ.ਡੀ. ਲਾਈਟਾਂ ਲਗਾਈਆਂ ਜਾਣਗੀਆਂ।

ਸ਼੍ਰੀ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਸ਼ਨੀਵਾਰ ਨੂੰ ਪਿੰਡਾਂ ਵਿੱਚ ਭਰੋਸੇਯੋਗ ਅਤੇ ਕਿਫਾਇਤੀ ਲਾਈਟਿੰਗ ਯਕੀਨੀ ਬਣਾਉਣ ਲਈ ਇਸ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੋਲਰ ਸਟ੍ਰੀਟ ਲਾਈਟਾਂ ਨੂੰ ਉਨ੍ਹਾਂ ਦੀ ਜ਼ੀਰੋ ਬਿਜਲੀ ਲਾਗਤ, ਭਰੋਸੇਯੋਗਤਾ ਅਤੇ ਪੇਂਡੂ ਖੇਤਰਾਂ ਲਈ ਢੁਕਵੀਂਆਂ ਹੋਣ ਕਰਕੇ ਤਰਜੀਹ ਦਿੱਤੀ ਜਾ ਰਹੀ ਹੈ। ਇਹ ਪ੍ਰਾਜੈਕਟ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਜੂਨ ਅਤੇ ਅਕਤੂਬਰ 2026 ਦਰਮਿਆਨ ਪੜਾਅਵਾਰ ਢੰਗ ਨਾਲ ਲਾਈਟਾਂ ਲਗਾਈਆਂ ਜਾਣਗੀਆਂ।ਯੋਜਨਾ ਲਈ ਸੋਧੇ ਹੋਏ ਫੰਡਿੰਗ ਪੈਟਰਨ ਦੀ ਪਾਲਣਾ ਕੀਤੀ ਜਾਵੇਗੀ, ਜਿਸ ਤਹਿਤ ਰਾਜ ਸਰਕਾਰ ਵੱਲੋਂ 70 ਫੀਸਦੀ ਅਤੇ ਗ੍ਰਾਮ ਪੰਚਾਇਤਾਂ ਵੱਲੋਂ 30 ਫੀਸਦੀ ਯੋਗਦਾਨ ਪਾਇਆ ਜਾਵੇਗਾ।

ਇਸ ਪਹਿਲਕਦਮੀ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਪਿੰਡਾਂ ਵਿੱਚ ਸਿਰਫ਼ 1.14 ਲੱਖ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਹੁਣ ਖ਼ਰਾਬ ਹੋ ਗਈਆਂ ਹਨ। ਨਵੀਂ ਯੋਜਨਾ ਤਹਿਤ ਸਾਰੀਆਂ ਲਾਈਟਾਂ ਸੱਤ ਸਾਲਾਂ ਦੇ ਸਾਲਾਨਾ ਰੱਖ-ਰਖਾਅ ਦੇ ਇਕਰਾਰਨਾਮੇ ਨਾਲ ਲਗਾਈਆਂ ਜਾਣਗੀਆਂ, ਜਿਸ ਤਹਿਤ ਖ਼ਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਬਦਲਣਾ ਯਕੀਨੀ ਬਣੇਗਾ।ਇਸ ਸਿਸਟਮ ਤਹਿਤ ਹਰੇਕ ਲਾਈਟ ਦੀ ਜੀਓ-ਟੈਗਿੰਗ, ਇਕ ਕਮਾਂਡ ਤੇ ਕੰਟਰੋਲ ਸੈਂਟਰ ਰਾਹੀਂ ਕੇਂਦਰੀਕ੍ਰਿਤ ਨਿਗਰਾਨੀ ਅਤੇ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਆਈ.ਵੀ.ਆਰ.ਹੈਲਪਲਾਈਨ ਸ਼ਾਮਲ ਹੋਵੇਗੀ।

ਸ਼੍ਰੀ ਅਰੋੜਾ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਸੁਰੱਖਿਆ ਵਧੇਗੀ, ਖਾਸ ਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣੇਗੀ। ਪੇਂਡੂ ਖੇਤਰਾਂ ਵਿੱਚ ਜੀਵਨ ਪੱਧਰ ਬਿਹਤਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਗ੍ਰੀਨ ਐਨਰਜੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਈ ਸੋਲਰ ਪ੍ਰਾਜੈਕਟਾਂ ‘ਤੇ ਵੀ ਕੰਮ ਕਰ ਰਹੀ ਹੈ।

ਇਸ ਯੋਜਨਾ ਨੂੰ ਕ੍ਰਾਂਤੀਕਾਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਸੁਰੱਖਿਆ ਵਿੱਚ ਵਾਧਾ ਹੋਵੇਗਾ ਸਗੋਂ ਰਾਜ ਭਰ ਦੇ ਪਿੰਡਾਂ ਵਿੱਚ ਆਰਥਿਕ ਗਤੀਵਿਧੀਆਂ ਵੀ ਮਜ਼ਬੂਤ ਹੋਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਕੈਬਨਿਟ ਆਪਣੀਆਂ ਮੀਟਿੰਗਾਂ ਵਿੱਚ ਲੋਕ-ਪੱਖੀ ਨੀਤੀਆਂ ਅਤੇ ਪਹਿਲਕਦਮੀਆਂ ਨੂੰ ਲਗਾਤਾਰ ਤਰਜੀਹ ਦਿੰਦੀ ਹੈ, ਜਿਸ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ, ਮੁਫ਼ਤ ਬਿਜਲੀ, ਮਾਵਾਂ-ਧੀਆਂ ਸਤਿਕਾਰ ਯੋਜਨਾ, ਪੰਜਾਬ ਵਿੱਚ 9000 ਤੋਂ ਵੱਧ ਸਟੇਡੀਅਮਾਂ ਦਾ ਨਿਰਮਾਣ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ ਰੰਗਲਾ ਪੰਜਾਬ ਬਣਾਉਣ ਲਈ ਕਈ ਹੋਰ ਯੋਜਨਾਵਾਂ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ’ ਤਹਿਤ ਗ੍ਰਾਮ ਪੰਚਾਇਤਾਂ ’ਤੇ ਵਿੱਤੀ ਬੋਝ ਕਾਫ਼ੀ ਹੱਦ ਤੱਕ ਘਟਾਇਆ ਗਿਆ ਹੈ। ਪਹਿਲਾਂ ਪੰਚਾਇਤਾਂ ਨੂੰ ਸਟ੍ਰੀਟ ਲਾਈਟਾਂ ਲਗਾਉਣ ਲਈ 70 ਫੀਸਦੀ ਖਰਚ ਸਹਿਣ ਕਰਨਾ ਪੈਂਦਾ ਸੀ ਪਰ ਹੁਣ ਰਾਜ ਸਰਕਾਰ 70 ਫੀਸਦੀ ਖਰਚ ਸਹਿਣ ਕਰੇਗੀ ਜਦਕਿ ਪੰਚਾਇਤਾਂ ਦਾ ਯੋਗਦਾਨ ਸਿਰਫ਼ 30 ਫੀਸਦੀ ਹੋਵੇਗਾ। ਇਸ ਮੌਕੇ ‘ਆਪ’ ਆਗੂ ਆਤਮ ਪ੍ਰਕਾਸ਼ ਬਬਲੂ, ਤਰੁਣਦੀਪ ਸਿੰਘ ਵੀ ਮੌਜੂਦ ਸਨ।

CM ਮਾਨ ਨੇ ਇੱਕੋ ਛੱਤ ਹੇਠ ਰਜਿਸਟਰੀ ਤੋਂ ਰਿਕਾਰਡ ਰੂਮ ਤੱਕ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਲੋਕਾਂ ਨੂੰ ਕੀਤਾ ਸਮਰਪਿਤ

ਤਲਵੰਡੀ ਸਾਬੋ; 13 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪਵਿੱਤਰ ਨਗਰੀ ਤਲਵੰਡੀ ਸਾਬੋ ਵਿਖੇ ਵੱਡਾ ਪ੍ਰਸ਼ਾਸਨਿਕ ਸੁਧਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਤਿ-ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਕੰਪਲੈਕਸ 40 ਸਾਲ ਪੁਰਾਣੇ ਅਸੁਰੱਖਿਅਤ ਇਮਾਰਤ ਦੀ ਥਾਂ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਆਧੁਨਿਕ ਅਤੇ ਨਾਗਰਿਕ-ਕੇਂਦ੍ਰਿਤ ਸਹੂਲਤ ਨਾਲ ਲੈਸ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੰਨ ਮੰਜ਼ਿਲਾ ਕੰਪਲੈਕਸ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਸ ਨਵੀਂ ਇਮਾਰਤ ਨਾਲ ਰਜਿਸਟਰੀ ਤੋਂ ਲੈ ਕੇ ਰਿਕਾਰਡ ਰੂਮ ਤੱਕ ਸਾਰੀਆਂ ਜ਼ਰੂਰੀ ਸਰਕਾਰੀ ਸੇਵਾਵਾਂ ਹਾਈ-ਸਪੀਡ ਡਿਜੀਟਲ ਕਨੈਕਟੀਵਿਟੀ ਨਾਲ ਇੱਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਕੰਪਲੈਕਸ ਵਿੱਚ 28 ਕਮਰੇ ਬਣਾਏ ਗਏ ਹਨ ਜਿਹਨਾਂ ਵਿੱਚ ਆਸਾਨ ਰਜਿਸਟਰੀ, ਐਸਡੀਐਮ ਅਤੇ ਤਹਿਸੀਲਦਾਰ ਅਦਾਲਤਾਂ, ਫਰਦ ਕੇਂਦਰ, ਖਜ਼ਾਨਾ ਦਫ਼ਤਰ, ਰਿਕਾਰਡ ਰੂਮ ਅਤੇ ਹੋਰ ਮੁੱਖ ਸਹੂਲਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਲਿਫਟ ਅਤੇ ਆਧੁਨਿਕ ਬੁਨਿਆਦੀ ਢਾਂਚਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕੁਸ਼ਲਤਾ ਦੇ ਨਾਲ-ਨਾਲ ਬਿਹਤਰ ਜਨਤਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀ ਇਮਾਰਤ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਸੀ, ਜੋ ਜਾਨ-ਮਾਲ ਲਈ ਵੱਡਾ ਖ਼ਤਰਾ ਬਣਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਨਵਾਂ ਕੰਪਲੈਕਸ ਤਲਵੰਡੀ ਸਾਬੋ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ‘ਤੇ ਨਵੇਂ ਸਬ-ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। 40 ਸਾਲ ਪੁਰਾਣੀ ਖੰਡਰ ਇਮਾਰਤ ਦੀ ਥਾਂ ‘ਤੇ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਆਧੁਨਿਕ ਕੰਪਲੈਕਸ ਬਣਾਇਆ ਗਿਆ ਹੈ।”

ਉਨ੍ਹਾਂ ਕਿਹਾ, “ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ 28 ਕਮਰੇ ਹਨ, ਜਿੱਥੇ ਸਾਰੀਆਂ ਜ਼ਰੂਰੀ ਸਹੂਲਤਾਂ ਜਿਵੇਂ ਕਿ ਐਸਡੀਐਮ ਅਦਾਲਤ, ਤਹਿਸੀਲਦਾਰ ਅਦਾਲਤ, ਫਰਦ ਕੇਂਦਰ, ਰਿਕਾਰਡ ਰੂਮ, ਖਜ਼ਾਨਾ ਦਫ਼ਤਰ ਅਤੇ ਕੰਟੀਨ ਇੱਕੋ ਛੱਤ ਹੇਠ ਉਪਲਬਧ ਹਨ। ਹਰ ਦਫ਼ਤਰ ਨੂੰ ਹਾਈ-ਸਪੀਡ ਇੰਟਰਨੈਟ ਨਾਲ ਲੈਸ ਕੀਤਾ ਗਿਆ ਹੈ ਅਤੇ ਲੋਕਾਂ ਦੀ ਸਹੂਲਤ ਲਈ ਇੱਕ ਲਿਫਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।”

ਉਨ੍ਹਾਂ ਕਿਹਾ, “ਇਹ ਕੰਪਲੈਕਸ ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ, ਜਿਸ ਨਾਲ ਸਰਕਾਰੀ ਸੇਵਾਵਾਂ ਤੇਜ਼ੀ ਤੇ ਪਾਰਦਰਸ਼ਤਾ ਆਵੇਗੀ ਅਤੇ ਪਹੁੰਚ ਵਿੱਚ ਵਾਧਾ ਹੋਵੇਗਾ। ਲਗਾਤਾਰ ਵਿਕਾਸ ਨਾਲ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਧਰਤੀ ‘ਤੇ ਨਵਾਂ ਬਣਿਆ ਸਬ-ਡਿਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਆਧੁਨਿਕ, ਨਾਗਰਿਕ-ਕੇਂਦ੍ਰਿਤ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਜ਼ਮੀਨੀ ਪੱਧਰ ‘ਤੇ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀ ਸਬ-ਡਿਵੀਜ਼ਨਲ ਕੰਪਲੈਕਸ ਦੀ ਇਮਾਰਤ ਲਗਪਗ 40 ਸਾਲ ਪੁਰਾਣੀ ਸੀ ਅਤੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ। ਨਵੇਂ ਕੰਪਲੈਕਸ ਦੇ ਨਿਰਮਾਣ ‘ਤੇ 6 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਦਾ ਕੁੱਲ ਖੇਤਰਫਲ 3,000 ਵਰਗ ਫੁੱਟ ਹੈ।”

ਉਨ੍ਹਾਂ ਕਿਹਾ, “ਤਿੰਨ ਮੰਜ਼ਿਲਾ ਇਮਾਰਤ ਵਿੱਚ 28 ਕਮਰੇ ਹਨ ਅਤੇ ਇਸ ਵਿੱਚ ਆਸਾਨ ਰਜਿਸਟ੍ਰੇਸ਼ਨ ਲਈ ਦਫ਼ਤਰ, ਐਸਡੀਐਮ ਅਦਾਲਤ, ਤਹਿਸੀਲਦਾਰ ਅਦਾਲਤ, ਫਰਦ ਕੇਂਦਰ, ਰਿਕਾਰਡ ਰੂਮ, ਖਜ਼ਾਨਾ ਦਫ਼ਤਰ ਅਤੇ ਇੱਕ ਕੰਟੀਨ ਵਰਗੀਆਂ ਸਹੂਲਤਾਂ ਸ਼ਾਮਲ ਹਨ।”

ਆਧੁਨਿਕ ਬੁਨਿਆਦੀ ਢਾਂਚੇ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਰੇ ਦਫ਼ਤਰਾਂ ਨੂੰ ਹਾਈ-ਸਪੀਡ ਇੰਟਰਨੈੱਟ ਨਾਲ ਲੈਸ ਕੀਤਾ ਗਿਆ ਹੈ ਅਤੇ ਕੰਪਲੈਕਸ ਵਿੱਚ ਲਿਫਟ ਦੀ ਸਹੂਲਤ ਵੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਆਧੁਨਿਕ ਤਹਿਸੀਲ ਕੰਪਲੈਕਸ ਪੂਰੇ ਪੰਜਾਬ ਵਿੱਚ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਅਜਿਹੇ ਲੋਕ-ਕੇਂਦ੍ਰਿਤ ਉਪਰਾਲਿਆਂ ਵੱਲ ਧਿਆਨ ਨਹੀਂ ਦਿੱਤਾ ਸੀ।

ਪਿਛਲੀਆਂ ਸਰਕਾਰਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲਾਂ, ਸੂਬੇ ਦੀ ਵਾਗਡੋਰ ਗਲਤ ਹੱਥਾਂ ਵਿੱਚ ਸੀ, ਜਿਸ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ।” ਉਨ੍ਹਾਂ ਅੱਗੇ ਕਿਹਾ, “ਅਹੁਦਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਜਨਤਕ ਮਹੱਤਵ ਵਾਲੇ ਕੰਮਾਂ ਨੂੰ ਤਰਜੀਹ ਦਿੱਤੀ।” ਸੰਤੁਸ਼ਟੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਮਾਰਤਾਂ ਲੋਕਾਂ ਦੀਆਂ ਭਵਿੱਖੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਨਵਾਂ ਸਬ-ਡਿਵੀਜ਼ਨਲ ਕੰਪਲੈਕਸ ਤਲਵੰਡੀ ਸਾਬੋ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਇੱਕੋ ਛੱਤ ਹੇਠ ਤੇਜ਼, ਪਾਰਦਰਸ਼ੀ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਕੇ ਵੱਡਾ ਲਾਭ ਪਹੁੰਚਾਏਗਾ।

ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹਰ ਬੀਤਦੇ ਦਿਨ ਦੇ ਨਾਲ ਹੋਰ ਮਜ਼ਬੂਤ ਹੋਣਗੀਆਂ, ਜਿਸ ਨਾਲ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰ ਸਕੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ “ਪਵਿੱਤਰ ਨਗਰੀ ਤਲਵੰਡੀ ਸਾਬੋ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਮੈਨੂੰ ਇੱਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।”

ਵਿਸਾਖੀ ਦੇ ਪਵਿੱਤਰ ਮੌਕੇ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ, “ਇਹ ਤਿਉਹਾਰ ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਦੇ ਨਾਲ-ਨਾਲ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਵੀ ਹੈ।” ਉਨ੍ਹਾਂ ਯਾਦ ਕੀਤਾ ਕਿ 13 ਅਪ੍ਰੈਲ, 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜਿਆ ਸੀ ਅਤੇ ਇਸ ਪਲ ਨੂੰ ਇਤਿਹਾਸ ਵਿੱਚ ਵੀ ਦਰਜ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਪਾਵਨ ਦਿਹਾੜੇ ਵੱਖ-ਵੱਖ ਜਾਤਾਂ ਨਾਲ ਸਬੰਧਤ ‘ਪੰਜ ਪਿਆਰਿਆਂ’ ਨੂੰ ਅੰਮ੍ਰਿਤ ਛਕਾਇਆ ਗਿਆ, ਇੱਕ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖ ਕੇ ਪਿਆਰ, ਹਮਦਰਦੀ, ਵਿਸ਼ਵਵਿਆਪੀ ਭਾਈਚਾਰੇ ਅਤੇ ਭਾਈਚਾਰਕ ਸਦਭਾਵਨਾ ਦਾ ਸੰਦੇਸ਼ ਫੈਲਾਇਆ ਗਿਆ।” ਉਨ੍ਹਾਂ ਅੱਗੇ ਕਿਹਾ ਕਿ ਵਿਸਾਖੀ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ ਅਤੇ ਇਹ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤੀ ਲੋਕਾਂ ਦਾ ਤਿਉਹਾਰ ਹੈ, ਨਾਗਰਿਕਾਂ ਨੂੰ ਕੌਮ ਦੇ ਸਮਾਜਿਕ ਅਤੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਹੋਰ ਮਜ਼ਬੂਤ ਕਰਨ ਲਈ ਇਸਨੂੰ ਰਵਾਇਤੀ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਦਿਨ ਸਿੱਖਾਂ ਜਾਂ ਪੰਜਾਬੀਆਂ ਦੇ ਨਾਲ-ਨਾਲ ਸਮੁੱਚੇ ਦੇਸ਼ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ।” ਖਾਲਸਾ ਪੰਥ ਦੀ ਸਾਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ-ਕੁਚਲੇ ਸਮਾਜ ਵਿੱਚ ਨਵੀਂ ਉਮੰਗ ਭਰੀ ਅਤੇ ਜਾਨਾਂ ਵਾਰ ਕੇ ਲੋਕਾਂ ਨੂੰ ਜ਼ੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋਣ ਦਾ ਅਧਿਕਾਰ ਦਿੱਤਾ।” ਉਨ੍ਹਾਂ ਅੱਗੇ ਕਿਹਾ ਕਿ ਇਹ ਦਿਨ ਸਿਰਫ਼ ਇੱਕ ਰਸਮ ਨਹੀਂ, ਸਗੋਂ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਣ ਦਾ ਮੌਕਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਵਿਸਾਖੀ ਦੇ ਇਸ ਪਵਿੱਤਰ ਮੌਕੇ ਸਾਨੂੰ ਸਮਾਜਿਕ ਸਮਾਨਤਾ, ਆਪਸੀ ਭਾਈਚਾਰੇ ਅਤੇ ਸ਼ੋਸ਼ਣ ਤੋਂ ਆਜ਼ਾਦੀ ‘ਤੇ ਅਧਾਰਤ ਸਮਾਜ ਦੀ ਉਸਾਰੀ ਲਈ ਆਪਣੇ-ਆਪ ਨੂੰ ਵਚਨਬੱਧ ਕਰਨਾ ਚਾਹੀਦਾ ਹੈ।”

ਵਿਧਾਨਕ ਮੋਰਚੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਪੇਸ਼ ਕਰੇਗੀ। ਉਨ੍ਹਾਂ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਤਿਕਾਰਯੋਗ ਪਵਿੱਤਰ ਗ੍ਰੰਥਾਂ ਦੀ ‘ਬੇਅਦਬੀ’ ਨਾਲ ਸਬੰਧਤ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਜਨਤਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕੀਤਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ, 2023 ਦੀਆਂ ਧਾਰਾਵਾਂ 298, 299 ਅਤੇ 300 ਅਧੀਨ ਅਜਿਹੇ ਮਾਮਲੇ ਆਉਂਦੇ ਹਨ, ਪਰ ਇਸ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਸਜ਼ਾ ਦਾ ਕੋਈ ਨੁਸਖ਼ਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ, “ਬਹੁਤ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਅਤੇ ਆਪਸੀ ਸਤਿਕਾਰ ਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਸਖ਼ਤ ਕਾਨੂੰਨੀ ਉਪਾਅ ਜ਼ਰੂਰੀ ਹਨ।”

ਉਨ੍ਹਾਂ ਅੱਗੇ ਕਿਹਾ, “ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਬੇਅਦਬੀ ਦੇ ਦੋਸ਼ੀ ਪਾਏ ਜਾਣ ਵਾਲਿਆਂ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾਵਾਂ ਦੀ ਪੇਸ਼ਕਸ਼ ਕਰਦਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਾਨੂੰਨ ਇੱਕ ਮਜ਼ਬੂਤ ਰੋਕਥਾਮ ਵਜੋਂ ਕੰਮ ਕਰੇਗਾ ਅਤੇ ਪੰਜਾਬ ਭਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਵਿੱਚ ਸਹਾਈ ਸਿੱਧ ਹੋਵੇਗਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

13-04-2026

ਬਿਲਾਵਲੁ ਮਹਲਾ ੫ ॥

ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥ ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥ ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥ ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥ ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥ ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥ ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥ ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥

ਸੋਮਵਾਰ, ੩੧ ਚੇਤ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੮੦੯)

ਪੰਜਾਬੀ ਵਿਆਖਿਆ

ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ । ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ।੧।ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ । ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ।੧।ਰਹਾਉ।ਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ, (ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ।੨।ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ । ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕੋ੍ਰਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ।੩।ਹੇ ਨਾਨਕ! ਆਖ—ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ । ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ।੪।੬।੩੬।

ਇਰਾਨ ਤੇ ਅਮਰੀਕਾ ਵਿਚਕਾਰ ਹੋਈ ਗੱਲਬਾਤ ਰਹੀ ਬੇਨਤੀਜ਼ਾ

ਇਸਲਾਮਾਬਾਦ, 12 ਅਪ੍ਰੈਲ :

ਇਰਾਨ – ਅਮਰੀਕਾ ਵਿੱਚਕਾਰ ਜੰਗ ਨੂੰ ਲੈ ਕੇ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਹੋਈ ਗੱਲਬਾਤ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਸੀ। 21  ਘੰਟੇ ਦੇ ਕਰੀਬ ਚੱਲ ਇਹ ਗੱਲਬਾਤ ਫੇਲ੍ਹ ਹੋ ਗਈ। ਗੱਲਬਾਤ ਫੇਲ੍ਹ ਹੋਣ ਉਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਨਿਰਾਸ਼ਾ ਪ੍ਰਗਟਾਈ ਹੈ। ਜੇਡੀ ਵੇਂਸ ਨੇ ਕਿਹਾ ਇਸਲਾਮਾਬਾਦ ਵਿੱਚ ਹੋਈ ਗੱਲਬਾਤ ਦੌਰਾਨ ਅਸੀਂ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਸਕੇ। ਇਰਾਨ ਸਾਡੀਆ ਕਈ ਸ਼ਰਤਾਂ ਮੰਨਣ ਲਈ ਤਿਆਰ ਨਹੀਂ ਹੈ। ਬਿਨਾਂ ਕਿਸੇ ਸਮਝੌਤੇ ਦੇ ਅਮਰੀਕਾ ਵਾਪਸ ਜਾ ਰਿਹਾ ਹੈ। ਇਰਾਨ ਅਤੇ ਅਮਰੀਕਾ ਇਕ ਪੁਆਇੰਟ ਉਤੇ ਨਹੀਂ ਪਹੁੰਚ ਸਕੇ, ਜਿੱਥੇ ਜੰਗ ਦਾ ਹੱਲ ਨਿਕਲ ਸਕੇ। ਇਸਲਾਮਾਬਾਦ ਵਿੱਚ ਫੇਲ੍ਹ ਹੋਈ ਗੱਲਬਾਤ ਤੋਂ ਬਾਅਦ ਇਰਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਇਰਾਨ ਨੇ ਕਿਹਾ ਕਿ ਅਮਰੀਕਾ ਵੱਲੋਂ ਬਹੁਤ ਜ਼ਿਆਦਾ ਮੰਗ ਰੱਖੀ ਗਈ ਸੀ, ਜਿੰਨਾਂ ਨੂੰ ਅਸੀਂ ਕਿਸੇ ਵੀ ਕੀਮਤ ਉਤੇ ਮੰਨਣ ਲਈ ਤਿਆਰ ਨਹੀਂ ਸੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

12-04-2026

ਧਨਾਸਰੀ ਮਹਲਾ ੪ ਘਰੁ ੧ ਚਉਪਦੇ

ੴ ਸਤਿਗੁਰ ਪ੍ਰਸਾਦਿ ॥

ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥

ਐਤਵਾਰ, ੩੦ ਚੇਤ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੬੬)

ਪੰਜਾਬੀ ਵਿਆਖਿਆ

ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ । ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ।੧। ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ । ਅਸੀ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ । ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ।ਰਹਾਉ। ਹੇ ਭਾਈ! ਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ, ਤਿਵੇਂ ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਸੋਧਿਆ ਜਾਂਦਾ ਹੈ । (ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ । ਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ । ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ।੩। ਹੇ ਨਾਨਕ! (ਆਖ-) ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ! ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਦਾਸਾਂ ਦੀ ਲਾਜ ਰੱਖ ਲੈ ।੪।੧।

ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕਟ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ/ਬਟਾਲਾ, 11 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਬਟਾਲਾ ਪੁਲਿਸ ਨੇ 6.5 ਕਿਲੋ ਹੈਰੋਇਨ, ਇੱਕ .30 ਕੈਲੀਬਰ ਪਿਸਤੌਲ, ਛੇ ਜ਼ਿੰਦਾ ਕਾਰਤੂਸ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਮੂਲੀਆਂਵਾਲ, ਬਟਾਲਾ, ਰਵੀਪਾਲ ਸਿੰਘ ਵਾਸੀ ਰਾਏਪੁਰ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਟੋਇਟਾ ਫਾਰਚੂਨਰ ਕਾਰ ਵੀ ਜ਼ਬਤ ਕਰ ਲਈ ਹੈ।

ਇਹ ਸਫਲਤਾ 30 ਮਾਰਚ, 2026 ਨੂੰ ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵੰਸ਼ ਅਤੇ ਸੁਖਚੈਨ ਉਰਫ਼ ਜਸ਼ਨ ਤੋਂ ਨਿਰੰਤਰ ਪੁੱਛਗਿੱਛ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਉਪਰੰਤ ਹਾਸਲ ਹੋਈ ਹੈ। ਦੱਸਣਯੋਗ ਹੈ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਪਿਸਤੌਲ ਬਰਾਮਦ ਕੀਤੇ ਗਏ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਬਰਾਮਦਗੀ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕਾਂ ਦਰਮਿਆਨ ਮਜ਼ਬੂਤ ਗਠਜੋੜ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰ ਨੈੱਟਵਰਕ ਅੰਦਰ ਕੰਮ ਕਰ ਰਹੇ ਸੰਚਾਲਕਾਂ ਨੂੰ ਸਪਲਾਈ ਕੀਤੇ ਜਾ ਰਹੇ ਸਨ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਮਹਿਤਾਬ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ, ਮੁਲਜ਼ਮ ਵੰਸ਼ ਅਤੇ ਸੁਖਚੈਨ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸ਼ੱਕੀਆਂ, ਜਿਹਨਾਂ ਦੀ ਪਛਾਣ ਇੱਕ ਨਾਬਾਲਗ ਅਤੇ ਰਵੀਪਾਲ ਵਜੋਂ ਹੋਈ ਹੈ, ਵੱਲੋਂ ਹਥਿਆਰ ਪ੍ਰਾਪਤ ਹੋਏ ਹਨ। ਉਨ੍ਹਾਂ ਦੇ ਖੁਲਾਸਿਆਂ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਰਵੀਪਾਲ ਸਿੰਘ ਅਤੇ ਉਸਦੇ ਨਾਬਾਲਗ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਹਿਯੋਗ ਦੇਣ ਦੀ ਗੱਲ ਕਬੂਲ ਕੀਤੀ।

ਐਸਐਸਪੀ ਨੇ ਕਿਹਾ, “ਦੋਸ਼ੀ ਰਵੀਪਾਲ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਨਿਸ਼ਾਨ ਸਿੰਘ ਨੂੰ ਇੱਕ ਖੇਪ ਡਿਲੀਵਰ ਕੀਤੀ ਸੀ।” ਉਨ੍ਹਾਂ ਦੱਸਿਆ ਕਿ ਇਸ ਸੂਹ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਕਮਲਾ ਦੇਵੀ ਐਵੇਨਿਊ ਨੇੜੇ ਨਿਸ਼ਾਨ ਸਿੰਘ ਦੀ ਫਾਰਚੂਨਰ ਕਾਰ ਨੂੰ ਰੋਕਿਆ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ 6.5 ਕਿਲੋ ਹੈਰੋਇਨ, ਇੱਕ .30 ਕੈਲੀਬਰ ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਇਸ ਸਬੰਧੀ, ਐਫਆਈਆਰ ਨੰਬਰ 103 ਮਿਤੀ 31/3/2026 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109 ਅਤੇ 3 (5) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਬਟਾਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

CM ਮਾਨ ਨੇ ਜਗਰਾਉਂ ਪਹੁੰਚ ਕੇ ਮਥੁਰਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, ਸੰਕਟ ਦੀ ਘੜੀ ‘ਚ ਹਰ ਮਦਦ ਦਾ ਭਰੋਸਾ

ਜਗਰਾਉਂ, 11 ਅਪ੍ਰੈਲ 2026, ਪ੍ਰਾਈਮ ਏਸ਼ੀਆ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਗਰਾਉਂ ਦਾ ਦੌਰਾ ਕਰਕੇ ਮਥੁਰਾ ਨੇੜੇ ਕਿਸ਼ਤੀ ਪਲਟਣ ਦੀ ਦੁਖਦਾਈ ਘਟਨਾ ਵਿੱਚ ਆਪਣੇ ਅਜ਼ੀਜ਼ ਗੁਆਉਣ ਵਾਲੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪੀੜਤਾਂ ਪਰਿਵਾਰਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵ੍ਰਿੰਦਾਵਣ ਦੀ ਯਾਤਰਾ ਦੌਰਾਨ ਯਮੁਨਾ ਨਦੀ ਵਿੱਚ ਪੀੜਤਾਂ ਦੀ ਕਿਸ਼ਤੀ ਪਲਟ ਗਈ, ਜਿਸ ਵਿੱਚੋਂ ਹੁਣ ਤੱਕ 11 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਚਾਰ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ਵਿੱਚ ਹੈ ਅਤੇ ਪੰਜਾਬ ਵੱਲੋਂ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਗੋਤਾਖੋਰਾਂ ਦੀਆਂ ਟੀਮਾਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਜਵਾਬਦੇਹੀ ਅਤੇ ਰੋਕਥਾਮ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਹਰ ਕੀਮਤ ‘ਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਭਵਿੱਖ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਦੁਖਾਂਤ ਰੋਕਣ ਲਈ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਉਠਾਇਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਥੁਰਾ ਨੇੜੇ ਵਾਪਰੀ ਮੰਦਭਾਗੀ ਘਟਨਾ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ‘ਤੇ ਬੇਹੱਦ ਦੁੱਖ ਹੋਇਆ ਹੈ। ਮੇਰੀ ਦਿਲੀ ਹਮਦਰਦੀ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ ਨੂੰ ਗੁਆ ਦਿੱਤਾ ਹੈ। ਪੀੜਤ ਵ੍ਰਿੰਦਾਵਣ ਵਿਖੇ ਮੱਥਾ ਟੇਕਣ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਲਿਜਾ ਰਹੀ ਕਿਸ਼ਤੀ ਯਮੁਨਾ ਨਦੀ ਵਿੱਚ ਪਲਟ ਗਈ।”
ਮੁੱਖ ਮੰਤਰੀ ਨੇ ਦੱਸਿਆ, “ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਚਾਰ ਲਾਪਤਾ ਵਿਅਕਤੀਆਂ ਦੀ ਭਾਲ ਅਜੇ ਵੀ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਬਚਾਅ ਕਾਰਜਾਂ ਵਿੱਚ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਦੀ ਸਹਾਇਤਾ ਲਈ ਹਾਦਸੇ ਵਾਲੀ ਥਾਂ ‘ਤੇ ਗੋਤਾਖੋਰਾਂ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਹਨ।”
ਮੁੱਖ ਮੰਤਰੀ ਨੇ ਕਿਹਾ, “ਇਸ ਦੁਖਾਂਤ ਵਿੱਚ ਬਚੇ ਲੋਕਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੈਂ ਉੱਤਰ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹਾਂ।”

ਰੋਕਥਾਮ ਉਪਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਹ ਜ਼ਰੂਰੀ ਹੈ ਕਿ ਸਬੰਧਤ ਸੂਬਾ ਸਰਕਾਰਾਂ ਵੱਲੋਂ ਜਨਤਕ ਮਹੱਤਤਾ ਵਾਲੇ ਸਥਾਨਾਂ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ।”
ਹਮਦਰਦੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਜਾਨਾਂ ਗੁਆਉਣ ਵਾਲਿਆਂ ਦੇ ਪੀੜਤ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ। ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।”

ਆਯੁਸ਼ਮਾਨ ਯੋਜਨਾ ਦੀ ਅਸਫਲਤਾ ‘ਤੇ ਬਲਤੇਜ ਪੰਨੂ ਦਾ ਮੁੱਖ ਮੰਤਰੀ ਨਾਇਬ ਸੈਣੀ ‘ਤੇ ਹਮਲਾ

ਚੰਡੀਗੜ੍ਹ 11 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਪੰਨੂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹਰ ਦੂਜੇ ਦਿਨ ਪੰਜਾਬ ਆ ਕੇ ‘ਆਪ’ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਬੇਬੁਨਿਆਦ ਸਵਾਲ ਖੜ੍ਹੇ ਕਰਦੇ ਹਨ, ਜਦਕਿ ਸੱਚਾਈ ਇਹ ਹੈ ਕਿ ਖੁਦ ਹਰਿਆਣਾ ਵਿੱਚ ਸਿਹਤ ਸੇਵਾਵਾਂ ਵੈਂਟੀਲੇਟਰ ‘ਤੇ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਹਰਿਆਣਾ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਆਯੁਸ਼ਮਾਨ ਕਾਰਡ ਦੀ ਬਕਾਇਆ ਪੇਮੈਂਟ ਨਾ ਹੋਣ ਕਾਰਨ ਹੁਣ ਜ਼ਿਆਦਾਤਰ ਨਿੱਜੀ ਹਸਪਤਾਲ ਇਸ ਯੋਜਨਾ ਤਹਿਤ ਇਲਾਜ ਬੰਦ ਕਰਨ ਜਾ ਰਹੇ ਹਨ। ਮੁੱਖ ਮੰਤਰੀ ਸੈਣੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਗਰੀਬ ਜਨਤਾ ਹੁਣ ਇਲਾਜ ਲਈ ਕਿੱਥੇ ਜਾਵੇਗੀ?

ਬਲਤੇਜ ਪੰਨੂ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਿਹਤ ਸੇਵਾਵਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਹਰਿਆਣਾ ਵਿੱਚ ਕੇਂਦਰ ਦੀਆਂ ਯੋਜਨਾਵਾਂ ਦਮ ਤੋੜ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਿਨਾਂ ਕਿਸੇ ਸ਼ਰਤ ਦੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਵਿਵਸਥਾ ਕੀਤੀ ਹੈ।

ਇਸ ਯੋਜਨਾ ਦੀ ਸਫਲਤਾ ਦਾ ਸਬੂਤ ਇਹ ਹੈ ਕਿ ਹੁਣ ਤੱਕ ਪੰਜਾਬ ਦੇ 35 ਲੱਖ ਤੋਂ ਵੱਧ ਪਰਿਵਾਰ ਇਸ ਦੇ ਦਾਇਰੇ ਵਿੱਚ ਆ ਚੁੱਕੇ ਹਨ। ਪੰਜਾਬ ਅੱਜ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਸਿੱਖਿਆ ਅਤੇ ਸਿਹਤ ਨੂੰ ਪਹਿਲ ਦਿੰਦਿਆਂ ਆਮ ਆਦਮੀ ਨੂੰ ਇੰਨੀ ਵੱਡੀ ਰਾਹਤ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਨਾਇਬ ਸਿੰਘ ਸੈਣੀ ਨੂੰ ਪੰਜਾਬ ਦੀ ਚਿੰਤਾ ਛੱਡ ਕੇ ਪਹਿਲਾਂ ਆਪਣੇ ਰਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲੀਨਿਕ, ਆਧੁਨਿਕ ਸਰਕਾਰੀ ਹਸਪਤਾਲ ਅਤੇ ਹੁਣ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਆਯੁਸ਼ਮਾਨ ਯੋਜਨਾ ਤਹਿਤ ਹੋਣ ਵਾਲਾ ਇਲਾਜ ਲਗਭਗ ਬੰਦ ਹੋ ਚੁੱਕਾ ਹੈ, ਪਰ ਉਹ ਪੰਜਾਬ ਦੀ ਤਰੱਕੀ ‘ਤੇ ਉਂਗਲ ਚੁੱਕਣ ਦਾ ਕੋਈ ਮੌਕਾ ਨਹੀਂ ਛੱਡਦੇ।

ਪੰਨੂ ਨੇ ਮੁੱਖ ਮੰਤਰੀ ਸੈਣੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਤੁਲਨਾ ਕਰਨੀ ਹੀ ਹੈ, ਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਕਰਨ। ਬੇਬੁਨਿਆਦ ਇਲਜ਼ਾਮ ਲਗਾ ਕੇ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰਨ, ਕਿਉਂਕਿ ਜਨਤਾ ਸਮਝਦਾਰ ਹੈ ਅਤੇ ਦੇਖ ਰਹੀ ਹੈ ਕਿ ਕੌਣ ਜ਼ਮੀਨੀ ਪੱਧਰ ‘ਤੇ ਕੰਮ ਕਰ ਰਿਹਾ ਹੈ ਅਤੇ ਕੌਣ ਸਿਰਫ਼ ਰਾਜਨੀਤੀ। ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ ਦਿਖਾ ਦਿੱਤਾ ਹੈ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਜਨਤਾ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਮੁਮਕਿਨ ਹੈ।

DA ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਨਵੀਂ ਦਿੱਲੀ, 11 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ ;

ਸੁਪਰੀਮ ਕੋਰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਇਸ ਦਾ ਲਾਭ ਪੈਨਸ਼ਨਰਾਂ ਨੂੰ ਵੱਡਾ ਲਾਭ ਮਿਲੇਗਾ। ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਬੀ ਵਰਾਲੇ ਦੇ ਬੈਂਚ ਨੇ ਕੇਰਲ ਸਰਕਾਰ ਬਨਾਮ ਐਮ ਵਿਜੈ ਕੁਮਾਰ ਮਾਮਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰਾਂ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਰਾਹਤ (DR) ਦੀ ਦਰ ਨੂੰ ਕੰਮ ਕਰਦੇ ਕਰਚਮਾਰੀਆਂ ਦੇ ਮਹਿੰਗਾਈ ਭੱਤੇ ਤੋਂ ਘੱਟ ਨਹੀਂ ਰਖ ਸਕਦੀ।

ਅਦਾਲਤ ਨੇ ਕਿਹਾ ਕਿ ਕੰਮ ਕਰਦੇ ਕਰਮਚਾਰੀਆਂ ਨੂੰ 14 ਫੀਸਦੀ ਅਤੇ ਪੈਨਸ਼ਨਰਾਂ ਨੂੰ ਕੇਵਲ 11 ਫੀਸਦੀ ਵਾਧਾ ਦੇਣਾ ਅਨੁਛੇਦ 14 ਦੀ ਉਲੰਘਣਾ ਹੈ।

ਸੁਪਰੀਮ ਕੋਰਟ ਨੇ ਮੱਹਤਵਪੂਰਣ ਟਿੱਪਣੀ ਕਰਦੇ ਹੋਏ ਕਿਹਾ, ਇਸ ਵਿੱਚ ਕੋਈ ਵਿਵਾਦ ਨਹੀਂ ਹੈ ਕਿ ਮਹਿੰਗਾਈ ਸੇਵਾਰਤ ਅਤੇ ਸੇਵਾਮੁਕਤ ਦੋਵੇਂ ਕਰਮਚਾਰੀਆਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ। ਇਸ ਲਈ ਡੀਏ ਅਤੇ ਡੀਆਰ ਦੀ ਵਾਧਾ ਦਰ ਵਿੱਚ ਅੰਤਰ ਕਰਨ ਦਾ ਕੋਈ ਤਰਕਸੰਗਤ ਆਧਾਰ ਨਹੀਂ ਹੈ।

ਅਦਾਲਤ ਨੇ ਮੰਨਿਆ ਕਿ ਹਾਲਾਂਕਿ ਕਰਮਚਾਰੀ ਅਤੇ ਪੈਨਸ਼ਨਰ ਦੋਵੇਂ ਦੋਵੇਂ ਅਲੱਗ ਅਲੱਗ ਵਰਗ ਹੋ ਸਕਦੇ ਹਨ, ਪ੍ਰੰਤੂ ਜਦੋਂ ਗੱਲ ਮਹਿੰਗਾਈ ਦੇ ਪ੍ਰਭਾਵ ਦੀ ਆਉਂਦੀ ਹੈ ਤਾਂ ਇਹ ਵਰਗੀਕਰਨ ਅਪ੍ਰਾਸੰਗਿਕ ਹੋ ਜਾਂਦਾ ਹੈ।

Category : Big Breaking